Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਿਭਿੰਨ ਰੇਲ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਿਭਿੰਨ ਰੇਲ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ


ਅਸੀਂ ਭਾਰਤ ਵਿੱਚ ਰੇਲਵੇ ਦੇ ਵਿਕਾਸ ਨੂੰ ਚਾਰ ਮਾਪਦੰਡਾਂ ‘ਤੇ ਅੱਗੇ ਵਧਾ ਰਹੇ ਹਾਂ। ਪਹਿਲਾ-ਰੇਲਵੇ ਇਨਫ੍ਰਾਸਟ੍ਰਕਚਰ ਦਾ ਆਧੁਨਿਕੀਕਰਣ, ਦੂਸਰਾ-ਰੇਲਵੇ ਦੇ ਯਾਤਰੀਆਂ ਨੂੰ ਆਧੁਨਿਕ ਸੁਵਿਧਾਵਾਂ, ਤੀਸਰਾ-ਰੇਲਵੇ ਦੀ ਦੇਸ਼ ਦੇ ਕੋਨੇ-ਕੋਨੇ ਵਿੱਚ ਕਨੈਕਟੀਵਿਟੀ ਅਤੇ ਚੌਥਾ-ਰੇਲਵੇ ਨਾਲ ਰੋਜ਼ਗਾਰ ਸਿਰਜਣ ਅਤੇ ਉਦਯੋਗਾਂ ਨੂੰ ਮਦਦ : ਪ੍ਰਧਾਨ ਮੰਤਰੀ

ਅੱਜ ਭਾਰਤ ਰੇਲ ਲਾਈਨਾਂ ਦੇ ਸੌ ਫੀਸਦੀ ਇਲੈਕਟ੍ਰੀਫਿਕੇਸ਼ਨ ਦੇ ਨੇੜੇ ਹੈ, ਅਸੀਂ ਰੇਲਵੇਅਜ਼ ਦੀ ਪਹੁੰਚ ਦਾ ਵੀ ਨਿਰੰਤਰ ਵਿਸਥਾਰ ਕੀਤਾ ਹੈ: ਪੀਐੱਮ

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਵੱਖ-ਵੱਖ ਰੇਲਵੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਨਵੇਂ ਜੰਮੂ ਰੇਲਵੇ ਡਿਵੀਜ਼ਨ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਪੂਰਬੀ ਤਟ ਰੇਲਵੇ ਦੇ ਰਾਏਗਡਾ ਰੇਲਵੇ ਡਿਵੀਜ਼ਨ ਭਵਨ ਦਾ ਨੀਂਹ ਪੱਥਰ ਵੀ ਰੱਖਿਆ ਅਤੇ ਤੇਲੰਗਾਨਾ ਵਿੱਚ ਚਰਲਾਪੱਲੀ ਨਵੇਂ ਟਰਮੀਨਲ ਸਟੇਸ਼ਨ ਦਾ ਉਦਘਾਟਨ ਕੀਤਾ।

 

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਯੰਤੀ ਦੇ ਮੌਕੇ ‘ਤੇ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਜੀਵਨ ਇੱਕ ਮਜ਼ਬੂਤ ​​ਅਤੇ ਖੁਸ਼ਹਾਲ ਰਾਸ਼ਟਰ ਦੇ ਦ੍ਰਿਸ਼ਟੀਕੋਣ ਨੂੰ ਪ੍ਰੇਰਿਤ ਕਰਦੀਆਂ ਹਨ। ਕਨੈਕਟੀਵਿਟੀ ਵਿੱਚ ਭਾਰਤ ਦੀ ਤੇਜ਼ ਰਫ਼ਤਾਰ ਪ੍ਰਗਤੀ ਦੀ ਸ਼ਲਾਘਾ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਸਾਲ 2025 ਦੀ ਸ਼ੁਰੂਆਤ ਤੋਂ, ਭਾਰਤ ਆਪਣੇ ਮੈਟਰੋ ਰੇਲ ਨੈੱਟਵਰਕ ਦੇ 1000 ਕਿਲੋਮੀਟਰ ਤੋਂ ਵੱਧ ਤੱਕ ਵਿਸਤਾਰ ਕਰਨ ਨਾਲ ਆਪਣੀਆਂ ਪਹਿਲਕਦਮੀਆਂ ਨੂੰ ਤੇਜ਼ ਕਰ ਰਿਹਾ ਹੈ। ਉਨ੍ਹਾਂ ਨੇ ਦਿੱਲੀ-ਐੱਨਸੀਆਰ ਵਿੱਚ ਨਮੋ ਭਾਰਤ ਟ੍ਰੇਨ ਦੇ ਹਾਲ ਹੀ ਵਿੱਚ ਉਦਘਾਟਨ ਅਤੇ ਕੱਲ੍ਹ ਦਿੱਲੀ ਮੈਟਰੋ ਪ੍ਰੋਜੈਕਟਾਂ ਦੀ ਸ਼ੁਰੂਆਤ ਦਾ ਜ਼ਿਕਰ ਕੀਤਾ। 

 

ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਅੱਜ ਦਾ ਪ੍ਰੋਗਰਾਮ ਇਸ ਤੱਥ ਦਾ ਇੱਕ ਹੋਰ ਪ੍ਰਮਾਣ ਹੈ ਕਿ ਪੂਰਾ ਦੇਸ਼ ਇਕੱਠੇ ਮਿਲ ਕੇ, ਕਦਮ ਦਰ ਕਦਮ ਅੱਗੇ ਵਧ ਰਿਹਾ ਹੈ, ਕਿਉਂਕਿ ਜੰਮੂ ਅਤੇ ਕਸ਼ਮੀਰ, ਓਡੀਸ਼ਾ ਅਤੇ ਤੇਲੰਗਾਨਾ ਵਿੱਚ ਸ਼ੁਰੂ ਕੀਤੇ ਗਏ ਪ੍ਰੋਜੈਕਟਸ ਦੇਸ਼ ਦੇ ਉੱਤਰ, ਪੂਰਬ ਅਤੇ ਦੱਖਣੀ ਖੇਤਰਾਂ ਲਈ ਆਧੁਨਿਕ ਸੰਪਰਕ ਵਿੱਚ ਇੱਕ ਵੱਡੀ ਉਪਲਬਧੀ ਹਨ। ਉਨ੍ਹਾਂ ਨੇ ਦੁਹਰਾਇਆ ਕਿ ‘ਸਬਕਾ ਸਾਥ, ਸਬਕਾ ਵਿਕਾਸ’ ਦਾ ਮੰਤਰ ਇੱਕ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਹਕੀਕਤ ਵਿੱਚ ਬਦਲਣ ਵਿੱਚ ਮਦਦ ਕਰ ਰਿਹਾ ਹੈ। ਉਨ੍ਹਾਂ ਨੇ ਇਨ੍ਹਾਂ ਰਾਜਾਂ ਦੇ ਲੋਕਾਂ ਅਤੇ ਭਾਰਤ ਦੇ ਸਾਰੇ ਨਾਗਰਿਕਾਂ ਨੂੰ ਇਨ੍ਹਾਂ ਵਿਕਾਸ ਕਾਰਜਾਂ ਲਈ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਆਪਣੇ ਯਤਨਾਂ ਵਿੱਚ ਦੇਸ਼ ਦੀ ਦ੍ਰਿੜ੍ਹਤਾ ਨੂੰ ਦੁਹਰਾਇਆ ਹੈ। “ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਭਾਰਤੀ ਰੇਲਵੇ ਦਾ ਵਿਕਾਸ ਮਹੱਤਵਪੂਰਨ ਹੈ। ਸ਼੍ਰੀ ਮੋਦੀ ਨੇ ਕਿਹਾ, “ਭਾਰਤੀ ਰੇਲਵੇ ਨੇ ਪਿਛਲੇ ਇੱਕ ਦਹਾਕੇ ਵਿੱਚ ਇੱਕ ਇਤਿਹਾਸਕ ਤਬਦੀਲੀ ਕੀਤੀ ਹੈ, ਜਿਸ ਨੇ ਦੇਸ਼ ਦੀ ਤਸਵੀਰ ਨੂੰ ਬਦਲਿਆ ਹੈ ਅਤੇ ਨਾਗਰਿਕਾਂ ਦੇ ਮਨੋਬਲ ਵਿੱਚ ਮਹੱਤਵਪੂਰਨ ਵਾਧਾ ਕੀਤਾ ਹੈ।” ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤੀ ਰੇਲਵੇ ਦੇ ਵਿਕਾਸ ਨੂੰ ਚਾਰ ਮੁੱਖ ਮਾਪਦੰਡਾਂ ‘ਤੇ ਅੱਗੇ ਵਧਾਇਆ ਜਾ ਰਿਹਾ ਹੈ। ਪਹਿਲਾ, ਰੇਲਵੇ ਬੁਨਿਆਦੀ ਢਾਂਚੇ ਦਾ ਆਧੁਨਿਕੀਕਰਨ; ਦੂਜਾ, ਯਾਤਰੀਆਂ ਲਈ ਆਧੁਨਿਕ ਸਹੂਲਤਾਵਾਂ ਦਾ ਪ੍ਰਬੰਧ; ਤੀਜਾ, ਦੇਸ਼ ਦੇ ਹਰ ਕੋਨੇ ਤੱਕ ਰੇਲਵੇ ਸੰਪਰਕ ਦਾ ਵਿਸਤਾਰ; ਅਤੇ ਚੌਥਾ, ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਅਤੇ ਰੇਲਵੇ ਰਾਹੀਂ ਉਦਯੋਗਾਂ ਦੀ ਸਹਾਇਤਾ ਕਰਨਾ ਹੈ। “ਅੱਜ ਦਾ ਪ੍ਰੋਗਰਾਮ ਇਸ ਦ੍ਰਿਸ਼ਟੀਕੋਣ ਦਾ ਪ੍ਰਮਾਣ ਹੈ। ਸ਼੍ਰੀ ਮੋਦੀ ਨੇ ਅੱਗੇ ਕਿਹਾ, “ਨਵੇਂ ਡਿਵੀਜ਼ਨਾਂ ਅਤੇ ਰੇਲਵੇ ਟਰਮੀਨਲਾਂ ਦੀ ਸਥਾਪਨਾ ਭਾਰਤੀ ਰੇਲਵੇ ਨੂੰ 21ਵੀਂ ਸਦੀ ਦੇ ਆਧੁਨਿਕ ਨੈੱਟਵਰਕ ਵਿੱਚ ਬਦਲਣ ਵਿੱਚ ਮਹੱਤਵਪੂਰਨ ਯੋਗਦਾਨ ਦੇਵੇਗੀ। ਇਹ ਵਿਕਾਸ ਆਰਥਿਕ ਖੁਸ਼ਹਾਲੀ, ਰੇਲਵੇ ਸੰਚਾਲਨ ਨੂੰ ਵਧਾਉਣਗੇ, ਨਿਵੇਸ਼ ਦੇ ਵਧੇਰੇ ਮੌਕੇ ਪੈਦਾ ਕਰਨਗੇ ਅਤੇ ਨਵੀਆਂ ਨੌਕਰੀਆਂ ਪੈਦਾ ਕਰਨਗੇ। 

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਵੰਦੇ ਭਾਰਤ ਰੇਲ ਗੱਡੀਆਂ, ਅੰਮ੍ਰਿਤ ਭਾਰਤ ਸਟੇਸ਼ਨਾਂ ਅਤੇ ਨਮੋ ਭਾਰਤ ਰੇਲ ਨੇ ਭਾਰਤੀ ਰੇਲਵੇ ਲਈ ਨਵੇਂ ਮਿਆਰ ਸਥਾਪਿਤ ਕੀਤੇ ਹਨ। ਸ਼੍ਰੀ ਮੋਦੀ ਨੇ ਕਿਹਾ, “ਅਭਿਲਾਸ਼ੀ ਭਾਰਤ ਅੱਜ ਘੱਟ ਸਮੇਂ ਵਿੱਚ ਜ਼ਿਆਦਾ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਵਰਤਮਾਨ ਵਿੱਚ, ਵੰਦੇ ਭਾਰਤ ਰੇਲ ਗੱਡੀਆਂ 136 ਸੇਵਾਵਾਂ ਦੇ ਨਾਲ 50 ਤੋਂ ਵੱਧ ਰੂਟਾਂ ‘ਤੇ ਚੱਲ ਰਹੀਆਂ ਹਨ, ਜੋ ਯਾਤਰੀਆਂ ਨੂੰ ਇੱਕ ਸੁਹਾਵਣਾ ਯਾਤਰਾ ਅਨੁਭਵ ਪ੍ਰਦਾਨ ਕਰ ਰਹੀਆਂ ਹਨ। “ਕੁਝ ਦਿਨ ਪਹਿਲਾਂ, ਮੈਂ ਵੰਦੇ ਭਾਰਤ ਟ੍ਰੇਨ ਦੇ ਨਵੇਂ ਸਲੀਪਰ ਸੰਸਕਰਣ ਨੂੰ ਪ੍ਰਦਰਸ਼ਿਤ ਕਰਨ ਵਾਲੀ ਇੱਕ ਵੀਡੀਓ ਦੇਖੀ, ਜੋ ਇਸ ਦੇ ਟ੍ਰਾਇਲ ਰਨ ਦੌਰਾਨ 180 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲ ਰਹੀ ਸੀ। ਸ਼੍ਰੀ ਮੋਦੀ ਨੇ ਅੱਗੇ ਕਿਹਾ, “ਅਜਿਹੇ ਮੀਲ ਪੱਥਰ ਹਰ ਭਾਰਤੀ ਨੂੰ ਮਾਣ ਨਾਲ ਭਰ ਦਿੰਦੇ ਹਨ”। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਸਾਰੀਆਂ ਪ੍ਰਾਪਤੀਆਂ ਸਿਰਫ਼ ਸ਼ੁਰੂਆਤ ਹਨ ਅਤੇ ਭਾਰਤ ਨੂੰ ਆਪਣੀ ਪਹਿਲੀ ਬੁਲੇਟ ਟ੍ਰੇਨ ਦੇ ਸੰਚਾਲਨ ਦਾ ਗਵਾਹ ਬਣਨ ਵਿੱਚ ਬਹੁਤ ਸਮਾਂ ਨਹੀਂ ਲੱਗੇਗਾ। 

 

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਰੇਲਵੇ ਯਾਤਰਾ ਅਨੁਭਵ ਨੂੰ ਬਿਹਤਰ ਬਣਾਉਣ ‘ਤੇ ਕੇਂਦ੍ਰਿਤ ਹੈ। ਇਸ ਉਦੇਸ਼ ਲਈ, ਦੇਸ਼ ਭਰ ਵਿੱਚ 1,300 ਤੋਂ ਵੱਧ ਅੰਮ੍ਰਿਤ ਸਟੇਸ਼ਨਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ। ਉਨ੍ਹਾਂ  ਨੇ ਕਿਹਾ ਕਿ ਪਿਛਲੇ ਦਹਾਕੇ ਵਿੱਚ ਰੇਲ ਸੰਪਰਕ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ ਅਤੇ ਰੇਲ ਲਾਈਨਾਂ ਦਾ ਲਗਭਗ 100% ਇਲੈਕਟ੍ਰੀਫਿਕੇਸ਼ਨ ਪ੍ਰਾਪਤ ਕੀਤਾ ਗਿਆ ਹੈ, ਜੋ ਕਿ 2014 ਵਿੱਚ 35% ਸੀ। 30,000 ਕਿਲੋਮੀਟਰ ਤੋਂ ਵੱਧ ਨਵੇਂ ਟ੍ਰੈਕ ਵਿਛਾਏ ਗਏ ਹਨ ਅਤੇ ਸੈਂਕੜੇ ਸੜਕ ਓਵਰਬ੍ਰਿਜ ਅਤੇ ਅੰਡਰਬ੍ਰਿਜ ਬਣਾਏ ਗਏ ਹਨ। ਇਸ ਤੋਂ ਇਲਾਵਾ, ਬ੍ਰੌਡ ਗੇਜ਼ ਲਾਈਨਾਂ ‘ਤੇ ਸਾਰੇ ਮਾਨਵ ਰਹਿਤ ਕ੍ਰੌਸਿੰਗਾਂ ਨੂੰ ਖਤਮ ਕਰ ਦਿੱਤਾ ਗਿਆ ਹੈ, ਜਿਸ ਨਾਲ ਯਾਤਰੀ ਸੁਰੱਖਿਆ ਵਿੱਚ ਸੁਧਾਰ ਹੋਇਆ ਹੈ ਅਤੇ ਹਾਦਸਿਆਂ ਨੂੰ ਘੱਟ ਕੀਤਾ ਜਾ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਦੇਸ਼ ਵਿੱਚ ਸਮਰਪਿਤ ਫਰੇਟ ਕੌਰੀਡੋਰ ਵਰਗੇ ਆਧੁਨਿਕ ਰੇਲ ਨੈੱਟਵਰਕਾਂ ‘ਤੇ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਵਿਸ਼ੇਸ਼ ਕੌਰੀਡੋਰ ਨਿਯਮਿਤ ਟ੍ਰੈਕਾਂ ‘ਤੇ ਦਬਾਅ ਘਟਾਏਗਾ ਅਤੇ ਹਾਈ ਸਪੀਡ ਰੇਲਾਂ ਲਈ ਹੋਰ ਮੌਕੇ ਪੈਦਾ ਕਰੇਗਾ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ‘ਮੇਡ ਇਨ ਇੰਡੀਆ’ ਦੇ ਪ੍ਰਚਾਰ ਨਾਲ ਰੇਲਵੇ ਇੱਕ ਤਬਦੀਲੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮਹਾਨਗਰਾਂ ਅਤੇ ਰੇਲਵੇ ਲਈ ਆਧੁਨਿਕ ਕੋਚ ਵਿਕਸਿਤ ਕੀਤੇ ਜਾ ਰਹੇ ਹਨ। ਸਟੇਸ਼ਨਾਂ ਦਾ ਵੀ ਪੁਨਰ ਵਿਕਾਸ ਕੀਤਾ ਜਾ ਰਿਹਾ ਹੈ, ਸਟੇਸ਼ਨਾਂ ‘ਤੇ ਸੋਲਰ ਪੈਨਲ ਲਗਾਏ ਜਾ ਰਹੇ ਹਨ ਅਤੇ ਰੇਲਵੇ ਸਟੇਸ਼ਨਾਂ ‘ਤੇ ‘ਇੱਕ ਸਟੇਸ਼ਨ, ਇੱਕ ਉਤਪਾਦ’ ਸਟਾਲ ਲਗਾਏ ਜਾ ਰਹੇ ਹਨ। ਇਹ ਸਾਰੀਆਂ ਪਹਿਲਕਦਮੀਆਂ ਰੇਲਵੇ ਸੈਕਟਰ ਵਿੱਚ ਲੱਖਾਂ ਨਵੇਂ ਰੋਜ਼ਗਾਰ ਦੇ ਮੌਕੇ ਪੈਦਾ ਕਰ ਰਹੀਆਂ ਹਨ। ਸ਼੍ਰੀ ਮੋਦੀ ਨੇ ਅੱਗੇ ਕਿਹਾ, “ਪਿਛਲੇ ਦਹਾਕੇ ਵਿੱਚ, ਲੱਖਾਂ ਨੌਜਵਾਨਾਂ  ਨੇ ਰੇਲਵੇ ਵਿੱਚ ਸਥਾਈ ਸਰਕਾਰੀ ਨੌਕਰੀਆਂ ਪ੍ਰਾਪਤ ਕੀਤੀਆਂ ਹਨ। ਨਵੇਂ ਰੇਲ ਡੱਬਿਆਂ ਦਾ ਉਤਪਾਦਨ ਕਰਨ ਵਾਲੀਆਂ ਫੈਕਟਰੀਆਂ ਵਿੱਚ ਕੱਚੇ ਮਾਲ ਦੀ ਮੰਗ ਹੋਰ ਖੇਤਰਾਂ ਵਿੱਚ ਵੀ ਰੋਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰ ਰਹੀ ਹੈ।”

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਰੇਲਵੇ ਨਾਲ ਸਬੰਧਿਤ ਵਿਸ਼ੇਸ਼ ਕੌਸ਼ਲ ਨੂੰ ਧਿਆਨ ਵਿੱਚ ਰੱਖਦੇ ਹੋਏ, ਦੇਸ਼ ਦੀ ਪਹਿਲੀ ਗਤੀ-ਸ਼ਕਤੀ ਯੂਨੀਵਰਸਿਟੀ ਵੀ ਸਥਾਪਿਤ ਕੀਤੀ ਗਈ ਹੈ। ਜਿਵੇਂ-ਜਿਵੇਂ ਰੇਲਵੇ ਨੈੱਟਵਰਕ ਫੈਲ ਰਿਹਾ ਹੈ, ਨਵੇਂ ਡਿਵੀਜ਼ਨ ਅਤੇ ਹੈੱਡਕੁਆਰਟਰ ਸਥਾਪਿਤ ਕੀਤੇ ਜਾ ਰਹੇ ਹਨ, ਜਿਸ ਨਾਲ ਜੰਮੂ, ਕਸ਼ਮੀਰ, ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਲੇਹ-ਲਦਾਖ ਵਰਗੇ ਖੇਤਰਾਂ ਨੂੰ ਲਾਭ ਪਹੁੰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਜੰਮੂ ਅਤੇ ਕਸ਼ਮੀਰ ਰੇਲਵੇ ਬੁਨਿਆਦੀ ਢਾਂਚੇ ਵਿੱਚ ਨਵੇਂ ਮੀਲ ਪੱਥਰ ਹਾਸਲ ਕਰ ਰਿਹਾ ਹੈ, ਜਿਸ ਵਿੱਚ ਊਧਮਪੁਰ – ਸ੍ਰੀਨਗਰ – ਬਾਰਾਮੂਲਾ ਰੇਲ ਲਾਈਨ ਸ਼ਾਮਲ ਹੈ, ਜਿਸ ਦੀ ਅੱਜ ਪੂਰੇ ਦੇਸ਼ ਵਿੱਚ ਚਰਚਾ ਹੋ ਰਹੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਆਰਚ ਬ੍ਰਿਜ, ਚਿਨਾਬ ਬ੍ਰਿਜ ਦਾ ਪੂਰਾ ਹੋਣਾ, ਇਸ ਖੇਤਰ ਨੂੰ ਭਾਰਤ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗਾ ਅਤੇ ਲੇਹ-ਲੱਦਾਖ ਦੇ ਲੋਕਾਂ ਨੂੰ ਸਹੂਲਤ ਪ੍ਰਦਾਨ ਕਰੇਗਾ।

 

ਸ਼੍ਰੀ ਮੋਦੀ ਨੇ ਕਿਹਾ ਕਿ ਅੰਜੀ ਖੱਡ ਬ੍ਰਿਜ ਵੀ ਇਸ ਪ੍ਰੋਜੈਕਟ ਦਾ ਹਿੱਸਾ ਹੈ ਜੋ ਦੇਸ਼ ਦਾ ਪਹਿਲਾ ਕੇਬਲ ਅਧਾਰਿਤ ਰੇਲਵੇ ਬ੍ਰਿਜ ਹੈ। ਉਨ੍ਹਾਂ ਨੇ ਕਿਹਾ ਕਿ ਚਿਨਾਬ ਬ੍ਰਿਜ ਅਤੇ ਅੰਜੀ ਖੱਡ ਬ੍ਰਿਜ ਇੰਜੀਨੀਅਰਿੰਗ ਦੀਆਂ ਬੇਜੋੜ ਉਦਾਹਰਣਾਂ ਹਨ ਜੋ ਖੇਤਰ ਵਿੱਚ ਆਰਥਿਕ ਪ੍ਰਗਤੀ ਅਤੇ ਸਮ੍ਰਿੱਧੀ ਨੂੰ ਉਤਸ਼ਾਹਿਤ ਕਰਦੇ ਹਨ। 

 

ਪ੍ਰਧਾਨ ਮੰਤਰੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਓਡੀਸ਼ਾ ਵਿੱਚ ਪ੍ਰਚੂਰ ਕੁਦਰਤੀ ਸਰੋਤ ਅਤੇ ਇੱਕ ਵਿਸ਼ਾਲ ਤਟ ਹਨ ਜਿਸ ਨਾਲ ਉੱਥੇ  ਅੰਤਰਰਾਸ਼ਟਰੀ ਵਪਾਰ ਲਈ ਮਹੱਤਵਪੂਰਨ ਸੰਭਾਵਨਾਵਾਂ ਹਨ। ਉਨ੍ਹਾਂ ਨੇ ਕਿਹਾ ਕਿ ਰਾਜ ਵਿੱਚ ₹70,000 ਕਰੋੜ ਤੋਂ ਵੱਧ ਦੇ ਕਈ ਰੇਲਵੇ ਪ੍ਰੋਜੈਕਟ ਚੱਲ ਰਹੇ ਹਨ, ਨਾਲ ਹੀ ਸੱਤ ਗਤੀ ਸ਼ਕਤੀ ਕਾਰਗੋ ਟਰਮੀਨਲਾਂ ਦੀ ਸਥਾਪਨਾ ਵੀ ਕੀਤੀ ਜਾ ਰਹੀ ਹੈ, ਜੋ ਵਪਾਰ ਅਤੇ ਉਦਯੋਗ ਨੂੰ ਵਧਾ ਰਹੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਅੱਜ, ਓਡੀਸ਼ਾ ਵਿੱਚ ਰਾਏਗਡਾ ਰੇਲਵੇ ਡਿਵੀਜ਼ਨ ਦਾ ਨੀਂਹ ਪੱਥਰ ਰੱਖਿਆ ਗਿਆ ਹੈ, ਜੋ ਓਡੀਸ਼ਾ, ਖਾਸ ਕਰਕੇ ਦੱਖਣੀ ਓਡੀਸ਼ਾ ਵਿੱਚ ਸੈਰ-ਸਪਾਟਾ, ਕਾਰੋਬਾਰ ਅਤੇ ਰੋਜ਼ਗਾਰ ਨੂੰ ਉਤਸ਼ਾਹਿਤ ਕਰਨ ਵਾਲੇ ਰਾਜ ਦੇ ਰੇਲਵੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰੇਗਾ, ਜਿੱਥੇ ਕਬਾਇਲੀ ਪਰਿਵਾਰਾਂ ਦੀ ਗਿਣਤੀ ਜ਼ਿਆਦਾ ਹੈ।

 

ਅੱਜ ਤੇਲੰਗਾਨਾ ਵਿੱਚ ਚਰਲਾਪੱਲੀ ਨਵੇਂ ਟਰਮੀਨਲ ਸਟੇਸ਼ਨ ਦਾ ਉਦਘਾਟਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਆਊਟਰ ਰਿੰਗ ਰੋਡ ਨਾਲ ਜੁੜ ਕੇ ਖੇਤਰੀ ਵਿਕਾਸ ਨੂੰ ਤੇਜ਼ ਕਰਨ ਦੀ ਇਸ ਦੀ ਸੰਭਾਵਨਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕਿਹਾ, “ਆਊਟਰ ਰਿੰਗ ਰੋਡ ਨਾਲ ਜੁੜਿਆ ਇਹ ਸਟੇਸ਼ਨ, ਖੇਤਰ ਵਿੱਚ ਵਿਕਾਸ ਨੂੰ ਮਹੱਤਵਪੂਰਨ ਤੌਰ ‘ਤੇ ਵਧਾਏਗਾ।” ਸ਼੍ਰੀ ਮੋਦੀ ਨੇ ਸਟੇਸ਼ਨ ਦੀਆਂ ਆਧੁਨਿਕ ਸਹੂਲਤਾਵਾਂ ‘ਤੇ ਵੀ ਚਾਨਣਾ ਪਾਇਆ ਜਿਸ ਵਿੱਚ ਇਸ ਦੇ ਪਲੈਟਫਾਰਮ, ਲਿਫਟਾਂ, ਐਸਕੇਲੇਟਰ, ਸੋਲਰ ਪਾਵਰ ਨਾਲ ਚੱਲਣ ਵਾਲੇ ਕੰਮ ਸ਼ਾਮਲ ਹਨ, ਬਾਰੇ ਜ਼ਿਕਰ ਕੀਤਾ। ਉਨ੍ਹਾਂ ਨੇ ਅੱਗੇ ਕਿਹਾ, ਕਿ “ਇਹ ਟਿਕਾਊ ਬੁਨਿਆਦੀ ਢਾਂਚੇ ਦੇ ਨਿਰਮਾਣ ਵਿੱਚ ਇੱਕ ਵਧਦਾ ਕਦਮ ਹੈ।” ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਨਵਾਂ ਟਰਮੀਨਲ ਸਿਕੰਦਰਾਬਾਦ, ਹੈਦਰਾਬਾਦ ਅਤੇ ਕਾਚੀਗੁਡਾ ਵਿੱਚ ਮੌਜੂਦਾ ਸਟੇਸ਼ਨਾਂ ‘ਤੇ ਦਬਾਅ ਨੂੰ ਘੱਟ ਕਰੇਗਾ, ਜਿਸ ਨਾਲ ਲੋਕਾਂ ਲਈ ਯਾਤਰਾ ਵਧੇਰੇ ਸੁਵਿਧਾਜਨਕ ਹੋਵੇਗੀ।

 

ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਜਿਹੇ ਪ੍ਰੋਜੈਕਟ ਨਾ ਸਿਰਫ਼ ਈਜ਼ ਆਫ ਲਿਵਿੰਗ ਨੂੰ ਵਧਾਉਂਦੇ ਹਨ, ਸਗੋਂ ਈਜ਼ ਆਫ ਡੂਇੰਗ ਬਿਜ਼ਨਿਸ ਨੂੰ ਵੀ ਉਤਸ਼ਾਹਿਤ ਕਰਦੇ ਹਨ, ਜੋ ਕਿ ਭਾਰਤ ਦੇ ਵਿਆਪਕ ਬੁਨਿਆਦੀ ਢਾਂਚੇ ਦੇ ਟੀਚਿਆਂ ਨਾਲ ਮੇਲ ਖਾਂਦੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਇਸ ਸਮੇਂ ਵੱਡੇ ਪੱਧਰ ‘ਤੇ ਬੁਨਿਆਦੀ ਢਾਂਚੇ ਦੇ ਵਿਸਥਾਰ ਵਿੱਚੋਂ ਗੁਜ਼ਰ ਰਿਹਾ ਹੈ, ਜਿਸ ਵਿੱਚ ਐਕਸਪ੍ਰੈੱਸਵੇਅ, ਵਾਟਰਵੇਅਜ਼ ਅਤੇ ਮੈਟਰੋ ਨੈੱਟਵਰਕ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਹਵਾਈ ਅੱਡਿਆਂ ਦੀ ਗਿਣਤੀ 2014 ਵਿੱਚ 74 ਤੋਂ ਵਧ ਕੇ ਅੱਜ 150 ਤੋਂ ਜ਼ਿਆਦਾ ਹੋ ਗਈ ਹੈ ਅਤੇ ਮੈਟਰੋ ਸੇਵਾਵਾਂ ਦੇਸ਼ ਭਰ ਵਿੱਚ 5 ਸ਼ਹਿਰਾਂ ਤੋਂ 21 ਸ਼ਹਿਰਾਂ ਤੱਕ ਫੈਲ ਗਈਆਂ ਹਨ। ਉਨ੍ਹਾਂ ਕਿਹਾ, “ਇਹ ਪ੍ਰੋਜੈਕਟ ਇੱਕ ਵਿਕਸਿਤ ਭਾਰਤ ਵੱਲ ਇੱਕ ਵੱਡੇ ਰੋਡਮੈਪ ਦਾ ਹਿੱਸਾ ਹਨ, ਜੋ ਹੁਣ ਇਸ ਦੇਸ਼ ਦੇ ਹਰ ਨਾਗਰਿਕ ਲਈ ਇੱਕ ਮਿਸ਼ਨ ਹੈ।”

 

ਭਾਰਤ ਦੀ ਤਰੱਕੀ ਦੇ ਪ੍ਰਤੀ ਭਰੋਸਾ ਜਤਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਸਾਰੇ ਮਿਲ ਕੇ ਵਿਕਾਸ ਨੂੰ ਹੋਰ ਗਤੀ ਦਿਆਂਗੇ। ਉਨ੍ਹਾਂ ਨੇ ਇਨ੍ਹਾਂ ਸਾਰੀਆਂ ਉਪਬਲਧੀਆਂ ਲਈ ਦੇਸ਼ ਦੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਰਾਸ਼ਟਰ ਨਿਰਮਾਣ ਪ੍ਰਤੀ ਸਰਕਾਰ ਦੀ ਵਚਨਬੱਧਤਾ ਦੁਹਰਾਈ।

 

ਇਸ ਸਮਾਗਮ ਵਿੱਚ ਕੇਂਦਰੀ ਰੇਲਵੇ, ਸੂਚਨਾ ਅਤੇ ਪ੍ਰਸਾਰਣ, ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ, ਸ਼੍ਰੀ ਅਸ਼ਵਨੀ ਵੈਸ਼ਣਵ, ਕੇਂਦਰੀ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ, ਵਿਗਿਆਨ ਅਤੇ ਟੈਕਨੋਲੋਜੀ,ਪ੍ਰਿਥਵੀ ਵਿਗਿਆਨ ਕੇਂਦਰੀ ਰਾਜ ਮੰਤਰੀ ਅਤੇ ਪ੍ਰਧਾਨ ਮੰਤਰੀ ਦਫ਼ਤਰ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ, ਕੇਂਦਰੀ ਮੰਤਰੀ ਸ਼੍ਰੀ ਵੀ. ਸੋਮੰਨਾ, ਰਾਜ ਮੰਤਰੀ ਸ਼੍ਰੀ ਰਵਨੀਤ ਸਿੰਘ ਬਿੱਟੂ, ਕੇਂਦਰੀ ਮੰਤਰੀ ਬੰਡੀ ਸੰਜੈ ਕੁਮਾਰ, ਓਡੀਸ਼ਾ ਦੇ ਰਾਜਪਾਲ ਸ਼੍ਰੀ ਹਰੀ ਬਾਬੂ ਕੰਭਮਪਤੀ, ਤੇਲੰਗਾਨਾ ਦੇ ਰਾਜਪਾਲ ਸ਼੍ਰੀ ਜਿਸ਼ਨੂ ਦੇਵ ਵਰਮਾ, ਜੰਮੂ ਅਤੇ ਕਸ਼ਮੀਰ ਦੇ ਉਪ ਰਾਜਪਾਲ ਸ਼੍ਰੀ ਮਨੋਜ ਸਿਨਹਾ, ਜੰਮੂ ਅਤੇ ਕਸ਼ਮੀਰ ਦੇ ਮੁੱਖ ਮੰਤਰੀ ਸ਼੍ਰੀ ਓਮਰ ਅਬਦੁੱਲਾ, ਤੇਲੰਗਾਨਾ ਦੇ ਮੁੱਖ ਮੰਤਰੀ ਸ਼੍ਰੀ ਏ ਰੇਵੰਤ ਰੈੱਡੀ ਅਤੇ ਓਡੀਸ਼ਾ ਦੇ ਮੁੱਖ ਮੰਤਰੀ ਸ਼੍ਰੀ ਮੋਹਨ ਚਰਨ ਮਾਝੀ ਸਮੇਤ ਹੋਰ ਪਤਵੰਤੇ ਮੌਜੂਦ ਸਨ।

 

ਪਿਛੋਕੜ

ਜੰਮੂ-ਕਸ਼ਮੀਰ ਖੇਤਰ ਵਿੱਚ ਕਨੈਕਟੀਵਿਟੀ ਨੂੰ ਹੋਰ ਵਧਾਉਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਪ੍ਰਧਾਨ ਮੰਤਰੀ ਨੇ ਨਵੇਂ ਜੰਮੂ ਰੇਲਵੇ ਡਿਵੀਜ਼ਨ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਪੂਰਬੀ ਤਟਵਰਤੀ ਰੇਲਵੇ ਦੇ ਰਾਏਗਡਾ ਰੇਲਵੇ ਡਿਵੀਜ਼ਨ ਭਵਨ ਦਾ ਨੀਂਹ ਪੱਥਰ ਵੀ ਰੱਖਿਆ ਅਤੇ ਤੇਲੰਗਾਨਾ ਵਿੱਚ ਚਰਲਾਪੱਲੀ ਨਵੇਂ ਟਰਮੀਨਲ ਸਟੇਸ਼ਨ ਦਾ ਉਦਘਾਟਨ ਕੀਤਾ।

ਪਠਾਨਕੋਟ – ਜੰਮੂ – ਊਧਮਪੁਰ – ਸ੍ਰੀਨਗਰ – ਬਾਰਾਮੂਲਾ, ਭੋਗਪੁਰ ਸਿਰਵਾਲ – ਪਠਾਨਕੋਟ, ਬਟਾਲਾ – ਪਠਾਨਕੋਟ ਅਤੇ ਪਠਾਨਕੋਟ ਤੋਂ ਜੋਗਿੰਦਰ ਨਗਰ ਸੈਕਸ਼ਨਾਂ ਨੂੰ ਸ਼ਾਮਲ ਕਰਦੇ ਹੋਏ 742.1 ਕਿਲੋਮੀਟਰ ਲੰਬੇ ਜੰਮੂ ਰੇਲਵੇ ਡਿਵੀਜ਼ਨ ਦੀ ਸਿਰਜਣਾ ਨਾਲ ਜੰਮੂ ਅਤੇ ਕਸ਼ਮੀਰ ਅਤੇ ਆਲੇ ਦੁਆਲੇ ਦੇ ਖੇਤਰਾਂ ਨੂੰ ਕਾਫ਼ੀ ਲਾਭ ਹੋਵੇਗਾ, ਲੋਕਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਇੱਛਾ ਪੂਰੀ ਹੋਵੇਗੀ ਅਤੇ ਭਾਰਤ ਦੇ ਹੋਰ ਹਿੱਸਿਆਂ ਨਾਲ ਸੰਪਰਕ ਵਿੱਚ ਸੁਧਾਰ ਹੋਵੇਗਾ। ਇਸ ਨਾਲ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ, ਬੁਨਿਆਦੀ ਢਾਂਚੇ ਦਾ ਵਿਕਾਸ ਹੋਵੇਗਾ, ਸੈਰ-ਸਪਾਟੇ ਨੂੰ ਉਤਸ਼ਾਹਿਤ ਮਿਲੇਗਾ ਅਤੇ ਖੇਤਰ ਦਾ ਸਮੁੱਚਾ ਸਮਾਜਿਕ-ਆਰਥਿਕ ਵਿਕਾਸ ਹੋਵੇਗਾ।

 

ਤੇਲੰਗਾਨਾ ਦੇ ਮੇਡਚਲ-ਮਲਕਜਗਿਰੀ ਜ਼ਿਲ੍ਹੇ ਵਿੱਚ ਚਰਲਾਪੱਲੀ ਨਵੇਂ ਟਰਮੀਨਲ ਸਟੇਸ਼ਨ ਨੂੰ ਲਗਭਗ 413 ਕਰੋੜ ਰੁਪਏ ਦੀ ਲਾਗਤ ਨਾਲ ਦੂਸਰੇ ਪ੍ਰਵੇਸ਼ ਮਾਰਗ ਦੇ ਪ੍ਰਾਵਧਾਨ ਨਾਲ ਨਵੇਂ ਕੋਚਿੰਗ ਟਰਮੀਨਲ ਦੇ ਤੌਰ ‘ਤੇ ਵਿਕਸਿਤ ਕੀਤਾ ਗਿਆ ਹੈ। ਵਾਤਾਵਰਣ ਅਨੁਕੂਲ ਇਸ ਟਰਮੀਨਲ ਵਿੱਚ ਬਿਹਤਰ ਯਾਤਰੀ ਸੁਵਿਧਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ। ਇਸ ਨਾਲ ਸਿਕੰਦਰਾਬਾਦ, ਹੈਦਰਾਬਾਦ ਅਤੇ ਕਾਚੀਗੁਡਾ ਵਿੱਚ ਸਥਿਤ ਸ਼ਹਿਰ ਦੇ ਮੌਜੂਦਾ ਕੋਚਿੰਗ ਟਰਮੀਨਲਾਂ ‘ਤੇ ਭੀੜ-ਭੜੱਕੇ ਨੂੰ ਘਟਾਉਣ ਵਿੱਚ ਮਦਦ ਮਿਲੇਗੀ। 

ਪ੍ਰਧਾਨ ਮੰਤਰੀ ਨੇ ਪੂਰਬੀ ਤਟ ਰੇਲਵੇ ਦੇ ਰਾਏਗਡਾ ਰੇਲਵੇ ਡਿਵੀਜ਼ਨ ਭਵਨ ਦਾ ਨੀਂਹ ਪੱਥਰ ਵੀ ਰੱਖਿਆ। ਇਸ ਨਾਲ ਓਡੀਸ਼ਾ, ਆਂਧਰ ਪ੍ਰਦੇਸ਼ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਕਨੈਕਟੀਵਿਟੀ ਵਿੱਚ ਸੁਧਾਰ ਹੋਵੇਗਾ ਅਤੇ ਖੇਤਰ ਦੇ ਸਮੁੱਚੇ ਸਮਾਜਿਕ-ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ।

 

  

****************

ਐੱਮਜੇਪੀਐੱਸ/ਵੀਜੇ/ਆਰਟੀ