Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 98ਵੇਂ ਅਖਿਲ ਭਾਰਤੀਯ ਮਰਾਠੀ ਸਾਹਿਤਯ ਸੰਮੇਲਨ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 98ਵੇਂ ਅਖਿਲ ਭਾਰਤੀਯ ਮਰਾਠੀ ਸਾਹਿਤਯ ਸੰਮੇਲਨ ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ 98ਵੇਂ ਅਖਿਲ ਭਾਰਤੀਯ ਮਰਾਠੀ ਸਾਹਿਤਯ ਸੰਮੇਲਨ ਦਾ ਉਦਘਾਟਨ ਕੀਤਾ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਨਵੀਂ ਦਿੱਲੀ ਵਿੱਚ ਆਯੋਜਿਤ ਕੀਤੇ ਜਾ ਰਹੇ ਮਰਾਠੀ ਭਾਸ਼ਾ ਦੇ ਇਸ ਸ਼ਾਨਦਾਰ ਸਮਾਗਮ ਵਿੱਚ ਸਾਰੇ ਮਰਾਠੀਆਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਅਖਿਲ ਭਾਰਤੀਯ ਮਰਾਠੀ ਸਾਹਿਤਯ ਸੰਮੇਲਨ ਕਿਸੇ ਭਾਸ਼ਾ ਜਾਂ ਖੇਤਰ ਤੱਕ ਸੀਮਤ ਨਹੀਂ ਸੀ ਸਗੋਂ ਇਸ ਸੰਮੇਲਨ ਵਿੱਚ ਆਜ਼ਾਦੀ ਦੀ ਲੜਾਈ ਦੇ ਨਾਲ-ਨਾਲ ਮਹਾਰਾਸ਼ਟਰ ਅਤੇ ਰਾਸ਼ਟਰ ਦੀ ਸੱਭਿਆਚਾਰਕ ਵਿਰਾਸਤ ਵੀ ਸ਼ਾਮਲ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਅਖਿਲ ਭਾਰਤੀਯ ਮਰਾਠੀ ਸਾਹਿਤਯ ਸੰਮੇਲਨ, 1878 ਵਿੱਚ ਆਪਣੇ ਪਹਿਲੇ ਆਯੋਜਨ ਤੋਂ ਲੈ ਕੇ ਹੁਣ ਤੱਕ, ਭਾਰਤ ਦੇ 147 ਵਰ੍ਹਿਆਂ ਦੇ ਸਫ਼ਰ ਦਾ ਗਵਾਹ ਰਿਹਾ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਸ਼੍ਰੀ ਮਹਾਦੇਵ ਗੋਵਿੰਦ ਰਾਨਾਡੇ, ਸ਼੍ਰੀ ਹਰੀ ਨਾਰਾਇਣ ਆਪਟੇ, ਸ਼੍ਰੀ ਮਾਧਵ ਸ਼੍ਰੀਹਰੀ ਅਣੇ, ਸ਼੍ਰੀ ਸ਼ਿਵਰਾਮ ਪਰਾਂਜਪੇ, ਸ਼੍ਰੀ ਵੀਰ ਸਾਵਰਕਰ ਵਰਗੇ ਕਈ ਦਿੱਗਜਾਂ ਨੇ ਸੰਮੇਲਨ ਦੀ ਪ੍ਰਧਾਨਗੀ ਕੀਤੀ ਹੈ। ਸ਼੍ਰੀ ਸ਼ਰਦ ਪਵਾਰ ਦੁਆਰਾ ਇਸ ਗੌਰਵਸ਼ਾਲੀ ਪਰੰਪਰਾ ਦਾ ਹਿੱਸਾ ਬਣਨ ਲਈ ਸੱਦਾ ਦੇਣ ‘ਤੇ ਧੰਨਵਾਦ ਪ੍ਰਗਟ ਕਰਦੇ ਹੋਏ, ਦੇਸ਼ ਅਤੇ ਦੁਨੀਆ ਭਰ ਦੇ ਸਾਰੇ ਮਰਾਠੀ ਪ੍ਰੇਮੀਆਂ ਨੂੰ ਇਸ ਆਯੋਜਨ ਦੇ ਲਈ ਵਧਾਈਆਂ ਦਿੱਤੀਆਂ।

 

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਅੱਜ ਅੰਤਰਰਾਸ਼ਟਰੀ ਮਾਤ੍ਰ ਭਾਸ਼ਾ ਦਿਵਸ ਹੈ, ਉਨ੍ਹਾਂ ਕਿਹਾ ਕਿ ਮਰਾਠੀ ਭਾਸ਼ਾ ਬਾਰੇ ਸੋਚਦੇ ਸਮੇਂ ਸੰਤ ਗਿਆਨੇਸ਼ਵਰ ਦੇ ਵਚਨ ਯਾਦ ਆਉਣਾ ਸੁਭਾਵਿਕ ਹੈ। ਸੰਤ ਗਿਆਨੇਸ਼ਵਰ ਦੀ ਇੱਕ ਆਇਤ ਦੀ ਵਿਆਖਿਆ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਮਰਾਠੀ ਭਾਸ਼ਾ ਅੰਮ੍ਰਿਤ ਤੋਂ ਵੀ ਵੱਧ ਮਿੱਠੀ ਹੈ। ਇਸ ਲਈ ਮਰਾਠੀ ਭਾਸ਼ਾ ਅਤੇ ਸੱਭਿਆਚਾਰ ਪ੍ਰਤੀ ਉਨ੍ਹਾਂ ਦਾ ਪਿਆਰ ਅਤੇ ਸਨੇਹ ਅਥਾਹ ਸੀ। ਉਨ੍ਹਾਂ ਨੇ ਨਿਮਰਤਾ ਨਾਲ ਕਿਹਾ ਕਿ ਹਾਲਾਂਕਿ ਉਹ ਇਸ ਪ੍ਰੋਗਰਾਮ ਵਿੱਚ ਮੌਜੂਦ ਮਰਾਠੀ ਵਿਦਵਾਨਾਂ ਜਿੰਨਾ ਨਿਪੁੰਨ ਨਹੀਂ ਹਨ, ਪਰੰਤੂ ਉਹ ਮਰਾਠੀ ਸਿੱਖਣ ਲਈ ਨਿਰੰਤਰ ਯਤਨਸ਼ੀਲ ਰਹੇ ਹਨ।

ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਸੰਮੇਲਨ ਇੱਕ ਮਹੱਤਵਪੂਰਨ ਸਮੇਂ ‘ਤੇ ਹੋ ਰਿਹਾ ਹੈ ਜਦੋਂ ਦੇਸ਼ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਰਾਜ-ਗੱਦੀ ਦੀ 350ਵੀਂ ਵਰ੍ਹੇਗੰਢ, ਪੁਣਯਸ਼ਲੋਕ ਅਹਿਲਿਆਬਾਈ ਹੋਲਕਰ ਦੀ 300ਵੀਂ ਜਨਮ ਵਰ੍ਹੇਗੰਢ ਅਤੇ ਬਾਬਾ ਸਾਹੇਬ ਅੰਬੇਡਕਰ ਦੇ ਯਤਨਾਂ ਨਾਲ ਸਿਰਜੇ ਗਏ ਸਾਡੇ ਸੰਵਿਧਾਨ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਇਸ ਗੱਲ ‘ਤੇ ਮਾਣ ਪ੍ਰਗਟ ਕਰਦੇ ਹੋਏ ਕਿ ਮਹਾਰਾਸ਼ਟਰ ਦੀ ਧਰਤੀ ‘ਤੇ ਇੱਕ ਮਰਾਠੀ ਭਾਸ਼ੀ ਮਹਾਪੁਰਖ ਨੇ 100 ਵਰ੍ਹੇ ਪਹਿਲਾਂ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦਾ ਬੀਜ ਬੀਜਿਆ ਸੀ, ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅੱਜ, ਇਹ ਇੱਕ ਵਿਸ਼ਾਲ ਰੁੱਖ ਦੇ ਰੂਪ ਵਿੱਚ ਆਪਣਾ ਸ਼ਤਾਬਦੀ ਵਰ੍ਹਾ  ਮਨਾ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪਿਛਲੇ 100 ਵਰ੍ਹਿਆਂ ਤੋਂ, ਆਰਐੱਸਐੱਸ ਨੇ ਆਪਣੀਆਂ ਸੱਭਿਆਚਾਰਕ ਕੋਸ਼ਿਸ਼ਾਂ ਦੇ ਜ਼ਰੀਏ ਵੇਦਾਂ ਤੋਂ ਲੈ ਕੇ ਵਿਵੇਕਾਨੰਦ ਤੱਕ, ਭਾਰਤ ਦੀ ਮਹਾਨ ਪਰੰਪਰਾ ਅਤੇ ਸੱਭਿਆਚਾਰ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਉਨ੍ਹਾਂ ਦਾ ਸੁਭਾਗ ਹੈ ਕਿ ਉਨ੍ਹਾਂ ਜਿਹੇ ਲੱਖਾਂ ਲੋਕਾਂ ਨੂੰ ਆਰਐੱਸਐੱਸ ਨੇ ਦੇਸ਼ ਲਈ ਜਿਉਣ  ਦੀ ਪ੍ਰੇਰਨਾ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਸਵੀਕਾਰ ਕੀਤਾ ਕਿ ਆਰਐੱਸਐੱਸ ਰਾਹੀਂ ਹੀ ਉਨ੍ਹਾਂ ਨੂੰ ਮਰਾਠੀ ਭਾਸ਼ਾ ਅਤੇ ਪਰੰਪਰਾ ਨਾਲ ਜੁੜਨ ਦਾ ਮੌਕਾ ਮਿਲਿਆ। ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਕੁਝ ਮਹੀਨੇ ਪਹਿਲਾਂ, ਮਰਾਠੀ ਨੂੰ ਇੱਕ ਸ਼ਾਸਤਰੀ ਭਾਸ਼ਾ ਦਾ ਦਰਜਾ ਦਿੱਤਾ ਗਿਆ ਸੀ, ਜਿਸ ਦਾ ਭਾਰਤ ਅਤੇ ਦੁਨੀਆ ਭਰ ਵਿੱਚ 12 ਕਰੋੜ ਤੋਂ ਵੱਧ ਮਰਾਠੀ ਬੋਲਣ ਵਾਲਿਆਂ ਨੂੰ ਦਹਾਕਿਆਂ ਇੰਤਜ਼ਾਰ ਸੀ। ਉਨ੍ਹਾਂ ਨੇ ਇਸ ਨੂੰ  ਆਪਣੇ ਜੀਵਨ ਦਾ ਸੁਭਾਗ ਦੱਸਿਆ ਕਿ ਉਨ੍ਹਾਂ ਨੂੰ ਇਹ ਕੰਮ ਕਰਨ ਦਾ ਮੌਕਾ ਮਿਲਿਆ।

ਪ੍ਰਧਾਨ ਮੰਤਰੀ ਨੇ ਕਿਹਾ “ਭਾਸ਼ਾ ਸਿਰਫ਼ ਸੰਚਾਰ ਦਾ ਮਾਧਿਅਮ ਨਹੀਂ ਹੈ, ਸਗੋਂ ਸਾਡੇ ਸੱਭਿਆਚਾਰ ਦਾ ਵਾਹਕ ਹੁੰਦੀ ਹੈ”। ਉਨ੍ਹਾਂ ਨੇ ਕਿਹਾ ਕਿ ਭਾਵੇਂ ਭਾਸ਼ਾਵਾਂ ਸਮਾਜ ਵਿੱਚ ਪੈਦਾ ਹੁੰਦੀਆਂ ਹਨ, ਲੇਕਿਨ ਉਹ ਸਮਾਜ ਦੇ ਨਿਰਮਾਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮਰਾਠੀ ਨੇ ਮਹਾਰਾਸ਼ਟਰ ਅਤੇ ਰਾਸ਼ਟਰ ਦੇ ਬਹੁਤ ਸਾਰੇ ਵਿਅਕਤੀਆਂ ਦੇ ਵਿਚਾਰਾਂ ਨੂੰ ਪ੍ਰਗਟਾਵਾ ਦੇ ਕੇ ਸਾਡੇ ਸੱਭਿਆਚਾਰਕ ਵਿਕਾਸ ਵਿੱਚ ਯੋਗਦਾਨ ਦਿੱਤਾ ਹੈ। ਮਰਾਠੀ ਭਾਸ਼ਾ ਦੀ ਮਹੱਤਤਾ ਬਾਰੇ ਸਮਰਥ ਰਾਮਦਾਸ ਜੀ ਦੇ ਸ਼ਬਦਾਂ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਮਰਾਠੀ ਇੱਕ ਸੰਪੂਰਨ ਭਾਸ਼ਾ ਹੈ, ਜਿਸ ਵਿੱਚ ਬਹਾਦਰੀ, ਸੁੰਦਰਤਾ, ਸੰਵੇਦਨਸ਼ੀਲਤਾ, ਸਮਾਨਤਾ, ਸਦਭਾਵਨਾ, ਅਧਿਆਤਮਿਕਤਾ ਅਤੇ ਆਧੁਨਿਕਤਾ ਹੈ”। ਉਨ੍ਹਾਂ ਕਿਹਾ ਕਿ ਮਰਾਠੀ ਵਿੱਚ ਸ਼ਰਧਾ, ਸ਼ਕਤੀ ਅਤੇ ਬੁੱਧੀ ਵੀ ਸ਼ਾਮਲ ਹੈ। ਸ਼੍ਰੀ ਮੋਦੀ ਨੇ ਦੱਸਿਆ ਕਿ ਜਦੋਂ ਭਾਰਤ ਨੂੰ ਅਧਿਆਤਮਿਕ ਊਰਜਾ ਦੀ ਜ਼ਰੂਰਤ ਹੋਈ, ਤਾਂ ਮਹਾਰਾਸ਼ਟਰ ਦੇ ਮਹਾਨ ਸੰਤਾਂ ਨੇ ਰਿਸ਼ੀਆਂ ਦੀ ਬੁੱਧੀ ਨੂੰ ਮਰਾਠੀ ਵਿੱਚ ਪਹੁੰਚਯੋਗ ਬਣਾਇਆ। ਉਨ੍ਹਾਂ ਨੇ ਸੰਤ ਗਿਆਨੇਸ਼ਵਰ, ਸੰਤ ਤੁਕਾਰਾਮ, ਸੰਤ ਰਾਮਦਾਸ, ਸੰਤ ਨਾਮਦੇਵ, ਸੰਤ ਤੁਕਦੋਜੀ ਮਹਾਰਾਜ, ਗਡਗੇ ਬਾਬਾ, ਗੋਰਾ ਕੁੰਭਾਰ ਅਤੇ ਬਹਿਣਾਬਾਈ ਦੇ ਯੋਗਦਾਨ ਨੂੰ ਸਵੀਕਾਰ ਕੀਤਾ, ਜਿਨ੍ਹਾਂ ਨੇ ਮਰਾਠੀ ਵਿੱਚ ਭਗਤੀ ਲਹਿਰ ਰਾਹੀਂ ਸਮਾਜ ਨੂੰ ਇੱਕ ਨਵੀਂ ਦਿਸ਼ਾ ਦਿਖਾਈ। ਆਧੁਨਿਕ ਸਮੇਂ ਵਿੱਚ, ਪ੍ਰਧਾਨ ਮੰਤਰੀ ਨੇ ਸ਼੍ਰੀ ਗਜਾਨਨ ਦਿਗੰਬਰ ਮਡਗੁਲਕਰ ਅਤੇ ਸ਼੍ਰੀ ਸੁਧੀਰ ਫਡਕੇ ਦੇ ਗੀਤ ਰਾਮਾਇਣ ਦੇ ਪ੍ਰਭਾਵ ਨੂੰ ਰੇਖਾਂਕਿਤ ਕੀਤਾ।

ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਗੁਲਾਮੀ ਦੇ ਸੈਂਕੜੇ ਵਰ੍ਹਿਆਂ ਦੇ ਲੰਬੇ ਕਾਲਖੰਡ ਵਿੱਚ ਮਰਾਠੀ ਭਾਸ਼ਾ ਹਮਲਾਵਰਾਂ ਤੋਂ ਮੁਕਤੀ ਦਾ ਐਲਾਨ ਬਣ ਗਈ। ਉਨ੍ਹਾਂ ਨੇ ਦੁਸ਼ਮਣਾਂ ਨੂੰ ਖਦੇੜਨ ਵਾਲੇ ਛਤਰਪਤੀ ਸ਼ਿਵਾਜੀ ਮਹਾਰਾਜ, ਸੰਭਾਜੀ ਮਹਾਰਾਜ ਅਤੇ ਬਾਜੀਰਾਓ ਪੇਸ਼ਵਾ ਵਰਗੇ ਮਰਾਠਾ ਯੋਧਿਆਂ ਦੀ ਬਹਾਦਰੀ ਦਾ ਜ਼ਿਕਰ ਕੀਤਾ, ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਵਿੱਚ, ਵਾਸੁਦੇਵ ਬਲਵੰਤ ਫੜਕੇ, ਲੋਕਮਾਨਯ ਤਿਲਕ ਅਤੇ ਵੀਰ ਸਾਵਰਕਰ ਵਰਗੇ ਯੋਧਿਆਂ ਨੇ ਅੰਗਰੇਜ਼ਾਂ ਦੀ ਨੀਂਦ ਉਡਾ ਦਿੱਤੀ ਸੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਯੋਗਦਾਨ ਵਿੱਚ ਮਰਾਠੀ ਭਾਸ਼ਾ ਅਤੇ ਸਾਹਿਤ ਦੀ ਮਹੱਤਵਪੂਰਨ ਭੂਮਿਕਾ ‘ਤੇ ਜ਼ੋਰ ਦਿੱਤਾ। ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕੇਸਰੀ ਅਤੇ ਮਰਾਠਾ ਵਰਗੇ ਅਖ਼ਬਾਰਾਂ, ਕਵੀ ਗੋਵਿੰਦਰਾਜ ਦੀਆਂ ਪ੍ਰਬਲ ਕਵਿਤਾਵਾਂ ਅਤੇ ਰਾਮ ਗਣੇਸ਼ ਗਡਕਰੀ ਦੇ ਨਾਟਕਾਂ ਨੇ ਰਾਸ਼ਟਰਵਾਦ ਦੀ ਭਾਵਨਾ ਨੂੰ ਪੋਸ਼ਿਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਲੋਕਮਾਨਯ ਤਿਲਕ ਨੇ ਗੀਤਾ ਰਹੱਸਯ ਵੀ ਮਰਾਠੀ ਵਿੱਚ ਲਿਖੀ ਸੀ, ਪਰੰਤੂ, ਇਸ ਨੇ ਦੇਸ਼ ਭਰ ਵਿੱਚ ਨਵੀਂ ਊਰਜਾ ਭਰ ਦਿੱਤੀ ਸੀ।

ਸ਼੍ਰੀ ਮੋਦੀ ਨੇ ਕਿਹਾ “ਮਰਾਠੀ ਭਾਸ਼ਾ ਅਤੇ ਸਾਹਿਤ ਨੇ ਸਮਾਜ ਦੇ ਦੱਬੇ-ਕੁਚਲੇ ਅਤੇ ਵਾਂਝੇ ਵਰਗਾਂ ਲਈ ਸਮਾਜਿਕ ਮੁਕਤੀ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ”, ਉਨ੍ਹਾਂ ਨੇ ਜਯੋਤੀਬਾ ਫੂਲੇ, ਸਾਵਿਤਰੀਬਾਈ ਫੂਲੇ, ਮਹਾਰਿਸ਼ੀ ਕਰਵੇ ਅਤੇ ਬਾਬਾ ਸਾਹੇਬ ਅੰਬੇਡਕਰ ਵਰਗੇ ਮਹਾਨ ਸਮਾਜ ਸੁਧਾਰਕਾਂ ਦੇ ਯੋਗਦਾਨ ਦਾ ਜ਼ਿਕਰ ਕੀਤਾ, ਜਿਨ੍ਹਾਂ ਨੇ ਮਰਾਠੀ ਵਿੱਚ ਨਵੇਂ ਯੁੱਗ ਦੀ ਸੋਚ ਨੂੰ ਪਾਲਣ ਦਾ ਕੰਮ ਕੀਤਾ। ਉਨ੍ਹਾਂ ਨੇ ਕਿਹਾ ਕਿ ਮਰਾਠੀ ਭਾਸ਼ਾ ਨੇ ਦੇਸ਼ ਨੂੰ ਸਮ੍ਰਿੱਧ ਦਲਿਤ ਸਾਹਿਤ ਦਿੱਤਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਆਪਣੀ ਆਧੁਨਿਕ ਸੋਚ ਦੇ ਕਾਰਨ, ਮਰਾਠੀ ਸਾਹਿਤ ਵਿੱਚ ਵਿਗਿਆਨ ਕਥਾਵਾਂ ਦੀਆਂ ਵੀ ਰਚਨਾਵਾਂ ਹੋਈਆਂ ਹਨ। ਆਯੁਰਵੇਦ, ਵਿਗਿਆਨ ਅਤੇ ਤਰਕਸ਼ਾਸਤਰ ਵਿੱਚ ਮਹਾਰਾਸ਼ਟਰ ਦੇ ਲੋਕਾਂ ਦੇ ਅਸਾਧਾਰਣ ਯੋਗਦਾਨ ਨੂੰ ਸਵੀਕਾਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਇਸ ਸੱਭਿਆਚਾਰ ਨੇ ਹਮੇਸ਼ਾ ਨਵੇਂ ਵਿਚਾਰਾਂ ਅਤੇ ਪ੍ਰਤਿਭਾਵਾਂ ਨੂੰ ਸੱਦਾ ਦਿੱਤਾ ਹੈ, ਜਿਸ ਨਾਲ ਮਹਾਰਾਸ਼ਟਰ ਦੀ ਤਰੱਕੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਮੁੰਬਈ ਨਾ ਸਿਰਫ਼ ਮਹਾਰਾਸ਼ਟਰ ਦੀ ਸਗੋਂ ਪੂਰੇ ਦੇਸ਼ ਦੀ ਆਰਥਿਕ ਰਾਜਧਾਨੀ ਵਜੋਂ ਉਭਰੀ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਜਦੋਂ ਮੁੰਬਈ ਦੀ ਗੱਲ ਆਉਂਦੀ ਹੈ, ਤਾਂ ਫਿਲਮਾਂ ਦਾ ਜ਼ਿਕਰ ਕੀਤੇ ਬਿਨਾ ਸਾਹਿਤ ਦੀ ਚਰਚਾ ਪੂਰੀ ਨਹੀਂ ਹੋ ਸਕਦੀ। ਉਨ੍ਹਾਂ ਨੇ ਕਿਹਾ ਕਿ ਇਹ ਮਹਾਰਾਸ਼ਟਰ ਅਤੇ ਮੁੰਬਈ ਹੀ ਹਨ ਜਿਨ੍ਹਾਂ ਨੇ ਮਰਾਠੀ ਫਿਲਮਾਂ ਅਤੇ ਹਿੰਦੀ ਸਿਨੇਮਾ ਦੋਵਾਂ ਨੂੰ ਉੱਚਾ ਚੁੱਕਿਆ ਹੈ। ਉਨ੍ਹਾਂ ਨੇ ਫਿਲਮ ‘ਛਾਵਾ’ ਦੀ ਮੌਜੂਦਾ ਪ੍ਰਸਿੱਧੀ ਦਾ ਜ਼ਿਕਰ ਕੀਤਾ, ਜਿਸ ਵਿੱਚ ਸ਼ਿਵਾਜੀ ਸਾਵੰਤ ਦੇ ਮਰਾਠੀ ਨਾਵਲ ਰਾਹੀਂ ਸੰਭਾਜੀ ਮਹਾਰਾਜ ਦੀ ਬਹਾਦਰੀ ਨੂੰ ਪੇਸ਼ ਕੀਤਾ ਗਿਆ ਹੈ।

ਸ਼੍ਰੀ ਮੋਦੀ ਨੇ ਕਵੀ ਕੇਸ਼ਵਸੁਤ ਦਾ ਹਵਾਲਾ ਦਿੰਦੇ ਹੋਏ, ਇਸ ਗੱਲ ‘ਤੇ ਜ਼ੋਰ ਦਿੱਤਾ  ਕਿ ਅਸੀਂ ਪੁਰਾਣੇ ਵਿਚਾਰਾਂ ਵਿੱਚ ਸਥਿਰ ਨਹੀਂ ਰਹਿ ਸਕਦੇ ਅਤੇ ਮਨੁੱਖੀ ਸੱਭਿਅਤਾ, ਵਿਚਾਰ ਅਤੇ ਭਾਸ਼ਾ ਨਿਰੰਤਰ ਵਿਕਸਿਤ ਹੁੰਦੇ ਰਹਿੰਦੇ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਜੀਵੰਤ ਸੱਭਿਅਤਾਵਾਂ ਵਿੱਚੋਂ ਇੱਕ ਹੈ ਕਿਉਂਕਿ ਇਸ ਨੇ ਨਿਰੰਤਰ ਵਿਕਾਸ ਕੀਤਾ ਹੈ, ਨਵੇਂ ਵਿਚਾਰਾਂ ਨੂੰ ਜੋੜਿਆ ਹੈ ਅਤੇ ਨਵੀਆਂ ਤਬਦੀਲੀਆਂ ਦਾ ਸਵਾਗਤ ਕੀਤਾ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ਵੱਲ ਇਸ਼ਾਰਾ ਕੀਤਾ ਕਿ ਭਾਰਤ ਦੀ ਵਿਸ਼ਾਲ ਭਾਸ਼ਾਈ ਵਿਭਿੰਨਤਾ ਇਸ ਵਿਕਾਸ ਦਾ ਪ੍ਰਮਾਣ ਹੈ ਅਤੇ ਏਕਤਾ ਦਾ ਸਭ ਤੋਂ ਬੁਨਿਆਦੀ ਅਧਾਰ ਵੀ ਹੈ, ਉਨ੍ਹਾਂ ਕਿਹਾ ਕਿ ਮਰਾਠੀ ਇਸ ਵਿਭਿੰਨਤਾ ਦੀ ਉਦਾਹਰਣ ਹੈ। ਉਨ੍ਹਾਂ ਨੇ ਭਾਸ਼ਾ ਦੀ ਤੁਲਨਾ ਇੱਕ ਮਾਂ ਨਾਲ ਕਰਦੇ ਹੋਏ ਕਿਹਾ ਕਿ ਮਾਂ ਦੀ ਤਰ੍ਹਾਂ ਹੀ ਭਾਸ਼ਾ ਵੀ ਬਿਨਾ ਕਿਸੇ ਭੇਦਭਾਵ ਦੇ ਆਪਣੇ ਬੱਚਿਆਂ ਨੂੰ ਨਵਾਂ ਅਤੇ ਵਿਸ਼ਾਲ ਗਿਆਨ ਪ੍ਰਦਾਨ ਕਰਦੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਭਾਸ਼ਾ ਹਰ ਵਿਚਾਰ ਅਤੇ ਹਰ ਵਿਕਾਸ ਨੂੰ ਅਪਣਾਉਂਦੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਮਰਾਠੀ ਸੰਸਕ੍ਰਿਤ ਤੋਂ ਉਤਪੰਨ ਹੋਈ ਹੈ ਅਤੇ ਇਸ ਵਿੱਚ ਪ੍ਰਾਕ੍ਰਿਤ ਦਾ ਵੀ ਕਾਫੀ ਪ੍ਰਭਾਵ ਹੈ। ਉਨ੍ਹਾਂ ਨੇ ਮਹਾਨ ਵਿਚਾਰਕਾਂ ਅਤੇ ਲੇਖਕਾਂ ਦੇ ਯੋਗਦਾਨ ਨੂੰ ਉਜਾਗਰ ਕੀਤਾ ਜਿਨ੍ਹਾਂ ਨੇ ਮਨੁੱਖੀ ਸੋਚ ਨੂੰ ਹੋਰ ਜ਼ਿਆਦਾ ਵਿਸ਼ਾਲ ਬਣਾਇਆ ਹੈ। ਉਨ੍ਹਾਂ ਨੇ ਲੋਕਮਾਨਯ ਤਿਲਕ ਦੀ ਗੀਤਾ ਰਹੱਸਯ ਦਾ ਜ਼ਿਕਰ ਕੀਤਾ, ਜਿਸ ਨੇ ਸੰਸਕ੍ਰਿਤ ਗੀਤਾ ਦੀ ਵਿਆਖਿਆ ਕੀਤੀ ਅਤੇ ਇਸ ਨੂੰ  ਮਰਾਠੀ ਰਾਹੀਂ ਵਧੇਰੇ ਪਹੁੰਚਯੋਗ ਬਣਾਇਆ। ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਗਿਆਨੇਸ਼ਵਰੀ ਗੀਤਾ ਵਿੱਚ ਵੀ ਸੰਸਕ੍ਰਿਤ ‘ਤੇ ਮਰਾਠੀ ਟਿੱਪਣੀ ਲਿਖੀ ਗਈ, ਜੋ ਅੱਜ ਵਿਦਵਾਨਾਂ ਅਤੇ ਸੰਤਾਂ ਲਈ ਗੀਤਾ ਨੂੰ ਸਮਝਣ ਲਈ ਇੱਕ ਮਿਆਰ ਬਣ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਰਾਠੀ ਨੇ ਹੋਰ ਸਾਰੀਆਂ ਭਾਰਤੀ ਭਾਸ਼ਾਵਾਂ ਤੋਂ ਸਾਹਿਤ ਨੂੰ ਲਿਆ ਹੈ ਅਤੇ ਬਦਲੇ ਵਿੱਚ ਉਨ੍ਹਾਂ ਭਾਸ਼ਾਵਾਂ ਨੂੰ ਵੀ ਸਮ੍ਰਿੱਧ ਕੀਤਾ ਹੈ। ਉਨ੍ਹਾਂ ਨੇ ‘ਆਨੰਦਮਠ’ ਵਰਗੀਆਂ ਰਚਨਾਵਾਂ ਦਾ ਮਰਾਠੀ ਵਿੱਚ ਅਨੁਵਾਦ ਕਰਨ ਵਾਲੇ ਭਾਰਗਵਰਾਮ ਵਿੱਠਲ ਵਾਰੇਕਰ ਅਤੇ ਪੰਨਾ ਢਾਈ (PannaDhai), ਦੁਰਗਾਵਤੀ ਅਤੇ ਰਾਣੀ ਪਦਮਿਨੀ ਦੇ ਜੀਵਨ ‘ਤੇ ਅਧਾਰਿਤ ਰਚਨਾਵਾਂ ਦੀ ਰਚਨਾ ਕਰਨ ਵਾਲੀ ਵਿੰਦਾ ਕਰੰਦੀਕਰ, ਜਿਨ੍ਹਾਂ ਦਾ ਕਈ  ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ, ਵਰਗੀਆਂ ਉਦਾਹਰਣਾਂ ਦਿੱਤੀਆਂ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, “ਭਾਰਤੀ ਭਾਸ਼ਾਵਾਂ ਵਿੱਚ ਕਦੇ ਵੀ ਆਪਸੀ ਦੁਸ਼ਮਣੀ ਨਹੀਂ ਰਹੀ। ਉਨ੍ਹਾਂ ਨੇ ਹਮੇਸ਼ਾ ਇੱਕ ਦੂਜੇ ਨੂੰ ਅਪਣਾਇਆ ਅਤੇ ਇੱਕ ਦੂਜੇ ਨੂੰ ਸਮ੍ਰਿੱਧ ਬਣਾਇਆ ਹੈ”।

ਪ੍ਰਧਾਨ ਮੰਤਰੀ ਨੇ ਇਸ ਗੱਲ ਵੱਲ ਇਸ਼ਾਰਾ ਕੀਤਾ ਕਿ ਜਦੋਂ ਭਾਸ਼ਾ ਦੇ ਨਾਮ ‘ਤੇ ਫਰਕ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਸਾਡੀਆਂ ਭਾਸ਼ਾਵਾਂ ਦੀ ਸਾਂਝੀ ਵਿਰਾਸਤ ਹੀ ਉਸ ਦਾ ਸਹੀ ਜਵਾਬ ਦਿੰਦੀ ਹੈ। ਪ੍ਰਧਾਨ ਮੰਤਰੀ ਨੇ ਭਾਸ਼ਾਵਾਂ ਨੂੰ ਸਮ੍ਰਿੱਧ ਬਣਾਉਣ ਅਤੇ ਅਪਣਾਉਣ ਦੀ ਜ਼ਿੰਮੇਵਾਰੀ ‘ਤੇ ਜ਼ੋਰ ਦਿੰਦੇ ਹੋਏ ਸਾਰਿਆਂ ਨੂੰ ਅਜਿਹੀਆਂ ਗਲਤ ਧਾਰਨਾਵਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅੱਜ, ਦੇਸ਼ ਦੀਆਂ ਸਾਰੀਆਂ ਭਾਸ਼ਾਵਾਂ ਨੂੰ ਮੁੱਖ ਧਾਰਾ ਦੀਆਂ ਭਾਸ਼ਾਵਾਂ ਵਜੋਂ ਦੇਖਿਆ ਜਾਂਦਾ ਹੈ। ਉਨ੍ਹਾਂ ਨੇ ਮਰਾਠੀ ਸਮੇਤ ਸਾਰੀਆਂ ਪ੍ਰਮੁੱਖ ਭਾਸ਼ਾਵਾਂ ਵਿੱਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਵੱਲ ਇਸ਼ਾਰਾ ਕੀਤਾ। ਸ਼੍ਰੀ ਮੋਦੀ ਨੇ ਜ਼ਿਕਰ ਕੀਤਾ ਕਿ ਹੁਣ, ਮਹਾਰਾਸ਼ਟਰ ਦੇ ਨੌਜਵਾਨ ਮਰਾਠੀ ਵਿੱਚ ਉੱਚ ਸਿੱਖਿਆ, ਇੰਜੀਨੀਅਰਿੰਗ ਅਤੇ ਡਾਕਟਰੀ ਦੀ ਪੜ੍ਹਾਈ ਕਰ ਸਕਦੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅੰਗਰੇਜ਼ੀ ਨਾ ਜਾਣਨ ਦੇ ਕਾਰਨ ਪ੍ਰਤਿਭਾਵਾਂ ਨੂੰ ਨਜ਼ਰਅੰਦਾਜ਼ ਕਰਨ ਦੀ ਮਾਨਸਿਕਤਾ ਬਦਲ ਗਈ ਹੈ।

ਸ਼੍ਰੀ ਮੋਦੀ ਨੇ ਕਿਹਾ “ਸਾਹਿਤ ਸਮਾਜ ਲਈ ਇੱਕ ਦਰਪਣ ਹੋਣ ਦੇ ਨਾਲ-ਨਾਲ ਮਾਰਗਦਰਸ਼ਕ ਵੀ ਹੈ।” ਉਨ੍ਹਾਂ ਨੇ ਦੇਸ਼ ਵਿੱਚ ਸਾਹਿਤ ਸੰਮੇਲਨ ਅਤੇ ਸਬੰਧਿਤ ਸੰਸਥਾਵਾਂ ਦੀ ਮਹੱਤਵਪੂਰਨ ਭੂਮਿਕਾ ‘ਤੇ ਟਿੱਪਣੀ ਕੀਤੀ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਅਖਿਲ ਭਾਰਤੀਯ ਮਰਾਠੀ ਸਾਹਿਤਯ ਮਹਾਂਮੰਡਲ ਗੋਵਿੰਦ ਰਾਨਾਡੇ, ਹਰੀਨਾਰਾਇਣ ਆਪਟੇ, ਆਚਾਰਿਆ ਅਣੇ ਅਤੇ ਵੀਰ ਸਾਵਰਕਰ ਵਰਗੀਆਂ ਮਹਾਨ ਸ਼ਖਸੀਅਤਾਂ ਦੁਆਰਾ ਸਥਾਪਿਤ ਆਦਰਸ਼ਾਂ ਨੂੰ ਅੱਗੇ ਵਧਾਏਗਾ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ 2027 ਵਿੱਚ ਸਾਹਿਤ ਸੰਮੇਲਨ ਦੀ ਇਸ ਪਰੰਪਰਾ ਨੂੰ 150 ਸਾਲ ਪੂਰੇ ਹੋਣਗੇ। ਅਤੇ ਤਦ 100ਵਾਂ ਸਾਹਿਤ ਸੰਮੇਲਨ ਹੋਵੇਗਾ। ਉਨ੍ਹਾਂ ਨੇ ਸਾਰਿਆਂ ਨੂੰ ਇਸ ਮੌਕੇ ਨੂੰ ਵਿਸ਼ੇਸ਼ ਬਣਾਉਣ ਅਤੇ ਹੁਣੇ ਤੋਂ ਤਿਆਰੀਆਂ ਸ਼ੁਰੂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਮਰਾਠੀ ਸਾਹਿਤ ਦੀ ਸੇਵਾ ਕਰਨ ਵਾਲੇ ਬਹੁਤ ਸਾਰੇ ਨੌਜਵਾਨਾਂ ਦੇ ਯਤਨਾਂ ਨੂੰ ਸਵੀਕਾਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਮੰਚ ਪ੍ਰਦਾਨ ਕਰਨ ਅਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਪਹਿਚਾਣ ਦਿਲਾਉਣ ਲਈ ਉਤਸ਼ਾਹਿਤ ਕੀਤਾ। ਪ੍ਰਧਾਨ ਮੰਤਰੀ ਨੇ ਔਨਲਾਈਨ ਪਲੈਟਫਾਰਮਾਂ ਅਤੇ ਭਾਸ਼ਿਣੀ ਵਰਗੀਆਂ ਪਹਿਲਕਦਮੀਆਂ ਰਾਹੀਂ ਮਰਾਠੀ ਸਿੱਖਣ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਨੌਜਵਾਨਾਂ ਵਿੱਚ ਮਰਾਠੀ ਭਾਸ਼ਾ ਅਤੇ ਸਾਹਿਤ ਨਾਲ ਸਬੰਧਿਤ ਮੁਕਾਬਲੇ ਆਯੋਜਿਤ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਪ੍ਰਯਾਸ ਮਰਾਠੀ ਸਾਹਿਤ ਦੀਆਂ ਪ੍ਰੇਰਨਾਵਾਂ ਵਿਕਸਿਤ ਭਾਰਤ ਲਈ 140 ਕਰੋੜ ਨਾਗਰਿਕਾਂ ਨੂੰ ਪ੍ਰੇਰਿਤ ਕਰਨਗੀਆਂ। ਉਨ੍ਹਾਂ ਨੇ ਸਾਰਿਆਂ ਨੂੰ ਮਹਾਦੇਵ ਗੋਵਿੰਦ ਰਾਨਾਡੇ, ਹਰੀਨਾਰਾਇਣ ਆਪਟੇ, ਮਾਧਵ ਸ਼੍ਰੀਹਰੀ ਅਣੇ ਅਤੇ ਸ਼ਿਵਰਾਮ ਪਰਾਂਜਪੇ ਵਰਗੀਆਂ ਪ੍ਰਸਿੱਧ ਸ਼ਖਸੀਅਤਾਂ ਦੀ ਮਹਾਨ ਪਰੰਪਰਾ ਨੂੰ ਜਾਰੀ ਰੱਖਣ ਦੀ ਅਪੀਲ ਕਰਕੇ ਸਾਰਿਆਂ ਦਾ ਆਭਾਰ ਪ੍ਰਗਟ ਕਰਦੇ ਹੋਏ ਆਪਣਾ ਸੰਬੋਧਨ ਸਮਾਪਤ ਕੀਤਾ।

ਇਸ ਸਮਾਗਮ ਵਿੱਚ ਮਹਾਰਾਸ਼ਟਰ ਦੇ ਮੁੱਖ ਮੰਤਰੀ, ਸ਼੍ਰੀ ਦੇਵੇਂਦਰ ਫੜਣਵੀਸ; ਸੰਸਦ ਮੈਂਬਰ (ਰਾਜ ਸਭਾ), ਸ਼੍ਰੀ ਸ਼ਰਦ ਪਵਾਰ; 98ਵੇਂ ਸੰਮੇਲਨ ਦੀ ਪ੍ਰਧਾਨ, ਡਾ. ਤਾਰਾ ਭਾਵਲਕਰ ਸਮੇਤ ਹੋਰ ਪਤਵੰਤੇ ਮੌਜੂਦ ਸਨ।

ਪਿਛੋਕੜ 

98ਵਾਂ ਅਖਿਲ ਭਾਰਤੀਯ ਮਰਾਠੀ ਸਾਹਿਤਯ ਸੰਮੇਲਨ 21 ਤੋਂ 23 ਫਰਵਰੀ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਇਸ ਵਿੱਚ ਪੈਨਲ ਚਰਚਾਵਾਂ, ਕਿਤਾਬ ਪ੍ਰਦਰਸ਼ਨੀਆਂ, ਸੱਭਿਆਚਾਰਕ ਪ੍ਰਦਰਸ਼ਨਾਂ ਅਤੇ ਮੰਨੀਆਂ-ਪ੍ਰਮੰਨੀਆਂ ਸਾਹਿਤਕ ਹਸਤੀਆਂ ਦੇ ਨਾਲ ਇੰਟਰਐਕਟਿਵ ਸੈਸ਼ਨ ਆਯੋਜਿਤ ਕੀਤੇ ਜਾਣਗੇ। ਇਹ ਸੰਮੇਲਨ ਮਰਾਠੀ ਸਾਹਿਤ ਦੀ ਸਦੀਵੀ ਪ੍ਰਸੰਗਿਕਤਾ ਦਾ ਜਸ਼ਨ ਮਨਾਏਗਾ ਅਤੇ ਸਮਕਾਲੀ ਸੰਵਾਦ ਵਿੱਚ ਇਸ ਦੀ ਭੂਮਿਕਾ ਦੀ ਪੜਚੋਲ ਕਰੇਗਾ, ਜਿਸ ਵਿੱਚ ਭਾਸ਼ਾ ਦੀ ਸੰਭਾਲ, ਅਨੁਵਾਦ ਅਤੇ ਸਾਹਿਤਕ ਰਚਨਾਵਾਂ ‘ਤੇ ਡਿਜੀਟਲਾਈਜ਼ੇਸ਼ਨ ਦੇ ਪ੍ਰਭਾਵ ਦੇ ਵਿਸ਼ੇ ਸ਼ਾਮਲ ਹੋਣਗੇ।

ਰਾਸ਼ਟਰੀ ਰਾਜਧਾਨੀ ਵਿੱਚ 71 ਵਰ੍ਹਿਆਂ ਬਾਅਦ ਆਯੋਜਿਤ ਹੋ ਰਹੇ ਮਰਾਠੀ ਸਾਹਿਤ ਸੰਮੇਲਨ ਦੀ ਏਕੀਕ੍ਰਿਤ ਭਾਵਨਾ ਨੂੰ ਪ੍ਰਦਰਸ਼ਿਤ ਕਰਦੇ ਹੋਏ ਪੁਣੇ ਤੋਂ ਦਿੱਲੀ ਤੱਕ ਇੱਕ ਪ੍ਰਤੀਕਾਤਮਕ ਸਾਹਿਤਕ ਰੇਲ ਯਾਤਰਾ ਵੀ ਸ਼ਾਮਲ ਹੈ, ਜਿਸ ਵਿੱਚ 1,200 ਭਾਗੀਦਾਰ ਸ਼ਾਮਲ ਹਨ। ਇਸ ਸੰਮੇਲਨ ਵਿੱਚ 2,600 ਤੋਂ ਵੱਧ ਕਵਿਤਾਵਾਂ ਪੇਸ਼ ਕੀਤੀਆਂ ਜਾਣਗੀਆਂ, 50 ਕਿਤਾਬਾਂ ਲਾਂਚ ਕੀਤੀਆਂ ਜਾਣਗੀਆਂ, ਅਤੇ 100 ਕਿਤਾਬਾਂ ਦੇ ਸਟਾਲ ਹੋਣਗੇ। ਦੇਸ਼ ਭਰ ਦੇ ਪ੍ਰਸਿੱਧ ਵਿਦਵਾਨ, ਲੇਖਕ, ਕਵੀ ਅਤੇ ਸਾਹਿਤ ਪ੍ਰੇਮੀ ਇਸ ਵਿੱਚ ਹਿੱਸਾ ਲੈਣਗੇ।

 https://x.com/narendramodi/status/1892913432313405487

https://x.com/PMOIndia/status/1892915767726772429

https://x.com/PMOIndia/status/1892916137354305539

https://x.com/PMOIndia/status/1892916525600059536

https://x.com/PMOIndia/status/1892918541898121597

https://www.youtube.com/watch?v=jTnVGkajfMY

 

***************

ਐੱਮਜੇਪੀਐੱਸ/ਐੱਸਆਰ