Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬਾਗੇਸ਼ਵਰ ਧਾਮ ਮੈਡੀਕਲ ਅਤੇ ਸਾਇੰਸ ਰਿਸਰਚ ਇੰਸਟੀਟਿਊਟ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬਾਗੇਸ਼ਵਰ ਧਾਮ ਮੈਡੀਕਲ ਅਤੇ ਸਾਇੰਸ ਰਿਸਰਚ ਇੰਸਟੀਟਿਊਟ ਦਾ ਨੀਂਹ ਪੱਥਰ ਰੱਖਿਆ


 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੱਧ ਪ੍ਰਦੇਸ ਦੇ ਛਤਰਪੁਰ ਜ਼ਿਲ੍ਹੇ ਦੇ ਗੜ੍ਹਾ ਪਿੰਡ ਵਿੱਚ ਬਾਗੇਸ਼ਵਰ ਧਾਮ ਮੈਡੀਕਲ ਅਤੇ ਸਾਇੰਸ ਰਿਸਰਚ ਇੰਸਟੀਟਿਊਟ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਦਾ ਸੁਭਾਗ ਹੈ ਕਿ ਉਹ ਇੰਨ੍ਹੇ ਘੱਟ ਸਮੇਂ ਵਿੱਚ ਦੂਸਰੀ ਵਾਰ ਬੁੰਦੇਲਖੰਡ ਆਏ ਹਨ। ਉਨ੍ਹਾਂ ਨੇ ਕਿਹਾ ਕਿ ਅਧਿਆਤਿਕ ਕੇਂਦਰ ਬਾਗੇਸ਼ਵਰ ਧਾਮ ਜਲਦੀ ਹੀ ਹੈਲਥ ਸੈਂਟਰ ਵੀ ਬਣੇਗਾ। ਉਨ੍ਹਾਂ ਨੇ ਕਿਹਾ ਕਿ ਬਾਗੇਸ਼ਵਰ ਧਾਮ ਮੈਡੀਕਲ ਅਤੇ ਸਾਇੰਸ ਰਿਸਰਚ ਇੰਸਟੀਟਿਊਟ 10 ਏਕੜ ਖੇਤਰ ਵਿੱਚ ਬਣਾਇਆ ਜਾਵੇਗਾ ਅਤੇ ਪਹਿਲੇ ਪੜਾਅ ਵਿੱਚ 100 ਬਿਸਤਰਿਆਂ ਦੀ ਸੁਵਿਧਾ ਤਿਆਰ ਹੋਵੇਗੀ। ਉਨ੍ਹਾਂ ਨੇ ਇਸ ਨੇਕ ਕੰਮ ਦੇ ਲਈ ਸ਼੍ਰੀ ਧੀਰੇਂਦਰ ਸ਼ਾਸਤਰੀ ਨੂੰ ਵਧਾਈ ਦਿੱਤੀ ਅਤੇ ਬੁੰਦੇਲਖੰਡ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜਕੱਲ੍ਹ ਰਾਜਨੀਤਕ ਨੇਤਾਵਾਂ ਦਾ ਇੱਕ ਵਰਗ ਧਰਮ ਦਾ ਮਜ਼ਾਕ ਉਡਾ ਰਿਹਾ ਹੈ ਅਤੇ ਲੋਕਾਂ ਨੂੰ ਵੱਖ ਕਰਨ ਵਿੱਚ ਲਗਇਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਕਈ ਵਾਰ ਦੇਸ਼ ਅਤੇ ਧਰਮ ਨੂੰ ਕਮਜ਼ੋਰ ਕਰਨ ਲਈ ਵਿਦੇਸ਼ੀ ਸੰਸਥਾਵਾਂ ਤੋਂ ਵੀ ਅਜਿਹੇ ਲੋਕਾਂ ਨੂੰ ਸਮਰਥਨ ਮਿਲਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਿੰਦੂ ਧਰਮ ਤੋਂ ਨਫ਼ਰਤ ਕਰਨ ਵਾਲੇ ਲੋਕਾਂ ਵਿਭਿੰਨ ਰੂਪਾਂ ਵਿੱਚ ਲੰਬੇ ਸਮੇਂ ਤੋਂ ਮੌਜੂਦ ਹਨ। ਪ੍ਰਧਾਨ ਮੰਤਰੀ ਨੇ ਸਾਡੀਆਂ ਮਾਨਤਾਵਾਂ, ਪਰੰਪਰਾਵਾਂ ਅਤੇ ਮੰਦਿਰਾਂ ‘ਤੇ ਲਗਾਤਾਰ ਹੋ ਰਹੇ ਹਮਲਿਆਂ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਇਹ ਤੱਤ ਸਾਡੇ ਸੰਤਾਂ, ਸੱਭਿਆਚਾਰ ਅਤੇ ਸਿਧਾਂਤਾਂ ‘ਤੇ ਹਮਲਾ ਕਰਦੇ ਹਨ। ਉਹ ਸਾਡੇ ਤਿਉਹਾਰਾਂ, ਰੀਤੀ-ਰਿਵਾਜ਼ਾਂ ਅਤੇ ਅਨੁਸ਼ਠਾਨਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ ਇੱਥੋਂ ਤੱਕ ਕਿ ਸਾਡੇ ਧਰਮ ਅਤੇ ਸੱਭਿਆਚਾਰ ਦੀ ਸੁਭਾਵਿਕ ਪ੍ਰਗਤੀਸ਼ੀਲ ਸੁਭਾਅ ਨੂੰ ਬਦਨਾਮ ਕਰਨ ਦੀ ਹਿੰਮਤ ਵੀ ਰੱਖਦੇ ਹਨ। ਸ਼੍ਰੀ ਮੋਦੀ ਨੇ ਸਾਡੇ ਸਮਾਜ ਨੂੰ ਵੰਡਣ ਅਤੇ ਇਸ ਦੀ ਏਕਤਾ ਨੂੰ ਤੋੜਨ ਦੇ ਉਨ੍ਹਾਂ ਦੇ ਏਜੰਡੇ ਬਾਰੇ ਦੱਸਿਆ।  ਇਸ ਸੰਦਰਭ ਵਿੱਚ ਉਨ੍ਹਾਂ ਨੇ ਸ਼੍ਰੀ ਧੀਰੇਂਦਰ ਸ਼ਾਤਰੀ ਦੇ ਪ੍ਰਯਾਸਾਂ ਨੂੰ ਉਜਾਗਰ ਕੀਤਾ, ਜੋ ਲੰਬੇ ਸਮੇਂ ਤੋਂ ਦੇਸ਼ ਵਿੱਚ ਏਕਤਾ ਦੇ ਮੰਤਰ ਬਾਰੇ ਜਾਗਰੂਕਤਾ ਵਧਾ ਰਹੇ ਹਨ। ਸ਼੍ਰੀ ਮੋਦੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਸ਼੍ਰੀ ਧੀਰੇਂਦਰ ਸ਼ਾਸਤਰੀ ਨੇ ਕੈਂਸਰ ਸੰਸਥਾਨ ਦੀ ਸਥਾਪਨਾ ਦੇ ਰੂਪ ਵਿੱਚ ਸਮਾਜ ਅਤੇ ਮਨੁੱਖਤਾ ਦੀ ਭਲਾਈ ਲਈ ਇੱਕ ਹੋਰ ਸੰਕਲਪ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੇ ਨਤੀਜੇ ਵਜੋਂ ਬਾਗੇਸ਼ਵਰ ਧਾਮ ਵਿੱਚ ਹੁਣ ਭਗਤੀ, ਪੋਸ਼ਣ ਅਤੇ ਸਵਸਥ ਜੀਵਨ ਦਾ ਅਸ਼ੀਰਵਾਦ ਮਿਲੇਗਾ।

ਪ੍ਰਧਾਨ ਮੰਤਰੀ ਨੇ ਕਿਹਾ, ‘ਸਾਡੇ ਮੰਦਿਰ, ਸਾਡੇ ਮੱਠ, ਸਾਡੇ ਧਾਮ, ਇਹ ਇੱਕ ਪਾਸੇ ਪੂਜਨ ਅਤੇ ਸਾਧਨਾ ਦੇ ਕੇਂਦਰ ਰਹੇ ਹਨ ਤਾਂ ਦੂਸਰੇ ਪਾਸੇ ਵਿਗਿਆਨ ਅਤੇ ਸਮਾਜਿਕ ਚੇਤਨਾ ਦੇ ਵੀ ਕੇਂਦਰ ਰਹੇ ਹਨ।” ਉਨ੍ਹਾਂ ਨੇ ਕਿਹਾ ਕਿ ਸਾਡੇ ਰਿਸ਼ੀਆਂ ਨੇ ਹੀ ਸਾਨੂੰ ਆਯੁਰਵੇਦ ਦਾ ਵਿਗਿਆਨ ਦਿੱਤਾ, ਸਾਡੇ ਰਿਸ਼ੀਆਂ ਨੇ ਹੀ ਸਾਨੂੰ ਯੋਗ ਦਾ ਉਹ ਵਿਗਿਆਨ ਦਿੱਤਾ, ਜਿਸ ਦਾ ਝੰਡਾ ਅੱਜ ਪੂਰੀ ਦੁਨੀਆ ਵਿੱਚ ਲਹਿਰਾ ਰਿਹਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਦੂਸਰਿਆਂ ਦੀ ਸੇਵਾ ਕਰਨਾ ਅਤੇ ਉਨ੍ਹਾਂ ਦੇ ਦੁਖਾਂ ਨੂੰ ਦੂਰ ਕਰਨਾ ਹੀ ਸੱਚਾ ਧਰਮ ਹੈ। ਉਨ੍ਹਾਂ ਨੇ “ਨਾਰਾਇਣ ਵਿੱਚ ਨਰ” ਅਤੇ “ਸਾਰੇ ਪ੍ਰਾਣੀਆਂ ਵਿੱਚ ਸ਼ਿਵ” ਦੀ ਭਾਵਨਾ ਦੇ ਨਾਲ ਸਾਰੇ ਜੀਵਾਂ ਦੀ ਸੇਵਾ ਕਰਨ ਦੀ ਸਾਡੀ ਪਰੰਪਰਾ ਨੂੰ ਉਜਾਗਰ ਕੀਤਾ। ਮਹਾਕੁੰਭ ਬਾਰੇ ਵਿਆਪਕ ਚਰਚਾਵਾਂ ਨੂੰ ਦੇਖਦੇ ਹੋਏ, ਜੋ ਕਰੋੜਾਂ ਲੋਕਾਂ ਦੁਆਰਾ ਹਿੱਸਾ ਲੈਣ, ਪਵਿੱਤਰ ਡੂਬਕੀ ਲਗਾਉਣ ਅਤੇ ਸੰਤਾਂ ਤੋਂ ਅਸ਼ੀਰਵਾਦ ਪ੍ਰਾਪਤ ਕਰਨ ਦੇ ਨਾਲ ਸਮਾਪਨ ਦੇ ਕਰੀਬ ਹੈ, ਸ਼੍ਰੀ ਮੋਦੀ ਨੇ ਇਸ ਨੂੰ “ਏਕਤਾ ਦਾ ਮਹਾਕੁੰਭ” ਦੱਸਿਆ ਅਤੇ ਸਾਰੇ ਸਫ਼ਾਈ ਕਰਮਚਾਰੀਆਂ ਅਤੇ ਪੁਲਿਸ ਅਧਿਕਾਰੀਆਂ ਨੂੰ ਉਨ੍ਹਾਂ ਦੀ ਸਮਰਪਿਤ ਸੇਵਾ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਦੱਸਆ ਕਿ ਮਹਾਕੁੰਭ ਦੌਰਾਨ ‘ਨੇਤਰ ਮਹਾਕੁੰਭ’ ਵੀ ਆਯੋਜਿਤ ਕੀਤਾ ਜਾ ਰਿਹਾ ਹੈ, ਹਾਲਾਂਕਿ ਇਸ ‘ਤੇ ਵੱਧ ਧਿਆਨ ਨਹੀਂ ਦਿੱਤਾ ਗਿਆ ਹੈ। ਫਿਰ ਵੀ, ਇੱਥੇ ਦੋ ਲੱਖ ਤੋਂ ਵੱਧ ਅੱਖਾਂ ਦੀ ਜਾਂਚ ਕੀਤੀ ਗਈ ਹੈ, ਲਗਭਗ ਡੇਢ ਲੱਖ ਲੋਕਾਂ ਨੂੰ ਮੁਫ਼ਤ ਦਵਾਈ ਅਤੇ ਐਨਕਾਂ ਦਿੱਤੀਆਂ ਗਈਆਂ ਹਨ, ਅਤੇ ਲਗਭਗ ਸੋਲਾਂ ਹਜ਼ਾਰ ਮਰੀਜ਼ਾਂ ਨੂੰ ਮੋਤੀਆਬਿੰਦ ਅਤੇ ਹੋਰ ਸਰਜਰੀਆਂ ਦੇ ਲਈ ਵਿਭਿੰਨ ਹਸਪਤਾਲਾਂ ਵਿੱਚ ਭੇਜਿਆ ਗਿਆ ਹੈ। ਪ੍ਰਧਾਨ ਮੰਤਰੀ ਨੇ ਸਾਡੇ ਰਿਸ਼ੀਆਂ ਦੇ ਮਾਰਗਦਰਸ਼ਨ ਵਿੱਚ ਮਹਾਕੁੰਭ ਦੌਰਾਨ ਹੋਣ ਵਾਲੀਆਂ ਸਿਹਤ ਅਤੇ ਸੇਵਾ ਨਾਲ ਸਬੰਧਿਤ ਕਈ ਪਹਿਲਕਦਮੀਆਂ ਨੂੰ ਸਵੀਕਾਰ ਕੀਤਾ, ਜਿਸ ਵਿੱਚ ਹਜ਼ਾਰਾਂ ਡਾਕਟਰ ਅਤੇ ਵਲੰਟੀਅਰਾਂ ਨੇ ਨਿਰਸਵਾਰਥ ਭਾਵ ਨਾਲ ਹਿੱਸਾ ਲੈ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੁੰਭ ਵਿੱਚ ਮੌਜੂਦ ਲੋਕਾਂ ਨੇ ਇਨ੍ਹਾਂ ਪ੍ਰਯਾਸਾਂ ਦੀ ਸ਼ਲਾਘਾ ਕੀਤੀ ਹੈ।

 

ਪ੍ਰਧਾਨ ਮੰਤਰੀ ਨੇ ਪੂਰੇ ਭਾਰਤ ਵਿੱਚ ਵੱਡੇ ਹਸਪਤਾਲਾਂ ਦੇ ਸੰਚਾਲਨ ਵਿੱਚ ਧਾਰਮਿਕ ਸੰਸਥਾਵਾਂ ਦੀ ਭੂਮਿਕਾ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ ਕਿ ਕਈ ਸਿਹਤ ਅਤੇ ਵਿਗਿਆਨ ਖੋਜ ਸੰਸਥਾਨ ਧਾਰਮਿਕ ਟਰੱਸਟਾਂ ਦੁਆਰਾ ਪ੍ਰਬੰਧਿਤ ਕੀਤੇ ਜਾਂਦੇ ਹਨ, ਜੋ ਕਰੋੜਾਂ ਗ਼ਰੀਬ ਲੋਕਾਂ ਨੂੰ ਇਲਾਜ ਅਤੇ ਸੇਵਾ ਪ੍ਰਦਾਨ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਭਗਵਾਨ ਰਾਮ ਨਾਲ ਜੁੜੇ ਬੁੰਦੇਲਖੰਡ ਦਾ ਪਵਿੱਤਰ ਤੀਰਥ ਸਥਾਨ ਚਿੱਤਰਕੂਟ ਦਿਵਯਾਂਗਾਂ ਅਤੇ ਮਰੀਜ਼ਾਂ ਦੀ ਸੇਵਾ ਦਾ ਇੱਕ ਪ੍ਰਮੁੱਖ ਕੇਂਦਰ ਸੀ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਪ੍ਰਸੰਨਤਾ ਵਿਅਕਤ ਕੀਤੀ ਕਿ ਬਾਗੇਸ਼ਵਰ ਧਾਮ ਸਿਹਤ ਦਾ ਅਸ਼ੀਰਵਾਦ ਦੇ ਕੇ ਇਸ ਗੌਰਵਸ਼ਾਲੀ ਪਰੰਪਰਾ ਵਿੱਚ  ਇੱਕ ਨਵਾਂ ਅਧਿਆਏ ਜੋੜ ਰਿਹਾ ਹੈ। ਉਨ੍ਹਾਂ ਨੇ ਐਲਾਨ ਕਰਦੇ ਹੋਏ ਕਿਹਾ ਕਿ ਦੋ ਦਿਨ ਬਾਅਦ ਮਹਾਸ਼ਿਵਰਾਤਰੀ ‘ਤੇ 251 ਬੇਟੀਆਂ ਦਾ ਸਮੂਹਿਕ ਵਿਆਹ ਸਮਾਰੋਹ ਹੋਵੇਗਾ। ਪ੍ਰਧਾਨ ਮੰਤਰੀ ਨੇ ਇਸ ਨੇਕ ਪਹਿਲ ਦੇ ਲਈ ਬਾਗੇਸ਼ਵਰ ਧਾਮ ਦੀ ਸ਼ਲਾਘਾ ਕੀਤੀ ਅਤੇ ਸਾਰੇ ਨਵੇਂ-ਵਿਆਹੇ ਜੋੜਿਆਂ ਅਤੇ ਬੇਟੀਆਂ ਨੂੰ ਭਵਿੱਖ ਦੇ ਸੁਖਦ ਜੀਵਨ ਲਈ ਦਿਲੋਂ ਵਧਾਈਆਂ ਅਤੇ ਅਸ਼ੀਰਵਾਦ ਦਿੱਤਾ।
 

 

“ਸ਼ਰੀਰਾਮਧਯਮ ਖਲ਼ੂ ਧਰਮ ਸਾਧਨਮ” ਨਾਮਕ ਸ਼ਾਸਤਰ ਦਾ ਹਵਾਲਾ ਦਿੰਦੇ ਹੋਏ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਾਡਾ ਸਰੀਰ ਅਤੇ ਸਿਹਤ ਹੀ ਸਾਡੇ ਧਰਮ, ਸੁਖ ਅਤੇ ਸਫ਼ਲਤਾ ਨੂੰ ਪ੍ਰਾਪਤ ਕਰਨ ਦਾ ਪ੍ਰਾਥਮਿਕ ਸਾਧਨ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਦੇਸ਼ ਨੇ ਮੈਨੂੰ ਸੇਵਾ ਦਾ ਅਵਸਰ ਦਿੱਤਾ, ਤਾਂ ਮੈਂ ‘ਸਬਕਾ ਸਾਥ, ਸਬਕਾ ਵਿਕਾਸ’ ਦੇ ਮੰਤਰ ਨੂੰ  ਸਰਕਾਰ ਦਾ ਸੰਕਲਪ ਬਣਾਇਆ ਅਤੇ ‘ਸਬਕਾ ਸਾਥ, ਸਬਕਾ ਵਿਕਾਸ’ ਦੇ ਇਸ ਸੰਕਲਪ ਦਾ ਵੀ ਇੱਕ ਵੱਡਾ ਅਧਾਰ ਹੈ- ਸਬਕਾ ਇਲਾਜ, ਸਭ ਨੂੰ ਆਰੋਗਯ, ਜਿਸ ਦਾ ਅਰਥ ਹੈ ਸਾਰਿਆਂ ਲਈ ਸਿਹਤ ਸੰਭਾਲ ਸੇਵਾਵਾਂ ਅਤੇ ਵਿਭਿੰਨ ਪੱਧਰਾਂ ‘ਤੇ ਬਿਮਾਰੀ ਦੀ ਰੋਕਥਾਮ ‘ਤੇ ਧਿਆਨ ਕੇਂਦ੍ਰਿਤ ਕਰਨਾ। ਸਵੱਛ ਭਾਰਤ ਅਭਿਯਾਨ ਦੇ ਤਹਿਤ ਸ਼ੌਚਾਲਿਆਂ ਦੇ ਨਿਰਮਾਣ ਦੀ ਗੱਲ ਸਵੀਕਾਰ ਕਰਦੇ ਹੋਏ ਸ਼੍ਰੀ ਮੋਦੀ ਨੇ ਦੱਸਿਆ ਕਿ ਸ਼ੌਚਾਲਿਆਂ ਦੇ ਨਿਰਮਾਣ ਨਾਲ ਗੰਦੀਆਂ ਸਥਿਤੀਆਂ ਦੇ ਕਾਰਨ ਹੋਣ ਵਾਲੀਆਂ ਬਿਮਾਰੀਆਂ ਵਿੱਚ ਕਮੀ ਆਈ ਹੈ। ਉਨ੍ਹਾਂ ਨੇ ਇੱਕ ਅਧਿਐਨ ਦਾ ਹਵਾਲਾ ਦਿੱਤਾ ਜਿਸ ਵਿੱਚ ਸੰਕੇਤ ਦਿੱਤਾ ਗਿਆ ਕਿ ਸ਼ੌਚਾਲਯ ਵਾਲੇ ਘਰਾਂ ਨੇ ਮੈਡੀਕਲ ਖਰਚੇ ‘ਤੇ ਹਜ਼ਾਰਾਂ ਰੁਪਏ ਬਚਾਏ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਵਿੱਚ ਉਨ੍ਹਾਂ ਦੀ ਸਰਕਾਰ ਆਉਣ ਤੋਂ ਪਹਿਲਾਂ, ਦੇਸ਼ ਦੇ ਗ਼ਰੀਬਾਂ ਨੂੰ ਬਿਮਾਰੀ ਤੋਂ ਜ਼ਿਆਦਾ ਇਲਾਜ ਦੇ ਖਰਚੇ ਦਾ ਡਰ ਰਹਿੰਦਾ ਸੀ ਅਤੇ ਉਨ੍ਹਾਂ ਨੇ ਦੱਸਿਆ ਕਿ ਪਰਿਵਾਰ ਵਿੱਚ ਇੱਕ ਗੰਭੀਰ ਬਿਮਾਰੀ ਪੂਰੇ ਪਰਿਵਾਰ ਨੂੰ ਸੰਕਟ ਵਿੱਚ ਪਾ ਦਿੰਦੀ ਸੀ। ਉਨ੍ਹਾਂ ਨੇ ਦੱਸਿਆ ਕਿ ਉਹ ਵੀ ਇੱਕ ਗ਼ਰੀਬ ਪਰਿਵਾਰ ਤੋਂ ਆਉਂਦੇ ਹਨ ਅਤੇ ਉਨ੍ਹਾਂ ਨੇ ਅਜਿਹੀਆਂ ਮੁਸ਼ਕਲਾਂ ਦੇਖੀਆਂ ਹਨ ਅਤੇ ਉਨ੍ਹਾਂ ਨੇ ਇਲਾਜ ਦੇ ਖਰਚ ਨੂੰ ਘੱਟ ਕਰਨ ਅਤੇ ਲੋਕਾਂ ਦੇ ਲਈ ਜ਼ਿਆਦਾ ਪੈਸਾ ਬਚਾਉਣ ਦਾ ਸੰਕਲਪ ਲਿਆ ਸੀ। ਇਹ ਸੁਨਿਸ਼ਚਿਤ ਕਰਨ ਦੀ ਆਪਣੀ ਪ੍ਰਤੀਬੱਧਤਾ ਦੁਹਰਾਉਂਦੇ ਹੋਏ ਕਿ ਕੋਈ ਵੀ ਜ਼ਰੂਰਤਮੰਦ ਵਿਅਕਤੀ ਸਰਕਾਰੀ ਯੋਜਨਾਵਾਂ ਤੋਂ ਵੰਚਿਤ ਨਾ ਰਹੇ, ਸ਼੍ਰੀ ਮੋਦੀ ਨੇ ਮੈਡੀਕਲ ਖਰਚੇ ਦੇ ਬੋਝ ਨੂੰ ਘੱਟ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ ਅਤੇ ਆਯੁਸ਼ਮਾਨ ਕਾਰਡ ਦੇ ਜ਼ਰੀਏ ਹਰ ਗ਼ਰੀਬ ਵਿਅਕਤੀ ਲਈ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੇ ਪ੍ਰਾਵਧਾਨ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਤਾਕੀਦ ਕੀਤੀ ਜਿਨ੍ਹਾਂ ਨੇ ਹੁਣ ਤੱਕ ਇਹ ਕਾਰਡ ਨਹੀਂ ਬਣਵਾਇਆ ਹੈ।

 

ਸ਼੍ਰੀ ਮੋਦੀ ਨੇ ਦੱਸਿਆ ਕਿ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਮੁਫ਼ਤ ਇਲਾਜ ਲਈ ਆਯੁਸ਼ਮਾਨ ਕਾਰਡ ਜਾਰੀ ਕੀਤੇ ਜਾ ਰਹੇ ਹਨ, ਚਾਹੇ ਪਰਿਵਾਰ ਗ਼ਰੀਬ ਹੋਣ, ਮੱਧ ਵਰਗ ਜਾਂ ਅਮੀਰ। ਉਨ੍ਹਾਂ ਨੇ ਕਿਹਾ ਕਿ ਇਹ ਕਾਰਡ ਬਿਨਾ ਕਿਸੇ ਖਰਚ ਦੇ ਔਨਲਾਈਨ ਪ੍ਰਾਪਤ ਕੀਤੇ ਜਾ ਸਕਦੇ ਹਨ। ਉਨ੍ਹਾਂ ਨੇ ਲੋਕਾਂ ਨੂੰ ਤਾਕੀਦ ਕੀਤੀ ਕਿ ਆਯੁਸ਼ਮਾਨ ਕਾਰਡ ਲਈ ਕਿਸੇ ਨੂੰ ਵੀ ਭੁਗਤਾਨ ਨਹੀਂ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਜੇਕਰ ਕੋਈ ਪੈਸੇ ਮੰਗੇ ਤਾਂ ਉਸ ਦੀ ਸੂਚਨਾ ਦੇਵੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਈ ਇਲਾਜਾਂ ਲਈ ਹਸਪਤਾਲਾਂ ਵਿੱਚ ਭਰਤੀ ਹੋਣ ਦੀ ਜ਼ਰੂਰਤ ਨਹੀਂ ਹੁੰਦੀ ਹੈ, ਕਿਉਂਕਿ ਨਿਰਧਾਰਿਤ ਦਵਾਈਆਂ ਘਰ ‘ਤੇ ਹੀ ਲਈਆਂ ਜਾ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਦਵਾਈਆਂ ਦੀ ਲਾਗਤ ਘੱਟ ਕਰਨ ਲਈ ਦੇਸ਼ ਭਰ ਵਿੱਚ 14,000 ਤੋਂ ਵੱਧ ਜਨ ਔਸ਼ਧੀ ਕੇਂਦਰ ਖੋਲ੍ਹੇ ਗਏ ਹਨ, ਜੋ ਸਸਤੀਆਂ ਦਵਾਈਆਂ ਉਪਲਬਧ ਕਰਵਾਉਂਦੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਡਨੀ ਦੀ ਬਿਮਾਰੀ ਸਾਡੀ ਸਿਹਤ ਨੂੰ ਲੈ ਕੇ ਇੱਕ ਹੋਰ ਗੰਭੀਰ ਸਮੱਸਿਆ ਹੈ, ਜਿਸ ਲਈ ਨਿਰੰਤਰ ਡਾਇਲਸਿਸ ਦੀ ਜ਼ਰੂਰਤ ਹੁੰਦੀ ਹੈ। 700 ਤੋਂ ਵੱਧ ਜ਼ਿਲ੍ਹਿਆਂ ਵਿੱਚ 1500 ਤੋਂ ਵੱਧ ਡਾਇਲਸਿਸ ਸੇਵਾਵਾਂ ਪ੍ਰਦਾਨ ਕਰਦੇ ਹਨ। ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਆਪਣੇ ਜਾਣ-ਪਹਿਚਾਣ ਵਾਲਿਆਂ ਦਰਮਿਆਨ ਇਨ੍ਹਾਂ ਸਰਕਾਰੀ ਯੋਜਨਾਵਾਂ ਬਾਰੇ ਜਾਗਰੂਕਤਾ ਫੈਲਾਉਣ ਅਤੇ ਇਹ ਸੁਨਿਸ਼ਚਿਤ ਕਰਨ ਦੀ ਤਾਕੀਦ ਕੀਤੀ ਕਿ ਕੋਈ ਵੀ ਵਿਅਕਤੀ ਲਾਭ ਤੋਂ ਵੰਚਿਤ ਨਾ ਰਹੇ।

 

ਸ਼੍ਰੀ ਮੋਦੀ ਨੇ ਕਿਹਾ, “ਕੈਂਸਰ ਹਰ ਜਗ੍ਹਾ ਇੱਕ ਮਹੱਤਵਪੂਰਨ ਮੁੱਦਾ ਬਣ ਗਿਆ ਹੈ; ਸਰਕਾਰ, ਸਮਾਜ ਅਤੇ ਸੰਤ ਸਾਰੇ ਕੈਂਸਰ ਦੇ ਵਿਰੁੱਧ ਲੜਾਈ ਵਿੱਚ ਇਕਜੁੱਟ ਹਨ।” ਉਨ੍ਹਾਂ ਨੇ ਕਿਸੇ ਨੂੰ ਕੈਂਸਰ ਦਾ ਪਤਾ ਚਲਣ ‘ਤੇ ਗ੍ਰਾਮੀਣਾਂ ਦੇ ਸਾਹਮਣੇ ਆਉਣ ਵਾਲੀਆਂ ਮੁਸ਼ਕਲਾਂ ‘ਤੇ ਟਿੱਪਣੀ ਕੀਤੀ। ਉਨ੍ਹਾਂ ਨੇ ਸ਼ੁਰੂਆਤੀ ਪਹਿਚਾਣ ਦੀ ਕਮੀ ਅਤੇ ਬੁਖਾਰ ਅਤੇ ਦਰਦ ਲਈ ਘਰੇਲੂ ਇਲਾਜ ‘ਤੇ ਨਿਰਭਰ ਰਹਿਣ ਦੀ ਪ੍ਰਵਿਰਤੀ ਨੂੰ ਉਜਾਗਰ ਕੀਤਾ, ਜਿਸ ਦੇ ਨਤੀਜੇ ਵਜੋਂ ਸਥਿਤੀ ਵਿਗੜਨ ‘ਤੇ ਦੇਰ ਨਾਲ ਜਾਂਚ ਹੁੰਦੀ ਹੈ। ਪ੍ਰਧਾਨ ਮੰਤਰੀ ਨੇ ਕੈਂਸਰ ਦੀ ਜਾਂਚ ਦੀ ਗੱਲ ਸੁਣ ਕੇ ਪਰਿਵਾਰਾਂ ਵਿੱਚ ਫੈਲੇ ਡਰ ਅਤੇ ਉਲਝਣ ਬਾਰੇ ਦੱਸਿਆ, ਜਿਸ ਵਿੱਚੋਂ ਕਈ ਨੂੰ ਕੇਵਲ ਦਿੱਲੀ ਅਤੇ ਮੁੰਬਈ ਵਿੱਚ ਇਲਾਜ ਕੇਂਦਰਾਂ ਬਾਰੇ ਪਤਾ ਹੈ। ਉਨ੍ਹਾਂ ਨੇ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ ਸਰਕਾਰ ਦੇ ਪ੍ਰਯਾਸਾਂ ‘ਤੇ ਜ਼ੋਰ ਦਿੱਤਾ, ਜਿਸ ਵਿੱਚ ਕੈਂਸਰ ਨਾਲ ਨਜਿੱਠਣ ਲਈ ਇਸ ਸਾਲ ਦੇ ਬਜਟ ਵਿੱਚ ਕਈ ਐਲਾਨ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਉਹ ਕੈਂਸਰ ਦੀਆਂ ਦਵਾਈਆਂ ਨੂੰ ਹੋਰ ਵਧੇਰੇ ਕਿਫਾਇਤੀ ਬਣਾਉਣ ਲਈ ਪ੍ਰਤੀਬੱਧ ਹਨ ਅਤੇ ਅਗਲੇ ਤਿੰਨ ਵਰ੍ਹਿਆਂ ਵਿੱਚ ਹਰ ਜ਼ਿਲ੍ਹੇ ਵਿੱਚ ਕੈਂਸਰ ਡੇਕੇਅਰ ਸੈਂਟਰ ਖੋਲ੍ਹਣ ਦਾ ਐਲਾਨ ਕੀਤਾ। ਇਹ ਕੇਂਦਰ ਡਾਇਗਨੌਸਟਿਕ ਅਤੇ ਰਾਹਤ ਦੇਖਭਾਲ ਦੋਵੇਂ ਸੇਵਾਵਾਂ ਪ੍ਰਦਾਨ ਕਰਨਗੇ। ਸ਼੍ਰੀ ਮੋਦੀ ਨੇ ਇਲਾਜ ਤੱਕ ਅਸਾਨ ਪਹੁੰਚ ਸੁਨਿਸ਼ਚਿਤ ਕਰਨ ਲਈ ਜ਼ਿਲ੍ਹਾ ਹਸਪਤਾਲਾਂ ਅਤੇ ਸਥਾਨਕ ਮੁੱਹਲਿਆਂ ਵਿੱਚ ਮੈਡੀਕਲ ਸੈਂਟਰਾਂ ਵਿੱਚ ਕੈਂਸਰ ਕਲੀਨਿਕ ਖੋਲ੍ਹਣ ਬਾਰੇ ਵੀ ਦੱਸਿਆ।

ਪ੍ਰਧਾਨ ਮੰਤਰੀ ਨੇ ਕੈਂਸਰ ਤੋਂ ਬਚਾਅ ਲਈ ਸੁਚੇਤ ਅਤੇ ਜਾਗਰੂਕ ਰਹਿਣ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਮੇਂ ਰਹਿੰਦੇ ਇਸ ਦਾ ਪਤਾ ਲਗਾਉਣ ਬਹੁਤ ਜ਼ਰੂਰੀ ਹੈ, ਕਿਉਂਕਿ ਇੱਕ ਵਾਰ ਕੈਂਸਰ ਫੈਲ ਜਾਵੇ ਤਾਂ ਉਸ ਨਾਲ ਨਜਿੱਠਣਾ ਮੁਸ਼ਕਲ ਹੋ ਜਾਂਦਾ ਹੈ। ਉਨ੍ਹਾਂ ਨੇ 30 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਦੀ ਸਕ੍ਰੀਨਿੰਗ ਲਈ ਚਲ ਰਹੇ ਅਭਿਯਾਨ ਨੂੰ ਉਜਾਗਰ ਕੀਤਾ ਅਤੇ  ਸਾਰਿਆਂ ਤੋਂ ਇਸ ਵਿੱਚ ਹਿੱਸਾ ਲੈਣ ਅਤੇ ਲਾਪਰਵਾਹੀ ਤੋਂ ਬਚਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦਾ ਸ਼ਕ ਹੋਣ ‘ਤੇ ਤੁਰੰਤ ਕੈਂਸਰ ਦੀ ਜਾਂਚ ਕਰਵਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕੈਂਸਰ ਬਾਰੇ ਸਹੀ ਜਾਣਕਾਰੀ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਹ ਕੋਈ ਸੰਕ੍ਰਾਮਕ ਬਿਮਾਰੀ ਨਹੀਂ ਹੈ ਅਤੇ ਛੂਹਣ ਨਾਲ ਨਹੀਂ ਫੈਲਦੀ ਹੈ। ਉਨ੍ਹਾਂ ਨੇ ਕਿਹਾ ਕਿ ਬੀੜੀ, ਸਿਗਰੇਟ, ਗੁਟਕਾ, ਤੰਬਾਕੂ ਅਤੇ ਮਸਾਲਿਆਂ ਦੇ ਸੇਵਨ ਨਾਲ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ ਅਤੇ ਇਨ੍ਹਾਂ ਪਦਾਰਥਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਸਾਰਿਆਂ ਨੂੰ ਆਪਣੇ ਸਰੀਰ ਅਤੇ ਸਿਹਤ ਦਾ ਧਿਆਨ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਤੋਂ ਬਚਣ ਲਈ ਇਨ੍ਹਾਂ ਸਾਵਧਾਨੀਆਂ ਨੂੰ ਪੂਰੀ ਲਗਨ ਨਾਲ ਅਪਣਾਉਣ ਦੀ ਤਾਕੀਦ ਕੀਤੀ।

ਲੋਕਾਂ ਦੀ ਸੇਵਾ ਪ੍ਰਤੀ ਆਪਣੇ ਸਮਰਪਣ ‘ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਛਤਰਪੁਰ ਦੀ ਆਪਣੀ ਪਿਛਲੀ ਯਾਤਰਾ ਦਾ ਜ਼ਿਕਰ ਕੀਤਾ ਜਿੱਥੇ  ਉਨ੍ਹਾਂ ਨੇ ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ ਸੀ। ਉਨ੍ਹਾਂ ਨੇ 45,000 ਕਰੋੜ ਰੁਪਏ ਦੇ ਕੇਨ-ਬੇਤਵਾ ਲਿੰਕ ਪ੍ਰੋਜੈਕਟ ਨੂੰ ਸ਼ਾਮਲ ਕੀਤੇ ਜਾਣ ਨੂੰ ਉਜਾਗਰ ਕੀਤਾ, ਜੋ ਬੁੰਦੇਲਖੰਡ ਵਿੱਚ ਕਈ ਸਰਕਾਰਾਂ ਅਤੇ ਨੇਤਾਵਾਂ ਦੇ ਆਉਣ ਦੇ ਬਾਵਜੂਦ ਦਹਾਕਿਆਂ ਤੋਂ ਪੈਂਡਿੰਗ ਸੀ। ਸ਼੍ਰੀ ਮੋਦੀ ਨੇ ਖੇਤਰ ਵਿੱਚ ਲਗਾਤਾਰ ਪਾਣੀ ਦੀ ਕਮੀ ਬਾਰੇ ਚਰਚਾ ਕੀਤੀ ਅਤੇ ਸਵਾਲ ਚੁੱਕਿਆ ਕਿ ਕੀ ਪਿਛਲੀ ਸਰਕਾਰ ਨੇ ਆਪਣੇ ਵਾਅਦੇ ਪੂਰੇ ਕੀਤੇ ਹਨ। ਉਨ੍ਹਾਂ ਨੇ ਜ਼ੋਰ ਦੇ ਕਿ ਕਿਹਾ ਕਿ ਲੋਕਾਂ ਦਾ ਅਸ਼ੀਰਵਾਦ ਮਿਲਣ ਦੇ ਬਾਅਦ ਹੀ ਕੰਮ ਸ਼ੁਰੂ ਹੋਇਆ। ਉਨ੍ਹਾਂ ਨੇ ਪੇਯਜਲ ਸੰਕਟ ਨੂੰ ਦੂਰ ਕਰਨ ਵਿੱਚ ਤੇਜ਼ੀ ਨਾਲ ਪ੍ਰਗਤੀ ਬਾਰੇ ਵੀ ਦੱਸਿਆ। ਉਨ੍ਹਾਂ ਨੇ ਕਿਹਾ ਕਿ ਜਲ ਜੀਵਨ ਮਿਸ਼ਨ ਹਰ ਘਰ ਜਲ ਪਰਿਯੋਜਨਾ ਦੇ ਤਹਿਤ ਬੁੰਦੇਲਖੰਡ ਦੇ ਪਿੰਡਾਂ ਵਿੱਚ ਪਾਈਪ ਨਾਲ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਘੱਟ ਕਰਨ ਅਤੇ ਉਨ੍ਹਾਂ ਦੀ ਆਮਦਨ ਵਧਾਉਣ ਲਈ ਚਲ ਰਹੇ ਪ੍ਰਯਾਸਾਂ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਸਰਕਾਰ ਦਿਨ-ਰਾਤ ਅਣਥੱਕ ਪ੍ਰਯਾਸ ਕਰ ਰਹੀ ਹੈ।

ਸ਼੍ਰੀ ਮੋਦੀ ਨੇ ਬੁੰਦੇਲਖੰਡ ਦੀ ਸਮ੍ਰਿੱਧੀ ਦੇ ਲਈ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ, ਲਖਪਤੀ ਦੀਦੀ ਅਤੇ ਡ੍ਰਨ ਦੀਦੀ ਜਿਹੀਆਂ ਪਹਿਲਾਂ ਦੀ ਸ਼ੁਰੂਆਤ ‘ਤੇ ਟਿੱਪਣੀ ਕੀਤੀ ਅਤੇ 3 ਕਰੋੜ ਮਹਿਲਾਵਾਂ ਨੂੰ ਲਖਪਤੀ ਦੀਦੀ ਬਣਾਉਣ ਦੇ ਟੀਚੇ ਦਾ ਐਲਾਨ ਕੀਤਾ। ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਮਹਿਲਾਵਾਂ ਨੂੰ ਡ੍ਰੋਨ ਚਲਾਉਣ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ,ਜਿਸ ਦਾ ਉਪਯੋਗ ਬੁੰਦੇਲਖੰਡ ਵਿੱਚ ਸਿੰਚਾਈ ਦਾ ਪਾਣੀ ਪਹੁੰਚਣ ਦੇ ਬਾਅਦ ਫਸਲਾਂ ‘ਤੇ ਛਿੜਕਾਅ ਅਤੇ ਖੇਤੀਬਾੜੀ ਵਿੱਚ ਸਹਾਇਤਾ ਲਈ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਹ ਪ੍ਰਯਾਸ ਬੁੰਦੇਲਖੰਡ ਨੂੰ ਸਮ੍ਰਿੱਧੀ ਵੱਲ ਤੇਜ਼ੀ ਨਾਲ ਅੱਗੇ ਵਧਾਉਣਗੇ।

ਪ੍ਰਧਾਨ ਮੰਤਰੀ ਨੇ ਸਵਾਮਿਤਵ ਯੋਜਨਾ ਦੇ ਤਹਿਤ ਪਿੰਡਾਂ ਵਿੱਚ ਸਟੀਕ ਭੂਮੀ ਮਾਪ ਅਤੇ ਠੋਸ ਭੂਮੀ ਰਿਕਾਰਡ ਉਪਲੱਬਧ ਕਰਵਾਉਣ ਲਈ ਡ੍ਰੋਨ ਟੈਕਨੋਲੋਜੀ ਦੇ ਮਹੱਤਵਪੂਰਨ ਉਪਯੋਗ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਮੱਧ ਪ੍ਰਦੇਸ਼ ਵਿੱਚ ਇਸ ਪਹਿਲ ਦੇ ਸਫ਼ਲ ਲਾਗੂਕਰਨ ਬਾਰੇ ਦੱਸਿਆ, ਜਿੱਥੇ ਲੋਕ ਹੁਣ ਇਨ੍ਹਾਂ ਦਸਤਾਵੇਜ਼ਾਂ ਦਾ ਉਪਯੋਗ ਬੈਂਕਾਂ ਤੋਂ ਅਸਾਨੀ ਨਾਲ ਲੋਨ ਪ੍ਰਾਪਤ ਕਰਨ ਲਈ ਕਰ ਰਹੇ ਹਨ, ਜਿਸ ਦਾ ਉਪਯੋਗ ਕਾਰੋਬਾਰਾਂ ਲਈ ਕੀਤਾ ਜਾ ਰਿਹਾ ਹੈ ਅਤੇ ਇਸ ਨਾਲ ਲੋਕਾਂ ਦੀ ਆਮਦਨ ਵਿੱਚ ਵਾਧਾ ਹੋ ਰਿਹਾ ਹੈ।

 

ਆਪਣੇ ਸੰਬੋਧਨ ਦੇ ਸਮਾਪਨ ‘ਤੇ ਪ੍ਰਧਾਨ ਮੰਤਰੀ ਨੇ ਬੁੰਦੇਲਖੰਡ ਨੂੰ ਵਿਕਾਸ ਦੀਆਂ ਨਵੀਆਂ ਉਚਾਈਂ ‘ਤੇ ਪਹੁੰਚਾਉਣ ਲਈ ਕੇਂਦਰ ਅਤੇ ਰਾਜ ਸਰਕਾਰਾਂ ਦੇ ਅਣਥੱਕ ਪ੍ਰਯਾਸਾਂ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਉਮੀਦ ਜਤਾਈ ਕਿ ਬੁੰਦੇਲਖੰਡ ਸਮ੍ਰਿੱਧੀ ਅਤੇ ਵਿਕਾਸ ਦੇ ਰਾਹ ‘ਤੇ ਅੱਗੇ ਵਧਦਾ ਰਹੇਗਾ ਅਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਪ੍ਰੋਗਰਾਮ ਵਿੱਚ ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਮੰਗੂਭਾਈ ਛਗਨਭਾਈ ਪਟੇਲ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਮੋਹਨ ਯਾਦਵ ਸਮੇਤ ਹੋਰ ਪਤਵੰਤੇ ਮੌਜੂਦ ਸਨ।

ਪਿਛੋਕੜ

ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਦੇ ਗੜ੍ਹਾ ਪਿੰਡ ਵਿੱਚ ਬਾਗੇਸ਼ਵਰ ਧਾਮ ਮੈਡੀਕਲ ਅਤੇ ਸਾਇੰਸ ਰਿਸਰਚ ਇੰਸਟੀਟਿਊਟ ਦਾ ਨਿਰਮਾਣ ਸਾਰੇ ਵਰਗਾਂ ਦੇ ਲੋਕਾਂ ਲਈ ਬਿਹਤਰ ਸਿਹਤ ਸੰਭਾਲ ਸੇਵਾਵਾਂ ਸੁਨਿਸ਼ਚਿਤ ਕਰਨ ਲਈ ਕੀਤਾ ਜਾ ਰਿਹਾ ਹੈ। 200 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਇਸ ਕੈਂਸਰ ਹਸਪਤਾਲ ਵਿੱਚ ਵੰਚਿਤ ਕੈਂਸਰ ਮਰੀਜ਼ਾਂ ਨੂੰ ਮੁਫ਼ਤ ਇਲਾਜ ਦੀ ਸੁਵਿਧਾ ਦਿੱਤੀ ਜਾਵੇਗੀ ਅਤੇ ਇਹ ਅਤਿਆਧੁਨਿਕ ਮਸ਼ੀਨਾਂ ਨਾਲ ਲੈਸ ਹੋਵੇਗਾ ਅਤੇ ਇਸ ਵਿੱਚ ਮਾਹਿਰ ਡਾਕਟਰ ਵੀ ਹੋਣਗੇ।

https://twitter.com/narendramodi/status/1893592605931229575

 https://twitter.com/PMOIndia/status/1893594769529491691

https://twitter.com/PMOIndia/status/1893596618621944131
https://twitter.com/PMOIndia/status/1893597507495616903

https://youtu.be/FiK9rWWbukM

 

***************

ਐੱਮਜੇਪੀਐਸ/ਐੱਸਆਰ