ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਸੁੰਦਰ ਨਰਸਰੀ ਵਿਖੇ ਪਰੀਕਸ਼ਾ ਪੇ ਚਰਚਾ (ਪੀਪੀਸੀ) ਦੇ 8ਵੇਂ ਸੰਸਕਰਣ ਦੌਰਾਨ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਦੇਸ਼ ਭਰ ਦੇ ਵਿਦਿਆਰਥੀਆਂ ਨਾਲ ਇੱਕ ਗ਼ੈਰ–ਰਸਮੀ ਗੱਲਬਾਤ ਵਿੱਚ ਕਈ ਵਿਸ਼ਿਆਂ ‘ਤੇ ਚਰਚਾ ਕੀਤੀ। ਉਨ੍ਹਾਂ ਨੇ ਤਿਲ (sesame) ਤੋਂ ਬਣੀਆਂ ਮਠਿਆਈਆਂ ਵੰਡੀਆਂ, ਜੋ ਰਵਾਇਤੀ ਤੌਰ ‘ਤੇ ਸਰਦੀਆਂ ਵਿੱਚ ਸਰੀਰ ਨੂੰ ਗਰਮ ਰੱਖਣ ਲਈ ਖਾਧੀਆਂ ਜਾਂਦੀਆਂ ਹਨ।
ਪੋਸ਼ਣ ਤੋਂ ਪ੍ਰਫੁੱਲਤ ਹੋਣ ਤੱਕ
ਪੋਸ਼ਣ ਦੇ ਵਿਸ਼ੇ ‘ਤੇ, ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਸੰਯੁਕਤ ਰਾਸ਼ਟਰ ਨੇ 2023 ਨੂੰ ‘ਇੰਟਰਨੈਸ਼ਨਲ ਈਅਰ ਆਵ੍ ਮਿਲਟਸ‘ (‘International Year of Millets’) ਐਲਾਨਿਆ ਸੀ ਅਤੇ ਭਾਰਤ ਦੇ ਪ੍ਰਸਤਾਵ ‘ਤੇ ਇਸ ਨੂੰ ਦੁਨੀਆ ਭਰ ਵਿੱਚ ਉਤਸ਼ਾਹਿਤ ਕੀਤਾ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਸਰਕਾਰ ਨੇ ਜ਼ੋਰਦਾਰ ਤਾਕੀਦ ਕੀਤੀ ਹੈ ਕਿ ਪੋਸ਼ਣ ਸਬੰਧੀ ਬਹੁਤ ਜਾਗਰੂਕਤਾ ਹੋਣੀ ਚਾਹੀਦੀ ਹੈ, ਕਿਉਂਕਿ ਸਹੀ ਪੋਸ਼ਣ ਕਈ ਬਿਮਾਰੀਆਂ ਨੂੰ ਰੋਕਣ ਵਿੱਚ ਮਦਦ ਕਰਦਾ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮੋਟੇ ਅਨਾਜ ਨੂੰ ਭਾਰਤ ਵਿੱਚ ਇੱਕ ‘ਸੁਪਰਫੂਡ‘ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਵਿੱਚ, ਫਸਲਾਂ, ਫਲਾਂ ਜਿਹੀਆਂ ਜ਼ਿਆਦਾਤਰ ਚੀਜ਼ਾਂ ਸਾਡੀ ਵਿਰਾਸਤ ਨਾਲ ਜੁੜੀਆਂ ਹੋਈਆਂ ਸਨ ਅਤੇ ਇੱਕ ਉਦਾਹਰਣ ਦਿੱਤੀ, ਜਿੱਥੇ ਹਰ ਨਵੀਂ ਫਸਲ ਜਾਂ ਮੌਸਮ ਭਗਵਾਨ ਨੂੰ ਸਮਰਪਿਤ ਹੁੰਦਾ ਸੀ ਅਤੇ ਭਾਰਤ ਭਰ ਵਿੱਚ ਜ਼ਿਆਦਾਤਰ ਥਾਵਾਂ ‘ਤੇ ਤਿਉਹਾਰ ਮਨਾਏ ਜਾਂਦੇ ਸਨ। ਉਨ੍ਹਾਂ ਨੇ ਅੱਗੇ ਦੱਸਿਆ ਕਿ ਭਗਵਾਨ ਨੂੰ ਚੜ੍ਹਾਏ ਪ੍ਰਸ਼ਾਦ ਵਜੋਂ ਵੰਡੇ ਜਾਂਦੇ ਸਨ। ਸ਼੍ਰੀ ਮੋਦੀ ਨੇ ਬੱਚਿਆਂ ਨੂੰ ਮੌਸਮੀ ਫਲ ਖਾਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਬੱਚਿਆਂ ਨੂੰ ਜੰਕ ਫੂਡ, ਤੇਲਯੁਕਤ ਭੋਜਨ ਅਤੇ ਮੈਦੇ ਤੋਂ ਬਣੇ ਭੋਜਨ ਉਤਪਾਦਾਂ ਤੋਂ ਬਚਣ ਲਈ ਉਤਸ਼ਾਹਿਤ ਕੀਤਾ। ਭੋਜਨ ਨੂੰ ਸਹੀ ਢੰਗ ਨਾਲ ਖਾਣ ਦੇ ਮਹੱਤਵ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਬੱਚਿਆਂ ਨੂੰ ਨਿਗਲਣ ਤੋਂ ਪਹਿਲਾਂ ਘੱਟੋ–ਘੱਟ 32 ਵਾਰ ਆਪਣਾ ਭੋਜਨ ਚਬਾਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਬੱਚਿਆਂ ਨਾਲ ਸੁਝਾਅ ਵੀ ਸਾਂਝਾ ਕੀਤਾ ਕਿ ਜਦੋਂ ਵੀ ਉਹ ਪਾਣੀ ਪੀਂਦੇ ਹਨ, ਪਾਣੀ ਦੇ ਛੋਟੇ–ਛੋਟੇ ਘੁੱਟ ਪੀਣ ਅਤੇ ਪਾਣੀ ਦਾ ਸੁਆਦ ਮਾਨਣ। ਸਹੀ ਸਮੇਂ ‘ਤੇ ਸਹੀ ਭੋਜਨ ਖਾਣ ਦੇ ਵਿਸ਼ੇ ‘ਤੇ, ਸ਼੍ਰੀ ਮੋਦੀ ਨੇ ਕਿਸਾਨਾਂ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਉਹ ਸਵੇਰੇ ਖੇਤਾਂ ਵਿੱਚ ਜਾਣ ਤੋਂ ਪਹਿਲਾਂ ਇੱਕ ਵਧੀਆ ਨਾਸ਼ਤਾ ਕਰਦੇ ਹਨ ਅਤੇ ਸੂਰਜ ਡੁੱਬਣ ਤੋਂ ਪਹਿਲਾਂ ਆਪਣਾ ਰਾਤ ਦਾ ਖਾਣਾ ਖਾ ਲੈਂਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਜਿਹੀਆਂ ਸਿਹਤਮੰਦ ਆਦਤਾਂ ਦੀ ਪਾਲਣਾ ਕਰਨ ਲਈ ਹੁਲਾਰਾ ਦਿੱਤਾ।
ਪੋਸ਼ਣ ਅਤੇ ਤੰਦਰੁਸਤੀ
ਤੰਦਰੁਸਤੀ ‘ਤੇ ਚਰਚਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਰੋਗ ਦੀ ਅਣਹੋਂਦ ਦਾ ਮਤਲਬ ਇਹ ਨਹੀਂ ਹੈ ਕਿ ਕੋਈ ਸਿਹਤਮੰਦ ਹੈ ਅਤੇ ਉਨ੍ਹਾਂ ਬੱਚਿਆਂ ਨੂੰ ਤੰਦਰੁਸਤੀ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਅੱਗੇ ਕਿਹਾ ਕਿ ਸਰੀਰ ਦੀ ਫਿਟਨਸ ਅਤੇ ਤੰਦਰੁਸਤੀ ਨੂੰ ਸੁਨਿਸ਼ਚਿਤ ਕਰਨ ਲਈ ਸਹੀ ਮਾਤਰਾ ਵਿੱਚ ਨੀਂਦ ਮਹੱਤਵਪੂਰਨ ਹੈ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਮਨੁੱਖੀ ਤੰਦਰੁਸਤੀ ਵਿੱਚ ਨੀਂਦ ਦੀ ਮਹੱਤਤਾ ‘ਤੇ ਕਈ ਖੋਜ ਪ੍ਰੋਜੈਕਟ ਚਲਾਏ ਜਾ ਰਹੇ ਹਨ। ਸ਼੍ਰੀ ਮੋਦੀ ਨੇ ਮਨੁੱਖੀ ਸਰੀਰ ਲਈ ਸੂਰਜ ਦੀ ਰੋਸ਼ਨੀ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ, ਬੱਚਿਆਂ ਨੂੰ ਕੁਝ ਮਿੰਟਾਂ ਲਈ ਸਵੇਰ ਦੀ ਧੁੱਪ ਲੈਣ ਦੀ ਰੋਜ਼ਾਨਾ ਆਦਤ ਪਾਉਣ ਲਈ ਉਤਸ਼ਾਹਿਤ ਕੀਤਾ। ਸ਼੍ਰੀ ਮੋਦੀ ਨੇ ਉਨ੍ਹਾਂ ਨੂੰ ਸੂਰਜ ਚੜ੍ਹਨ ਤੋਂ ਤੁਰੰਤ ਬਾਅਦ ਇੱਕ ਰੁੱਖ ਹੇਠ ਖੜ੍ਹੇ ਹੋ ਕੇ ਗਹਿਰੇ ਸਾਹ ਲੈਣ ਲਈ ਵੀ ਆਖਿਆ। ਪ੍ਰਧਾਨ ਮੰਤਰੀ ਨੇ ਸੰਖੇਪ ਵਿੱਚ ਕਿਹਾ ਕਿ ਜੀਵਨ ਵਿੱਚ ਤਰੱਕੀ ਲਈ ਪੋਸ਼ਣ ਦੀ ਮਹੱਤਤਾ ਇਸ ਗੱਲ ਵਿੱਚ ਹੈ ਕਿ ਕੋਈ ਵਿਅਕਤੀ ਕੀ, ਕਦੋਂ, ਕਿਵੇਂ ਅਤੇ ਕਿਉਂ ਖਾਂਦਾ ਹੈ।
ਦਬਾਅ ‘ਤੇ ਕਾਬੂ ਪਾਉਣਾ
ਦਬਾਅ ‘ਤੇ ਕਾਬੂ ਪਾਉਣ ਦੇ ਵਿਸ਼ੇ ‘ਤੇ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਇਹ ਮੰਦਭਾਗਾ ਹੈ ਕਿ ਸਾਡੇ ਸਮਾਜ ਵਿੱਚ ਇਹ ਵਿਚਾਰ ਕਿਵੇਂ ਜੜ੍ਹ ਪਕੜ ਰਿਹਾ ਹੈ ਕਿ 10ਵੀਂ ਜਾਂ 12ਵੀਂ ਜਿਹੀਆਂ ਸਕੂਲੀ ਪਰੀਖਿਆਵਾਂ ਵਿੱਚ ਉੱਚ ਅੰਕ ਨਾ ਪ੍ਰਾਪਤ ਕਰਨ ਦਾ ਮਤਲਬ ਹੈ ਕਿ ਜ਼ਿੰਦਗੀ ਬਰਬਾਦ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਬੱਚਿਆਂ ‘ਤੇ ਦਬਾਅ ਵਧਿਆ ਹੈ। ਕ੍ਰਿਕਟ ਮੈਚ ਵਿੱਚ ਬੱਲੇਬਾਜ਼ ਦੀ ਗੇਂਦ ‘ਤੇ ਇਕਾਗਰਤਾ ਦਾ ਹਵਾਲਾ ਦਿੰਦੇ ਹੋਏ, ਸ਼੍ਰੀ ਮੋਦੀ ਨੇ ਬੱਚਿਆਂ ਨੂੰ ਬੱਲੇਬਾਜ਼ ਵਾਂਗ ਬਾਹਰੀ ਦਬਾਅ ਤੋਂ ਬਚਣ ਅਤੇ ਸਿਰਫ਼ ਆਪਣੀ ਪੜ੍ਹਾਈ ‘ਤੇ ਧਿਆਨ ਕੇਂਦ੍ਰਿਤ ਕਰਨ ਲਈ ਉਤਸ਼ਾਹਿਤ ਕੀਤਾ, ਜੋ ਉਨ੍ਹਾਂ ਨੂੰ ਦਬਾਅ ਨੂੰ ਦੂਰ ਕਰਨ ਵਿੱਚ ਮਦਦ ਕਰੇਗਾ।
ਖ਼ੁਦ ਨੂੰ ਚੁਣੌਤੀ ਦਿਓ
ਵਿਦਿਆਰਥੀਆਂ ਨੂੰ ਚੰਗੀ ਤਰ੍ਹਾਂ ਤਿਆਰ ਰਹਿਣ ਅਤੇ ਹਰ ਵਾਰ ਖ਼ੁਦ ਨੂੰ ਚੁਣੌਤੀ ਦਿੰਦੇ ਰਹਿਣ ਲਈ ਕਹਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਬਹੁਤ ਸਾਰੇ ਲੋਕ ਆਪਣੇ ਆਪ ਵਿਰੁੱਧ ਆਪਣੀਆਂ ਲੜਾਈਆਂ ਨਹੀਂ ਲੜਦੇ। ਉਨ੍ਹਾਂ ਆਤਮ–ਚਿੰਤਨ ਦੀ ਮਹੱਤਤਾ ‘ਤੇ ਟਿੱਪਣੀ ਕੀਤੀ ਅਤੇ ਵਿਅਕਤੀਆਂ ਨੂੰ ਅਕਸਰ ਖ਼ੁਦ ਤੋਂ ਪੁੱਛਣ ਦੀ ਅਪੀਲ ਕੀਤੀ ਕਿ ਉਹ ਕੀ ਬਣ ਸਕਦੇ ਹਨ, ਕੀ ਪ੍ਰਾਪਤ ਕਰ ਸਕਦੇ ਹਨ, ਅਤੇ ਕਿਹੜੇ ਕੰਮ ਉਨ੍ਹਾਂ ਨੂੰ ਸੰਤੁਸ਼ਟੀ ਦੇਣਗੇ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਿਸੇ ਦਾ ਧਿਆਨ ਅਖ਼ਬਾਰਾਂ ਜਾਂ ਟੀਵੀ ਜਿਹੇ ਰੋਜ਼ਾਨਾ ਬਾਹਰੀ ਪ੍ਰਭਾਵਾਂ ਨਾਲ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ, ਬਲਕਿ ਸਮੇਂ ਦੇ ਨਾਲ ਨਿਰੰਤਰ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਬਹੁਤ ਸਾਰੇ ਲੋਕ ਅਕਸਰ ਆਪਣੇ ਮਨਾਂ ਨੂੰ ਦਿਸ਼ਾ ਤੋਂ ਬਿਨਾ ਭਟਕਣ ਦਿੰਦੇ ਹਨ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਫ਼ੈਸਲਿਆਂ ਵਿੱਚ ਲਾਪਰਵਾਹੀ ਨਾ ਵਰਤਣ ਅਤੇ ਕਿਸੇ ਮਸਲੇ ‘ਤੇ ਸ਼ਾਂਤੀ ਰੱਖਣ ਦਾ ਮਨ ਬਣਾਉਣ, ਜਿਸ ਨਾਲ ਉਨ੍ਹਾਂ ਨੂੰ ਚੁਣੌਤੀਆਂ ਨਾਲ ਨਜਿੱਠਣ ਵਿੱਚ ਮਦਦ ਮਿਲੇਗੀ।
ਅਗਵਾਈ ਦੀ ਕਲਾ
ਇੱਕ ਵਿਦਿਆਰਥੀ ਦੁਆਰਾ ਪ੍ਰਭਾਵਸ਼ਾਲੀ ਅਗਵਾਈ ਬਾਰੇ ਸੁਝਾਅ ਸਾਂਝੇ ਕਰਨ ਲਈ ਕਹੇ ਜਾਣ ‘ਤੇ, ਸ਼੍ਰੀ ਮੋਦੀ ਨੇ ਕਿਹਾ ਕਿ ਬਾਹਰੀ ਦਿੱਖ ਇੱਕ ਨੇਤਾ ਨੂੰ ਪਰਿਭਾਸ਼ਿਤ ਨਹੀਂ ਕਰਦੀ, ਪਰ ਇੱਕ ਨੇਤਾ ਉਹ ਹੁੰਦਾ ਹੈ ਜੋ ਦੂਸਰਿਆਂ ਲਈ ਇੱਕ ਉਦਾਹਰਣ ਸਥਾਪਿਤ ਕਰਕੇ ਅਗਵਾਈ ਕਰਦਾ ਹੈ। ਉਨ੍ਹਾਂ ਇਸ ਨੂੰ ਹਾਸਲ ਕਰਨ ਲਈ ਕਿਹਾ ਕਿ ਵਿਅਕਤੀਆਂ ਨੂੰ ਆਪਣੇ ਆਪ ਨੂੰ ਬਦਲਣਾ ਚਾਹੀਦਾ ਹੈ, ਅਤੇ ਉਨ੍ਹਾਂ ਦੇ ਵਿਵਹਾਰ ਵਿੱਚ ਇਹ ਤਬਦੀਲੀ ਝਲਕਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਅਗਵਾਈ ਥੋਪੀ ਨਹੀਂ ਜਾਂਦੀ, ਬਲਕਿ ਤੁਹਾਡੇ ਆਲ਼ੇ-ਦੁਆਲ਼ੇ ਦੇ ਲੋਕਾਂ ਦੁਆਰਾ ਸਵੀਕਾਰ ਕੀਤੀ ਜਾਂਦੀ ਹੈ“। ਉਨ੍ਹਾਂ ਨੇ ਕਿਹਾ ਕਿ ਦੂਸਰਿਆਂ ਨੂੰ ਉਪਦੇਸ਼ ਦੇਣ ਨਾਲ ਪ੍ਰਵਾਨਗੀ ਨਹੀਂ ਮਿਲੇਗੀ; ਇਹ ਕਿਸੇ ਦੇ ਵਿਵਹਾਰ ਹੈ, ਜਿਸ ਨੂੰ ਸਵੀਕਾਰ ਕੀਤਾ ਜਾਂਦਾ ਹੈ। ਉਨ੍ਹਾਂ ਇੱਕ ਉਦਾਹਰਣ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਸਵੱਛਤਾ ‘ਤੇ ਭਾਸ਼ਣ ਦਿੰਦਾ ਹੈ ਪਰ ਇਸਦਾ ਅਭਿਆਸ ਨਹੀਂ ਕਰਦਾ, ਤਾਂ ਉਹ ਨੇਤਾ ਨਹੀਂ ਬਣ ਸਕਦਾ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਟੀਮ ਵਰਕ ਅਤੇ ਸਬਰ ਅਗਵਾਈ ਲਈ ਲਾਜ਼ਮੀ ਹਨ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕੰਮ ਸੌਂਪਦੇ ਸਮੇਂ, ਟੀਮ ਮੈਂਬਰਾਂ ਦੁਆਰਾ ਦਰਪੇਸ਼ ਚੁਣੌਤੀਆਂ ਨੂੰ ਸਮਝਣਾ ਮਹੱਤਵਪੂਰਨ ਹੈ ਅਤੇ ਮੁਸ਼ਕਿਲਾਂ ਵਿੱਚੋਂ ਲੰਘਣ ਵਿੱਚ ਉਨ੍ਹਾਂ ਦੀ ਮਦਦ ਕਰਨ ਨਾਲ ਉਨ੍ਹਾਂ ਦਾ ਅਗਵਾਈ ਵਿੱਚ ਵਿਸ਼ਵਾਸ ਅਤੇ ਭਰੋਸਾ ਵਧੇਗਾ। ਪ੍ਰਧਾਨ ਮੰਤਰੀ ਨੇ ਇਸ ਨੂੰ ਇੱਕ ਮੇਲੇ ਵਿੱਚ ਇੱਕ ਬੱਚੇ ਦੁਆਰਾ ਮਾਪਿਆਂ ਦਾ ਹੱਥ ਪਕੜਨ ਬਾਰੇ ਬਚਪਨ ਦੀ ਕਹਾਣੀ ਸਾਂਝੀ ਕਰਕੇ ਦਰਸਾਇਆ। ਬੱਚੇ ਨੂੰ ਇਹ ਚੰਗਾ ਲਗਦਾ ਹੈ ਜਦੋਂ ਮਾਪੇ ਉਸਦਾ ਹੱਥ ਪਕੜਦੇ ਹਨ, ਜਿਸ ਨਾਲ ਉਸ ਨੂੰ ਸੁਰੱਖਿਆ ਅਤੇ ਵਿਸ਼ਵਾਸ ਦੀ ਭਾਵਨਾ ਮਿਲਦੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਵਿਸ਼ਵਾਸ ਅਗਵਾਈ ਦੀ ਇੱਕ ਮਹੱਤਵਪੂਰਨ ਤਾਕਤ ਹੈ।
ਕਿਤਾਬਾਂ ਤੋਂ ਪਰੇ – 360º ਵਿਕਾਸ
ਪੜ੍ਹਾਈ ਦੇ ਨਾਲ ਸ਼ੌਕ ਨੂੰ ਸੰਤੁਲਿਤ ਕਰਨ ਦੇ ਵਿਸ਼ੇ ‘ਤੇ, ਜਦਕਿ ਆਮ ਧਾਰਨਾ ਇਹ ਹੈ ਕਿ ਸਿੱਖਿਆ ਹੀ ਸਫ਼ਲਤਾ ਦਾ ਇੱਕੋ ਇੱਕ ਰਸਤਾ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਦਿਆਰਥੀ ਰੋਬੋਟ ਨਹੀਂ ਹਨ ਅਤੇ ਉਨ੍ਹਾਂ ਸੰਪੂਰਨ ਵਿਕਾਸ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਸਿਰਫ਼ ਅਗਲੀ ਜਮਾਤ ਵਿੱਚ ਅੱਗੇ ਵਧਣ ਲਈ ਨਹੀਂ ਬਲਕਿ ਵਿਆਪਕ ਨਿਜੀ ਵਿਕਾਸ ਲਈ ਹੈ। ਅਤੀਤ ‘ਤੇ ਵਿਚਾਰ ਕਰਦੇ ਹੋਏ, ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਿਵੇਂ ਮੁਢਲੀ ਸਕੂਲੀ ਸਿੱਖਿਆ ਤੋਂ ਸਿੱਖੇ ਗਏ ਸਬਕ ਜਿਵੇਂ ਕਿ ਬਾਗ਼ਬਾਨੀ ਅਪ੍ਰਾਸੰਗਿਕ ਲੱਗ ਸਕਦੇ ਹਨ, ਪਰ ਉਹ ਸੰਪੂਰਨ ਵਿਕਾਸ ਵਿੱਚ ਯੋਗਦਾਨ ਪਾਉਂਦੇ ਹਨ। ਪ੍ਰਧਾਨ ਮੰਤਰੀ ਨੇ ਮਾਪਿਆਂ ਅਤੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਇੱਕ ਸਖ਼ਤ ਅਕਾਦਮਿਕ ਵਾਤਾਵਰਣ ਤੱਕ ਸੀਮਤ ਨਾ ਰੱਖਣ, ਕਿਉਂਕਿ ਇਹ ਉਨ੍ਹਾਂ ਦੇ ਵਿਕਾਸ ਨੂੰ ਰੋਕਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਬੱਚਿਆਂ ਨੂੰ ਇੱਕ ਖੁੱਲ੍ਹੇ ਵਾਤਾਵਰਣ ਅਤੇ ਗਤੀਵਿਧੀਆਂ ਦੀ ਜ਼ਰੂਰਤ ਹੁੰਦੀ ਹੈ, ਜਿਨ੍ਹਾਂ ਦਾ ਉਹ ਆਨੰਦ ਮਾਣਦੇ ਹਨ, ਜਿਸ ਨਾਲ ਉਨ੍ਹਾਂ ਦੀ ਪੜ੍ਹਾਈ ਵਿੱਚ ਸੁਧਾਰ ਹੁੰਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪਰੀਖਿਆਵਾਂ ਜ਼ਿੰਦਗੀ ਵਿੱਚ ਸਭ ਕੁਝ ਨਹੀਂ ਹਨ, ਅਤੇ ਵਿਦਿਆਰਥੀਆਂ ਨੂੰ ਕਿਹਾ ਕਿ ਇਸ ਮਾਨਸਿਕਤਾ ਨੂੰ ਅਪਣਾਉਣ ਨਾਲ ਮਾਪਿਆਂ ਅਤੇ ਅਧਿਆਪਕਾਂ ਨੂੰ ਸਮਝਾਉਣ ਵਿੱਚ ਮਦਦ ਮਿਲੇਗੀ। ਪ੍ਰਧਾਨ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਕਿਤਾਬਾਂ ਪੜ੍ਹਨ ਦੇ ਵਿਰੁੱਧ ਨਹੀਂ ਹਨ, ਪਰ ਜਿਤਨਾ ਸੰਭਵ ਹੋ ਸਕੇ ਉਤਨਾ ਗਿਆਨ ਪ੍ਰਾਪਤ ਕਰਨ ਦੀ ਮਹੱਤਤਾ ‘ਤੇ ਜ਼ੋਰ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਰੀਖਿਆਵਾਂ ਹੀ ਸਭ ਕੁਝ ਨਹੀਂ ਹਨ ਅਤੇ ਗਿਆਨ ਅਤੇ ਪਰੀਖਿਆਵਾਂ ਦੋ ਵੱਖ–ਵੱਖ ਚੀਜ਼ਾਂ ਹਨ।
ਸਕਾਰਾਤਮਕਤਾ ਲੱਭਣਾ
ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕ ਅਕਸਰ ਉਨ੍ਹਾਂ ਨੂੰ ਦਿੱਤੀ ਗਈ ਸਲਾਹ ‘ਤੇ ਸਵਾਲ ਉਠਾਉਂਦੇ ਹਨ, ਇਹ ਸੋਚਦੇ ਹਨ ਕਿ ਇਹ ਕਿਉਂ ਕਿਹਾ ਗਿਆ ਅਤੇ ਕੀ ਇਹ ਉਨ੍ਹਾਂ ਵਿੱਚ ਕਿਸੇ ਕਮੀ ਦਰਸਾਉਂਦਾ ਹੈ। ਇਹ ਮਾਨਸਿਕਤਾ ਦੂਸਰਿਆਂ ਦੀ ਮਦਦ ਕਰਨ ਦੀ ਯੋਗਤਾ ਨੂੰ ਰੋਕਦੀ ਹੈ। ਇਸ ਦੀ ਬਜਾਏ, ਉਨ੍ਹਾਂ ਨੇ ਦੂਸਰਿਆਂ ਵਿੱਚ ਚੰਗੇ ਗੁਣਾਂ ਦੀ ਪਹਿਚਾਣ ਕਰਨ ਦੀ ਸਲਾਹ ਦਿੱਤੀ, ਜਿਵੇਂ ਕਿ ਵਧੀਆ ਗਾਉਣਾ ਜਾਂ ਸਾਫ਼–ਸੁਥਰਾ ਪਹਿਰਾਵਾ ਪਹਿਨਣਾ ਅਤੇ ਇਨ੍ਹਾਂ ਸਕਾਰਾਤਮਕ ਗੁਣਾਂ ‘ਤੇ ਚਰਚਾ ਕਰਨਾ। ਇਹ ਪਹੁੰਚ ਅਸਲ ਦਿਲਚਸਪੀ ਦਿਖਾਉਂਦੀ ਹੈ ਅਤੇ ਆਪਸੀ ਤਾਲਮੇਲ ਬਣਾਉਂਦੀ ਹੈ। ਉਨ੍ਹਾਂ ਨੇ ਦੂਸਰਿਆਂ ਨੂੰ ਇਕੱਠੇ ਅਧਿਐਨ ਕਰਨ ਲਈ ਸੱਦਾ ਦੇ ਕੇ ਸਹਾਇਤਾ ਦੀ ਪੇਸ਼ਕਸ਼ ਕਰਨ ਦਾ ਸੁਝਾਅ ਦਿੱਤਾ। ਪ੍ਰਧਾਨ ਮੰਤਰੀ ਨੇ ਲਿਖਣ ਦੀ ਆਦਤ ਵਿਕਸਿਤ ਕਰਨ ਦੀ ਮਹੱਤਤਾ ‘ਤੇ ਵੀ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਕਿਹਾ ਕਿ ਜਿਹੜੇ ਲੋਕ ਲਿਖਣ ਦੀ ਆਦਤ ਵਿਕਸਿਤ ਕਰਦੇ ਹਨ, ਉਹ ਆਪਣੇ ਵਿਚਾਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਗਟ ਕਰ ਸਕਦੇ ਹਨ।
ਆਪਣੀ ਵਿਲੱਖਣਤਾ ਲੱਭੋ
ਅਹਿਮਦਾਬਾਦ ਵਿੱਚ ਹੋਈ ਇੱਕ ਘਟਨਾ ਦਾ ਜ਼ਿਕਰ ਕਰਦੇ ਹੋਏ ਜਿੱਥੇ ਇੱਕ ਬੱਚੇ ਨੂੰ ਧਿਆਨ ਦੀ ਘਾਟ ਕਾਰਨ ਸਕੂਲ ਤੋਂ ਕੱਢ ਦਿੱਤਾ ਗਿਆ ਸੀ, ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲਾਂਕਿ, ਬੱਚੇ ਨੇ ਇੱਕ ਟਿੰਕਰਿੰਗ ਲੈਬ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਇੱਕ ਰੋਬੋਟਿਕਸ ਮੁਕਾਬਲਾ ਜਿੱਤਿਆ, ਵਿਲੱਖਣ ਸ਼ਕਤੀਆਂ ਦਾ ਪ੍ਰਦਰਸ਼ਨ ਕੀਤਾ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਬੱਚਿਆਂ ਦੀ ਵਿਲੱਖਣ ਪ੍ਰਤਿਭਾ ਅਤੇ ਸ਼ਕਤੀਆਂ ਨੂੰ ਪਹਿਚਾਣਨਾ ਅਤੇ ਪੋਸ਼ਣ ਕਰਨਾ ਅਧਿਆਪਕ ਦੀ ਭੂਮਿਕਾ ਹੈ। ਸ਼੍ਰੀ ਮੋਦੀ ਨੇ ਸਵੈ–ਪ੍ਰਤੀਬਿੰਬ ਅਤੇ ਸਬੰਧਾਂ ਨੂੰ ਸਮਝਣ ਲਈ ਇੱਕ ਪ੍ਰਯੋਗ ਦਾ ਪ੍ਰਸਤਾਵ ਰੱਖਿਆ। ਉਨ੍ਹਾਂ ਨੇ 25-30 ਬਚਪਨ ਦੇ ਦੋਸਤਾਂ ਨੂੰ ਯਾਦ ਕਰਨ ਅਤੇ ਉਨ੍ਹਾਂ ਦੇ ਮਾਪਿਆਂ ਦੇ ਨਾਮ ਸਮੇਤ ਉਨ੍ਹਾਂ ਦੇ ਪੂਰੇ ਨਾਮ ਲਿਖਣ ਦਾ ਸੁਝਾਅ ਦਿੱਤਾ। ਇਹ ਅਭਿਆਸ ਅਕਸਰ ਇਹ ਦਰਸਾਉਂਦਾ ਹੈ ਕਿ ਅਸੀਂ ਉਨ੍ਹਾਂ ਬਾਰੇ ਕਿੰਨਾ ਘੱਟ ਜਾਣਦੇ ਹਾਂ ਜਿਨ੍ਹਾਂ ਨੂੰ ਅਸੀਂ ਨਜ਼ਦੀਕੀ ਦੋਸਤ ਮੰਨਦੇ ਹਾਂ। ਪ੍ਰਧਾਨ ਮੰਤਰੀ ਨੇ ਲੋਕਾਂ ਵਿੱਚ ਸਕਾਰਾਤਮਕ ਗੁਣਾਂ ਦੀ ਪਹਿਚਾਣ ਕਰਨ ਅਤੇ ਦੂਸਰਿਆਂ ਵਿੱਚ ਸਕਾਰਾਤਮਕਤਾ ਲੱਭਣ ਦੀ ਆਦਤ ਪੈਦਾ ਕਰਨ ਨੂੰ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਅਭਿਆਸ ਨਿਜੀ ਵਿਕਾਸ ਲਈ ਲਾਭਦਾਇਕ ਹੋਵੇਗਾ।
ਆਪਣੇ ਸਮੇਂ ‘ਤੇ ਕਾਬੂ ਰੱਖੋ, ਆਪਣੀ ਜ਼ਿੰਦਗੀ ‘ਤੇ ਕਾਬੂ ਰੱਖੋ
ਇੱਕ ਵਿਦਿਆਰਥੀ ਦੁਆਰਾ ਸਮਾਂ ਪ੍ਰਬੰਧਨ ਬਾਰੇ ਪੁੱਛੇ ਜਾਣ ‘ਤੇ, ਸ਼੍ਰੀ ਮੋਦੀ ਨੇ ਦੱਸਿਆ ਕਿ ਹਰ ਕਿਸੇ ਪਾਸ ਦਿਨ ਵਿੱਚ 24 ਘੰਟੇ ਹੁੰਦੇ ਹਨ, ਫਿਰ ਵੀ ਕੁਝ ਲੋਕ ਬਹੁਤ ਕੁਝ ਪ੍ਰਾਪਤ ਕਰਦੇ ਹਨ ਜਦਕਿ ਦੂਸਰੇ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੋਇਆ। ਉਨ੍ਹਾਂ ਨੇ ਸਮਾਂ ਪ੍ਰਬੰਧਨ ਦੀ ਮਹੱਤਤਾ ਨੂੰ ਉਜਾਗਰ ਕੀਤਾ, ਇਹ ਨੋਟ ਕਰਦੇ ਹੋਏ ਕਿ ਬਹੁਤਿਆਂ ਨੂੰ ਆਪਣੇ ਸਮੇਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕਰਨ ਦੀ ਸਮਝ ਦੀ ਘਾਟ ਹੈ। ਪ੍ਰਧਾਨ ਮੰਤਰੀ ਨੇ ਸਮੇਂ ਪ੍ਰਤੀ ਸੁਚੇਤ ਰਹਿਣ, ਖਾਸ ਕਾਰਜ ਨਿਰਧਾਰਿਤ ਕਰਨ ਅਤੇ ਰੋਜ਼ਾਨਾ ਪ੍ਰਗਤੀ ਦੀ ਸਮੀਖਿਆ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਨੇ ਚੁਣੌਤੀਪੂਰਨ ਵਿਸ਼ਿਆਂ ਤੋਂ ਬਚਣ ਦੀ ਬਜਾਏ ਉਨ੍ਹਾਂ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਇੱਕ ਉਦਾਹਰਣ ਦਿੱਤੀ ਕਿ ਜੋ ਵਿਸ਼ਾ ਪਹਿਲਾਂ ਮੁਸ਼ਕਿਲ ਲਗਦਾ ਹੈ, ਉਸ ਨੂੰ ਕਿਵੇਂ ਲੈਣਾ ਹੈ ਅਤੇ ਉਸ ਨਾਲ ਕਿਵੇਂ ਨਜਿੱਠਣਾ ਹੈ। ਇਨ੍ਹਾਂ ਚੁਣੌਤੀਆਂ ਦਾ ਦ੍ਰਿੜ੍ਹਤਾ ਨਾਲ ਸਾਹਮਣਾ ਕਰਕੇ, ਵਿਅਕਤੀ ਰੁਕਾਵਟਾਂ ਨੂੰ ਦੂਰ ਕਰ ਸਕਦੇ ਹਨ ਅਤੇ ਸਫ਼ਲਤਾ ਪ੍ਰਾਪਤ ਕਰ ਸਕਦੇ ਹਨ। ਪਰੀਖਿਆ ਦੇ ਸਮੇਂ ਦੌਰਾਨ ਵੱਖ–ਵੱਖ ਵਿਚਾਰਾਂ, ਸੰਭਾਵਨਾਵਾਂ ਅਤੇ ਪ੍ਰਸ਼ਨਾਂ ਕਾਰਨ ਹੋਣ ਵਾਲੇ ਭਟਕਾਅ ਦੇ ਮੁੱਦੇ ਬਾਰੇ ਗੱਲ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਵਿਦਿਆਰਥੀ ਅਕਸਰ ਆਪਣੇ ਆਪ ਨੂੰ ਸੱਚਮੁੱਚ ਨਹੀਂ ਜਾਣਦੇ ਅਤੇ ਦੋਸਤਾਂ ਨਾਲ ਗੱਲਬਾਤ ਵਿੱਚ ਰੁੱਝੇ ਰਹਿੰਦੇ ਹਨ, ਪੜ੍ਹਾਈ ਨਾ ਕਰਨ ਦੇ ਬਹਾਨੇ ਬਣਾਉਂਦੇ ਹਨ। ਉਨ੍ਹਾਂ ਨੇ ਨੋਟ ਕੀਤਾ ਕਿ ਆਮ ਬਹਾਨਿਆਂ ਵਿੱਚ ਬਹੁਤ ਜ਼ਿਆਦਾ ਥੱਕੇ ਹੋਣਾ ਜਾਂ ਮੂਡ ਵਿੱਚ ਨਾ ਹੋਣਾ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਜਿਹੇ ਭਟਕਾਅ, ਜਿਨ੍ਹਾਂ ਵਿੱਚ ਫ਼ੋਨ ਤੋਂ ਵੀ ਸ਼ਾਮਲ ਹਨ, ਧਿਆਨ ਕੇਂਦ੍ਰਿਤ ਕਰਨ ਅਤੇ ਅਕਾਦਮਿਕ ਪ੍ਰਦਰਸ਼ਨ ਵਿੱਚ ਰੁਕਾਵਟ ਪਾਉਂਦੇ ਹਨ।
ਹਰ ਪਲ ਨੂੰ ਜੀਓ
ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਸਭ ਤੋਂ ਕੀਮਤੀ ਚੀਜ਼ ਵਰਤਮਾਨ ਪਲ ਹੈ। ਇੱਕ ਵਾਰ ਜਦੋਂ ਇਹ ਲੰਘ ਜਾਂਦਾ ਹੈ, ਤਾਂ ਇਹ ਚਲਾ ਜਾਂਦਾ ਹੈ, ਪਰ ਜੇਕਰ ਪੂਰੀ ਤਰ੍ਹਾਂ ਜੀਵਿਆ ਜਾਵੇ, ਤਾਂ ਇਹ ਜੀਵਨ ਦਾ ਹਿੱਸਾ ਬਣ ਜਾਂਦਾ ਹੈ। ਉਨ੍ਹਾਂ ਨੇ ਸੁਚੇਤ ਰਹਿਣ ਅਤੇ ਪਲ ਦੀ ਕਦਰ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ, ਜਿਵੇਂ ਕਿ ਇੱਕ ਹਲਕੀ ਹਵਾ ਨੂੰ ਮਹਿਸੂਸ ਕਰਨਾ।
ਸਾਂਝਾ ਕਰਨ ਦੀ ਤਾਕਤ
“ਆਪਣੀ ਪੜ੍ਹਾਈ ਦਾ ਪ੍ਰਬੰਧਨ ਕਰਦੇ ਸਮੇਂ ਚਿੰਤਾ ਅਤੇ ਉਦਾਸੀ ਨਾਲ ਨਜਿੱਠਣਾ” ਵਿਸ਼ੇ ‘ਤੇ, ਸ਼੍ਰੀ ਮੋਦੀ ਨੇ ਕਿਹਾ ਕਿ ਉਦਾਸੀ ਦਾ ਮੁੱਦਾ ਅਕਸਰ ਪਰਿਵਾਰ ਤੋਂ ਵੱਖ ਹੋਣ ਅਤੇ ਸਮਾਜਿਕ ਪਰਸਪਰ ਪ੍ਰਭਾਵ ਤੋਂ ਹੌਲ਼ੀ–ਹੌਲ਼ੀ ਦੂਰ ਹੋਣ ਨਾਲ ਸ਼ੁਰੂ ਹੁੰਦਾ ਹੈ। ਉਨ੍ਹਾਂ ਨੇ ਅੰਦਰੂਨੀ ਦੁਬਿਧਾਵਾਂ ਨੂੰ ਖੁੱਲ੍ਹ ਕੇ ਪ੍ਰਗਟ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਤਾਂ ਜੋ ਉਨ੍ਹਾਂ ਨੂੰ ਵਧਣ ਤੋਂ ਰੋਕਿਆ ਜਾ ਸਕੇ। ਪ੍ਰਧਾਨ ਮੰਤਰੀ ਨੇ ਰਵਾਇਤੀ ਪਰਿਵਾਰਕ ਢਾਂਚੇ ਨੂੰ ਉਜਾਗਰ ਕੀਤਾ, ਜਿੱਥੇ ਪਰਿਵਾਰਕ ਮੈਂਬਰਾਂ ਨਾਲ ਖੁੱਲ੍ਹਾ ਸੰਚਾਰ ਦਬਾਅ ਛੱਡਣ ਵਾਲੇ ਵਾਲਵ ਵਜੋਂ ਕੰਮ ਕਰਦਾ ਹੈ, ਜੋ ਭਾਵਨਾਤਮਕ ਤਣਾਅ ਨੂੰ ਰੋਕਦਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਵਿਚਾਰ ਕੀਤਾ ਕਿ ਕਿਵੇਂ ਉਨ੍ਹਾਂ ਦੇ ਅਧਿਆਪਕਾਂ ਨੇ ਉਨ੍ਹਾਂ ਦੀ ਲਿਖਾਈ ਨੂੰ ਬਿਹਤਰ ਬਣਾਉਣ ਲਈ ਸਖ਼ਤ ਮਿਹਨਤ ਕੀਤੀ, ਜਿਸ ਨੇ ਉਨ੍ਹਾਂ ਨੂੰ ਗਹਿਰਾ ਪ੍ਰਭਾਵਿਤ ਕੀਤਾ ਅਤੇ ਸਿੱਖਿਅਕਾਂ ਤੋਂ ਅਸਲ ਦੇਖਭਾਲ਼ ਦੇ ਪ੍ਰਭਾਵ ‘ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਇਹ ਦੇਖਭਾਲ਼ ਅਤੇ ਧਿਆਨ ਇੱਕ ਵਿਦਿਆਰਥੀ ਦੀ ਭਲਾਈ ਅਤੇ ਅਕਾਦਮਿਕ ਪ੍ਰਦਰਸ਼ਨ ਨੂੰ ਬਹੁਤ ਪ੍ਰਭਾਵਿਤ ਕਰ ਸਕਦਾ ਹੈ।
ਆਪਣੀਆਂ ਰੁਚੀਆਂ ਦੀ ਪਾਲਣਾ
ਸ਼੍ਰੀ ਮੋਦੀ ਨੇ ਬੱਚਿਆਂ ‘ਤੇ ਮਾਪਿਆਂ ਦੇ ਦਬਾਅ ਬਾਰੇ ਗੱਲ ਕੀਤੀ ਕਿ ਉਹ ਕੁਝ ਖਾਸ ਕਰੀਅਰ ਦੀ ਚੋਣ ਕਰਨ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਮਾਪਿਆਂ ਦੀਆਂ ਉਮੀਦਾਂ ਅਕਸਰ ਆਪਣੇ ਬੱਚਿਆਂ ਦੀ ਤੁਲਨਾ ਦੂਸਰਿਆਂ ਨਾਲ ਕਰਨ ਤੋਂ ਪੈਦਾ ਹੁੰਦੀਆਂ ਹਨ, ਜੋ ਉਨ੍ਹਾਂ ਦੇ ਹੰਕਾਰ ਅਤੇ ਸਮਾਜਿਕ ਸਥਿਤੀ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਉਨ੍ਹਾਂ ਨੇ ਮਾਪਿਆਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਬੱਚਿਆਂ ਨੂੰ ਹਰ ਜਗ੍ਹਾ ਮਾਡਲ ਵਜੋਂ ਨਾ ਦਿਖਾਉਣ, ਬਲਕਿ ਉਨ੍ਹਾਂ ਦੀਆਂ ਤਾਕਤਾਂ ਨੂੰ ਪਿਆਰ ਕਰਨ ਅਤੇ ਸਵੀਕਾਰ ਕਰਨ। ਉਨ੍ਹਾਂ ਨੇ ਇਹ ਦਰਸਾਉਂਦੇ ਹੋਏ ਕਿ ਹਰ ਬੱਚੇ ਵਿੱਚ ਵਿਲੱਖਣ ਪ੍ਰਤਿਭਾ ਹੁੰਦੀ ਹੈ, ਸਕੂਲ ਤੋਂ ਕੱਢੇ ਜਾਣ ਦੇ ਕੰਢੇ ‘ਤੇ ਹੋਣ ਤੋਂ ਬਾਅਦ ਰੋਬੋਟਿਕਸ ਵਿੱਚ ਉੱਤਮਤਾ ਪ੍ਰਾਪਤ ਕਰਨ ਵਾਲੇ ਬੱਚੇ ਦੀ ਪਹਿਲੀ ਉਦਾਹਰਣ ਦਿੱਤੀ। ਉਨ੍ਹਾਂ ਨੇ ਕ੍ਰਿਕਟ ਦੇ ਮਹਾਨ ਖਿਡਾਰੀ ਸਚਿਨ ਤੇਂਦੁਲਕਰ ਦੀ ਉਦਾਹਰਣ ਵੀ ਦਿੱਤੀ। ਪ੍ਰਧਾਨ ਮੰਤਰੀ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਦੀਆਂ ਸ਼ਕਤੀਆਂ ਨੂੰ ਪਹਿਚਾਣਨ ਅਤੇ ਪੋਸ਼ਣ ਕਰਨ ਲਈ ਉਤਸ਼ਾਹਿਤ ਕੀਤਾ, ਭਾਵੇਂ ਉਹ ਅਕਾਦਮਿਕ ਤੌਰ ‘ਤੇ ਝੁਕਾਅ ਨਾ ਰੱਖਦੇ ਹੋਣ। ਉਨ੍ਹਾਂ ਕੌਸ਼ਲ ਵਿਕਾਸ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਅਤੇ ਜ਼ਿਕਰ ਕੀਤਾ ਕਿ ਜੇਕਰ ਉਹ ਪ੍ਰਧਾਨ ਮੰਤਰੀ ਨਾ ਹੁੰਦੇ ਤਾਂ ਉਹ ਕੌਸ਼ਲ ਵਿਕਾਸ ਵਿਭਾਗ ਨੂੰ ਚੁਣਦੇ। ਆਪਣੇ ਬੱਚਿਆਂ ਦੀਆਂ ਯੋਗਤਾਵਾਂ ‘ਤੇ ਧਿਆਨ ਕੇਂਦ੍ਰਿਤ ਕਰਕੇ, ਮਾਪੇ ਦਬਾਅ ਘਟਾ ਸਕਦੇ ਹਨ ਅਤੇ ਉਨ੍ਹਾਂ ਨੂੰ ਵਧਣ–ਫੁੱਲਣ ਵਿੱਚ ਮਦਦ ਕਰ ਸਕਦੇ ਹਨ।
ਰੁਕੋ, ਪ੍ਰਤੀਬਿੰਬਤ ਕਰੋ, ਮੁੜ–ਸਥਾਪਿਤ ਕਰੋ
ਪ੍ਰਧਾਨ ਮੰਤਰੀ ਨੇ ਦਰਸਾਇਆ ਕਿ ਕਿਵੇਂ ਵੱਖ–ਵੱਖ ਆਵਾਜ਼ਾਂ ਦੀ ਪਹਿਚਾਣ ਕਰਨ ‘ਤੇ ਧਿਆਨ ਕੇਂਦ੍ਰਿਤ ਕਰਨ ਵਿੱਚ ਮਦਦ ਮਿਲ ਸਕਦੀ ਹੈ। ਉਨ੍ਹਾਂ ਸਾਂਝਾ ਕੀਤਾ ਕਿ ਪ੍ਰਾਣਾਯਾਮ ਜਿਹੇ ਸਾਹ ਲੈਣ ਦੇ ਅਭਿਆਸਾਂ ਦਾ ਅਭਿਆਸ ਕਰਨ ਨਾਲ ਇੱਕ ਵੱਖਰੀ ਕਿਸਮ ਦੀ ਊਰਜਾ ਪੈਦਾ ਹੋ ਸਕਦੀ ਹੈ, ਜੋ ਚਿੰਤਾ ਨੂੰ ਕਾਬੂ ਕਰਨ ਵਿੱਚ ਮਦਦ ਕਰਦੀ ਹੈ। ਪ੍ਰਧਾਨ ਮੰਤਰੀ ਨੇ ਦੋਵੇਂ ਨਾਸਾਂ ਰਾਹੀਂ ਸਾਹ ਨੂੰ ਸੰਤੁਲਿਤ ਕਰਨ ਦੀ ਇੱਕ ਤਕਨੀਕ ਬਾਰੇ ਦੱਸਿਆ, ਜੋ ਸਰੀਰ ਨੂੰ ਸਕਿੰਟਾਂ ਵਿੱਚ ਨਿਯੰਤ੍ਰਣ ਵਿੱਚ ਲਿਆ ਸਕਦੀ ਹੈ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਧਿਆਨ ਅਤੇ ਸਾਹ ਨਿਯੰਤ੍ਰਣ ਬਾਰੇ ਸਿੱਖਣ ਨਾਲ ਤਣਾਅ ਘੱਟ ਹੋ ਸਕਦਾ ਹੈ ਅਤੇ ਧਿਆਨ ਕੇਂਦ੍ਰਿਤ ਰੱਖਣ ਵਿੱਚ ਮਦਦ ਮਿਲ ਸਕਦੀ ਹੈ।
ਆਪਣੀ ਸਮਰੱਥਾ ਨੂੰ ਜਾਨਣਾ, ਲਕਸ਼ਾਂ ਨੂੰ ਹਾਸਲ ਕਰਨਾ
ਛੋਟੀਆਂ ਜਿੱਤਾਂ ਵਿੱਚ ਸਕਾਰਾਤਮਕ ਰਹਿਣ ਅਤੇ ਖੁਸ਼ੀ ਲੱਭਣ ਦੀ ਚਿੰਤਾ ਬਾਰੇ ਗੱਲ ਕਰਦੇ ਹੋਏ, ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਈ ਵਾਰ ਲੋਕ ਆਪਣੇ ਵਿਚਾਰਾਂ ਜਾਂ ਦੂਸਰਿਆਂ ਦੇ ਪ੍ਰਭਾਵ ਕਾਰਨ ਨਕਾਰਾਤਮਕ ਹੋ ਜਾਂਦੇ ਹਨ। ਇੱਕ ਵਿਦਿਆਰਥੀ ਨਾਲ ਗੱਲਬਾਤ ਕਰਦੇ ਹੋਏ, ਜਿਸ ਨੇ 10ਵੀਂ ਜਮਾਤ ਵਿੱਚ 95% ਦਾ ਲਕਸ਼ ਰੱਖਿਆ ਸੀ ਪਰ 93% ਪ੍ਰਾਪਤ ਕੀਤੇ, ਜਿਸ ਕਾਰਨ ਉਸ ਨੂੰ ਨਿਰਾਸ਼ਾ ਹੋਈ, ਪ੍ਰਧਾਨ ਮੰਤਰੀ ਨੇ ਇਸ ਨੂੰ ਇੱਕ ਸਫ਼ਲਤਾ ਮੰਨਿਆ ਅਤੇ ਵਿਦਿਆਰਥੀ ਨੂੰ ਉੱਚਾ ਲਕਸ਼ ਨਿਰਧਾਰਿਤ ਕਰਨ ਲਈ ਵਧਾਈ ਦਿੱਤੀ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਲਕਸ਼ ਅਭਿਲਾਸ਼ੀ ਪਰ ਯਥਾਰਥਵਾਦੀ ਹੋਣੇ ਚਾਹੀਦੇ ਹਨ। ਸ਼੍ਰੀ ਮੋਦੀ ਨੇ ਪ੍ਰਾਪਤੀਆਂ ਨੂੰ ਸਕਾਰਾਤਮਕ ਦ੍ਰਿਸ਼ਟੀਕੋਣ ਤੋਂ ਦੇਖਣ, ਕਿਸੇ ਦੀਆਂ ਸ਼ਕਤੀਆਂ ਨੂੰ ਸਮਝਣ ਅਤੇ ਲਕਸ਼ ਦੇ ਨੇੜੇ ਪਹੁੰਚਣ ਲਈ ਕੀਤੇ ਗਏ ਯਤਨਾਂ ਦੀ ਕਦਰ ਕਰਨ ਨੂੰ ਹੁਲਾਰਾ ਦਿੱਤਾ।
ਹਰ ਬੱਚਾ ਵਿਲੱਖਣ ਹੁੰਦਾ ਹੈ
ਪਰੀਖਿਆਵਾਂ ਦੌਰਾਨ ਚੰਗੀ ਸਿਹਤ ਬਣਾਈ ਰੱਖਣ ਦੇ ਵਿਸ਼ੇ ‘ਤੇ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਮੁੱਖ ਮੁੱਦਾ ਵਿਦਿਆਰਥੀਆਂ ਨਾਲ ਘੱਟ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਜ਼ਿਆਦਾ ਜੁੜਿਆ ਹੁੰਦਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ‘ਤੇ ਖਾਸ ਕਰੀਅਰ, ਜਿਵੇਂ ਕਿ ਇੰਜੀਨੀਅਰਿੰਗ ਜਾਂ ਮੈਡੀਸਨ ਵਿੱਚ ਅੱਗੇ ਵਧਾਉਣ ਲਈ ਦਬਾਅ ਪਾਉਂਦੇ ਹਨ, ਭਾਵੇਂ ਕਿ ਕਲਾ ਜਿਹੇ ਖੇਤਰਾਂ ਵਿੱਚ ਬੱਚੇ ਦੀ ਦਿਲਚਸਪੀ ਹੋਵੇ। ਇਹ ਨਿਰੰਤਰ ਦਬਾਅ ਬੱਚੇ ਨੂੰ ਤਣਾਅ ਭਰੀ ਜ਼ਿੰਦਗੀ ਵੱਲ ਲੈ ਜਾਂਦਾ ਹੈ। ਉਨ੍ਹਾਂ ਮਾਪਿਆਂ ਨੂੰ ਆਪਣੇ ਬੱਚਿਆਂ ਦੀਆਂ ਯੋਗਤਾਵਾਂ ਅਤੇ ਰੁਚੀਆਂ ਨੂੰ ਸਮਝਣ ਅਤੇ ਪਹਿਚਾਣਨ, ਉਨ੍ਹਾਂ ਦੀ ਤਰੱਕੀ ਦੀ ਨਿਗਰਾਨੀ ਕਰਨ ਅਤੇ ਸਹਾਇਤਾ ਪ੍ਰਦਾਨ ਕਰਨ ਦੀ ਅਪੀਲ ਕੀਤੀ। ਉਦਾਹਰਣ ਵਜੋਂ, ਜੇਕਰ ਕੋਈ ਬੱਚਾ ਖੇਡਾਂ ਵਿੱਚ ਦਿਲਚਸਪੀ ਦਿਖਾਉਂਦਾ ਹੈ, ਤਾਂ ਮਾਪਿਆਂ ਨੂੰ ਉਨ੍ਹਾਂ ਨੂੰ ਖੇਡ ਸਮਾਗਮ ਦੇਖਣ ਲਈ ਲਿਜਾ ਕੇ ਉਤਸ਼ਾਹਿਤ ਅਤੇ ਪ੍ਰੇਰਿਤ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਅਧਿਆਪਕਾਂ ਨੂੰ ਵੀ ਸੰਬੋਧਨ ਕੀਤਾ, ਉਨ੍ਹਾਂ ਨੂੰ ਅਜਿਹਾ ਮਾਹੌਲ ਸਿਰਜਣ ਤੋਂ ਬਚਣ ਦੀ ਤਾਕੀਦ ਕੀਤੀ, ਜਿੱਥੇ ਸਿਰਫ਼ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਵੱਲ ਹੀ ਧਿਆਨ ਦਿੱਤਾ ਜਾਵੇ ਜਦਕਿ ਦੂਸਰਿਆਂ ਨੂੰ ਨਜ਼ਰਅੰਦਾਜ਼ ਕੀਤਾ ਜਾਵੇ। ਉਨ੍ਹਾਂ ਵਿਦਿਆਰਥੀਆਂ ਦੀ ਤੁਲਨਾ ਨਾ ਕਰਨ ਅਤੇ ਹਰੇਕ ਬੱਚੇ ਦੀਆਂ ਵਿਲੱਖਣ ਯੋਗਤਾਵਾਂ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਯਾਦ ਦਿਵਾਇਆ ਕਿ ਉਹ ਸੁਧਾਰ ਲਈ ਯਤਨ ਕਰਨ ਅਤੇ ਚੰਗਾ ਪ੍ਰਦਰਸ਼ਨ ਕਰਨ, ਪਰ ਇਹ ਵੀ ਸਮਝਣ ਕਿ ਸਿੱਖਿਆ ਜੀਵਨ ਵਿੱਚ ਸਭ ਕੁਝ ਨਹੀਂ ਹੈ।
ਸਵੈ – ਪ੍ਰੇਰਣਾ
ਸਵੈ – ਪ੍ਰੇਰਣਾ ਦੇ ਵਿਸ਼ੇ ‘ਤੇ, ਪ੍ਰਧਾਨ ਮੰਤਰੀ ਨੇ ਕਦੇ ਵੀ ਆਪਣੇ ਆਪ ਨੂੰ ਅਲੱਗ–ਥਲੱਗ ਨਾ ਕਰਨ ਦੀ ਸਲਾਹ ਦਿੱਤੀ ਅਤੇ ਵਿਚਾਰ ਸਾਂਝੇ ਕਰਨ ਅਤੇ ਪਰਿਵਾਰ ਜਾਂ ਬਜ਼ੁਰਗਾਂ ਤੋਂ ਪ੍ਰੇਰਣਾ ਲੈਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਖ਼ੁਦ ਨੂੰ ਛੋਟੇ ਲਕਸ਼ਾਂ, ਜਿਵੇਂ ਕਿ 10 ਕਿਲੋਮੀਟਰ ਸਾਈਕਲਿੰਗ ਦੀ ਚੁਣੌਤੀ ਦੇਣ ਦਾ ਸੁਝਾਅ ਦਿੱਤਾ, ਤਾਂ ਜੋ ਆਤਮਵਿਸ਼ਵਾਸ ਪੈਦਾ ਹੋ ਸਕੇ ਅਤੇ ਪ੍ਰਾਪਤੀ ਦੀ ਭਾਵਨਾ ਦਾ ਆਨੰਦ ਮਾਣਿਆ ਜਾ ਸਕੇ। ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਖ਼ੁਦ ਨਾਲ ਕੀਤੇ ਇਹ ਛੋਟੇ ਪ੍ਰਯੋਗ ਨਿਜੀ ਸੀਮਾਵਾਂ ਨੂੰ ਦੂਰ ਕਰਨ ਅਤੇ ਵਰਤਮਾਨ ਵਿੱਚ ਰਹਿਣ ਵਿੱਚ ਮਦਦ ਕਰਦੇ ਹਨ, ਜਿਸ ਨਾਲ ਭੂਤਕਾਲ ਵੀ ਭੂਤਕਾਲ ਵਿੱਚ ਰਹਿੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਲੋਕਾਂ – 140 ਕਰੋੜ ਭਾਰਤੀਆਂ ਤੋਂ ਪ੍ਰੇਰਣਾ ਲੈਂਦੇ ਹਨ। ਉਨ੍ਹਾਂ ਨੇ ਸਾਂਝਾ ਕੀਤਾ ਕਿ ਜਦੋਂ ਉਨ੍ਹਾਂ ਨੇ “ਪਰੀਕਸ਼ਾ ਪੇ ਚਰਚਾ” ਲਿਖੀ, ਤਾਂ ਉਨ੍ਹਾਂ ਦੇ ਪਿੰਡਾਂ ਵਿੱਚ ਅਜੈ ਜਿਹੇ ਵਿਅਕਤੀ ਇਸ ਨੂੰ ਆਪਣੀ ਕਵਿਤਾ ਵਿੱਚ ਬਦਲ ਰਹੇ ਹਨ। ਇਸ ਨਾਲ ਉਨ੍ਹਾਂ ਨੂੰ ਲਗਦਾ ਹੈ ਕਿ ਊਨਾ ਨੂੰ ਅਜਿਹਾ ਕੰਮ ਜਾਰੀ ਰੱਖਣਾ ਚਾਹੀਦਾ ਹੈ, ਕਿਉਂਕਿ ਸਾਡੇ ਆਲ਼ੇ–ਦੁਆਲ਼ੇ ਪ੍ਰੇਰਣਾ ਦੇ ਬਹੁਤ ਸਾਰੇ ਸਰੋਤ ਹਨ। ਚੀਜ਼ਾਂ ਨੂੰ ਧਾਰਨ ਕਰਨ ਬਾਰੇ ਪੁੱਛੇ ਗਏ ਵਾਲ ‘ਤੇ ਸ਼੍ਰੀ ਮੋਦੀ ਨੇ ਸਲਾਹ ਦਿੱਤੀ ਕਿ ਸਵੇਰੇ ਜਲਦੀ ਉੱਠਣ ਵਰਗੀ ਸਲਾਹ ‘ਤੇ ਵਿਚਾਰ ਕਰਨਾ ਹੀ ਅਮਲ ਬਿਨਾ ਕਾਫ਼ੀ ਨਹੀਂ ਹੈ। ਉਨ੍ਹਾਂ ਨੇ ਸਿੱਖੇ ਸਿਧਾਂਤਾਂ ਨੂੰ ਵਿਹਾਰਕ ਤੌਰ ‘ਤੇ ਲਾਗੂ ਕਰਨ ਅਤੇ ਨਿਜੀ ਪ੍ਰਯੋਗਾਂ ਨਾਲ ਖ਼ੁਦ ਨੂੰ ਸੁਧਾਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਦਰਸਾਇਆ ਕਿ ਖ਼ੁਦ ਨੂੰ ਇੱਕ ਪ੍ਰਯੋਗਸ਼ਾਲਾ ਬਣਾ ਕੇ ਅਤੇ ਇਨ੍ਹਾਂ ਸਿਧਾਂਤਾਂ ਦੀ ਜਾਂਚ ਕਰਕੇ, ਕੋਈ ਵੀ ਵਿਅਕਤੀ ਸੱਚਮੁੱਚ ਉਨ੍ਹਾਂ ਨੂੰ ਧਾਰਨ ਕਰ ਸਕਦਾ ਹੈ ਅਤੇ ਉਨ੍ਹਾਂ ਤੋਂ ਲਾਭ ਲੈ ਸਕਦਾ ਹੈ। ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜ਼ਿਆਦਾਤਰ ਲੋਕ ਖ਼ੁਦ ਦੀ ਬਜਾਏ ਦੂਸਰਿਆਂ ਨਾਲ ਮੁਕਾਬਲਾ ਕਰਦੇ ਹਨ, ਅਕਸਰ ਆਪਣੀ ਤੁਲਨਾ ਉਨ੍ਹਾਂ ਨਾਲ ਕਰਦੇ ਹਨ ਜੋ ਘੱਟ ਸਮਰੱਥ ਹੋ ਸਕਦੇ ਹਨ, ਜਿਸ ਨਾਲ ਨਿਰਾਸ਼ਾ ਹੁੰਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਵੈ–ਮੁਕਾਬਲਾ ਅਟੁੱਟ ਵਿਸ਼ਵਾਸ ਪੈਦਾ ਕਰਦਾ ਹੈ, ਜਦਕਿ ਦੂਸਰਿਆਂ ਨਾਲ ਆਪਣੀ ਤੁਲਨਾ ਨਿਰਾਸ਼ਾ ਦਾ ਕਾਰਨ ਬਣ ਸਕਦੀ ਹੈ।
ਅਸਫ਼ਲਤਾ ਨੂੰ ਈਂਧਣ ਵਜੋਂ ਲੈਣਾ
ਅਸਫ਼ਲਤਾ ‘ਤੇ ਕਾਬੂ ਕਿਵੇਂ ਕਰਨਾ ਹੈ, ਇਸ ਵਿਸ਼ੇ ‘ਤੇ ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਭਾਵੇਂ 30-40% ਵਿਦਿਆਰਥੀ ਆਪਣੀ 10ਵੀਂ ਜਾਂ 12ਵੀਂ ਜਮਾਤ ਵਿੱਚ ਅਸਫ਼ਲ ਹੋ ਜਾਂਦੇ ਹਨ, ਪਰ ਜ਼ਿੰਦਗੀ ਖਤਮ ਨਹੀਂ ਹੁੰਦੀ। ਉਨ੍ਹਾਂ ਨੇ ਇਹ ਫ਼ੈਸਲਾ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਕਿ ਜ਼ਿੰਦਗੀ ਵਿੱਚ ਜਾਂ ਸਿਰਫ਼ ਅਕਾਦਮਿਕ ਖੇਤਰ ਵਿੱਚ ਸਫ਼ਲ ਹੋਣਾ ਹੈ। ਉਨ੍ਹਾਂ ਨੇ ਅਸਫ਼ਲਤਾਵਾਂ ਨੂੰ ਆਪਣਾ ਅਧਿਆਪਕ ਬਣਾਉਣ ਦੀ ਸਲਾਹ ਦਿੱਤੀ, ਕ੍ਰਿਕਟ ਨੂੰ ਇੱਕ ਉਦਾਹਰਣ ਵਜੋਂ ਵਰਤਦੇ ਹੋਏ ਜਿੱਥੇ ਖਿਡਾਰੀ ਆਪਣੀਆਂ ਗਲਤੀਆਂ ਦੀ ਸਮੀਖਿਆ ਕਰਦੇ ਹਨ ਅਤੇ ਸੁਧਾਰ ਲਈ ਕੋਸ਼ਿਸ਼ ਕਰਦੇ ਹਨ। ਪ੍ਰਧਾਨ ਮੰਤਰੀ ਨੇ ਜ਼ਿੰਦਗੀ ਨੂੰ ਸਿਰਫ਼ ਪਰੀਖਿਆਵਾਂ ਦੇ ਸ਼ੀਸ਼ੇ ਰਾਹੀਂ ਨਹੀਂ, ਬਲਕਿ ਸੰਪੂਰਨ ਰੂਪ ਵਿੱਚ ਦੇਖਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਵੱਖ–ਵੱਖ ਤੌਰ ‘ਤੇ ਦਿੱਵਯਾਂਗ ਵਿਅਕਤੀਆਂ ਵਿੱਚ ਅਕਸਰ ਅਸਾਧਾਰਣ ਸ਼ਕਤੀਆਂ ਹੁੰਦੀਆਂ ਹਨ ਅਤੇ ਹਰ ਕਿਸੇ ਕੋਲ ਵਿਲੱਖਣ ਯੋਗਤਾਵਾਂ ਹੁੰਦੀਆਂ ਹਨ। ਉਨ੍ਹਾਂ ਨੇ ਸਿਰਫ਼ ਅਕਾਦਮਿਕ ਪ੍ਰਾਪਤੀਆਂ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਬਜਾਏ, ਇਨ੍ਹਾਂ ਸ਼ਕਤੀਆਂ ‘ਤੇ ਕੰਮ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕਿਸੇ ਵਿਅਕਤੀ ਦਾ ਜੀਵਨ ਅਤੇ ਉਸ ਦੀਆਂ ਯੋਗਤਾਵਾਂ ਲੰਬੇ ਸਮੇਂ ਵਿੱਚ ਸਫ਼ਲਤਾ ਲਈ ਜ਼ਿੰਮੇਵਾਰ ਹੁੰਦੀਆਂ ਹਨ, ਨਾ ਕਿ ਸਿਰਫ਼ ਅਕਾਦਮਿਕ ਅੰਕ।
ਤਕਨੀਕ ਵਿੱਚ ਮੁਹਾਰਤ ਹਾਸਲ ਕਰਨਾ
ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਕਿ ਅਸੀਂ ਸਾਰੇ ਵਡਭਾਗੇ ਹਾਂ ਅਤੇ ਖਾਸਕਰ ਅਜਿਹੇ ਯੁਗ ਵਿੱਚ ਜਿੱਥੇ ਟੈਕਨੋਲੋਜੀ ਵਿਆਪਕ ਅਤੇ ਪ੍ਰਭਾਵਸ਼ਾਲੀ ਹੈ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਟੈਕਨੋਲੋਜੀ ਤੋਂ ਦੂਰ ਰਹਿਣ ਦੀ ਕੋਈ ਜ਼ਰੂਰਤ ਨਹੀਂ ਹੈ, ਬਲਕਿ ਵਿਅਕਤੀਆਂ ਨੂੰ ਇਹ ਨਿਰਧਾਰਿਤ ਕਰਨਾ ਚਾਹੀਦਾ ਹੈ ਕਿ ਉਹ ਆਪਣਾ ਸਮਾਂ ਗ਼ੈਰ–ਉਤਪਾਦਕ ਗਤੀਵਿਧੀਆਂ ‘ਤੇ ਬਿਤਾਉਂਦੇ ਹਨ ਜਾਂ ਆਪਣੀਆਂ ਰੁਚੀਆਂ ਵਿੱਚ ਡੁੱਬ ਜਾਂਦੇ ਹਨ। ਅਜਿਹਾ ਕਰਨ ਨਾਲ, ਟੈਕਨੋਲੋਜੀ ਇੱਕ ਵਿਨਾਸ਼ਕਾਰੀ ਸ਼ਕਤੀ ਦੀ ਬਜਾਏ ਇੱਕ ਤਾਕਤ ਬਣ ਜਾਵੇਗੀ। ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਖੋਜਕਰਤਾ ਅਤੇ ਨਵਾਚਾਰੀ ਸਮਾਜ ਦੀ ਬਿਹਤਰੀ ਲਈ ਟੈਕਨੋਲੋਜੀ ਵਿਕਸਿਤ ਕਰਦੇ ਹਨ। ਉਨ੍ਹਾਂ ਲੋਕਾਂ ਨੂੰ ਟੈਕਨੋਲੋਜੀ ਨੂੰ ਸਮਝਣ ਅਤੇ ਅਨੁਕੂਲ ਵਰਤੋਂ ਕਰਨ ਦੀ ਤਾਕੀਦ ਕੀਤੀ।
ਕਿਸੇ ਵੀ ਕੰਮ ਵਿੱਚ ਆਪਣਾ ਬਿਹਤਰੀਨ ਕਿਵੇਂ ਦੇਣਾ ਹੈ, ਇਹ ਪੁੱਛਣ ‘ਤੇ, ਸ਼੍ਰੀ ਮੋਦੀ ਨੇ ਨਿਰੰਤਰ ਸੁਧਾਰ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਆਪਣਾ ਬਿਹਤਰੀਨ ਦੇਣ ਦੀ ਪਹਿਲੀ ਸ਼ਰਤ ਕੱਲ੍ਹ ਨਾਲੋਂ ਬਿਹਤਰ ਬਣਨ ਦੀ ਕੋਸ਼ਿਸ਼ ਕਰਨਾ ਹੈ।
ਆਪਣੇ ਮਾਪਿਆਂ ਨੂੰ ਕਿਵੇਂ ਰਾਜ਼ੀ ਕਰੀਏ?
ਪਰਿਵਾਰਕ ਸਲਾਹ ਜਾਂ ਨਿਜੀ ਹਿਤਾਂ ਦੀ ਪਾਲਣਾ ਕਰਨ ਦੀ ਦੁਬਿਧਾ ਬਾਰੇ ਗੱਲ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਪਰਿਵਾਰ ਦੇ ਸੁਝਾਵਾਂ ਨੂੰ ਸਵੀਕਾਰ ਕਰਨਾ ਅਤੇ ਫਿਰ ਉਨ੍ਹਾਂ ਦੀ ਸਲਾਹ ‘ਤੇ ਅੱਗੇ ਕਿਵੇਂ ਵਧਣਾ ਹੈ, ਇਹ ਪੁੱਛ ਕੇ ਉਨ੍ਹਾਂ ਨੂੰ ਰਾਜ਼ੀ ਕਰਨਾ ਅਤੇ ਉਨ੍ਹਾਂ ਦੀ ਮਦਦ ਲੈਣੀ ਮਹੱਤਵਪੂਰਨ ਹੈ। ਅਸਲ ਦਿਲਚਸਪੀ ਦਿਖਾ ਕੇ ਅਤੇ ਸਨਮਾਨ ਨਾਲ ਵਿਕਲਪਾਂ ‘ਤੇ ਚਰਚਾ ਕਰਕੇ, ਪਰਿਵਾਰ ਹੌਲ਼ੀ–ਹੌਲ਼ੀ ਆਕਾਂਖਿਆਵਾਂ ਨੂੰ ਸਮਝ ਸਕਦੇ ਹਨ ਅਤੇ ਸਮਰਥਨ ਕਰ ਸਕਦੇ ਹਨ।
ਪਰੀਖਿਆ ਦੇ ਦਬਾਅ ਨਾਲ ਨਜਿੱਠਣਾ
ਵਿਦਿਆਰਥੀਆਂ ਦੁਆਰਾ ਸਮੇਂ ਸਿਰ ਪਰੀਖਿਆ ਦਾ ਪ੍ਰਸ਼ਨ ਪੱਤਰ ਨਾ ਪੂਰਾ ਕਰਨ, ਜਿਸ ਕਾਰਨ ਤਣਾਅ ਅਤੇ ਦਬਾਅ ਦੀ ਸਥਿਤੀ ਬਣਦੀ ਹੈ, ‘ਤੇ ਚਰਚਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸੰਖੇਪ ਉੱਤਰ ਲਿਖਣ ਅਤੇ ਸਮੇਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਕਰਨ ਲਈ ਪਿਛਲੇ ਪ੍ਰਸ਼ਨ ਪੱਤਰਾਂ ਦਾ ਗਹਿਰਾ ਅਭਿਆਸ ਕਰਨ ਦੀ ਸਲਾਹ ਦਿੱਤੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਪ੍ਰਸ਼ਨਾਂ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਜਿਨ੍ਹਾਂ ਲਈ ਵਧੇਰੇ ਮਿਹਨਤ ਦੀ ਜ਼ਰੂਰਤ ਹੁੰਦੀ ਹੈ ਅਤੇ ਔਖੇ ਜਾਂ ਅਣਜਾਣ ਪ੍ਰਸ਼ਨਾਂ ‘ਤੇ ਬਹੁਤ ਜ਼ਿਆਦਾ ਸਮਾਂ ਨਹੀਂ ਬਿਤਾਉਣਾ ਚਾਹੀਦਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਿਯਮਿਤ ਅਭਿਆਸ ਪਰੀਖਿਆ ਦੌਰਾਨ ਬਿਹਤਰ ਸਮਾਂ ਪ੍ਰਬੰਧਨ ਵਿੱਚ ਮਦਦ ਕਰਦਾ ਹੈ।
ਕੁਦਰਤ ਦੀ ਦੇਖਭਾਲ਼
ਪ੍ਰਧਾਨ ਮੰਤਰੀ ਨੇ ਜਲਵਾਯੂ ਤਬਦੀਲੀ ਦਾ ਜ਼ਿਕਰ ਕੀਤਾ ਅਤੇ ਇਸ ਬਾਰੇ ਨੌਜਵਾਨ ਪੀੜ੍ਹੀ ਦੀ ਚਿੰਤਾ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਨੋਟ ਕੀਤਾ ਕਿ ਦੁਨੀਆ ਵਿੱਚ ਬਹੁਤ ਸਾਰੇ ਵਿਕਾਸ ਨੇ ਸ਼ੋਸ਼ਣ ਦੀ ਸੰਸਕ੍ਰਿਤੀ ਨੂੰ ਜਨਮ ਦਿੱਤਾ ਹੈ, ਜਿੱਥੇ ਲੋਕ ਵਾਤਾਵਰਣ ਸੁਰੱਖਿਆ ਨਾਲੋਂ ਨਿਜੀ ਲਾਭ ਨੂੰ ਤਰਜੀਹ ਦਿੰਦੇ ਹਨ। ਸ਼੍ਰੀ ਮੋਦੀ ਨੇ ਮਿਸ਼ਨ ਲਾਈਫ (LIFE) (ਵਾਤਾਵਰਣ ਲਈ ਜੀਵਨ ਸ਼ੈਲੀ) ਦਾ ਜ਼ਿਕਰ ਕੀਤਾ, ਜੋ ਕੁਦਰਤ ਦੀ ਰਾਖੀ ਅਤੇ ਦੇਖਭਾਲ਼ ਕਰਨ ਵਾਲੀ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਦਾ ਹੈ। ਉਨ੍ਹਾਂ ਨੇ ਭਾਰਤ ਵਿੱਚ ਸੰਸਕ੍ਰਿਤਕ ਅਭਿਆਸਾਂ ਨੂੰ ਸਾਂਝਾ ਕੀਤਾ, ਜਿਵੇਂ ਕਿ ਧਰਤੀ ਮਾਂ ਤੋਂ ਮਾਫੀ ਮੰਗਣਾ ਅਤੇ ਰੁੱਖਾਂ ਅਤੇ ਨਦੀਆਂ ਦੀ ਪੂਜਾ ਕਰਨਾ, ਜੋ ਕੁਦਰਤ ਪ੍ਰਤੀ ਸਤਿਕਾਰ ਨੂੰ ਦਰਸਾਉਂਦੇ ਹਨ। ਉਨ੍ਹਾਂ ਨੇ “ਏਕ ਪੇੜ ਮਾਂ ਕੇ ਨਾਮ“ (“Ek Ped Maa ke Naam”) ਮੁਹਿੰਮ ‘ਤੇ ਵੀ ਚਾਨਣਾ ਪਾਇਆ, ਜਿਸ ਨਾਲ ਲੋਕਾਂ ਨੂੰ ਆਪਣੀਆਂ ਮਾਂ ਦੀ ਯਾਦ ਵਿੱਚ ਰੁੱਖ ਲਗਾਉਣ ਲਈ ਉਤਸ਼ਾਹਿਤ ਕੀਤਾ ਗਿਆ। ਇਹ ਪਹਿਲ ਲਗਾਅ ਅਤੇ ਮਲਕੀਅਤ ਦੀ ਭਾਵਨਾ ਨੂੰ ਉਤਸ਼ਾਹਿਤ ਕਰਦੀ ਹੈ, ਜਿਸ ਨਾਲ ਕੁਦਰਤ ਦੀ ਰਾਖੀ ਹੁੰਦੀ ਹੈ।
ਆਪਣਾ ਹਰਾ ਸਵਰਗ ਬਣਾਓ
ਸ਼੍ਰੀ ਮੋਦੀ ਨੇ ਵਿਦਿਆਰਥੀਆਂ ਨੂੰ ਆਪਣੇ ਰੁੱਖ ਲਗਾਉਣ ਲਈ ਉਤਸ਼ਾਹਿਤ ਕੀਤਾ ਅਤੇ ਉਨ੍ਹਾਂ ਨੂੰ ਪਾਣੀ ਦੇਣ ਲਈ ਵਿਵਹਾਰਕ ਸੁਝਾਅ ਦਿੱਤੇ। ਉਨ੍ਹਾਂ ਨੇ ਰੁੱਖ ਦੇ ਪਾਸ ਪਾਣੀ ਨਾਲ ਭਰਿਆ ਇੱਕ ਮਿੱਟੀ ਦਾ ਘੜਾ ਰੱਖਣ ਅਤੇ ਮਹੀਨੇ ਵਿੱਚ ਇੱਕ ਵਾਰ ਇਸ ਨੂੰ ਦੁਬਾਰਾ ਭਰਨ ਦੀ ਸਲਾਹ ਦਿੱਤੀ। ਇਹ ਤਰੀਕਾ ਘੱਟੋ–ਘੱਟ ਪਾਣੀ ਦੀ ਵਰਤੋਂ ਨਾਲ ਰੁੱਖ ਨੂੰ ਤੇਜ਼ੀ ਨਾਲ ਵਧਣ ਵਿੱਚ ਮਦਦ ਕਰਦਾ ਹੈ। ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਭਾਗੀਦਾਰੀ ਲਈ ਧੰਨਵਾਦ ਪ੍ਰਗਟ ਕੀਤਾ।
https://x.com/narendramodi/status/1888822808488427664
************
ਐੱਮਜੇਪੀਐੱਸ/ਐੱਸਆਰ
Had a wonderful interaction with young students on different aspects of stress-free exams. Do watch Pariksha Pe Charcha. #PPC2025. https://t.co/WE6Y0GCmm7
— Narendra Modi (@narendramodi) February 10, 2025