Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀਆਂ ਕੇਂਦਰੀ ਬਜਟ 2025-26 ‘ਤੇ ਟਿੱਪਣੀਆਂ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀਆਂ ਕੇਂਦਰੀ ਬਜਟ 2025-26 ‘ਤੇ ਟਿੱਪਣੀਆਂ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਦੇ ਜ਼ਰੀਏ ਕੇਂਦਰੀ ਬਜਟ 2025-26 ‘ਤੇ ਆਪਣੀਆਂ ਟਿੱਪਣੀਆਂ ਦਿੱਤੀਆਂ। ਭਾਰਤ ਦੇ ਵਿਕਾਸ ਦੀ ਯਾਤਰਾ ਵਿੱਚ ਅੱਜ ਦੇ ਦਿਨ ਨੂੰ ਇੱਕ ਮਹੱਤਵਪੂਰਨ ਮੀਲ ਪੱਥਰ ਦੱਸਦੇ ਹੋਏ, ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਇਹ ਬਜਟ 140 ਕਰੋੜ ਭਾਰਤੀਆਂ ਦੀਆਂ ਆਕਾਂਖਿਆਵਾਂ ਨੂੰ ਦਰਸਾਉਂਦਾ ਹੈ ਅਤੇ ਹਰ ਨਾਗਰਿਕ ਦੇ ਸੁਪਨਿਆਂ ਨੂੰ ਪੂਰਾ ਕਰਦਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਨੌਜਵਾਨਾਂ ਲਈ ਕਈ ਖੇਤਰ ਖੋਲ੍ਹੇ ਗਏ ਹਨ, ਅਤੇ ਆਮ ਨਾਗਰਿਕ ਵਿਕਸਿਤ ਭਾਰਤ ਦੇ ਮਿਸ਼ਨ ਨੂੰ ਅੱਗੇ ਵਧਾਏਗਾ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਬਜਟ ਇੱਕ ਫੋਰਸ ਮਲਟੀਪਲਾਇਰ ਹੈ ਜੋ ਬੱਚਤ, ਨਿਵੇਸ਼, ਖਪਤ ਅਤੇ ਵਿਕਾਸ ਨੂੰ ਅੱਗੇ ਵਧਾਏਗਾ। ਉਨ੍ਹਾਂ ਨੇ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਅਤੇ ਉਨ੍ਹਾਂ ਦੀ ਟੀਮ ਨੂੰ ਇਸ ‘ਲੋਕਾਂ ਦੇ ਬਜਟ’ (ਪੀਪਲਸ ਬਜਟ) ਲਈ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਆਮ ਤੌਰ ‘ਤੇ, ਬਜਟ ਦਾ ਫੋਕਸ ਸਰਕਾਰ ਦੇ ਖਜ਼ਾਨੇ ਨੂੰ ਕਿਵੇਂ ਭਰਨਾ ਹੈ, ਇਸ ‘ਤੇ ਹੁੰਦਾ ਹੈ। ਉਨ੍ਹਾਂ ਕਿਹਾ, ਹਾਲਾਂਕਿ, ਇਹ ਬਜਟ ਨਾਗਰਿਕਾਂ ਦੀਆਂ ਜੇਬਾਂ ਕਿਵੇਂ ਭਰੀਆਂ ਜਾਣ, ਉਨ੍ਹਾਂ ਦੀਆਂ ਬੱਚਤਾਂ ਕਿਵੇਂ ਵਧਾਈਆਂ ਜਾਣ ਅਤੇ ਉਨ੍ਹਾਂ ਨੂੰ ਦੇਸ਼ ਦੇ ਵਿਕਾਸ ਵਿੱਚ ਭਾਈਵਾਲ ਕਿਵੇਂ ਬਣਾਇਆ ਜਾਵੇ, ਇਸ ‘ਤੇ ਕੇਂਦ੍ਰਿਤ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਬਜਟ ਇਨ੍ਹਾਂ ਲਕਸ਼ਾਂ ਦੀ ਨੀਂਹ ਰੱਖਦਾ ਹੈ।

ਸ਼੍ਰੀ ਮੋਦੀ ਨੇ ਕਿਹਾ, “ਇਸ ਬਜਟ ਵਿੱਚ ਸੁਧਾਰਾਂ ਵੱਲ ਮਹੱਤਵਪੂਰਨ ਕਦਮ ਉਠਾਏ ਗਏ ਹਨ”, ਅਤੇ ਪ੍ਰਮਾਣੂ ਊਰਜਾ ਵਿੱਚ ਪ੍ਰਾਈਵੇਟ ਸੈਕਟਰ ਨੂੰ ਉਤਸ਼ਾਹਿਤ ਕਰਨ ਦੇ ਇਤਿਹਾਸਿਕ ਫ਼ੈਸਲੇ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਅੱਗੇ ਕਿਹਾ ਕਿ ਸਿਵਲ ਪਰਮਾਣੂ ਊਰਜਾ ਭਵਿੱਖ ਵਿੱਚ ਦੇਸ਼ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਨੂੰ ਸੁਨਿਸ਼ਚਿਤ ਕਰੇਗੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਬਜਟ ਵਿੱਚ ਸਾਰੇ ਰੋਜ਼ਗਾਰ ਖੇਤਰਾਂ ਨੂੰ ਪ੍ਰਾਥਮਿਕਤਾ ਦਿੱਤੀ ਗਈ ਹੈ। ਆਉਣ ਵਾਲੇ ਸਮੇਂ ਵਿੱਚ ਮਹੱਤਵਪੂਰਨ ਬਦਲਾਅ ਲਿਆਉਣ ਵਾਲੇ ਦੋ ਵੱਡੇ ਸੁਧਾਰਾਂ ਵੱਲ ਇਸ਼ਾਰਾ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਸਮੁੰਦਰੀ ਜਹਾਜ਼ ਨਿਰਮਾਣ ਨੂੰ ਬੁਨਿਆਦੀ ਢਾਂਚੇ ਦਾ ਦਰਜਾ ਦੇਣ ਨਾਲ ਭਾਰਤ ਵਿੱਚ ਵੱਡੇ ਜਹਾਜ਼ਾਂ ਦੇ ਨਿਰਮਾਣ ਨੂੰ ਹੁਲਾਰਾ ਮਿਲੇਗਾ, ਆਤਮਨਿਰਭਰ ਭਾਰਤ ਅਭਿਯਾਨ (Atmanirbhar Bharat Abhiyaan) ਨੂੰ ਤੇਜ਼ ਕੀਤਾ ਜਾਵੇਗਾ ਅਤੇ 50 ਟੂਰਿਜ਼ਮ ਸਥਾਨਾਂ ‘ਤੇ ਹੋਟਲਾਂ ਨੂੰ ਬੁਨਿਆਦੀ ਢਾਂਚੇ ਦੀ ਸ਼੍ਰੇਣੀ ਵਿੱਚ ਸ਼ਾਮਲ ਕਰਨ ਨਾਲ ਟੂਰਿਜ਼ਮ ਨੂੰ ਕਾਫ਼ੀ ਹੁਲਾਰਾ ਮਿਲੇਗਾ, ਜਿਸ ਨਾਲ ਪਰਾਹੁਣਚਾਰੀ ਖੇਤਰ ਨੂੰ ਨਵੀਂ ਊਰਜਾ ਮਿਲੇਗੀ, ਜੋ ਕਿ ਸਭ ਤੋਂ ਵੱਡਾ ਰੋਜ਼ਗਾਰ ਖੇਤਰ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ “ਵਿਕਾਸ ਭੀ, ਵਿਰਾਸਤ ਭੀ” (“Vikas bhi, Virasat bhi”) (ਵਿਕਾਸ ਅਤੇ ਵਿਰਾਸਤ) ਦੇ ਮੰਤਰ ਨਾਲ ਪ੍ਰਗਤੀ ਕਰ ਰਿਹਾ ਹੈ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਗਯਾਨ ਭਾਰਤਮ ਮਿਸ਼ਨ (Gyan Bharatam Mission) ਦੀ ਸ਼ੁਰੂਆਤ ਰਾਹੀਂ ਇੱਕ ਕਰੋੜ ਹੱਥ-ਲਿਖਤਾਂ ਨੂੰ ਸੁਰੱਖਿਅਤ ਰੱਖਣ ਲਈ ਇਸ ਬਜਟ ਵਿੱਚ ਮਹੱਤਵਪੂਰਨ ਕਦਮ ਉਠਾਏ ਗਏ ਹਨ। ਇਸ ਤੋਂ ਇਲਾਵਾ, ਭਾਰਤੀ ਗਿਆਨ ਪਰੰਪਰਾਵਾਂ ਤੋਂ ਪ੍ਰੇਰਿਤ ਇੱਕ ਰਾਸ਼ਟਰੀ ਡਿਜੀਟਲ ਰਿਪੋਜ਼ਟਰੀ ਬਣਾਈ ਜਾਵੇਗੀ।

ਇਹ ਟਿੱਪਣੀ ਕਰਦੇ ਹੋਏ ਕਿ ਬਜਟ ਵਿੱਚ ਕਿਸਾਨਾਂ ਲਈ ਕੀਤੇ ਗਏ ਐਲਾਨ ਖੇਤੀਬਾੜੀ ਖੇਤਰ ਅਤੇ ਸਮੁੱਚੀ ਗ੍ਰਾਮੀਣ ਅਰਥਵਿਵਸਥਾ ਵਿੱਚ ਇੱਕ ਨਵੀਂ ਕ੍ਰਾਂਤੀ ਦੀ ਨੀਂਹ ਰੱਖਣਗੇ, ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪ੍ਰਧਾਨ ਮੰਤਰੀ ਧਨ-ਧਾਨਯ ਕ੍ਰਿਸ਼ੀ ਯੋਜਨਾ (PM Dhan-Dhanya Krishi Yojana) ਦੇ ਤਹਿਤ, ਸਿੰਚਾਈ ਅਤੇ ਬੁਨਿਆਦੀ ਢਾਂਚੇ ਦਾ ਵਿਕਾਸ 100 ਜ਼ਿਲ੍ਹਿਆਂ ਵਿੱਚ ਕੀਤਾ ਜਾਵੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਿਸਾਨ ਕ੍ਰੈਡਿਟ ਕਾਰਡ ਦੀ ਸੀਮਾ ₹3 ਲੱਖ ਤੋਂ ਵਧਾ ਕੇ ₹5 ਲੱਖ ਕਰਨ ਨਾਲ ਕਿਸਾਨਾਂ ਨੂੰ ਵਧੇਰੇ ਸਹਾਇਤਾ ਮਿਲੇਗੀ।

ਇਹ ਉਜਾਗਰ ਕਰਦੇ ਹੋਏ ਕਿ ਬਜਟ ਵਿੱਚ 12 ਲੱਖ ਰੁਪਏ ਤੱਕ ਦੀ ਆਮਦਨ ਨੂੰ ਟੈਕਸ ਤੋਂ ਛੂਟ ਦਿੱਤੀ ਗਈ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੇ ਆਮਦਨ ਸਮੂਹਾਂ ਲਈ ਟੈਕਸ ਵਿੱਚ ਕਟੌਤੀ ਕੀਤੀ ਗਈ ਹੈ, ਜਿਸ ਨਾਲ ਮੱਧ ਵਰਗ ਅਤੇ ਨਵੇਂ ਰੋਜ਼ਗਾਰ ਪ੍ਰਾਪਤ ਕਰਨ ਵਾਲਿਆਂ ਨੂੰ ਬਹੁਤ ਲਾਭ ਹੋਵੇਗਾ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਬਜਟ ਵਿੱਚ ਉੱਦਮੀਆਂ, ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈਜ਼-MSMEs)  ਅਤੇ ਛੋਟੇ ਕਾਰੋਬਾਰਾਂ ਨੂੰ ਮਜ਼ਬੂਤ ​​ਕਰਨ, ਨਵੀਆਂ ਨੌਕਰੀਆਂ ਪੈਦਾ ਕਰਨ ਲਈ ਨਿਰਮਾਣ ‘ਤੇ 360-ਡਿਗਰੀ ਫੋਕਸ ਕੀਤਾ ਗਿਆ ਹੈ।” ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਲੀਨ ਟੈੱਕ, ਚਮੜਾ, ਜੁੱਤੀਆਂ ਅਤੇ ਖਿਡੌਣਾ ਉਦਯੋਗ ਜਿਹੇ ਖੇਤਰਾਂ ਨੂੰ ਰਾਸ਼ਟਰੀ ਮੈਨੂਫੈਕਚਰਿੰਗ ਮਿਸ਼ਨ ਦੇ ਤਹਿਤ ਵਿਸ਼ੇਸ਼ ਸਮਰਥਨ ਪ੍ਰਾਪਤ ਹੋਇਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਲਕਸ਼ ਸਪਸ਼ਟ ਸੀ ਕਿ ਭਾਰਤੀ ਉਤਪਾਦ ਆਲਮੀ ਬਜ਼ਾਰ ਵਿੱਚ ਚਮਕਣ।

ਇਹ ਦੱਸਦੇ ਹੋਏ ਕਿ ਬਜਟ ਰਾਜਾਂ ਵਿੱਚ ਇੱਕ ਜੀਵੰਤ ਅਤੇ ਪ੍ਰਤੀਯੋਗੀ ਨਿਵੇਸ਼ ਵਾਤਾਵਰਣ ਬਣਾਉਣ ‘ਤੇ ਵਿਸ਼ੇਸ਼ ਜ਼ੋਰ ਦਿੰਦਾ ਹੈ, ਸ਼੍ਰੀ ਮੋਦੀ ਨੇ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈਜ਼-MSMEs)  ਅਤੇ ਸਟਾਰਟਅਪਸ ਲਈ ਕ੍ਰੈਡਿਟ ਗਰੰਟੀ ਨੂੰ ਦੁੱਗਣਾ ਕਰਨ ਦੇ ਐਲਾਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਐੱਸਸੀ, ਐੱਸਟੀ ਅਤੇ ਪਹਿਲੀ ਵਾਰ ਦੇ ਉੱਦਮੀਆਂ ਲਈ ਬਿਨਾ ਗਰੰਟੀ ਦੇ ₹2 ਕਰੋੜ ਤੱਕ ਦੇ ਕਰਜ਼ੇ ਪ੍ਰਦਾਨ ਕਰਨ ਲਈ ਇੱਕ ਯੋਜਨਾ ਦੀ ਸ਼ੁਰੂਆਤ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਗਿਗ ਵਰਕਰਾਂ ਲਈ ਮਹੱਤਵਪੂਰਨ ਐਲਾਨ ‘ਤੇ ਜ਼ੋਰ ਦਿੱਤਾ, ਜਿਸ ਵਿੱਚ ਪਹਿਲੀ ਵਾਰ ਈ-ਸ਼੍ਰਮ ਪੋਰਟਲ (e-Shram portal) ‘ਤੇ ਉਨ੍ਹਾਂ ਦੀ ਰਜਿਸਟ੍ਰੇਸ਼ਨ ਸ਼ਾਮਲ ਹੈ, ਜੋ ਉਨ੍ਹਾਂ ਨੂੰ ਸਿਹਤ ਸੇਵਾ ਅਤੇ ਹੋਰ ਸਮਾਜਿਕ ਸੁਰੱਖਿਆ ਯੋਜਨਾਵਾਂ ਤੱਕ ਪਹੁੰਚ ਪ੍ਰਾਪਤ ਕਰਨ ਵਿੱਚ ਮਦਦ ਕਰੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕਿਰਤ ਦੇ ਮਾਣ-ਸਨਮਾਨ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜਨ ਵਿਸ਼ਵਾਸ 2.0 (Jan Vishwas 2.0) ਜਿਹੇ ਰੈਗੂਲੇਟਰੀ ਅਤੇ ਵਿੱਤੀ ਸੁਧਾਰ ਘੱਟੋ-ਘੱਟ ਸਰਕਾਰ ਅਤੇ ਵਿਸ਼ਵਾਸ-ਅਧਾਰਿਤ ਸ਼ਾਸਨ ਪ੍ਰਤੀ ਪ੍ਰਤੀਬੱਧਤਾ ਨੂੰ ਮਜ਼ਬੂਤ ​​ਕਰਨਗੇ।

ਆਪਣੇ ਭਾਸ਼ਣ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਇਹ ਬਜਟ ਨਾ ਸਿਰਫ਼ ਦੇਸ਼ ਦੀਆਂ ਮੌਜੂਦਾ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ ਬਲਕਿ ਭਵਿੱਖ ਲਈ ਤਿਆਰੀ ਕਰਨ ਵਿੱਚ ਵੀ ਮਦਦ ਕਰਦਾ ਹੈ। ਉਨ੍ਹਾਂ ਨੇ ਸਟਾਰਟਅਪਸ ਲਈ ਪਹਿਲਾਂ ‘ਤੇ ਚਾਨਣਾ ਪਾਇਆ, ਜਿਨ੍ਹਾਂ ਵਿੱਚ ਡੀਪ ਟੈੱਕ ਫੰਡ, ਜੀਓਸਪੈਸ਼ਿਅਲ (ਭੂ-ਸਥਾਨਕ) ਮਿਸ਼ਨ (Deep Tech Fund, Geospatial Mission) ਅਤੇ ਨਿਊਕਲੀਅਰ ਐਨਰਜੀ ਮਿਸ਼ਨ (ਪ੍ਰਮਾਣੂ ਊਰਜਾ ਮਿਸ਼ਨ) ਸ਼ਾਮਲ ਹਨ। ਉਨ੍ਹਾਂ ਨੇ ਇਸ ਇਤਿਹਾਸਿਕ ਬਜਟ ਲਈ ਸਾਰੇ ਨਾਗਰਿਕਾਂ ਨੂੰ ਵਧਾਈਆਂ ਦਿੱਤੀਆਂ।

 

 

**** 

 

ਐੱਮਜੇਪੀਐੱਸ/ਐੱਸਆਰ