Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਸਾਮ ਦੇ ਗੁਵਾਹਟੀ ਵਿੱਚ ਝੁਮੋਇਰ ਬਿਨੰਦਨੀ ਪ੍ਰੋਗਰਾਮ ਵਿੱਚ ਹਿੱਸਾ ਲਿਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਸਾਮ ਦੇ ਗੁਵਾਹਟੀ ਵਿੱਚ ਝੁਮੋਇਰ ਬਿਨੰਦਨੀ ਪ੍ਰੋਗਰਾਮ ਵਿੱਚ ਹਿੱਸਾ ਲਿਆ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਸਾਮ ਦੇ ਗੁਵਾਹਟੀ ਵਿੱਚ ਝੁਮੋਇਰ ਬਿਨੰਦਨੀ 2025, ਇੱਕ ਮੈਗਾ ਝੁਮੋਇਰ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਕੱਠ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਊਰਜਾ, ਜੋਸ਼ ਅਤੇ ਉਤਸ਼ਾਹ ਨਾਲ ਭਰਪੂਰ ਇੱਕ ਮਾਹੌਲ ਸੀ। ਉਨ੍ਹਾਂ ਨੇ ਝੁਮੋਇਰ ਦੇ ਸਾਰੇ ਕਲਾਕਾਰਾਂ ਵਲੋਂ ਪ੍ਰਭਾਵਸ਼ਾਲੀ ਤਿਆਰੀਆਂ ਦਾ ਜ਼ਿਕਰ ਕੀਤਾ, ਜੋ ਚਾਹ ਦੇ ਬਾਗਾਂ ਦੀ ਖੁਸ਼ਬੂ ਅਤੇ ਸੁੰਦਰਤਾ ਨੂੰ ਦਰਸਾਉਂਦੀਆਂ ਸਨ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਜਿਸ ਤਰ੍ਹਾਂ ਲੋਕਾਂ ਦਾ ਝੁਮਰ ਅਤੇ ਚਾਹ ਦੇ ਬਾਗਾਂ ਦੇ ਸੱਭਿਆਚਾਰ ਨਾਲ ਇੱਕ ਵਿਸ਼ੇਸ਼ ਰਿਸ਼ਤਾ ਹੈ, ਉਸੇ ਤਰ੍ਹਾਂ ਉਨ੍ਹਾਂ ਦਾ ਵੀ ਇੱਕ ਅਜਿਹਾ ਹੀ ਸਬੰਧ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਅੱਜ ਝੁਮਰ ਨਾਚ ਪੇਸ਼ ਕਰਨ ਵਾਲੇ ਕਲਾਕਾਰਾਂ ਦੀ ਇੰਨੀ ਵੱਡੀ ਗਿਣਤੀ ਇੱਕ ਰਿਕਾਰਡ ਕਾਇਮ ਕਰੇਗੀ। 2023 ਵਿੱਚ ਅਸਾਮ ਦੇ ਆਪਣੇ ਦੌਰੇ ਨੂੰ ਯਾਦ ਕਰਦੇ ਹੋਏ ਜਦੋਂ 11,000 ਕਲਾਕਾਰਾਂ ਨੇ ਬਿਹੂ ਨਾਚ ਪੇਸ਼ ਕੀਤਾ ਸੀ, ਇੱਕ ਰਿਕਾਰਡ ਬਣਾਇਆ ਗਿਆ ਸੀ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਉਨ੍ਹਾਂ ਲਈ ਇੱਕ ਅਭੁੱਲ ਯਾਦ ਸੀ ਅਤੇ ਅੱਗੇ ਕਿਹਾ ਕਿ ਉਹ ਇਸੇ ਤਰ੍ਹਾਂ ਦੇ ਮਨਮੋਹਕ ਪ੍ਰਦਰਸ਼ਨ ਦੀ ਉਮੀਦ ਕਰ ਰਹੇ ਸਨ। ਉਨ੍ਹਾਂ ਨੇ ਅਸਾਮ ਸਰਕਾਰ ਅਤੇ ਇਸ ਦੇ ਮੁੱਖ ਮੰਤਰੀ ਨੂੰ ਇੱਕ ਸ਼ਾਨਦਾਰ ਸੱਭਿਆਚਾਰਕ ਪ੍ਰਦਰਸ਼ਨ ਦਾ ਆਯੋਜਨ ਕਰਨ ਲਈ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਅੱਜ ਅਸਾਮ ਲਈ ਇੱਕ ਮਾਣ ਵਾਲਾ ਦਿਨ ਹੈ, ਜਿਸ ਵਿੱਚ ਚਾਹ ਭਾਈਚਾਰੇ ਅਤੇ ਆਦਿਵਾਸੀ ਲੋਕ ਜਸ਼ਨਾਂ ਵਿੱਚ ਹਿੱਸਾ ਲੈ ਰਹੇ ਹਨ। ਉਨ੍ਹਾਂ ਨੇ ਇਸ ਖਾਸ ਦਿਨ ‘ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਇਹ ਨੋਟ ਕਰਦੇ ਹੋਏ ਕਿ ਅਜਿਹੇ ਸ਼ਾਨਦਾਰ ਸਮਾਗਮ ਨਾ ਸਿਰਫ਼ ਅਸਾਮ ਦੇ ਮਾਣ ਦਾ ਪ੍ਰਮਾਣ ਸਨ, ਸਗੋਂ ਭਾਰਤ ਦੀ ਮਹਾਨ ਵਿਭਿੰਨਤਾ ਨੂੰ ਵੀ ਦਰਸਾਉਂਦੇ ਹਨ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਅਸਾਮ ਅਤੇ ਉੱਤਰ-ਪੂਰਬ ਨੂੰ ਵਿਕਾਸ ਅਤੇ ਸੱਭਿਆਚਾਰ ਦੇ ਮਾਮਲੇ ਵਿੱਚ ਅਣਗੌਲਿਆ ਕੀਤਾ ਜਾਂਦਾ ਸੀ। ਉਨ੍ਹਾਂ  ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਹੁਣ, ਉਹ ਖੁਦ ਉੱਤਰ-ਪੂਰਬੀ ਸੱਭਿਆਚਾਰ ਦੇ ਬ੍ਰਾਂਡ ਅੰਬੈਸਡਰ ਬਣ ਗਏ ਹਨ। ਉਨ੍ਹਾਂ ਨੇ  ਜ਼ਿਕਰ ਕੀਤਾ ਕਿ ਉਹ ਪਹਿਲੇ ਪ੍ਰਧਾਨ ਮੰਤਰੀ ਹਨ ਜੋ ਅਸਾਮ ਦੇ ਕਾਜ਼ੀਰੰਗਾ ਵਿੱਚ ਰਹੇ ਅਤੇ ਇਸ ਦੀ ਜੈਵ ਵਿਭਿੰਨਤਾ ਨੂੰ ਦੁਨੀਆ ਵਿੱਚ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੁਝ ਮਹੀਨੇ ਪਹਿਲਾਂ, ਅਸਾਮੀ ਭਾਸ਼ਾ ਨੂੰ ਇੱਕ ਕਲਾਸੀਕਲ ਭਾਸ਼ਾ ਦਾ ਦਰਜਾ ਦਿੱਤਾ ਗਿਆ ਸੀ, ਇੱਕ ਮਾਨਤਾ ਜਿਸ ਦੀ ਅਸਾਮ ਦੇ ਲੋਕ ਦਹਾਕਿਆਂ ਤੋਂ ਉਡੀਕ ਕਰ ਰਹੇ ਸਨ। ਉਨ੍ਹਾਂ  ਨੇ ਕਿਹਾ, “ਇਸ ਤੋਂ ਇਲਾਵਾ, ਚਰਾਈਦੇਵ ਮੋਇਦਮ ਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ, ਜੋ ਕਿ ਉਨ੍ਹਾਂ ਦੀ ਸਰਕਾਰ ਦੇ ਯਤਨਾਂ ਦਾ ਇੱਕ ਮਹੱਤਵਪੂਰਨ ਪ੍ਰਾਪਤੀ ਹੈ।

ਅਸਾਮ ਦੇ ਮਾਣ, ਬਹਾਦਰ ਯੋਧੇ ਲਚਿਤ ਬੋਰਫੂਕਨ, ਜਿਨ੍ਹਾਂ ਨੇ ਮੁਗਲਾਂ ਦੇ ਵਿਰੁੱਧ ਅਸਾਮ ਦੀ ਸੱਭਿਆਚਾਰ ਅਤੇ ਪਛਾਣ ਦੀ ਰੱਖਿਆ ਕੀਤੀ, ਬਾਰੇ ਗੱਲ ਕਰਦੇ ਹੋਏ, ਸ਼੍ਰੀ ਮੋਦੀ ਨੇ ਲਚਿਤ ਬੋਰਫੂਕਨ ਦੀ 400ਵੀਂ ਜਨਮ ਵਰ੍ਹੇਗੰਢ ਦੇ ਸ਼ਾਨਦਾਰ ਜਸ਼ਨ ਨੂੰ ਉਜਾਗਰ ਕੀਤਾ ਅਤੇ ਜ਼ਿਕਰ ਕੀਤਾ ਕਿ ਉਨ੍ਹਾਂ ਦੀ ਝਾਂਕੀ ਨੂੰ ਵੀ ਗਣਤੰਤਰ ਦਿਵਸ ਪਰੇਡ ਵਿੱਚ ਸ਼ਾਮਲ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸਾਮ ਵਿੱਚ ਲਚਿਤ ਬੋਰਫੂਕਨ ਦੀ 125 ਫੁੱਟ ਦਾ ਕਾਂਸੀ ਦਾ ਬੁੱਤ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਨੇ ਕਬਾਇਲੀ ਸਮਾਜ ਦੀ ਵਿਰਾਸਤ ਦਾ ਜਸ਼ਨ ਮਨਾਉਣ ਲਈ ਜਨਜਾਤੀਯ ਗੌਰਵ ਦਿਵਸ ਦੀ ਸ਼ੁਰੂਆਤ ਦਾ ਵੀ ਜ਼ਿਕਰ ਕੀਤਾ। ਉਨ੍ਹਾਂ  ਨੇ ਅੱਗੇ ਕਿਹਾ ਕਿ ਕਬਾਇਲੀ ਬਹਾਦਰਾਂ ਦੇ ਯੋਗਦਾਨ ਨੂੰ ਅਮਰ ਕਰਨ ਲਈ, ਦੇਸ਼ ਭਰ ਵਿੱਚ ਕਬਾਇਲੀ ਮਿਊਜ਼ੀਅਮ ਸਥਾਪਿਤ ਕੀਤੇ ਜਾ ਰਹੇ ਹਨ।

ਇਹ ਟਿੱਪਣੀ ਕਰਦੇ ਹੋਏ ਕਿ ਉਨ੍ਹਾਂ ਦੀ ਸਰਕਾਰ ਅਸਾਮ ਦਾ ਵਿਕਾਸ ਕਰ ਰਹੀ ਹੈ ਅਤੇ ‘ਟੀ ਟ੍ਰਾਈਬ’ ਭਾਈਚਾਰੇ ਦੀ ਸੇਵਾ ਕਰ ਰਹੀ ਹੈ, ਪ੍ਰਧਾਨ ਮੰਤਰੀ ਨੇ ਅਸਾਮ ਚਾਹ ਨਿਗਮ ਦੇ ਕਰਮਚਾਰੀਆਂ ਲਈ ਉਨ੍ਹਾਂ ਦੀ ਆਮਦਨ ਵਧਾਉਣ ਲਈ ਬੋਨਸ ਦੇ ਐਲਾਨ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਚਾਹ ਦੇ ਬਾਗਾਂ ਵਿੱਚ ਕੰਮ ਕਰਨ ਵਾਲੀਆਂ ਲਗਭਗ 1.5 ਲੱਖ ਮਹਿਲਾਵਾਂ ਨੂੰ ਦਿੱਤੀ ਜਾ ਰਹੀ ਸਹਾਇਤਾ ਬਾਰੇ ਚਾਨਣਾ ਪਾਇਆ, ਜਿਨ੍ਹਾਂ ਨੂੰ ਵਿੱਤੀ ਚਿੰਤਾਵਾਂ ਨੂੰ ਦੂਰ ਕਰਨ ਲਈ ਗਰਭ ਅਵਸਥਾ ਦੌਰਾਨ 15,000 ਰੁਪਏ ਦਿੱਤੇ ਜਾਂਦੇ ਹਨ। ਉਨ੍ਹਾਂ ਨੇ ਅੱਗੇ ਕਿਹਾ, “ਇਸ ਤੋਂ ਇਲਾਵਾ, ਅਸਾਮ ਸਰਕਾਰ ਪਰਿਵਾਰਾਂ ਦੀ ਸਿਹਤ ਲਈ ਚਾਹ ਬਾਗਾਂ ਵਿੱਚ 350 ਤੋਂ ਵੱਧ ਆਯੁਸ਼ਮਾਨ ਅਰੋਗਯ ਮੰਦਿਰ ਖੋਲ੍ਹ ਰਹੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਚਾਹ ਕਬੀਲੇ ਦੇ ਬੱਚਿਆਂ ਲਈ 100 ਤੋਂ ਵੱਧ ਮਾਡਲ ਚਾਹ ਬਾਗ ਸਕੂਲ ਖੋਲ੍ਹੇ ਗਏ ਹਨ, ਜਿਸ ਵਿੱਚ 100 ਹੋਰ ਸਕੂਲ ਬਣਾਉਣ ਦੀ ਯੋਜਨਾ ਹੈ। ਉਨ੍ਹਾਂ ਨੇ ਚਾਹ ਕਬੀਲੇ ਦੇ ਨੌਜਵਾਨਾਂ ਲਈ ਓਬੀਸੀ ਕੋਟੇ ਵਿੱਚ 3% ਰਾਖਵਾਂਕਰਣ ਅਤੇ ਅਸਾਮ ਸਰਕਾਰ ਵਲੋਂ ਪ੍ਰਦਾਨ ਕੀਤੇ ਗਏ ਸਵੈ-ਰੋਜ਼ਗਾਰ ਲਈ ₹25,000 ਦੀ ਸਹਾਇਤਾ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਚਾਹ ਉਦਯੋਗ ਅਤੇ ਇਸਦੇ ਕਰਮਚਾਰੀਆਂ ਦਾ ਵਿਕਾਸ ਅਸਾਮ ਦੇ ਸਮੁੱਚੇ ਵਿਕਾਸ ਨੂੰ ਅੱਗੇ ਵਧਾਏਗਾ ਅਤੇ ਉੱਤਰ-ਪੂਰਬ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਵੇਗਾ। ਉਨ੍ਹਾਂ ਨੇ ਸਾਰੇ ਭਾਗੀਦਾਰਾਂ ਦਾ ਉਨ੍ਹਾਂ ਦੇ ਪ੍ਰਦਰਸ਼ਨ ਲਈ ਅਗਾਊਂ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।

ਇਸ ਮੌਕੇ ਅਸਾਮ ਦੇ ਰਾਜਪਾਲ ਸ਼੍ਰੀ ਲਕਸ਼ਮਣ ਪ੍ਰਸਾਦ ਅਚਾਰਿਆ, ਅਸਾਮ ਦੇ ਮੁੱਖ ਮੰਤਰੀ ਸ਼੍ਰੀ ਹਿਮੰਤ ਬਿਸਵਾ ਸਰਮਾ, ਕੇਂਦਰੀ ਮੰਤਰੀ ਡਾ: ਐੱਸ ਜੈਸ਼ੰਕਰ, ਸ਼੍ਰੀ ਸਰਬਾਨੰਦ ਸੋਨੋਵਾਲ, ਤ੍ਰਿਪੁਰਾ ਦੇ ਮੁੱਖ ਮੰਤਰੀ ਡਾ: ਮਾਨਿਕ ਸਾਹਾ, ਕੇਂਦਰੀ ਰਾਜ ਮੰਤਰੀ ਸ਼੍ਰੀ ਪਬਿਤਰਾ ਮਾਰਗਰੀਟਾ ਸਮੇਤ ਹੋਰ ਪਤਵੰਤੇ ਮੌਜੂਦ ਸਨ।

ਪਿਛੋਕੜ

ਝੂਮੋਇਰ ਬਿਨੰਦਨੀ (ਮੈਗਾ ਝੂਮੋਇਰ) 2025, ਝੂਮੋਇਰ ਨਾਚ ਵਿੱਚ 8,000 ਕਲਾਕਾਰਾਂ ਦੀ ਭਾਗੀਦਾਰੀ ਵਾਲਾ ਇੱਕ ਸ਼ਾਨਦਾਰ ਸੱਭਿਆਚਾਰਕ ਪ੍ਰਦਰਸ਼ਨ ਹੈ, ਜੋ ਅਸਾਮ ਦੇ ਚਾਹ ਕਬੀਲੇ ਅਤੇ ਆਦਿਵਾਸੀ ਭਾਈਚਾਰਿਆਂ ਦਾ ਇੱਕ ਲੋਕ ਨਾਚ ਹੈ ਜੋ ਕਿ ਸਮਾਵੇਸ਼, ਏਕਤਾ ਅਤੇ ਅਸਾਮ ਦੇ ਸੱਭਿਆਚਾਰਕ ਮਾਣ – ਸਨਮਾਨ ਅਤੇ ਸੱਭਿਆਚਾਰਕ ਮੇਲ-ਜੋਲ ਦੀ ਭਾਵਨਾ ਨੂੰ ਦਰਸਾਉਂਦਾ ਹੈ। ਮੈਗਾ ਝੁਮੋਇਰ ਇਵੈਂਟ ਚਾਹ ਉਦਯੋਗ ਦੇ 200 ਸਾਲਾਂ ਅਤੇ ਅਸਾਮ ਵਿੱਚ ਉਦਯੋਗੀਕਰਣ ਦੇ 200 ਸਾਲਾਂ ਦਾ ਪ੍ਰਤੀਕ ਹੈ।

************

ਐੱਮਜੇਪੀਐੱਸ/ਐੱਸਆਰ