Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀ ਮੁੰਬਈ ਵਿੱਚ ਇਸਕੌਨ ਦੇ ਸ੍ਰੀ ਸ੍ਰੀ ਰਾਧਾ ਮਦਨਮੋਹਨਜੀ ਮੰਦਿਰ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀ ਮੁੰਬਈ ਵਿੱਚ ਇਸਕੌਨ ਦੇ ਸ੍ਰੀ ਸ੍ਰੀ ਰਾਧਾ ਮਦਨਮੋਹਨਜੀ ਮੰਦਿਰ ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀ ਮੁੰਬਈ ਦੇ ਖਾਰਘਰ ਵਿੱਚ ਇਸਕੌਨ ਪ੍ਰੋਜੈਕਟ, ਸ੍ਰੀ ਸ੍ਰੀ ਰਾਧਾ ਮਦਨਮੋਹਨਜੀ ਮੰਦਿਰ ਦਾ ਉਦਘਾਟਨ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਨੇ ਕਿਹਾ ਕਿ ਅਜਿਹੇ ਬ੍ਰਹਮ ਸਮਾਰੋਹ ਵਿੱਚ ਹਿੱਸਾ ਲੈਣਾ ਉਨ੍ਹਾਂ ਦਾ ਸੁਭਾਗ ਰਿਹਾ ਹੈ ਅਤੇ ਇਸਕੋਨ ਦੇ ਸੰਤਾਂ ਦੇ ਅਥਾਹ ਪਿਆਰ ਅਤੇ ਨਿੱਘ ਨੂੰ ਸਵੀਕਾਰ ਕੀਤਾ, ਨਾਲ ਹੀ ਸ਼੍ਰੀਲ ਪ੍ਰਭੂਪਾਦ ਸਵਾਮੀ ਦੇ ਅਸ਼ੀਰਵਾਦ ਨੂੰ ਵੀ ਸਵੀਕਾਰ ਕੀਤਾ। ਪ੍ਰਧਾਨ ਮੰਤਰੀ ਨੇ ਸਾਰੇ ਸਤਿਕਾਰਯੋਗ ਸੰਤਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਸ੍ਰੀ ਰਾਧਾ ਮਦਨਮੋਹਨਜੀ ਮੰਦਿਰ ਕੰਪਲੈਕਸ ਦੇ ਡਿਜ਼ਾਈਨ ਅਤੇ ਸੰਕਲਪ ਤੇ ਚਾਨਣਾ ਪਾਇਆ, ਜੋ ਅਧਿਆਤਮਿਕਤਾ ਅਤੇ ਗਿਆਨ ਦੀ ਪੂਰੀ ਪਰੰਪਰਾ ਨੂੰ ਦਰਸਾਉਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਮੰਦਿਰ ਏਕੋ ਅਹਮ ਬਹੁ ਸਯਾਮਦੇ ਵਿਚਾਰ ਨੂੰ ਪ੍ਰਗਟ ਕਰਦੇ ਹੋਏ ਬ੍ਰਹਮ ਦੇ ਵੱਖ-ਵੱਖ ਰੂਪਾਂ ਨੂੰ ਪ੍ਰਦਰਸ਼ਿਤ ਕਰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੀਂ ਪੀੜ੍ਹੀ ਦੀਆਂ ਰੁਚੀਆਂ ਅਤੇ ਆਕਰਸ਼ਣਾਂ ਨੂੰ ਪੂਰਾ ਕਰਨ ਲਈ ਰਾਮਾਇਣ ਅਤੇ ਮਹਾਭਾਰਤ ਤੇ ਅਧਾਰਿਤ ਇੱਕ ਮਿਊਜ਼ੀਅਣ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਕਿਹਾ ਕਿ ਵਰਿੰਦਾਵਨ ਦੇ 12 ਜੰਗਲਾਂ ਤੋਂ ਪ੍ਰੇਰਿਤ ਇੱਕ ਬਾਗ਼ ਵਿਕਸਿਤ ਕੀਤਾ ਜਾ ਰਿਹਾ ਹੈ। ਸ਼੍ਰੀ ਮੋਦੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਮੰਦਿਰ ਕੰਪਲੈਕਸ ਆਸਥਾ ਦੇ ਨਾਲ-ਨਾਲ ਭਾਰਤ ਦੀ ਚੇਤਨਾ ਨੂੰ ਸਮ੍ਰਿੱਧ ਕਰਨ ਵਾਲਾ ਇੱਕ ਪਵਿੱਤਰ ਕੇਂਦਰ ਬਣ ਜਾਵੇਗਾ। ਉਨ੍ਹਾਂ ਨੇ ਇਸ ਨੇਕ ਉਪਰਾਲੇ ਲਈ ਸਾਰੇ ਸੰਤਾਂ ਅਤੇ ਇਸਕੌਨ ਦੇ ਮੈਂਬਰਾਂ ਅਤੇ ਮਹਾਰਾਸ਼ਟਰ ਦੇ ਲੋਕਾਂ ਨੂੰ ਵਧਾਈ ਦਿੱਤੀ।

ਇਸ ਮੌਕੇ ਤੇ ਸਤਿਕਾਰਯੋਗ ਗੋਪਾਲ ਕ੍ਰਿਸ਼ਨ ਗੋਸਵਾਮੀ ਮਹਾਰਾਜ ਪ੍ਰਤੀ ਆਪਣੀ ਭਾਵਨਾਤਮਕ ਯਾਦ ਪ੍ਰਗਟ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਭਗਵਾਨ ਕ੍ਰਿਸ਼ਨ ਪ੍ਰਤੀ ਉਨ੍ਹਾਂ ਦੀ ਡੂੰਘੀ ਸ਼ਰਧਾ ਵਿੱਚ ਨਿਹਿਤ ਮਹਾਰਾਜ ਦਾ ਦਰਸ਼ਨ ਅਤੇ ਅਸ਼ੀਰਵਾਦ, ਇਸ ਪ੍ਰੋਜੈਕਟ ਦਾ ਅਨਿੱਖੜਵਾਂ ਅੰਗ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਭਾਵੇਂ ਮਹਾਰਾਜ ਸਰੀਰਕ ਤੌਰ ਤੇ ਮੌਜੂਦ ਨਹੀਂ ਸਨ, ਪਰ ਉਨ੍ਹਾਂ ਦੀ ਅਧਿਆਤਮਿਕ ਮੌਜੂਦਗੀ ਸਾਰਿਆਂ ਦੁਆਰਾ ਮਹਿਸੂਸ ਕੀਤੀ ਗਈ। ਪ੍ਰਧਾਨ ਮੰਤਰੀ ਨੇ ਮਹਾਰਾਜ ਦੇ ਪਿਆਰ ਅਤੇ ਯਾਦਾਂ ਦੇ ਉਨ੍ਹਾਂ ਦੇ ਜੀਵਨ ਵਿੱਚ ਵਿਸ਼ੇਸ਼ ਸਥਾਨ ਤੇ ਚਾਨਣਾ ਪਾਇਆ। ਉਨ੍ਹਾਂ ਨੇ ਦੁਨੀਆ ਦੀ ਸਭ ਤੋਂ ਵੱਡੀ ਗੀਤਾ ਦੇ ਉਦਘਾਟਨ ਲਈ ਮਹਾਰਾਜ ਦੁਆਰਾ ਸੱਦਾ ਦਿੱਤੇ ਜਾਣ ਅਤੇ ਸ਼੍ਰੀਲ ਪ੍ਰਭੂਪਾਦ ਜੀ ਦੀ 125ਵੀਂ ਜਯੰਤੀ ਦੌਰਾਨ ਉਨ੍ਹਾਂ ਦਾ ਮਾਰਗਦਰਸ਼ਨ ਪ੍ਰਾਪਤ ਕਰਨ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਮਹਾਰਾਜ ਦੇ ਇੱਕ ਹੋਰ ਸੁਪਨੇ ਨੂੰ ਸਾਕਾਰ ਹੁੰਦੇ ਦੇਖ ਕੇ ਆਪਣੀ ਸੰਤੁਸ਼ਟੀ ਪ੍ਰਗਟ ਕੀਤੀ।

ਸ਼੍ਰੀ ਮੋਦੀ ਨੇ ਕਿਹਾ, “ਦੁਨੀਆ ਭਰ ਵਿੱਚ ਇਸਕੌਨ ਦੇ ਪੈਰੋਕਾਰ ਭਗਵਾਨ ਕ੍ਰਿਸ਼ਨ ਪ੍ਰਤੀ ਆਪਣੀ ਭਗਤੀ ਨਾਲ ਇਕਜੁੱਟ ਰਹਿੰਦੇ ਹਨ।” ਉਨ੍ਹਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਇੱਕ ਹੋਰ ਜੋੜਨ ਵਾਲਾ ਸੂਤਰ  ਸ਼੍ਰੀਲ ਪ੍ਰਭੂਪਾਦ ਸਵਾਮੀ ਦੀਆਂ ਸਿੱਖਿਆਵਾਂ ਹਨ, ਜੋ ਭਗਤਾਂ ਦਾ 24/7 ਮਾਰਗਦਰਸ਼ਨ ਕਰਦੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼੍ਰੀਲ ਪ੍ਰਭੂਪਾਦ ਸਵਾਮੀ ਨੇ ਭਾਰਤ ਦੇ ਆਜ਼ਾਦੀ ਸੰਗ੍ਰਾਮ ਦੌਰਾਨ ਵੇਦਾਂ, ਵੇਦਾਂਤ ਅਤੇ ਗੀਤਾ ਦੀ ਮਹੱਤਤਾ ਨੂੰ ਉਤਸ਼ਾਹਿਤ ਕੀਤਾ, ਭਗਤੀ ਵੇਦਾਂਤ ਨੂੰ ਆਮ ਲੋਕਾਂ ਦੀ ਚੇਤਨਾ ਨਾਲ ਜੋੜਿਆ। ਉਨ੍ਹਾਂ ਅੱਗੇ ਕਿਹਾ ਕਿ 70 ਸਾਲ ਦੀ ਉਮਰ ਵਿੱਚ, ਜਦੋਂ ਜ਼ਿਆਦਾਤਰ ਲੋਕ ਆਪਣੇ ਫਰਜ਼ਾਂ ਨੂੰ ਪੂਰਾ ਕਰਦੇ ਹੋਏ ਸਮਝਦੇ ਹਨ, ਸ਼੍ਰੀਲ ਪ੍ਰਭੂਪਾਦ ਸਵਾਮੀ ਨੇ ਇਸਕੌਨ ਮਿਸ਼ਨ ਦੀ ਸ਼ੁਰੂਆਤ ਕੀਤੀ ਅਤੇ ਦੁਨੀਆ ਦੀ ਯਾਤਰਾ ਕੀਤੀ, ਭਗਵਾਨ ਕ੍ਰਿਸ਼ਨ ਦੇ ਸੰਦੇਸ਼ ਨੂੰ ਹਰ ਕੋਨੇ ਵਿੱਚ ਫੈਲਾਇਆ। ਇਹ ਟਿੱਪਣੀ ਕਰਦੇ ਹੋਏ ਕਿ ਅੱਜ, ਦੁਨੀਆ ਭਰ ਵਿੱਚ ਲੱਖਾਂ ਲੋਕ ਉਨ੍ਹਾਂ ਦੇ ਸਮਰਪਣ ਤੋਂ ਲਾਭ ਉਠਾਉਂਦੇ ਹਨ, ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸ਼੍ਰੀਲ ਪ੍ਰਭੂਪਾਦ ਸਵਾਮੀ ਦੇ ਸਰਗਰਮ ਯਤਨ ਸਾਨੂੰ ਨਿਰੰਤਰ ਪ੍ਰੇਰਿਤ ਕਰਦੇ ਰਹਿੰਦੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਇੱਕ ਅਸਾਧਾਰਨ ਅਤੇ ਅਦਭੁਤ ਧਰਤੀ ਹੈ, ਨਾ ਸਿਰਫ਼ ਭੂਗੋਲਿਕ ਸੀਮਾਵਾਂ ਨਾਲ ਘਿਰੀ ਹੋਈ ਧਰਤੀ ਦਾ ਇੱਕ ਟੁਕੜਾ, ਸਗੋਂ ਇੱਕ ਜੀਵੰਤ ਸੱਭਿਆਚਾਰ ਵਾਲੀ ਇੱਕ ਜੀਵੰਤ ਧਰਤੀ ਹੈ।” ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਸੱਭਿਆਚਾਰ ਦਾ ਸਾਰ ਅਧਿਆਤਮਿਕਤਾ ਹੈ, ਅਤੇ ਭਾਰਤ ਨੂੰ ਸਮਝਣ ਲਈ, ਪਹਿਲਾਂ ਅਧਿਆਤਮਿਕਤਾ ਨੂੰ ਅਪਣਾਉਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੋ ਲੋਕ ਦੁਨੀਆ ਨੂੰ ਸਿਰਫ਼ ਭੌਤਿਕ ਦ੍ਰਿਸ਼ਟੀਕੋਣ ਨਾਲ ਦੇਖਦੇ ਹਨ, ਉਹ ਭਾਰਤ ਨੂੰ ਵੱਖ-ਵੱਖ ਭਾਸ਼ਾਵਾਂ ਅਤੇ ਪ੍ਰਾਂਤਾਂ ਦੇ ਸੰਗ੍ਰਹਿ ਵਜੋਂ ਦੇਖਦੇ ਹਨ। ਹਾਲਾਂਕਿ, ਉਨ੍ਹਾਂ ਅੱਗੇ ਕਿਹਾ ਕਿ ਜਦੋਂ ਕੋਈ ਆਪਣੀ ਆਤਮਾ ਨੂੰ ਇਸ ਸੱਭਿਆਚਾਰਕ ਚੇਤਨਾ ਨਾਲ ਜੋੜਦਾ ਹੈ, ਤਾਂ ਉਹ ਸੱਚਮੁੱਚ ਭਾਰਤ ਨੂੰ ਦੇਖਦੇ ਹਨ। ਉਨ੍ਹਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਦੂਰ ਪੂਰਬ ਵਿੱਚ, ਚੈਤਨਯ ਮਹਾਪ੍ਰਭੂ ਵਰਗੇ ਸੰਤ ਬੰਗਾਲ ਵਿੱਚ ਪ੍ਰਗਟ ਹੋਏ, ਜਦਕਿ ਪੱਛਮ ਵਿੱਚ, ਨਾਮਦੇਵ, ਤੁਕਾਰਾਮ ਅਤੇ ਗਿਆਨੇਸ਼ਵਰ ਵਰਗੇ ਸੰਤ ਮਹਾਰਾਸ਼ਟਰ ਵਿੱਚ ਉਭਰੇ। ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਚੈਤਨਯ ਮਹਾਪ੍ਰਭੂ ਨੇ ਮਹਾਵਾਕਯ ਮੰਤਰ ਨੂੰ ਜਨ-ਜਨ ਤੱਕ ਪਹੁੰਚਾਇਆ ਅਤੇ ਮਹਾਰਾਸ਼ਟਰ ਦੇ ਸੰਤਾਂ ਨੇ ਰਾਮਕ੍ਰਿਸ਼ਨ ਹਰੀਮੰਤਰ ਰਾਹੀਂ ਅਧਿਆਤਮਿਕ ਅੰਮ੍ਰਿਤ ਸਾਂਝਾ ਕੀਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਸੰਤ ਗਿਆਨੇਸ਼ਵਰ ਨੇ ਗਿਆਨੇਸ਼ਵਰੀ ਗੀਤਾ ਰਾਹੀਂ ਭਗਵਾਨ ਕ੍ਰਿਸ਼ਨ ਦੇ ਡੂੰਘੇ ਗਿਆਨ ਨੂੰ ਪਹੁੰਚਯੋਗ ਬਣਾਇਆ। ਇਸੇ ਤਰ੍ਹਾਂ, ਸ਼੍ਰੀਲ ਪ੍ਰਭੂਪਾਦ ਨੇ ਇਸਕੌਨ ਰਾਹੀਂ ਗੀਤਾ ਨੂੰ ਲੋਕਪ੍ਰਿਯ ਬਣਾਇਆ, ਟੀਕਾਵਾਂ ਪ੍ਰਕਾਸ਼ਿਤ ਕੀਤੀਆਂ ਅਤੇ ਲੋਕਾਂ ਨੂੰ ਇਸ ਦੇ ਸਾਰ ਨਾਲ ਜੋੜਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਸੰਤਾਂ, ਜੋ ਵੱਖ-ਵੱਖ ਥਾਵਾਂ ਅਤੇ ਸਮੇਂ ਵਿੱਚ ਪੈਦਾ ਹੋਏ ਸਨ, ਨੇ ਆਪਣੇ ਵਿਲੱਖਣ ਤਰੀਕਿਆਂ ਨਾਲ ਕ੍ਰਿਸ਼ਨ ਭਗਤੀ ਦੀ ਧਾਰਾ ਨੂੰ ਅੱਗੇ ਵਧਾਇਆ। ਉਨ੍ਹਾਂ ਨੇ ਅੱਗੇ ਕਿਹਾ ਕਿ ਆਪਣੇ ਜਨਮ ਕਾਲ, ਭਾਸ਼ਾਵਾਂ ਅਤੇ ਤਰੀਕਿਆਂ ਵਿੱਚ ਅੰਤਰ ਦੇ ਬਾਵਜੂਦ, ਉਨ੍ਹਾਂ ਦੀ ਸਮਝ, ਵਿਚਾਰ ਅਤੇ ਚੇਤਨਾ ਇੱਕ ਸੀ ਅਤੇ ਉਨ੍ਹਾਂ ਸਾਰਿਆਂ ਨੇ ਭਗਤੀ ਦੀ ਰੌਸ਼ਨੀ ਨਾਲ ਸਮਾਜ ਵਿੱਚ ਨਵਾਂ ਜੀਵਨ ਭਰਿਆ, ਇਸ ਨੂੰ ਨਵੀਂ ਦਿਸ਼ਾ ਅਤੇ ਊਰਜਾ ਦਿੱਤੀ।

ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੀ ਅਧਿਆਤਮਿਕ ਸੰਸਕ੍ਰਿਤੀ ਦੀ ਆਧਾਰ ਸੇਵਾ ਹੈ, ਅਧਿਆਤਮ ਵਿੱਚ, ਭਗਵਾਨ ਦੀ ਸੇਵਾ ਕਰਨਾ ਅਤੇ ਲੋਕਾਂ ਦੀ ਸੇਵਾ ਇੱਕ ਹੀ ਹੋ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਅਧਿਆਤਮਿਕ ਸੰਸਕ੍ਰਿਤੀ ਸਾਧਕਾਂ ਨੂੰ ਸਮਾਜ ਨਾਲ ਜੋੜਦੀ ਹੈ, ਦਇਆ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਉਨ੍ਹਾਂ ਨੂੰ ਸੇਵਾ ਵੱਲ ਲੈ ਜਾਂਦੀ ਹੈ। ਸ਼੍ਰੀ ਕ੍ਰਿਸ਼ਨ ਦੇ ਇੱਕ ਸ਼ਲੋਕ ਦਾ ਹਵਾਲਾ ਦਿੰਦੇ ਹੋਏ ਜਿਸਦਾ ਅਰਥ ਹੈ ਕਿ ਸੱਚੀ ਸੇਵਾ ਨਿਰਸੁਆਰਥ ਹੈ, ਪ੍ਰਧਾਨ ਮੰਤਰੀ ਨੇ ਇਸ ਗੱਲ ਤੇ ਚਾਨਣਾ ਪਾਇਆ ਕਿ ਸਾਰੇ ਧਾਰਮਿਕ ਗ੍ਰੰਥ ਅਤੇ ਸ਼ਾਸਤਰ ਦੇ ਮੂਲ ਵਿੱਚ ਸੇਵਾ ਦੀ ਭਾਵਨਾ ਹੈ। ਉਨ੍ਹਾਂ ਨੇ ਕਿਹਾ ਕਿ ਇਸਕੌਨ, ਇੱਕ ਵਿਸ਼ਾਲ ਸੰਗਠਨ ਹੈ, ਜੋ ਸੇਵਾ ਦੀ ਇਸ ਭਾਵਨਾ ਨਾਲ ਕੰਮ ਕਰਦਾ ਹੈ, ਸਿੱਖਿਆ, ਸਿਹਤ ਅਤੇ ਵਾਤਾਵਰਣ ਵਿੱਚ ਯੋਗਦਾਨ ਪਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸਕੌਨ ਕੁੰਭ ਮੇਲੇ ਵਿੱਚ ਮਹੱਤਵਪੂਰਨ ਸੇਵਾ ਗਤੀਵਿਧੀਆਂ ਦਾ ਸੰਚਾਲਨ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਇਸ ਗੱਲ ਤੇ ਸੰਤੁਸ਼ਟੀ ਪ੍ਰਗਟ ਕੀਤੀ ਕਿ ਸਰਕਾਰ ਨਾਗਰਿਕਾਂ ਦੀ ਭਲਾਈ ਲਈ ਇਸੇ ਸੇਵਾ ਭਾਵ ਨਾਲ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹਰ ਘਰ ਵਿੱਚ ਸ਼ੌਚਾਲਯ ਬਣਾਉਣਾ, ਉੱਜਵਲਾ ਯੋਜਨਾ ਰਾਹੀਂ ਗਰੀਬ ਮਹਿਲਾਵਾਂ ਨੂੰ ਗੈਸ ਕਨੈਕਸ਼ਨ ਪ੍ਰਦਾਨ ਕਰਨਾ, ਹਰ ਘਰ ਵਿੱਚ ਨਲ ਸੇ ਜਲ ਸਪਲਾਈ ਨੂੰ ਯਕੀਨੀ ਬਣਾਉਣਾ, ਹਰ ਗਰੀਬ ਵਿਅਕਤੀ ਨੂੰ 5 ਲੱਖ ਰੁਪਏ ਤੱਕ ਦਾ ਮੁਫਤ ਡਾਕਟਰੀ ਇਲਾਜ ਪ੍ਰਦਾਨ ਕਰਨਾ, 70 ਸਾਲ ਤੋਂ ਵੱਧ ਉਮਰ ਦੇ ਹਰ ਬਜ਼ੁਰਗ ਵਿਅਕਤੀ ਨੂੰ ਇਹ ਸੁਵਿਧਾ ਦੇਣਾ, ਅਤੇ ਹਰ ਬੇਘਰ ਵਿਅਕਤੀ ਨੂੰ ਪੱਕਾ ਘਰ ਮੁਹੱਈਆ ਕਰਵਾਉਣਾ, ਇਹ ਸਾਰੇ ਕੰਮ ਇਸੇ ਸੇਵਾ ਦੀ ਭਾਵਨਾ ਦੁਆਰਾ ਸੰਚਾਲਿਤ ਹਨ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸੇਵਾ ਦੀ ਇਹ ਭਾਵਨਾ ਸੱਚਾ ਸਮਾਜਿਕ ਨਿਆਂ ਲਿਆਉਂਦੀ ਹੈ ਅਤੇ ਸੱਚੀ ਧਰਮ ਨਿਰਪੱਖਤਾ ਦਾ ਪ੍ਰਤੀਕ ਹੈ।

ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਕਿ ਸਰਕਾਰ ਕ੍ਰਿਸ਼ਣ ਸਰਕਿਟ ਰਾਹੀਂ ਦੇਸ਼ ਭਰ ਦੇ ਵੱਖ-ਵੱਖ ਤੀਰਥ ਸਥਾਨਾਂ ਅਤੇ ਧਾਰਮਿਕ ਸਥਾਨਾਂ ਨੂੰ ਜੋੜ ਰਹੀ ਹੈ, ਸ਼੍ਰੀ ਮੋਦੀ ਨੇ ਇਸ ਗੱਲ ਤੇ ਚਾਨਣਾ ਪਾਇਆ ਕਿ ਇਹ ਸਰਕਿਟ ਗੁਜਰਾਤ, ਰਾਜਸਥਾਨ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਓਡੀਸ਼ਾ ਤੱਕ ਫੈਲਿਆ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਸਥਾਨ ਸਵਦੇਸ਼ ਦਰਸ਼ਨ ਅਤੇ ਪ੍ਰਸਾਦ ਯੋਜਨਾਵਾਂ ਦੇ ਤਹਿਤ ਵਿਕਸਿਤ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਮੰਦਿਰ ਭਗਵਾਨ ਕ੍ਰਿਸ਼ਨ ਦੇ ਵੱਖ-ਵੱਖ ਰੂਪਾਂ ਨੂੰ ਦਰਸਾਉਂਦੇ ਹਨ, ਉਨ੍ਹਾਂ ਦੇ ਬਾਲ ਰੂਪ ਤੋਂ ਲੈ ਕੇ ਰਾਧਾ ਰਾਣੀ ਨਾਲ ਉਨ੍ਹਾਂ ਦੀ ਪੂਜਾ, ਉਨ੍ਹਾਂ ਦੇ ਕਰਮਯੋਗੀ ਰੂਪ ਅਤੇ ਇੱਕ ਰਾਜਾ ਦੇ ਰੂਪ ਵਿੱਚ ਉਨ੍ਹਾਂ ਦੀ ਪੂਜਾ ਤੱਕ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਦਾ ਉਦੇਸ਼ ਭਗਵਾਨ ਕ੍ਰਿਸ਼ਨ ਦੇ ਜੀਵਨ ਅਤੇ ਮੰਦਿਰਾਂ ਨਾਲ ਜੁੜੇ ਵੱਖ-ਵੱਖ ਸਥਾਨਾਂ ਦੀ ਯਾਤਰਾ ਨੂੰ  ਅਸਾਨ ਬਣਾਉਣਾ ਸੀ, ਇਸ ਉਦੇਸ਼ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਸੁਝਾਅ ਦਿੱਤਾ ਕਿ ਇਸਕੌਨ ਕ੍ਰਿਸ਼ਣ ਸਰਕਿਟ ਨਾਲ ਜੁੜੇ ਇਨ੍ਹਾਂ ਆਸਥਾ ਕੇਂਦਰਾਂ ਤੱਕ ਸ਼ਰਧਾਲੂਆਂ ਨੂੰ ਲਿਆਉਣ ਵਿੱਚ ਸਹਾਇਤਾ ਕਰ ਸਕਦਾ ਹੈ। ਉਨ੍ਹਾਂ ਨੇ ਇਸਕੌਨ ਨੂੰ ਅਪੀਲ ਕੀਤੀ ਕਿ ਉਹ ਆਪਣੇ ਕੇਂਦਰਾਂ ਨਾਲ ਜੁੜੇ ਸਾਰੇ ਸ਼ਰਧਾਲੂਆਂ ਨੂੰ ਭਾਰਤ ਵਿੱਚ ਘੱਟੋ-ਘੱਟ ਪੰਜ ਅਜਿਹੇ ਸਥਾਨਾਂ ਦਾ ਦੌਰਾ ਕਰਨ ਲਈ ਉਤਸ਼ਾਹਿਤ ਕਰੇ।

ਇਸ ਗੱਲ ਤੇ ਜ਼ੋਰ ਦਿੰਦੇ ਹੋਏ ਕਿ ਪਿਛਲੇ ਦਹਾਕੇ ਵਿੱਚ, ਦੇਸ਼ ਨੇ ਵਿਕਾਸ ਅਤੇ ਵਿਰਾਸਤ ਵਿੱਚ ਇੱਕੋ ਸਮੇਂ ਤਰੱਕੀ ਦੇਖੀ ਹੈ, ਪ੍ਰਧਾਨ ਮੰਤਰੀ ਨੇ ਵਿਰਾਸਤ ਰਾਹੀਂ ਵਿਕਾਸ ਦੇ ਇਸ ਮਿਸ਼ਨ ਵਿੱਚ ਇਸਕੌਨ ਵਰਗੀਆਂ ਸੰਸਥਾਵਾਂ ਦੇ ਮਹੱਤਵਪੂਰਨ ਯੋਗਦਾਨ ਨੂੰ ਉਜਾਗਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੰਦਿਰ ਅਤੇ ਧਾਰਮਿਕ ਸਥਾਨ ਸਦੀਆਂ ਤੋਂ ਸਮਾਜਿਕ ਚੇਤਨਾ ਦੇ ਕੇਂਦਰ ਰਹੇ ਹਨ, ਅਤੇ ਗੁਰੂਕੁਲਾਂ ਨੇ ਸਿੱਖਿਆ ਅਤੇ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸਕੌਨ ਆਪਣੇ ਪ੍ਰੋਗਰਾਮਾਂ ਰਾਹੀਂ ਨੌਜਵਾਨਾਂ ਨੂੰ ਅਧਿਆਤਮਿਕਤਾ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕਰਦਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕਿਵੇਂ ਇਸਕੌਨ ਦੇ ਨੌਜਵਾਨ ਸਾਧਕ ਆਪਣੀਆਂ ਪਰੰਪਰਾਵਾਂ ਦੀ ਪਾਲਣਾ ਕਰਦੇ ਹੋਏ ਆਧੁਨਿਕ ਟੈਕਨੋਲੋਜੀ ਨੂੰ ਅਪਣਾਉਂਦੇ ਹਨ, ਜਿਸ ਨਾਲ ਉਨ੍ਹਾਂ ਦਾ ਸੂਚਨਾ ਨੈੱਟਵਰਕ ਦੂਜਿਆਂ ਲਈ ਇੱਕ ਮਾਡਲ ਬਣ ਜਾਂਦਾ ਹੈ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਸਕੌਨ ਦੇ ਮਾਰਗਦਰਸ਼ਨ ਹੇਠ, ਨੌਜਵਾਨ ਸੇਵਾ ਅਤੇ ਸਮਰਪਣ ਦੀ ਭਾਵਨਾ ਨਾਲ ਰਾਸ਼ਟਰੀ ਹਿਤ ਲਈ ਕੰਮ ਕਰਨਗੇ। ਸ਼੍ਰੀ ਮੋਦੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਮੰਦਿਰ ਕੰਪਲੈਕਸ ਵਿੱਚ ਸਥਾਪਿਤ ਭਗਤੀਵੇਦਾਂਤ ਆਯੁਰਵੈਦਿਕ ਹੀਲਿੰਗ ਸੈਂਟਰ ਅਤੇ ਭਗਤੀਵੇਦਾਂਤ ਕਾਲਜ ਫਾਰ ਵੈਦਿਕ ਐਜੂਕੇਸ਼ਨ ਸਮਾਜ ਅਤੇ ਪੂਰੇ ਦੇਸ਼ ਨੂੰ ਲਾਭ ਪਹੁੰਚਾਉਣਗੇ। ਉਨ੍ਹਾਂ ਨੇ ਹੀਲ ਇਨ ਇੰਡੀਆਲਈ ਦਿੱਤੇ ਗਏ ਸੱਦੇ ਤੇ ਵੀ ਜ਼ੋਰ ਦਿੱਤਾ।

ਸ਼੍ਰੀ ਮੋਦੀ ਨੇ ਕਿਹਾ ਕਿ ਜਿਵੇਂ-ਜਿਵੇਂ ਸਮਾਜ ਆਧੁਨਿਕ ਹੁੰਦਾ ਜਾ ਰਿਹਾ ਹੈ, ਇਸ ਨੂੰ ਹੋਰ ਜ਼ਿਆਦਾ ਹਮਦਰਦੀ ਅਤੇ ਸੰਵੇਦਨਸ਼ੀਲਤਾ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਨੇ ਸੰਵੇਦਨਸ਼ੀਲ ਵਿਅਕਤੀਆਂ ਦਾ ਸਮਾਜ ਬਣਾਉਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਜੋ ਮਨੁੱਖੀ ਗੁਣਾਂ ਅਤੇ ਅਪਣੇਪਣ ਦੀ ਭਾਵਨਾ ਨਾਲ ਅੱਗੇ ਵਧਦੇ ਹੋਣ। ਪ੍ਰਧਾਨ ਮੰਤਰੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਇਸਕੌਨ, ਆਪਣੇ ਭਗਤੀ ਵੇਦਾਂਤ ਰਾਹੀਂ, ਵਿਸ਼ਵਵਿਆਪੀ ਸੰਵੇਦਨਸ਼ੀਲਤਾ ਵਿੱਚ ਨਵੀਂ ਜਾਨ ਪਾ ਸਕਦਾ ਹੈ ਅਤੇ ਦੁਨੀਆ ਭਰ ਵਿੱਚ ਮਨੁੱਖੀ ਕਦਰਾਂ-ਕੀਮਤਾਂ ਦਾ ਵਿਸਤਾਰ ਕਰ ਸਕਦਾ ਹੈ। ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਸਕੌਨ ਦੇ ਆਗੂ ਸ਼੍ਰੀਲ ਪ੍ਰਭੂਪਾਦ ਸਵਾਮੀ ਦੇ ਆਦਰਸ਼ਾਂ ਨੂੰ ਬਰਕਰਾਰ ਰੱਖਣਗੇ। ਉਨ੍ਹਾਂ ਨੇ ਇੱਕ ਵਾਰ ਫਿਰ ਪੂਰੇ ਇਸਕੌਨ ਪਰਿਵਾਰ ਅਤੇ ਸਾਰੇ ਨਾਗਰਿਕਾਂ ਨੂੰ ਰਾਧਾ ਮਦਨਮੋਹਨਜੀ ਮੰਦਿਰ ਦੇ ਉਦਘਾਟਨ ਤੇ ਵਧਾਈ ਦਿੱਤੀ।

ਇਸ ਮੌਕੇ ‘ਤੇ ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਣਨ, ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫਡਣਵੀਸ, ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਸ਼੍ਰੀ ਏਕਨਾਥ ਸ਼ਿੰਦੇ ਸਮੇਤ ਹੋਰ ਪਤਵੰਤੇ ਮੌਜੂਦ ਸਨ।

ਪਿਛੋਕੜ

ਨਵੀ ਮੁੰਬਈ ਦੇ ਖਾਰਘਰ ਵਿਖੇ ਇਸਕੌਨ ਦੇ ਪ੍ਰੋਜੈਕਟ ਸ੍ਰੀ ਸ੍ਰੀ ਮਦਨਮੋਹਨਜੀ ਮੰਦਿਰ ਨੌਂ ਏਕੜ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ ਕਈ ਦੇਵਤਾਵਾਂ ਵਾਲਾ ਇੱਕ ਮੰਦਿਰ, ਇੱਕ ਵੈਦਿਕ ਐਜੂਕੇਸ਼ਨ ਸੈਂਟਰ, ਪ੍ਰਸਤਾਵਿਤ ਮਿਊਜ਼ੀਅਮ ਅਤੇ ਆਡੀਟੋਰੀਅਮ, ਹੀਲਿੰਗ ਸੈਂਟਰ ਆਦਿ ਸ਼ਾਮਲ ਹਨ। ਇਸ ਦਾ ਉਦੇਸ਼ ਵੈਦਿਕ ਟੀਚਿੰਗਸ ਦੇ ਜ਼ਰੀਏ ਯੂਨੀਵਰਸਲ ਬ੍ਰਦਰਹੁੱਡ, ਸ਼ਾਂਤੀ ਅਤੇ ਸਦਭਾਵਨਾ ਨੂੰ ਉਤਸ਼ਾਹ ਦੇਣਾ ਹੈ।

 

 

***

ਐੱਮਜੇਪੀਐੱਸ/ਐੱਸਆਰ