Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜੰਮੂ-ਕਸ਼ਮੀਰ ਵਿੱਚ ਸੋਨਮਰਗ ਸੁਰੰਗ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜੰਮੂ-ਕਸ਼ਮੀਰ ਵਿੱਚ ਸੋਨਮਰਗ ਸੁਰੰਗ ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜੰਮੂ-ਕਸ਼ਮੀਰ ਵਿੱਚ ਸੋਨਮਰਗ ਸੁਰੰਗ ਦਾ ਉਦਘਾਟਨ ਕੀਤਾ। ਇਸ ਅਵਸਰ ‘ਤੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਉਨ੍ਹਾਂ ਮਜ਼ਦੂਰਾਂ ਦਾ ਆਭਾਰ ਵਿਅਕਤ ਕੀਤਾ, ਜਿਨ੍ਹਾਂ ਨੇ ਜੰਮੂ-ਕਸ਼ਮੀਰ ਅਤੇ ਭਾਰਤ ਦੇ ਵਿਕਾਸ ਲਈ ਸਖ਼ਤ ਮਿਹਨਤ ਕੀਤੀ ਹੈ ਅਤੇ ਆਪਣੀ ਜਾਨ ਵੀ ਦਾਅ ‘ਤੇ ਲਗਾਈ ਹੈ। ਸ਼੍ਰੀ ਮੋਦੀ ਨੇ ਕਿਹਾ, “ਚੁਣੌਤੀਆਂ ਦੇ ਬਾਵਜੂਦ, ਸਾਡਾ ਸੰਕਲਪ ਡਗਮਗਾਇਆ ਨਹੀਂ।” ਉਨ੍ਹਾਂ ਨੇ ਮਜ਼ਦੂਰਾਂ ਦੇ ਦ੍ਰਿੜ੍ਹ ਸੰਕਲਪ ਅਤੇ ਪ੍ਰਤੀਬੱਧਤਾ ਅਤੇ ਕੰਮ ਪੂਰਾ ਕਰਨ ਲਈ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ 7 ਮਜ਼ਦੂਰਾਂ ਦੀ ਮੌਤ ‘ਤੇ ਵੀ ਸੋਗ ਵਿਅਕਤ ਕੀਤਾ।

ਬਰਫ਼ ਨਾਲ ਢਕੇ ਖੂਬਸੂਰਤ ਪਹਾੜਾਂ ਅਤੇ ਮਨਮੋਹਕ ਮੌਸਮ ਦੀ ਪ੍ਰਸ਼ੰਸਾ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਦੁਆਰਾ ਸੋਸ਼ਲ ਮੀਡੀਆ ‘ਤੇ ਹਾਲ ਹੀ ਵਿੱਚ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਨੂੰ ਦੇਖਣ ਦੇ ਬਾਅਦ ਉਨ੍ਹਾਂ ਦੀ ਜੰਮੂ-ਕਸ਼ਮੀਰ ਆਉਣ ਦੀ ਉਤਸੁਕਤਾ ਵਧ ਗਈ। ਪ੍ਰਧਾਨ ਮੰਤਰੀ ਨੇ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕੀਤਾ, ਜਦੋਂ ਉਹ ਆਪਣੀ ਪਾਰਟੀ ਦੇ ਲਈ ਕੰਮ ਕਰਦੇ ਹੋਏ ਅਕਸਰ ਇਸ ਖੇਤਰ ਵਿੱਚ ਆਉਂਦੇ ਸਨ। ਉਨ੍ਹਾਂ ਨੇ ਸੋਨਮਰਗ, ਗੁਲਮਰਗ, ਗਾਂਦਰਬਲ ਅਤੇ ਬਾਰਾਮੂਲਾ ਜਿਹੇ ਖੇਤਰਾਂ ਵਿੱਚ ਕਾਫੀ ਸਮਾਂ ਬਿਤਾਉਣ ਦਾ ਜ਼ਿਕਰ ਕੀਤਾ, ਜਦੋਂ ਉਹ ਅਕਸਰ ਘੰਟਿਆਂ ਤੱਕ ਪੈਦਲ ਚਲ ਕੇ ਕਈ ਕਿਲੋਮੀਟਰ ਦੀ ਦੂਰੀ ਤੈਅ ਕਰਦੇ ਸਨ। ਉਨ੍ਹਾਂ ਨੇ ਕਿਹਾ ਕਿ ਭਾਰੀ ਬਰਫਬਾਰੀ ਦੇ ਬਾਵਜੂਦ ਜੰਮੂ-ਕਸ਼ਮੀਰ ਦੇ ਲੋਕਾਂ ਦੀ ਗਰਮਜੋਸ਼ੀ ਨੇ ਠੰਡ ਨੂੰ ਮਹਿਸੂਸ ਨਹੀਂ ਹੋਣ ਦਿੱਤਾ।

ਪ੍ਰਧਾਨ ਮੰਤਰੀ ਨੇ ਅੱਜ ਦੇ ਦਿਨ ਨੂੰ ਖਾਸ ਦੱਸਦੇ ਹੋਏ ਕਿਹਾ ਕਿ ਪੂਰੇ ਦੇਸ਼ ਵਿੱਚ ਉਤਸਵ ਦਾ ਮਾਹੌਲ ਹੈ। ਉਨ੍ਹਾਂ ਨੇ ਪ੍ਰਯਾਗਰਾਜ ਵਿੱਚ ਮਹਾ ਕੁੰਭ ਦੇ ਸ਼ੁਰੂ ਹੋਣ ‘ਤੇ ਕਿਹਾ ਕਿ ਉੱਥੇ ਲੱਖਾਂ ਲੋਕ ਪਵਿੱਤਰ ਇਸ਼ਨਾਨ ਲਈ ਇਕੱਠਾ ਹੋ ਰਹੇ ਹਨ। ਪ੍ਰਧਾਨ ਮੰਤਰੀ ਨੇ ਪੰਜਾਬ ਅਤੇ ਉੱਤਰ ਭਾਰਤ ਦੇ ਹੋਰ ਹਿੱਸਿਆਂ ਵਿੱਚ ਲੋਹੜੀ ਦੇ ਉਤਸਵ ਦੇ ਨਾਲ-ਨਾਲ ਉੱਤਰਾਯਨ, ਮਕਰ ਸੰਕ੍ਰਾਂਤੀ ਅਤੇ ਪੋਂਗਲ ਜਿਹੇ ਤਿਉਹਾਰਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਇਨ੍ਹਾਂ ਤਿਉਹਾਰਾਂ ਨੂੰ ਮਨਾਉਣ ਵਾਲੇ ਸਾਰੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਘਾਟੀ ਵਿੱਚ ਚਿੱਲਈਕਲਾਂ ਦੀ ਚੁਣੌਤੀਪੂਰਨ 40-ਦਿਨਾਂ ਮਿਆਦ ਨੂੰ ਸਵੀਕਾਰ ਕੀਤਾ ਅਤੇ ਲੋਕਾਂ ਦੇ ਲਚਕੀਲੇਪਣ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਇਹ ਮੌਸਮ ਸੋਨਮਰਗ ਜਿਹੇ ਟੂਰਿਸਟ ਸਥਾਨਾਂ ਦੇ ਲਈ ਨਵੇਂ ਅਵਸਰ ਲੈ ਕੇ ਆਉਂਦਾ ਹੈ, ਜੋ ਦੇਸ਼ ਭਰ ਤੋਂ ਟੂਰਿਸਟਾਂ ਨੂੰ ਆਕਰਸ਼ਿਤ ਕਰਦਾ ਹੈ ਅਤੇ ਕਸ਼ਮੀਰ ਦੇ ਲੋਕਾਂ ਦੀ ਮਹਿਮਾਨਨਿਵਾਜ਼ੀ ਦਾ ਆਨੰਦ ਲੈਂਦੇ ਹਨ।

ਪ੍ਰਧਾਨ ਮੰਤਰੀ ਨੇ ਹਾਲ ਹੀ ਵਿੱਚ ਜੰਮੂ ਰੇਲ ਮੰਡਲ ਦੇ ਨੀਂਹ ਪੱਥਰ ਨੂੰ ਉਜਾਗਰ ਕਰਦੇ ਹੋਏ ਲੋਕਾਂ ਲਈ ਇੱਕ ਮਹੱਤਵਪੂਰਨ ਤੋਹਫ਼ੇ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਲੋਕਾਂ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗ ਸੀ। ਸੋਨਮਰਗ ਸੁਰੰਗ ਦੇ ਉਦਘਾਟਨ ਅਤੇ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗ ਨੂੰ ਪੂਰਾ ਕਰਨ ਦਾ ਐਲਾਨ ਕਰਦੇ ਹੋਏ, ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਇਸ ਸੁਰੰਗ ਦੇ ਬਣ ਜਾਣ ਨਾਲ ਸੋਨਮਰਗ,ਕਾਰਗਿਲ ਅਤੇ ਲੇਹ ਵਿੱਚ ਲੋਕਾਂ ਦਾ ਜੀਵਨ ਬਹੁਤ ਅਸਾਨ ਹੋ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੁਰੰਗ ਨਾਲ ਬਰਫ਼ਬਾਰੀ, ਭਾਰੀ ਬਰਫ਼ਬਾਰੀ ਅਤੇ ਜ਼ਮੀਨ ਖਿਸਕਣ ਦੌਰਾਨ ਹੋਣ ਵਾਲੀਆਂ ਮੁਸ਼ਕਲਾਂ ਵਿੱਚ ਕਮੀ ਆਵੇਗੀ, ਜਿਸ ਦੇ ਕਾਰਨ ਅਕਸਰ ਸੜਕਾਂ ਬੰਦ ਹੋ ਜਾਂਦੀਆਂ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸੁਰੰਗ ਤੋਂ ਲੋਕਾਂ ਦੀ ਪ੍ਰਮੁੱਖ ਹਸਪਤਾਲਾਂ ਤੱਕ ਪਹੁੰਚ ਬਿਹਤਰ ਹੋ ਜਾਵੇਗੀ ਅਤੇ ਜ਼ਰੂਰੀ ਸਪਲਾਈ ਦੀ ਉਪਲਬਧਤਾ ਸੁਨਿਸ਼ਚਿਤ ਹੋਵੇਗੀ, ਜਿਸ ਨਾਲ ਨਿਵਾਸੀਆਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਵਿੱਚ ਕਮੀ ਆਵੇਗੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੋਨਮਰਗ ਸੁਰੰਗ ਦਾ ਨਿਰਮਾਣ 2015 ਵਿੱਚ ਉਨ੍ਹਾਂ ਦੀ ਸਰਕਾਰ ਦੇ ਸੱਤਾ ਵਿੱਚ ਆਉਣ ਦੇ ਬਾਅਦ ਸ਼ੁਰੂ ਹੋਇਆ ਸੀ। ਉਨ੍ਹਾਂ ਨੂੰ ਪ੍ਰਸੰਨਤਾ ਹੈ ਕਿ ਸੁਰੰਗ ਦਾ ਨਿਰਮਾਣ ਉਨ੍ਹਾਂ ਦੇ ਸ਼ਾਸਨ ਦੇ ਤਹਿਤ ਪੂਰਾ ਹੋਇਆ। ਉਨ੍ਹਾਂ ਨੇ ਕਿਹਾ ਕਿ ਸੁਰੰਗ ਨਾਲ ਸਰਦੀਆਂ ਦੇ ਮੌਸਮ ਵਿੱਚ ਸੋਨਮਰਗ ਨਾਲ ਸੰਪਰਕ ਬਣਿਆ ਰਹੇਗਾ ਅਤੇ ਪੂਰੇ ਖੇਤਰ ਵਿੱਚ ਟੂਰਿਜ਼ਮ ਨੂੰ ਹੁਲਾਰਾ ਮਿਲੇਗਾ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਬਲ ਦਿੱਤਾ ਕਿ ਆਉਣ ਵਾਲੇ ਦਿਨਾਂ ਵਿੱਚ ਜੰਮੂ-ਕਸ਼ਮੀਰ ਵਿੱਚ ਕਈ ਸੜਕ ਅਤੇ ਰੇਲ ਸੰਪਰਕ ਪ੍ਰੋਜੈਕਟਸ ਪੂਰੇ ਹੋਣ ਵਾਲੇ ਹਨ। ਪ੍ਰਧਾਨ ਮੰਤਰੀ ਨੇ ਨੇੜੇ ਚਲ ਰਹੇ ਇੱਕ ਹੋਰ ਵੱਡੇ ਕਨੈਕਟੀਵਿਟੀ ਪ੍ਰੋਜੈਕਟ ਦਾ ਵੀ ਜ਼ਿਕਰ ਕੀਤਾ ਅਤੇ ਕਸ਼ਮੀਰ ਘਾਟੀ ਲਈ ਆਗਾਮੀ ਰੇਲ ਸੰਪਰਕ ਨੂੰ ਲੈ ਕੇ ਉਤਸ਼ਾਹ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਨਵੇਂ ਜੰਮੂ-ਕਸ਼ਮੀਰ ਦੇ ਹਿੱਸੇ ਦੇ ਰੂਪ ਵਿੱਚ ਨਵੀਆਂ ਸੜਕਾਂ, ਰੇਲਵੇ, ਹਸਪਤਾਲਾਂ ਅਤੇ ਕਾਲਜਾਂ ਦੇ ਵਿਕਾਸ ਦੇ ਨਵੇਂ ਯੁਗ ਲਈ ਸਾਰਿਆਂ ਨੂੰ ਹਾਰਦਿਕ ਵਧਾਈ ਦਿੱਤੀ।

2047 ਤੱਕ ਵਿਕਸਿਤ ਰਾਸ਼ਟਰ ਬਣਨ ਦੀ ਦਿਸ਼ਾ ਵਿੱਚ ਭਾਰਤ ਦੀ ਪ੍ਰਗਤੀ ‘ਤੇ ਚਾਨਣਾ ਪਾਉਂਦੇ ਹੋਏ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕੋਈ ਵੀ ਖੇਤਰ ਜਾਂ ਪਰਿਵਾਰ ਪਿੱਛੇ ਨਾ ਰਹਿਣਾ ਚਾਹੀਦਾ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ “ਸਬਕਾ ਸਾਥ, ਸਬਕਾ ਵਿਕਾਸ” ਦੀ ਭਾਵਨਾ ਦੇ ਨਾਲ ਕੰਮ ਕਰ ਰਹੀ ਹੈ ਅਤੇ ਪਿਛਲੇ 10 ਵਰ੍ਹਿਆਂ ਵਿੱਚ, ਜੰਮੂ-ਕਸ਼ਮੀਰ ਸਮੇਤ ਪੂਰੇ ਦੇਸ਼ ਵਿੱਚ 4 ਕਰੋੜ ਤੋਂ ਵੱਧ ਗ਼ਰੀਬ ਪਰਿਵਾਰਾਂ ਨੂੰ ਪੱਕੇ ਘਰ ਮਿਲੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਆਉਣ ਵਾਲੇ ਵਰ੍ਹਿਆਂ ਵਿੱਚ ਗ਼ਰੀਬਾਂ ਨੂੰ ਵਾਧੂ 3 ਕਰੋੜ ਨਵੇਂ ਘਰ ਉਪਲਬਧ ਕਰਵਾਏ ਜਾਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਲੱਖਾਂ ਲੋਕ ਮੁਫ਼ਤ ਮੈਡੀਕਲ ਇਲਾਜ ਦਾ ਲਾਭ ਉਠਾ ਰਹੇ ਹਨ, ਜਿਸ ਦਾ ਫਾਇਦਾ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਵੀ ਮਿਲ ਰਿਹਾ ਹੈ। ਉਨ੍ਹਾਂ ਨੇ ਨੌਜਵਾਨਾਂ ਦੀ ਸਿੱਖਿਆ ਦਾ ਸਮਰਥਨ ਕਰਨ ਲਈ ਦੇਸ਼ ਭਰ ਵਿੱਚ ਨਵੇਂ ਆਈਆਈਟੀ, ਆਈਆਈਐੱਮ, ਏਮਸ, ਮੈਡੀਕਲ ਕਾਲਜ, ਨਰਸਿੰਗ ਕਾਲਜ ਅਤੇ ਪੌਲੀਟੈਕਨਿਕ ਕਾਲਜਾਂ ਦੀ ਸਥਾਪਨਾ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਪਿਛਲੇ ਇੱਕ ਦਹਾਕੇ ਵਿੱਚ ਕਈ ਟੌਪ ਵਿਦਿਅਕ ਸੰਸਥਾਵਾਂ ਸਥਾਪਿਤ ਕੀਤੀਆਂ ਗਈਆਂ, ਜਿਸ ਨਾਲ ਸਥਾਨਕ ਨੌਜਵਾਨਾਂ ਨੂੰ ਬਹੁਤ ਲਾਭ ਹੋਇਆ।

ਜੰਮੂ-ਕਸ਼ਮੀਰ ਤੋਂ ਅਰੁਣਾਚਲ ਪ੍ਰਦੇਸ਼ ਤੱਕ ਵਿਆਪਕ ਇਨਫ੍ਰਾਸਟ੍ਰਕਚਰ ਦੇ ਵਿਕਾਸ ‘ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਜੰਮੂ-ਕਸ਼ਮੀਰ ਸੁਰੰਗਾਂ, ਉੱਚੇ ਪੁਲਾਂ ਅਤੇ ਰੋਪਵੇਅ ਦਾ ਕੇਂਦਰ ਬਣ ਰਿਹਾ ਹੈ। ਇੱਥੇ ਦੁਨੀਆ ਦੀ ਕੁਝ ਸਭ ਤੋਂ ਉੱਚੀਆਂ ਸੁੰਰਗਾਂ ਅਤੇ ਸਭ ਤੋਂ ਉੱਚੇ ਰੇਲ-ਰੋਡ ਪੁਲ ਬਣਾਏ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਚਿਨਾਬ ਬ੍ਰਿਜ ਦੇ ਇੰਜੀਨੀਅਰਿੰਗ ਚਮਤਕਾਰ ਦਾ ਜ਼ਿਕਰ ਕੀਤਾ, ਜਿੱਥੇ ਹਾਲ ਹੀ ਵਿੱਚ ਇੱਕ ਯਾਤਰੀ ਟ੍ਰੇਨ ਦਾ ਟ੍ਰਾਇਲ ਪੂਰਾ ਹੋਇਆ ਸੀ। ਉਨ੍ਹਾਂ ਨੇ ਕਈ ਪ੍ਰਮੁੱਖ ਪ੍ਰੋਜੈਕਟਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਵਿੱਚ ਕਸ਼ਮੀਰ ਦੀ ਰੇਲਵੇ ਕਨੈਕਟੀਵਿਟੀ ਨੂੰ ਵਧਾਉਣ ਵਾਲਾ ਕੇਬਲ ਬ੍ਰਿਜ, ਜ਼ੋਜਿਲਾ, ਚੇਨਾਨੀ ਨਾਸ਼ਰੀ ਅਤੇ ਸੋਨਮਰਗ ਸੁਰੰਗ ਪ੍ਰੋਜੈਕਟਾਂ ਅਤੇ ਉਧਮਪੁਰ-ਸ੍ਰੀਨਗਰ-ਬਾਰਾਮੂਲਾ ਰੇਲ ਲਿੰਕ ਪ੍ਰੋਜੈਕਟਸ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਸ਼ੰਕਰਾਚਾਰੀਆ ਮੰਦਿਰ, ਸ਼ਿਵਖੋੜੀ ਅਤੇ ਬਾਲਟਾਲ-ਅਮਰਨਾਥ ਰੋਪਵੇਅ ਦੇ ਨਾਲ-ਨਾਲ ਕਟਰਾ-ਦਿੱਲੀ ਐਕਸਪ੍ਰੈੱਸਵੇਅ ਦੀਆਂ ਯੋਜਨਾਵਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜੰਮੂ-ਕਸ਼ਮੀਰ ਵਿੱਚ 42,000 ਕਰੋੜ ਰੁਪਏ ਤੋਂ ਵੱਧ ਦੇ ਸੜਕ ਸੰਪਰਕ ਪ੍ਰੋਜੈਕਟਸ ਚਲ ਰਹੇ ਹਨ, ਜਿਨ੍ਹਾਂ ਵਿੱਚ ਚਾਰ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਸ ਅਤੇ ਦੋ ਰਿੰਗ ਰੋਡ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੋਨਮਰਗ ਜਿਹੀਆਂ 12 ਤੋਂ ਵੱਧ ਸੁਰੰਗਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜਿਸ ਨਾਲ ਜੰਮੂ-ਕਸ਼ਮੀਰ ਦੇਸ਼ ਦੇ ਸਭ ਤੋਂ ਵੱਧ ਜੁੜੇ ਹੋਏ ਖੇਤਰਾਂ ਵਿੱਚੋਂ ਇੱਕ ਬਣ ਗਿਆ ਹੈ।

ਭਾਰਤ ਦੇ ਵਿਕਸਿਤ ਰਾਸ਼ਟਰ ਬਣਨ ਦੀ ਯਾਤਰਾ ਵਿੱਚ ਟੂਰਿਜ਼ਮ ਖੇਤਰ ਦੇ ਮਹੱਤਵਪੂਰਨ ਯੋਗਦਾਨ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਬਿਹਤਰ ਕਨੈਕਟੀਵਿਟੀ ਨਾਲ ਟੂਰਿਸਟਾਂ ਨੂੰ ਜੰਮੂ-ਕਸ਼ਮੀਰ ਦੇ ਪਹਿਲਾਂ ਤੋਂ ਅਣਛੂਹੇ ਅਤੇ ਅਣਦੇਖੇ ਖੇਤਰਾਂ ਤੱਕ ਪਹੁੰਚਣ ਦਾ ਮੌਕਾ ਮਿਲੇਗਾ। ਉਨ੍ਹਾਂ ਨੇ ਪਿਛਲੇ ਇੱਕ ਦਹਾਕੇ ਵਿੱਚ ਖੇਤਰ ਵਿੱਚ ਹਾਸਲ ਕੀਤੀ ਗਈ ਸ਼ਾਂਤੀ ਅਤੇ ਪ੍ਰਗਤੀ ਦਾ ਜ਼ਿਕਰ ਕੀਤਾ, ਜਿਸ ਨਾਲ ਟੂਰਿਜ਼ਮ ਸੈਕਟਰ ਨੂੰ ਪਹਿਲਾਂ ਤੋਂ ਹੀ ਲਾਭ ਹੋਇਆ ਹੈ। ਸ਼੍ਰੀ ਮੋਦੀ ਨੇ ਕਿਹਾ, “2024 ਵਿੱਚ, 2 ਕਰੋੜ ਤੋਂ ਵੱਧ ਟੂਰਿਸਟਾਂ ਨੇ ਜੰਮੂ-ਕਸ਼ਮੀਰ ਦਾ ਦੌਰਾ ਕੀਤਾ, ਜਿਸ ਵਿੱਚ ਸੋਨਮਰਗ ਵਿੱਚ ਪਿਛਲੇ 10 ਵਰ੍ਹਿਆਂ ਵਿੱਚ ਟੂਰਿਸਟਾਂ ਦੀ ਸੰਖਿਆ ਵਿੱਚ 6 ਗੁਣਾ ਵਾਧਾ ਦੇਖਿਆ ਗਿਆ ਹੈ।” ਉਨ੍ਹਾਂ ਨੇ ਬਲ ਦੇ ਕੇ ਕਿਹਾ ਕਿ ਇਸ ਵਾਧੇ ਨਾਲ ਸਥਾਨਕ ਕਾਰੋਬਾਰਾਂ ਨੂੰ ਲਾਭ ਹੋਇਆ ਹੈ, ਜਿਸ ਵਿੱਚ ਹੋਟਲ, ਹੋਮਸਟੇਅ, ਢਾਬੇ, ਕੱਪੜਿਆਂ ਦੀਆਂ ਦੁਕਾਨਾਂ ਅਤੇ ਟੈਕਸੀ ਸੇਵਾਵਾਂ ਸ਼ਾਮਲ ਹਨ।

ਸ਼੍ਰੀ ਮੋਦੀ ਨੇ ਕਿਹਾ, “21ਵੀ ਸਦੀ ਦਾ ਜੰਮੂ-ਕਸ਼ਮੀਰ ਵਿਕਾਸ ਦਾ ਇੱਕ ਨਵਾਂ ਅਧਿਆਏ ਲਿਖ ਰਿਹਾ ਹੈ।” ਉਨ੍ਹਾਂ ਨੇ ਕਿਹਾ ਕਿ ਇਹ ਖੇਤਰ ਅਤੀਤ ਦੇ ਮੁਸ਼ਕਲ ਦਿਨਾਂ ਨੂੰ ਪਿੱਛੇ ਛੱਡ ਕੇ “ਧਰਤੀ ‘ਤੇ ਸਵਰਗ” ਦੇ ਰੂਪ ਵਿੱਚ ਆਪਣੀ ਪਹਿਚਾਣ ਮੁੜ ਤੋਂ ਹਾਸਲ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਲੋਕ ਰਾਤ ਵਿੱਚ ਵੀ ਲਾਲ ਚੌਂਕ ‘ਤੇ ਆਈਸਕ੍ਰੀਮ ਦਾ ਆਨੰਦ ਲੈਂਦੇ ਹਨ ਅਤੇ ਇਹ ਇਲਾਕਾ ਜੀਵੰਤ ਬਣਿਆ ਹੋਇਆ ਹੈ। ਉਨ੍ਹਾਂ ਨੇ ਪੋਲੋ ਵਿਊ ਮਾਰਕਿਟ ਨੂੰ ਇੱਕ ਨਵੇਂ ਹੈਬੀਟੈਂਟ ਸੈਂਟਰ ਵਿੱਚ ਬਦਲਣ ਲਈ ਸਥਾਨਕ ਕਲਾਕਾਰਾਂ ਦੀ ਪ੍ਰਸ਼ੰਸਾ ਕੀਤੀ, ਜਿੱਥੇ ਸੰਗੀਤਕਾਰ, ਕਲਾਕਾਰ ਅਤੇ ਗਾਇਕ ਅਕਸਰ ਆਪਣੀ ਕਲਾ ਪ੍ਰਦਰਸ਼ਨ ਕਰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸ੍ਰੀਨਗਰ ਵਿੱਚ ਲੋਕ ਹੁਣ ਆਰਾਮ ਨਾਲ ਆਪਣੇ ਪਰਿਵਾਰ ਦੇ ਨਾਲ ਸਿਨੇਮਾ ਹਾਲ ਵਿੱਚ ਫਿਲਮਾਂ ਦੇਖਦੇ ਹਨ ਅਤੇ ਅਸਾਨੀ ਨਾਲ ਖਰੀਦਦਾਰੀ ਕਰਦੇ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਜਿਹੇ ਮਹੱਤਵਪੂਰਨ ਬਦਲਾਅ ਇਕੱਲੇ ਸਰਕਾਰ ਦੁਆਰਾ ਹਾਸਲ ਨਹੀਂ ਕੀਤਾ ਜਾ ਸਕਦੇ ਹਨ ਅਤੇ ਉਨ੍ਹਾਂ ਨੇ ਲੋਕਤੰਤਰ ਨੂੰ ਮਜ਼ਬੂਤ ਕਰਨ ਅਤੇ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਦਾ ਕ੍ਰੈਡਿਟ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਦਿੱਤਾ।

ਜੰਮੂ-ਕਸ਼ਮੀਰ ਦੇ ਨੌਜਵਾਨਾਂ ਦੇ ਉੱਜਵਲ ਭਵਿੱਖ ਨੂੰ ਉਜਾਗਰ ਕਰਦੇ ਹੋਏ ਖੇਡਾਂ ਵਿੱਚ ਅਣਗਿਣਤ ਅਵਸਰਾਂ ‘ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮਤੰਰੀ ਨੇ ਕੁਝ ਮਹੀਨੇ ਪਹਿਲਾਂ ਸ੍ਰੀਨਗਰ ਵਿੱਚ ਆਯੋਜਿਤ ਪਹਿਲੀ ਅੰਤਰਰਾਸ਼ਟਰੀ ਮੈਰਾਥੌਨ ਬਾਰੇ ਟਿੱਪਣੀ ਕੀਤੀ, ਜਿਸ ਨੇ ਇਸ ਨੂੰ ਦੇਖਣ ਵਾਲਿਆਂ ਨੂੰ ਬਹੁਤ ਪ੍ਰਸੰਨ ਕੀਤਾ। ਉਨ੍ਹਾਂ ਨੇ ਮੈਰਾਥੌਨ ਵਿੱਚ ਹਿੱਸਾ ਲੈਣ ਵਾਲੇ ਮੁੱਖ ਮੰਤਰੀ ਦੇ ਵਾਇਰਲ ਵੀਡੀਓ ਅਤੇ ਦਿੱਲੀ ਵਿੱਚ ਇੱਕ ਮੀਟਿੰਗ ਦੌਰਾਨ ਇਸ ‘ਤੇ ਉਨ੍ਹਾਂ ਦੀ ਉਤਸ਼ਾਹਵਰਧਕ ਚਰਚਾ ਨੂੰ ਵੀ ਯਾਦ ਕੀਤਾ।

ਇਹ ਸਵੀਕਾਰ ਕਰਦੇ ਹੋਏ ਇਹ ਅਸਲ ਵਿੱਚ ਜੰਮੂ-ਕਸ਼ਮੀਰ ਦਾ ਨਵਾਂ ਯੁਗ ਹੈ, ਸ਼੍ਰੀ ਮੋਦੀ ਨੇ ਚਾਲੀ ਸਾਲਾਂ ਦੇ ਬਾਅਦ ਖੇਤਰ ਵਿੱਚ ਹਾਲ ਹੀ ਵਿੱਚ ਆਯੋਜਿਤ ਅੰਤਰਰਾਸ਼ਟਰੀ ਕ੍ਰਿਕਟ ਲੀਗ ਅਤੇ ਖੂਬਸੂਰਤ ਡਲ ਝੀਲ ਦੇ ਆਲੇ-ਦੁਆਲੇ ਕਾਰ ਰੇਸਿੰਗ ਦ੍ਰਿਸ਼ਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਗੁਲਮਾਰਗ ਭਾਰਤ ਦੀ ਸਰਦ ਰੁੱਤ ਖੇਡਾਂ ਦੀ ਰਾਜਧਾਨੀ ਬਣ ਰਿਹਾ ਹੈ, ਜਿੱਥੇ ਚਾਰ ਖੇਲੋ ਇੰਡੀਆ ਸਰਦ ਰੁੱਤ ਖੇਡਾਂ ਦੀ ਮੇਜ਼ਬਾਨੀ ਕੀਤੀ ਜਾ ਚੁੱਕੀ ਹੈ ਅਤੇ ਇਸ ਦਾ ਪੰਜਵਾ ਸੰਸਕਰਣ ਅਗਲੇ ਮਹੀਨੇ ਸ਼ੁਰੂ ਹੋ ਰਿਹਾ ਹੈ, ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਪਿਛਲੇ ਦੋ ਵਰ੍ਹਿਆਂ ਵਿੱਚ ਦੇਸ਼ ਭਰ ਦੇ 2,500 ਅਥਲੀਟਾਂ ਨੇ ਜੰਮੂ-ਕਸ਼ਮੀਰ ਵਿੱਚ ਵਿਭਿੰਨ ਟੂਰਨਾਮੈਂਟਸ ਵਿੱਚ ਹਿੱਸਾ ਲਿਆ ਹੈ। ਉਨ੍ਹਾਂ ਨੇ ਇਸ ਖੇਤਰ ਵਿੱਚ 90 ਤੋਂ ਵੱਧ ਅਧਿਕ ਖੇਲੋ ਇੰਡੀਆ ਕੇਂਦਰਾਂ ਦੀ ਸਥਾਪਨਾ ਨੂੰ ਉਜਾਗਰ ਕੀਤਾ, ਜੋ 4,500 ਸਥਾਨਕ ਨੌਜਵਾਨਾਂ ਨੂੰ ਟ੍ਰੇਨਿੰਗ ਪ੍ਰਦਾਨ ਕਰਦਾ ਹੈ।

ਜੰਮੂ-ਕਸ਼ਮੀਰ ਦੇ ਨੌਜਵਾਨਾਂ ਲਈ ਉਭਰਦੇ ਨਵੇਂ ਅਵਸਰਾਂ ‘ਤੇ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੰਮੂ ਅਤੇ ਅਵੰਤੀਪੋਰਾ ਵਿੱਚ ਏਮਸ ਦਾ ਨਿਰਮਾਣ ਤੇਜ਼ੀ ਨਾਲ ਚਲ ਰਿਹਾ ਹੈ, ਜਿਸ ਨਾਲ ਇਲਾਜ ਲਈ ਦੇਸ਼ ਦੇ ਹੋਰ ਹਿੱਸਿਆਂ ਵਿੱਚ ਜਾਣ ਦੀ ਜ਼ਰੂਰਤ ਘੱਟ ਹੋ ਜਾਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੰਮੂ ਵਿੱਚ ਆਈਆਈਟੀ, ਆਈਆਈਐੱਮ ਅਤੇ ਕੇਂਦਰੀ ਯੂਨੀਵਰਸਿਟੀ ਕੈਂਪਸ ਬਿਹਤਰੀਨ ਸਿੱਖਿਆ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਨੇ ਸਥਾਨਕ ਕਾਰੀਗਰਾਂ ਅਤੇ ਸ਼ਿਲਪਕਾਰਾਂ ਦੀ ਭੂਮਿਕਾ ‘ਤੇ ਜ਼ੋਰ ਦਿੱਤਾ, ਜਿਨ੍ਹਾਂ ਨੂੰ ਪੀਐੱਮ ਵਿਸ਼ਵਕਰਮਾ ਯੋਜਨਾ ਅਤੇ ਜੰਮੂ-ਕਸ਼ਮੀਰ ਸਰਕਾਰ ਦੀਆਂ ਹੋਰ ਪਹਿਲਕਦਮੀਆਂ ਤੋਂ ਮਦਦ ਮਿਲ ਰਹੀ ਹੈ। ਪ੍ਰਧਾਨ ਮੰਤਰੀ ਨੇ ਖੇਤਰ ਵਿੱਚ ਨਵੇਂ ਉਦੋਯਗਾਂ ਨੂੰ ਆਕਰਸ਼ਿਤ ਕਰਨ ਲਈ ਕੀਤੇ ਗਏ ਨਿਰੰਤਰ ਪ੍ਰਯਾਸਾਂ ਨੂੰ ਉਜਾਗਰ ਕੀਤਾ, ਜਿਸ ਵਿੱਚ ਲਗਭਗ 13,000 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ, ਜਿਸ ਨਾਲ ਨੌਜਵਾਨਾਂ ਲਈ ਹਜ਼ਾਰਾਂ ਨੌਕਰੀਆਂ ਪੈਦਾ ਹੋਈਆਂ ਹਨ। ਪ੍ਰਧਾਨ ਮੰਤਰੀ ਨੇ ਜੰਮੂ-ਕਸ਼ਮੀਰ ਬੈਂਕ ਦੇ ਬਿਹਤਰ ਪ੍ਰਦਰਸ਼ਨ ਦੀ ਵੀ ਸ਼ਲਾਘਾ ਕੀਤੀ, ਜਿਸ ਦਾ ਕਾਰੋਬਾਰ ਪਿਛਲੇ ਚਾਰ ਵਰ੍ਹਿਆਂ ਵਿੱਚ 1.6 ਲੱਖ ਕਰੋੜ ਰੁਪਏ ਤੋਂ ਵਧ ਕੇ 2.3 ਲੱਖ ਕਰੋੜ ਰੁਪਏ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਬੈਂਕ ਦੀ ਲੋਨ ਪ੍ਰਦਾਨ ਕਰਨ ਦੀ ਵਧੀ ਹੋਈ ਸਮਰੱਥਾ ਨਾਲ ਇਸ ਖੇਤਰ ਦੇ ਨੌਜਵਾਨਾਂ, ਕਿਸਾਨਾਂ, ਬਾਗਬਾਨਾਂ,. ਦੁਕਾਨਦਾਰਾਂ ਅਤੇ ਉੱਦਮੀਆਂ ਨੂੰ ਲਾਭ ਹੋਇਆ ਹੈ।

ਜੰਮੂ-ਕਸ਼ਮੀਰ ਦੇ ਅਤੀਤ ਨੂੰ ਵਿਕਾਸ ਦੇ ਵਰਤਮਾਨ ਵਿੱਚ ਬਦਲਣ ‘ਤੇ ਟਿੱਪਣੀ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਵਿਕਸਿਤ ਭਾਰਤ ਦਾ ਸੁਪਨਾ ਤਦ ਸਾਕਾਰ ਹੋਵੇਗਾ, ਜਦੋ ਇਸ ਦੇ ਤਾਜ ਵਿੱਚ ਕਸ਼ਮੀਰ ਦੀ ਪ੍ਰਗਤੀ ਦੇ ਰਤਨ ਸਜਣਗੇ। ਪ੍ਰਧਾਨ ਮੰਤਰੀ ਨੇ ਕਸ਼ਮੀਰ ਨੂੰ ਹੋਰ ਵੀ ਸੁੰਦਰ ਅਤੇ ਸਮ੍ਰਿੱਧ ਬਣਾਉਣ ਦੀ ਆਪਣੀ ਇੱਛਾ ਵਿਅਕਤ ਕੀਤੀ। ਉਨ੍ਹਾਂ ਨੇ ਇਸ ਪ੍ਰਯਾਸ ਵਿੱਚ ਖੇਤਰ ਦੇ ਨੌਜਵਾਨਾਂ, ਬਜੁਰਗਾਂ ਅਤੇ ਬੱਚਿਆਂ ਨੂੰ ਮਿਲ ਰਹੇ ਨਿਰੰਤਰ ਸਮਰਥਨ ਦਾ ਵੀ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜੰਮੂ-ਕਸ਼ਮੀਰ ਦੇ ਲੋਕ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਲਈ ਲਗਨ ਨਾਲ ਕੰਮ ਕਰ ਰਹੇ ਹਨ ਅਤੇ ਇਸ ਖੇਤਰ ਅਤੇ ਰਾਸ਼ਟਰ ਦੀ ਪ੍ਰਗਤੀ ਵਿੱਚ ਯੋਗਦਾਨ ਦੇ ਕਹੇ ਹਨ। ਆਪਣੇ ਸੰਬੋਧਨ ਦੇ ਸਮਾਪਨ ‘ਤੇ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੇ ਸਾਰੇ ਪ੍ਰਯਾਸਾਂ ਵਿੱਚ ਉਨ੍ਹਾਂ ਦਾ ਪੂਰਾ ਸਮਰਥਨ ਕਰਨਗੇ ਅਤੇ ਵਿਕਾਸ ਪ੍ਰੋਜੈਕਟਾਂ ਦੇ ਲਈ ਜੰਮੂ-ਕਸ਼ਮੀਰ ਦੇ ਹਰੇਕ ਪਰਿਵਾਰ ਨੂੰ ਹਾਰਦਿਕ ਵਧਾਈ ਦਿੱਤੀ।

ਇਸ ਪ੍ਰੋਗਰਾਮ ਵਿੱਚ ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਸ਼੍ਰੀ ਮਨੋਜ ਸਿਨਹਾ, ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਸ਼੍ਰੀ ਉਮਰ ਅਬਦੁੱਲਾ, ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰੀ ਸ਼੍ਰੀ ਨਿਤਿਨ ਗਡਕਰੀ, ਕੇਂਦਰੀ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਅਤੇ ਸ਼੍ਰੀ ਅਜੈ ਟਮਟਾ ਸਮੇਤ ਹੋਰ ਪਤਵੰਤੇ ਮੌਜੂਦ ਸਨ।

ਪਿਛੋਕੜ

ਲਗਭਗ 12 ਕਿਲੋਮੀਟਰ ਲੰਬੇ ਸੋਨਮਰਗ ਸੁਰੰਗ ਪ੍ਰੋਜੈਕਟ ਦਾ ਨਿਰਮਾਣ 2,700 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਕੀਤਾ ਗਿਆ ਹੈ। ਇਸ ਵਿੱਚ 6.4 ਕਿਲੋਮੀਟਰ ਲੰਬੀ ਸੋਨਮਰਗ ਮੁੱਖ ਸੁਰੰਗ, ਇੱਕ ਨਿਕਾਸ ਸੁਰੰਗ ਅਤੇ ਅਪ੍ਰੋਚ ਰੋਡ ਸ਼ਾਮਲ ਹਨ। ਸਮੁੰਦਰੀ ਤਲ ਤੋਂ 8,650 ਫੁੱਟ ਤੋਂ ਵੱਧ ਦੀ ਉਚਾਈ ‘ਤੇ ਸਥਿਤ ਇਹ ਪ੍ਰੋਜੈਕਟ ਲੇਹ ਦੇ ਰਸਤੇ ਵਿੱਚ ਸ੍ਰੀਨਗਰ ਅਤੇ ਸੋਨਮਰਗ ਦਰਮਿਆਨ ਹਰ ਮੌਸਮ ਵਿੱਚ ਕਨੈਕਟੀਵਿਟੀ ਨੂੰ ਬਿਹਤਰ ਕਰੇਗਾ, ਜ਼ਮੀਨ ਖਿਸਕਣ ਅਤੇ ਬਰਫ਼ਬਾਰੀ ਦੇ ਰੂਟਾਂ ਨੂੰ ਬਾਈਪਾਸ ਕਰੇਗਾ ਅਤੇ ਰਣਨੀਤਕ ਤੌਰ ‘ਤੇ ਮਹੱਤਵਪੂਰਨ ਲੱਦਾਖ ਖੇਤਰ ਵਿੱਚ ਸੁਰੱਖਿਅਤ ਅਤੇ ਨਿਰਵਿਘਨ ਪਹੁੰਚ ਸੁਨਿਸ਼ਚਿਤ ਕਰੇਗਾ। ਇਹ ਸੋਨਮਰਗ ਨੂੰ ਸਾਲ ਭਰ ਦੀ ਮੰਜ਼ਿਲ ਵਿੱਚ ਬਦਲ ਕੇ ਟੂਰਿਜ਼ਮ ਨੂੰ ਵੀ ਹੁਲਾਰਾ ਦੇਵੇਗਾ, ਜਿਸ ਨਾਲ ਸਰਤ ਰੁੱਤ ਟੂਰਿਜ਼ਮ, ਐਡਵੈਂਚਰ ਸਪੋਰਟਸ ਅਤੇ ਸਥਾਨਕ ਆਜੀਵਿਕਾ ਨੂੰ ਹੁਲਾਰਾ ਮਿਲੇਗਾ।

ਜ਼ੋਜਿਲਾ ਸੁਰੰਗ ਦੇ ਨਾਲ, ਜਿਸ ਨੂੰ 2028 ਤੱਕ ਪੂਰਾ ਕਰਨ ਦੀ ਯੋਜਨਾ ਹੈ, ਇਹ ਮਾਰਗ ਦੀ ਲੰਬਾਈ ਨੂੰ 49 ਕਿਲੋਮੀਟਰ ਤੋਂ ਘਟਾ ਕੇ 43 ਕਿਲੋਮੀਟਰ ਕਰ ਦੇਵੇਗੀ ਅਤੇ ਵਾਹਨਾਂ ਦੀ ਗਤੀ ਨੂੰ 30 ਕਿਲੋਮੀਟਰ ਪ੍ਰਤੀ ਘੰਟੇ ਤੋਂ ਵਧਾ ਕੇ 70 ਕਿਲੋਮੀਟਰ ਪ੍ਰਤੀ ਘੰਟੇ ਕਰ ਦੇਵੇਗੀ, ਜਿਸ ਨਾਲ ਸ੍ਰੀਨਗਰ ਘਾਟੀ ਅਤੇ ਲੱਦਾਖ ਦਰਮਿਆਨ ਨਿਰਵਿਘਨ ਨੈਸ਼ਨਲ ਹਾਈਵੇਅ-1 ਸੰਪਰਕ ਸੁਨਿਸ਼ਚਿਤ ਹੋਵੇਗਾ। ਇਸ ਬਿਹਤਰ ਕਨੈਕਟੀਵਿਟੀ ਨਾਲ ਰੱਖਿਆ ਲੌਜਿਸਟਿਕਸ ਨੂੰ ਹੁਲਾਰਾ ਮਿਲੇਗਾ, ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ ਆਰਥਿਕ ਵਿਕਾਸ ਅਤੇ ਸਮਾਜਿਕ-ਸੱਭਿਆਚਾਰਕ ਏਕੀਕਰਣ ਨੂੰ ਹੁਲਾਰਾ ਮਿਲੇਗਾ। ਪ੍ਰਧਾਨ ਮੰਤਰੀ ਨੇ ਸੁਰੰਗ ਦੇ ਨਿਰਮਾਣ ਕਰਨ ਵਾਲੇ ਮਜ਼ਦੂਰਾਂ ਨਾਲ ਵੀ ਮੁਲਾਕਾਤ ਕੀਤੀ, ਜਿਨ੍ਹਾਂ ਨੇ ਮੁਸ਼ਕਲ ਸਥਿਤੀਆਂ ਵਿੱਚ ਸਾਵਧਾਨੀਪੂਰਵਕ ਕੰਮ ਕੀਤਾ ਅਤੇ ਇਸ ਜ਼ਿਕਰਯੋਗ ਇੰਜੀਨੀਅਰਿੰਗ ਉਪਲਬਧੀ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਸਵੀਕਾਰ ਕੀਤਾ।

https://twitter.com/narendramodi/status/1878718912432345440

https://twitter.com/PMOIndia/status/1878721650381967419

https://twitter.com/PMOIndia/status/1878723331140223012

https://twitter.com/PMOIndia/status/1878723773458964648

https://twitter.com/PMOIndia/status/1878725498936996006

https://youtu.be/yfMk7nG74o0

***

ਐੱਮਜੇਪੀਐੱਸ/ਐੱਸਆਰ