Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਹਾਨ ਤਮਿਲ ਕਵੀ ਸੁਬਰਾਮਣੀਆ ਭਾਰਤੀ ਦੇ ਸੰਪੂਰਨ ਰਚਨਾ ਸੰਗ੍ਰਹਿ ਨੂੰ ਰਿਲੀਜ਼ ਕੀਤਾ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਹਾਨ ਤਮਿਲ ਕਵੀ ਸੁਬਰਾਮਣੀਆ ਭਾਰਤੀ ਦੇ ਸੰਪੂਰਨ ਰਚਨਾ ਸੰਗ੍ਰਹਿ ਨੂੰ  ਰਿਲੀਜ਼ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ 7, ਲੋਕ ਕਲਿਆਣ ਮਾਰਗ ਸਥਿਤ ਆਪਣੇ ਸਰਕਾਰੀ ਆਵਾਸ ‘ਤੇ ਮਹਾਨ ਤਮਿਲ ਕਵੀ ਅਤੇ ਸੁਤੰਤਰਤਾ ਸੈਨਾਨੀ ਸੁਬਰਾਮਣੀਆ ਭਾਰਤੀ ਦੀਆਂ ਸੰਪੂਰਨ ਰਚਨਾਵਾਂ ਦੇ ਸੰਗ੍ਰਹਿ ਨੂੰ ਰਿਲੀਜ਼ ਕੀਤਾ। ਸ਼੍ਰੀ ਸੁਬਰਾਮਣੀਆ ਭਾਰਤੀ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਦਿੰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਦਾ ਦਿਨ ਭਾਰਤ ਦੇ ਸੱਭਿਆਚਾਰ ਅਤੇ ਸਾਹਿਤ, ਭਾਰਤ ਦੇ ਸੁਤੰਤਰਤਾ ਸੰਗ੍ਰਾਮ ਦੀਆਂ ਯਾਦਾਂ ਅਤੇ ਤਮਿਲ ਨਾਡੂ ਦੇ ਗੌਰਵ ਦਾ ਬਹੁਤ ਵੱਡਾ ਅਵਸਰ ਹੈ। ਉਨ੍ਹਾਂ ਨੇ ਕਿਹਾ ਕਿ ਮਹਾਕਵੀ ਸੁਬਰਾਮਣੀਆ ਭਾਰਤੀ ਦੀਆਂ ਰਚਨਾਵਾਂ ਦੇ ਪ੍ਰਕਾਸ਼ਨ ਦੇ ਨਾਲ ਅੱਜ ਇਸ ਮਹਾਨ ਕਾਰਜ ਦੀ ਪੂਰਨਾਵਤੀ ਹੋ ਰਹੀ ਹੈ।

ਪ੍ਰਧਾਨ ਮੰਤਰੀ ਨੇ 21 ਖੰਡਾਂ ਵਿੱਚ ‘ਕਾਲਾ ਵਾਰਿਸਾਈਲ ਭਾਰਤੀਯਾਰ  ਪਦਾਈਪੁਗਲ’ (‘कालवरिसैयिल् भारतियार् पडैप्पुगळ्’)  ਦੇ ਸੰਕਲਨ ਲਈ ਛੇ ਦਹਾਕਿਆਂ ਦੇ ਅਸਾਧਾਰਣ, ਬੇਮਿਸਾਲ ਅਤੇ ਅਣਥੱਕ ਮਿਹਨਤ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਵਿਸ਼ਵਨਾਥਨ ਜੀ ਦੀ ਸਖ਼ਤ ਮਿਹਨਤ ਇੱਕ ਅਜਿਹੀ ਸਾਧਨਾ ਹੈ, ਜਿਸ ਦਾ ਲਾਭ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਿਲੇਗਾ। ਸ਼੍ਰੀ ਮੋਦੀ ਨੇ ਕਿਹਾ ਕਿ ਸ਼੍ਰੀ ਵਿਸ਼ਵਨਾਥਨ ਦੀ ਤਪੱਸਿਆ ਨੇ ਉਨ੍ਹਾਂ ਨੂੰ ਮਹਾ-ਮਹੋਪਾਧਿਆਏ ਪਾਂਡੁਰੰਗ ਵਾਮਨ ਕਾਣੇ ਦੀ ਯਾਦ ਦਿਲਵਾ ਦਿੱਤੀ ਹੈ ਜਿਨ੍ਹਾਂ ਨੇ ਆਪਣੇ ਜੀਵਨ ਦੇ 35 ਵਰ੍ਹੇ ਧਰਮ ਸ਼ਾਸਤਰ ਦਾ ਇਤਿਹਾਸ ਲਿਖਣ ਵਿੱਚ ਲਗਾਏ ਸਨ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਸ਼੍ਰੀ ਸੀਨੀ ਵਿਸ਼ਵਨਾਥਨ ਦਾ ਕਾਰਜ ਅਕਾਦਮਿਕ ਜਗਤ ਵਿੱਚ ਇੱਕ ਮਾਪਦੰਡ ਬਣੇਗਾ। ਉਨ੍ਹਾਂ ਨੇ ਸ਼੍ਰੀ ਵਿਸ਼ਵਨਾਥਨ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਉਨ੍ਹਾਂ ਦੇ ਮੌਲਿਕ ਕੰਮ ਲਈ ਵਧਾਈ ਦਿੱਤੀ।

‘ਕਾਲਾ ਵਾਰਿਸਾਈਲ ਭਾਰਤੀ ਪਦਾਈਪੁਗਲ’ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ 23 ਵੌਲਿਊਮ ਵਿੱਚ ਭਾਰਤੀ ਜੀ ਦੀਆਂ ਰਚਨਾਵਾਂ ਦਾ ਸਮਾਵੇਸ਼ ਹੀ ਨਹੀਂ ਬਲਕਿ ਇਸ ਵਿੱਚ ਉਨ੍ਹਾਂ ਦੇ ਸਾਹਿਤ ਜਾਂ ਸਾਹਿਤਕ ਯਾਤਰਾ ਦੇ ਗਹਿਨ ਪਿਛੋਕੜ ਦੀ ਜਾਣਕਾਰੀ ਅਤੇ ਉਨ੍ਹਾਂ ਦੀਆਂ ਰਚਨਾਵਾਂ ਦਾ ਗਹਿਨ  ਦਾਰਸ਼ਨਿਕ ਵਿਸ਼ਲੇਸ਼ਣ ਵੀ ਸ਼ਾਮਲ ਹੈ। ਇਸ ਦੇ ਹਰ ਵੌਲਿਊਮ  ਵਿੱਚ ਟਿੱਪਣੀ, ਵੇਰਵੇ ਅਤੇ ਟੀਕਾ ਨੂੰ ਜਗ੍ਹਾ ਦਿੱਤੀ ਗਈ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਨਾਲ ਭਾਰਤੀ ਜੀ ਦੇ ਵਿਚਾਰਾਂ ਨੂੰ ਗਹਿਰਾਈ ਨਾਲ ਜਾਣਨ, ਉਸ ਵਿੱਚ ਮਰਮ ਨੂੰ ਸਮਝਣ ਅਤੇ ਉਸ ਕਾਲਖੰਡ ਦੇ ਲੈਂਡਸਕੇਪ ਨੂੰ ਸਮਝਣ ਵਿੱਚ ਬਹੁਤ ਮਦਦ ਮਿਲੇਗੀ। ਨਾਲ ਹੀ ਇਹ ਸੰਕਲਨ ਖੋਜ ਕਰਤਾਵਾਂ ਅਤੇ ਵਿਦਵਾਨਾਂ ਲਈ ਵੀ ਬਹੁਤ ਸਹਾਇਕ ਸਿੱਧ ਹੋਵੇਗਾ।

ਗੀਤਾ ਜਯੰਤੀ ‘ਤੇ ਆਪਣੀ ਹਾਰਦਿਕ ਸ਼ੁਭਕਾਮਨਾਵਾਂ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼੍ਰੀ ਸੁਬਰਾਮਣੀਆ ਭਾਰਤੀ ਜੀ ਦੀ ਗੀਤਾ ਦੇ ਪ੍ਰਤੀ ਗਹਿਰੀ ਆਸਥਾ ਸੀ। ਉਨ੍ਹਾਂ ਨੇ ਸ਼੍ਰੀ ਭਾਰਤੀ ਦੇ ਗੀਤਾ ਗਿਆਨ ਦੀ ਗਹਿਰੀ ਸਮਝ ਦੀ ਵੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼੍ਰੀ ਭਾਰਤੀ ਨੇ ਗੀਤਾ ਦਾ ਤਮਿਲ ਵਿੱਚ ਅਨੁਵਾਦ ਕੀਤਾ ਅਤੇ ਇਸ ਧਾਰਮਿਕ ਗ੍ਰੰਥ ਦੇ ਗਹਿਨ  ਸੰਦੇਸ਼ਾਂ ਦੀ ਸਰਲ ਅਤੇ ਸੁਗਮ ਵਿਆਖਿਆ ਕੀਤੀ। ਉਨ੍ਹਾਂ ਨੇ ਕਿਹਾ ਕਿ ਗੀਤਾ ਜਯੰਤੀ, ਸੁਬਰਾਮਣੀਆ ਭਾਰਤੀ ਜੀ ਦੀ ਜਯੰਤੀ ਅਤੇ ਉਨ੍ਹਾਂ ਦੀਆਂ ਰਚਨਾਵਾਂ ਦਾ ਪ੍ਰਕਾਸ਼ਨ ‘ਤ੍ਰਿਵੇਣੀ’ ਦੇ ਸਮਾਨ ਇੱਕ ਅਦਭੁਤ ਸੰਗਮ ਹੈ।

ਪ੍ਰਧਾਨ ਮੰਤਰੀ ਨੇ ਭਾਰਤੀ ਦਰਸ਼ਨ ਵਿੱਚ ‘ਸ਼ਬਦ ਬ੍ਰਹਮਾ’ ਦੀ ਧਾਰਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਭਾਰਤ ਨੇ ਹਮੇਸ਼ਾ ਸ਼ਬਦਾਂ ਨੂੰ ਅਭਿਵਿਅਕਤੀ ਦੇ ਮਾਧਿਅਮ ਨਾਲ ਕਿਤੇ ਵਧ ਮੰਨਿਆ ਹੈ, ਅਤੇ ਉਨ੍ਹਾਂ ਦੀ ਅਸੀਮ ਸ਼ਕਤੀ ਨੂੰ ਵਿਅਕਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਰਿਸ਼ੀਆਂ ਅਤੇ ਵਿਚਾਰਕਾਂ ਦੇ ਸ਼ਬਦ ਉਨ੍ਹਾਂ ਦੇ ਚਿੰਤਨ, ਅਨੁਭਵਾਂ ਅਤੇ ਉਨ੍ਹਾਂ ਦੀ ਸਾਧਨਾ ਦੇ ਸਾਰ ਹੁੰਦੇ ਹਨ, ਇਸ ਲਈ ਉਨ੍ਹਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਰੱਖਣਾ ਸਾਡਾ ਸਭ ਦਾ ਕਰਤੱਵ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਮਹੱਤਵਪੂਰਨ ਕਾਰਜਾਂ ਨੂੰ ਸੰਕਲਿਤ ਕਰਨ ਦੀ ਇਹ ਪਰੰਪਰਾ ਅੱਜ ਵੀ ਪ੍ਰਾਸੰਗਿਕ ਹੈ।

ਉਨ੍ਹਾਂ ਨੇ ਕਿਹਾ ਕਿ ਉਦਹਾਰਣ ਲਈ , ਪੁਰਾਣਾਂ ਵਿੱਚ ਵਿਵਸਥਿਤ ਤੌਰ ‘ਤੇ ਸੁਰੱਖਿਅਤ ਮਹਾਰਿਸ਼ੀ ਵਿਆਸ ਦੀਆਂ ਰਚਨਾਵਾਂ ਅੱਜ ਵੀ ਗੂੰਜਦੀਆਂ ਹਨ। ਕੁਝ ਹੋਰ ਉਦਹਾਰਣਾਂ ਦਿੰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਦੀਆਂ ਸੰਪੂਰਨ ਰਚਨਾਵਾਂ, ਡਾ. ਬਾਬਾ ਸਾਹੇਬ ਅੰਬੇਡਕਰ ਦੇ ਲੇਖ ਅਤੇ ਭਾਸ਼ਣ ਅਤੇ ਦੀਨ ਦਿਆਲ ਉਪਾਧਿਆਏ ਜੀ ਦੀਆਂ ਸੰਪੂਰਨ ਰਚਨਾਵਾਂ ਸਮਾਜ ਅਤੇ ਸਿੱਖਿਆ ਜਗਤ ਦੇ ਲਈ ਬਹੁਤ ਉਪਯੋਗੀ ਸਿੱਧ ਹੋ ਰਹੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਥਿਰੂਕੁਰਲ ਦਾ ਵੀ ਵਿਭਿੰਨ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਦਾ ਕੰਮ ਜਾਰੀ ਹੈ ਜੋ ਭਾਰਤ ਦੀ ਸਾਹਿਤਕ ਵਿਰਾਸਤ ਨੂੰ ਸੁਰੱਖਿਅਤ ਰੱਖਣ ਅਤੇ ਹੁਲਾਰਾ ਦੇਣ ਦੇ ਪ੍ਰਤੀ ਸਮਰਪਣ ਦੀ ਉਦਾਹਰਣ ਹੋਵੇਗਾ। ਉਨ੍ਹਾਂ ਨੇ ਕਿਹਾ ਪਿਛਲੇ ਵਰ੍ਹੇ ਪਾਪੂਆ ਨਿਊ ਗਿਨੀ ਦੀ ਯਾਤਰਾ ਦੌਰਾਨ ਉਨ੍ਹਾਂ ਨੂੰ ਉੱਥੋਂ ਦੇ ਸਥਾਨਕ ਟੋਕ ਪਿਸਿਨ ਭਾਸ਼ਾ ਵਿੱਚ ਥਿਰੂਕੁਰਲ ਦੀ ਰਿਲੀਜ਼ ਕਰਨ ਅਤੇ ਉਸ ਤੋਂ ਪਹਿਲਾਂ ਆਪਣੇ ਸਰਕਾਰੀ ਆਵਾਸ ‘ਤੇ ਇਸ ਦੇ ਗੁਜਰਾਤੀ ਅਨੁਵਾਦ ਦੀ ਰਿਲੀਜ਼ ਕਰਨ ਦਾ ਅਵਸਰ ਮਿਲਿਆ ਸੀ। ਦੇਸ਼ ਦੀਆਂ ਜ਼ਰੂਰਤਾਂ ਦੇ ਅਨੁਰੂਪ ਕੰਮ ਕਰਨ ਵਾਲੇ ਮਹਾਨ ਵਿਚਾਰਕ ਦੇ ਰੂਪ ਵਿੱਚ ਸੁਬਰਾਮਣੀਆ ਭਾਰਤੀ ਦੀ ਸ਼ਲਾਘਾ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਹਰ ਉਸ ਦਿਸ਼ਾ ਵਿੱਚ ਕੰਮ ਕੀਤਾ ਜਿਸ ਦੀ ਉਸ ਕਾਲਖੰਡ ਵਿੱਚ ਦੇਸ਼ ਨੂੰ ਜ਼ਰੂਰਤ ਸੀ। ਉਨ੍ਹਾਂ ਨੇ ਕਿਹਾ ਕਿ ਭਾਰਤੀਯਾਰ ਕੇਵਲ ਤਮਿਲ ਨਾਡੂ ਅਤੇ ਤਮਿਲ ਭਾਸ਼ਾ ਦੀ ਧਰੋਹਰ ਨਹੀ ਸਨ ਬਲਕਿ ਅਜਿਹੇ ਵਿਚਾਰਕ ਸਨ ਜਿਨ੍ਹਾ ਦਾ ਹਰ ਸਾਹ ਮਾਂ ਭਾਰਤੀ ਦੀ ਸੇਵਾ ਲਈ ਸਮਰਪਿਤ ਸੀ, ਜਿਨ੍ਹਾਂ ਨੇ ਭਾਰਤ ਦੇ ਉਤਕਰਸ਼ ਅਤੇ ਗੌਰਵ ਦਾ ਸੁਪਨਾ ਦੇਖਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਕਰਤੱਵ ਭਾਵਨਾ ਦੇ ਨਾਲ ਭਾਰਤੀਯਾਰ  ਜੀ ਦੇ ਯੋਗਦਾਨ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਨਿਰੰਤਰ ਕੰਮ ਕੀਤਾ। ਉਨ੍ਹਾਂ  ਨੇ ਕਿਹਾ ਕਿ 2020 ਵਿੱਚ, ਜਦੋਂ ਪੂਰਾ ਵਿਸ਼ਵ ਕੋਵਿਡ ਮਹਾਮਾਰੀ ਤੋਂ ਪ੍ਰਭਾਵਿਤ ਸੀ ਤਦ ਵੀ ਸਰਕਾਰ ਨੇ ਸੁਬਰਾਮਣੀਆ ਭਾਰਤੀ ਜੀ ਦੀ 100ਵੀਂ ਬਰਸੀ ਸ਼ਾਨਦਾਰ ਤਰੀਕੇ ਨਾਲ ਮਨਾਈ। ਸ਼੍ਰੀ ਮੋਦੀ ਨੇ ਕਿਹਾ ਕਿ ਉਹ ਖੁਦ ਇੰਟਰਨੈਸ਼ਨਲ ਫੈਸਟੀਵਲ ਆਫ ਇੰਡੀਆ ਵਿੱਚ ਸ਼ਾਮਲ ਹੋਏ ਸਨ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਭਾਰਤ ਅਤੇ ਵਿਦੇਸ਼ਾਂ ਵਿੱਚ ਮਹਾ ਕਵਿ ਭਾਰਤੀ ਦੇ ਵਿਚਾਰਾਂ ਦੇ ਜ਼ਰੀਏ ਭਾਰਤੀ ਵਿਜ਼ਨ ਦੁਨੀਆ ਦੇ ਸਾਹਮਣੇ ਰੱਖਿਆ ਹੈ। ਕਾਸ਼ੀ ਨੂੰ ਸਵੈ ਅਤੇ ਸੁਬਰਾਮਣੀਆ ਭਾਰਤੀ ਦਰਮਿਆਨ ਜੀਵੰਤ ਅਤੇ ਅਧਿਆਤਮਿਕ ਕੜੀ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਸ਼ੀ ਵਿੱਚ ਗੁਜ਼ਾਰਿਆ ਗਿਆ ਸ਼੍ਰੀ ਭਾਰਤੀ ਦਾ ਸਮਾਂ ਉੱਥੋਂ ਦੀ ਵਿਰਾਸਤ ਦਾ ਹਿੱਸਾ ਬਣ ਗਿਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸ਼੍ਰੀ ਭਾਰਤੀ ਗਿਆਨ ਪ੍ਰਾਪਤ ਕਰਨ ਲਈ ਕਾਸ਼ੀ ਆਏ ਸਨ ਅਤੇ ਉੱਥੋਂ ਦੇ ਹੋ ਕੇ ਰਹਿ ਗਏ। ਉਨ੍ਹਾਂ ਦੇ ਪਰਿਵਾਰ ਦੇ ਕਈ ਮੈਂਬਰ ਅੱਜ ਵੀ ਕਾਸ਼ੀ ਵਿੱਚ ਰਹਿੰਦੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਕਾਸ਼ੀ ਵਿੱਚ ਰਹਿਣ ਦੌਰਾਨ ਹੀ ਭਾਰਤੀਯਾਰ  ਨੂੰ ਸ਼ਾਨਦਾਰ ਮੁੱਛਾਂ ਰੱਖਣ ਦੀ ਪ੍ਰੇਰਣਾ ਮਿਲੀ ਸੀ। ਉਨ੍ਹਾਂ ਨੇ ਆਪਣੀ ਕਈ ਰਚਨਾਵਾਂ ਕਾਸ਼ੀ ਵਿੱਚ ਰਹਿੰਦੇ ਹੋਏ ਹੀ ਲਿਖੀਆਂ। ਸਾਂਸਦ ਦੇ ਤੌਰ ‘ਤੇ ਵਾਰਾਣਸੀ ਦਾ ਪ੍ਰਤੀਨਿਧਤਾ ਕਰ ਰਹੇ ਪ੍ਰਧਾਨ ਮੰਤਰੀ ਸ਼੍ਰੀ ਨੇ ਭਾਰਤੀਯਾਰ  ਦੇ ਸ਼ਬਦ ਸੰਗ੍ਰਹਿ ਦੇ ਪਵਿੱਤਰ ਕਾਰਜ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਇਹ ਸਰਕਾਰ ਦਾ ਸੁਭਾਗ ਹੈ ਕਿ ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਮਹਾਕਵੀ ਭਾਰਤੀਯਾਰ ਦੇ ਯੋਗਦਾਨ ਨੂੰ ਸਮਰਪਿਤ ਇੱਕ ਚੇਅਰ ਦੀ ਸਥਾਪਨਾ ਕੀਤੀ ਗਈ ਹੈ।

ਪ੍ਰਧਾਨ ਮੰਤਰੀ ਨੇ ਮਹਾਨ ਕਵੀ ਅਤੇ ਦੂਰਦਰਸ਼ੀ ਸ਼੍ਰੀ ਸੁਬਰਾਮਣੀਆ ਭਾਰਤੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਭਾਰਤ ਦੇ ਸੱਭਿਆਚਾਰਕ, ਬੌਧਿਕ ਅਤੇ ਸਮਾਜਿਕ ਤਾਣੇ-ਬਾਣੇ ਵਿੱਚ ਉਨ੍ਹਾਂ ਦੇ ਅਦੁੱਤੀ ਯੋਗਦਾਨ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਸੁਬਰਾਮਣੀਆ ਭਾਰਤੀ ਜਿਹੀ ਸ਼ਖਸੀਅਤ ਸਦੀਆਂ ਵਿੱਚ ਕਦੇ ਕਦਾਈਂ ਜਨਮ ਲੈਂਦਾ ਹੈ। ਉਨ੍ਹਾਂ ਨੇ ਸਿਰਫ 39 ਵਰ੍ਹਿਆਂ ਦੇ ਜੀਵਨ ਵਿੱਚ ਸਾਡੇ ਰਾਸ਼ਟਰ ’ਤੇ ਇੱਕ ਅਮਿਟ ਛਾਪ ਛੱਡੀ। ਸ਼੍ਰੀ ਮੋਦੀ ਨੇ ਕਿਹਾ ਕਿ ਆਪਣੇ ਸ਼ਕਤੀਸ਼ਾਲੀ ਸ਼ਬਦਾਂ ਵਿੱਚ ਉਨ੍ਹਾਂ ਨੂੰ ਨਾ ਸਿਰਫ ਰਾਸ਼ਟਰ ਪ੍ਰੇਮ ਦੀ ਭਾਵਨਾ ਜਗਾਈ ਬਲਕਿ ਲੋਕਾਂ ਦੀ ਸਮੂਹਿਕ ਚੇਤਨਾ ਨੂੰ ਵੀ ਜਾਗ੍ਰਿਤ ਕੀਤਾ। ਇਹ ਉਨ੍ਹਾਂ ਦੁਆਰਾ ਲਿਖੀ ਕਵਿਤਾ ਦੀਆਂ ਲਾਈਨਾਂ ਵਿੱਚ ਗਹਿਰਾਈ ਝਲਕਦੀ ਹੈ ਅਤੇ ਅੱਜ ਵੀ ਸਾਡੇ ਦਰਮਿਆਨ ਗੂੰਜਦੀਆਂ ਹਨ। एनरु ਐਂਡਰੂ ਤਨੀਯਮ ਇੰਧਾ ਸੁਧੰਧਿਰਾ ਧਾਗਮ? ਐਂਡਰੂ ਮਦਿਯਮ ਐਂਗਲ ਆਦਿਮਾਯਿਨ ਮੋਆਗਮ? (” एनरु तन्युम इंधा सुदंधिरा थागम? एनरु मदियुम एंगल आडिमायिन मोगम?”,), ਜਿਸ ਦਾ ਅਰਥ ਹੈ ਸੁਤੰਤਰਤਾ ਦੀ ਇਹ ਪਿਆਸ ਕਦੋਂ ਬੁਝੇਗੀ? ਗੁਲਾਮੀ ਤੋਂ ਉਭਰਣ ਦੀ ਸਾਡੀ ਲਾਲਸਾ ਕਦੋਂ ਪੂਰੀ ਹੋਵੇਗੀ? ਪੱਤਰਕਾਰਿਤਾ ਅਤੇ ਸਾਹਿਤ ਵਿੱਚ ਭਾਰਤੀ ਜੀ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤੀ ਜੀ ਨੇ 1906 ਵਿੱਚ ਇੰਡੀਆ ਵ੍ਹੀਕਲੀ ਸ਼ੁਰੂ ਕਰਕੇ ਪੱਤਰਕਾਰਿਤਾ ਵਿੱਚ ਕ੍ਰਾਂਤੀ ਲਿਆ ਦਿੱਤੀ ਸੀ।

ਰਾਜਨੀਤਕ ਕਾਰਟੂਨ ਨਾਲ ਲੈਸ ਇਹ ਪਹਿਲਾ ਤਮਿਲ ਸਮਾਚਾਰ ਪੱਤਰ ਸੀ। ਕੱਨਨ ਪੱਟੂ (कन्नन पट्टू ) ਜਿਹੀਆਂ ਉਨ੍ਹਾਂ ਦੀਆਂ ਕਵਿਤਾਵਾਂ ਉਨ੍ਹਾਂ ਦੀ ਗਹਿਨ ਅਧਿਆਤਮਿਕਤਾ ਅਤੇ ਵੰਚਿਤਾਂ ਦੇ ਪ੍ਰਤੀ ਗਹਿਰੀ ਹਮਦਰਦੀ ਨੂੰ ਦਰਸਾਉਂਦੀਆਂ ਹਨ। ਆਪਣੀ ਕਵਿਤਾ ਵਿੱਚ ਉਨ੍ਹਾਂ ਨੇ ਗ਼ਰੀਬਾਂ ਲਈ ਕੱਪੜੇ ਦਾਨ ਕਰਨ ਦੀ ਤਾਕੀਦ ਕੀਤੀ ਹੈ ਜੋ ਇਹ ਦਿਖਾਉਂਦੀ ਹੈ ਕਿ ਕਿਵੇਂ ਉਨ੍ਹਾਂ ਨੇ ਆਪਣੀਆਂ ਰਚਨਾਵਾਂ ਨਾਲ ਲੋਕਾਂ ਨੂੰ ਪਰੋਪਕਾਰ ਦੇ ਲਈ ਪ੍ਰੇਰਿਤ ਕੀਤਾ। ਸ਼੍ਰੀ ਭਾਰਤੀ ਨੂੰ ਪ੍ਰੇਰਣਾ ਦਾ ਸਾਖਿਆਤ ਸਰੋਤ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਨਿਡਰ ਸਪਸ਼ਟਤਾ ਅਤੇ ਬਿਹਤਰ ਭਵਿੱਖ ਦੇ ਉਨ੍ਹਾਂ ਦੇ ਕਾਲਾਤੀਤ ਦ੍ਰਿਸ਼ਟੀਕੋਣ ਦੀ ਸ਼ਲਾਘਾ ਕੀਤੀ ਜਿਸ ਨੇ ਹਮੇਸ਼ਾ ਲੋਕਾਂ ਵਿੱਚ ਸੁਤੰਤਰਤਾ, ਸਮਾਨਤਾ ਅਤੇ ਦਇਆ ਦੀ ਭਾਵਨਾ ਜਾਗ੍ਰਿਤ ਕਰਨ ਦਾ ਪ੍ਰਯਾਸ ਕੀਤਾ।

ਪ੍ਰਧਾਨ ਮੰਤਰੀ ਨੇ ਸ਼੍ਰੀ ਭਾਰਤੀਯਾਰ  ਨੂੰ ਦੂਰਦਰਸ਼ੀ ਪੁਰਸ਼ ਦੱਸਦੇ ਹੋਏ ਕਿਹਾ ਕਿ ਸਮਾਜ ਜਦੋਂ ਕਈ ਮੁਸ਼ਕਲਾਂ ਵਿੱਚ ਉਲਝਿਆ ਹੋਇਆ ਸੀ ਤਦ ਭਾਰਤੀਯਾਰ  ਨੇ ਯੁਵਾ ਅਤੇ ਮਹਿਲਾ ਸਸ਼ਕਤੀਕਰਣ ਦੇ ਪ੍ਰਬਲ ਸਮਰਥਕ ਦੇ ਤੌਰ ‘ਤੇ ਸਮਾਜ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਦਾ ਸਾਇੰਸ ਅਤੇ ਇਨੋਵੇਸ਼ਨ ਵਿੱਚ ਵੀ ਅਟੁੱਟ ਵਿਸ਼ਵਾਸ ਸੀ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਭਾਰਤੀਯਾਰ ਨੇ ਇੱਕ ਅਜਿਹੇ ਸੰਚਾਰ ਦੀ ਕਲਪਨਾ ਕੀਤੀ ਸੀ ਜੋ ਦੂਰੀਆਂ ਨੂੰ ਘੱਟ ਕਰਕੇ ਪੂਰੇ ਦੇਸ਼ ਨੂੰ ਜੋੜ੍ਹੇਗਾ। ਸੁਬਰਾਮਣੀਆ ਭਾਰਤੀ ਦੀਆਂ ਲਾਈਨਾਂ ਕਾਸ਼ੀ ਨਗਰ, ਪੁਲਵਰ ਪੇਸੁਮ, ਉਰਈ ਤਾਨ, ਕਾਂਚਿਯਾਲ, ਕੇਤਪਦਰਕੋਰ, ਕਰੂਵੀ ਚੇਵਿਓਮ ਦਾ ਹਵਾਲਾ ਦਿੰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਇਸ ਦਾ ਅਰਥ ਹੈ ਕਿ ਅਜਿਹਾ ਕੋਈ ਉਪਕਰਣ ਹੋਣਾ ਚਾਹੀਦਾ ਹੈ ਕਿ ਜਿਸ ਦੇ ਜ਼ਰੀਏ ਕਾਂਚੀ ਵਿੱਚ ਬੈਠ ਕੇ ਬਨਾਰਸ ਦੇ ਸੰਤ ਕੀ ਕਹਿ ਰਹੇ ਹਨ ਇਹ ਸੁਣਿਆ ਜਾ ਸਕੇ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਡਿਜੀਟਲ ਇੰਡੀਆ ਭਾਰਤ ਨੂੰ ਦੱਖਣ ਤੋਂ ਉੱਤਰ ਅਤੇ ਪੂਰਬ ਤੋਂ ਪੱਛਮ ਤੱਕ ਜੋੜ ਕੇ ਇਸੇ ਸੁਪਨੇ ਨੂੰ ਅਸਲ ਵਿੱਚ ਬਦਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਵਿੱਚ ਆਮ ਤੌਰ ‘ਤੇ ਭਾਰਤ ਦੀ ਹਰੇਕ ਭਾਸ਼ਾ ਦੇ ਪ੍ਰਤੀ ਸਨਮਾਨ ਅਤੇ ਮਾਣ ਦੀ ਭਾਵਨਾ ਹੈ ਅਤੇ ਦੇਸ਼ ਦੀ ਹਰੇਕ ਭਾਸ਼ਾ ਦੀ ਸੰਭਾਲ ਕਰਨ ਦਾ ਇਰਾਦਾ ਹੈ, ਜਿਸ ਨਾਲ ਹਰੇਕ ਭਾਸ਼ਾ ਨੂੰ ਸਮ੍ਰਿੱਧ ਬਣਾਉਣ ਦਾ ਮਾਰਗ ਪੱਧਰਾ ਹੁੰਦਾ ਹੈ।

ਪ੍ਰਧਾਨ ਮੰਤਰੀ ਨੇ ਸ਼੍ਰੀ ਭਾਰਤੀ ਦੇ ਸਾਹਿਤਕ ਯੋਗਦਾਨ ਦੀ ਪ੍ਰਸ਼ੰਸਾ ਕਰਦੇ ਹੋਏ, ਉਨ੍ਹਾਂ ਦੀਆਂ ਸਾਹਿਤਕ ਰਚਨਾਵਾਂ ਨੂੰ ਤਮਿਲ ਭਾਸ਼ਾ ਦੀ ਇੱਕ ਅਨਮੋਲ ਵਿਰਾਸਤ ਦੱਸਿਆ, ਜੋ ਭਾਰਤ ਦੀਆਂ ਪ੍ਰਾਚੀਨ ਸਮ੍ਰਿੱਧ ਭਾਸ਼ਾਵਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਅਸੀਂ ਸੁਬਰਾਮਣੀਆ ਭਾਰਤੀ ਦੇ ਸਾਹਿਤ ਦਾ ਪ੍ਰਚਾਰ ਪ੍ਰਸਾਰ ਕਰਦੇ ਹਾਂ ਤਾਂ ਅਸੀਂ ਤਮਿਲ ਭਾਸ਼ਾ ਦੀ ਸੇਵਾ ਕਰ ਰਹੇ ਹਾਂ ਅਤੇ ਅਜਿਹਾ ਕਰਕੇ ਅਸੀਂ ਆਪਣੇ ਦੇਸ਼ ਦੀ ਪੁਰਾਤਨ ਵਿਰਾਸਤ ਦੀ ਸੰਭਾਲ ਕਰ ਰਹੇ ਹਾਂ ਅਤੇ ਹੁਲਾਰਾ ਦੇ ਰਹੇ ਹਾਂ। ਤਮਿਲ ਭਾਸ਼ਾ ਦੇ ਅੱਪਗ੍ਰੇਡੇਸ਼ਨ ਲਈ ਪਿਛਲੇ ਦਹਾਕੇ ਵਿੱਚ ਕੀਤੇ ਗਏ ਯਤਨਾਂ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੇ 10 ਵਰ੍ਹਿਆਂ ਵਿੱਚ ਦੇਸ਼ ਨੇ ਤਮਿਲ ਗੌਰਵ ਨੂੰ ਸਨਮਾਨ ਦੇਣ ਲਈ ਸਮਰਪਣ ਨਾਲ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸੰਯੁਕਤ ਰਾਸ਼ਟਰ ਵਿੱਚ ਤਮਿਲ ਗੌਰਵ ਦੀ ਪ੍ਰਤੀਨਿਧਤਾ ਕਰਨ ਦਾ ਸੁਭਾਗ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਦੁਨੀਆ ਭਰ ਵਿੱਚ ਤਿਰੂਵੱਲੂਵਰ ਸੱਭਿਆਚਾਰਕ ਕੇਂਦਰ ਵੀ ਖੋਲ੍ਹ ਰਹੇ ਹਾਂ।

ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਕਵੀ ਸੁਬਰਾਮਣੀਆ ਭਾਰਤੀ ਦੀਆਂ ਰਚਨਾਵਾਂ ਦਾ ਸੰਕਲਨ ਤਮਿਲ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਵਿੱਚ ਮਹੱਤਵਪੂਰਨ ਯੋਗਦਾਨ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਮਿਲ ਕੇ ਵਿਕਸਿਤ ਭਾਰਤ ਦੇ ਲਕਸ਼ ਨੂੰ ਪ੍ਰਾਪਤ ਕਰਾਂਗੇ ਅਤੇ ਭਾਰਤੀ ਜੀ ਦੇ ਰਾਸ਼ਟਰ ਨਿਰਮਾਣ ਦੇ ਸੁਪਨਿਆਂ ਨੂੰ ਪੂਰਾ ਕਰਾਂਗੇ। ਸ਼੍ਰੀ ਮੋਦੀ ਨੇ ਕਵੀ ਸੁਬਰਾਮਣੀਆ ਭਾਰਤੀ ਦੀਆਂ ਰਚਨਾਵਾਂ ਦੇ ਸੰਕਲਨ ਅਤੇ ਪ੍ਰਕਾਸ਼ਨ ਵਿੱਚ ਸ਼ਾਮਲ ਸਾਰੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਆਪਣੇ ਸੰਬੋਧਨ ਨੂੰ ਸਮਾਪਤ ਕੀਤਾ।

ਇਸ ਅਵਸਰ ‘ਤੇ ਕੇਂਦਰੀ ਸੱਭਿਆਚਾਰ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ, ਕੇਂਦਰੀ ਰਾਜ ਮੰਤਰੀ ਸ਼੍ਰੀ ਰਾਓ ਇੰਦਰਜੀਤ ਸਿੰਘ, ਸ਼੍ਰੀ ਐੱਲ. ਮੁਰੂਗਨ, ਸਾਹਿਤਕਾਰ ਸ਼੍ਰੀ ਸੀਨੀ ਵਿਸ਼ਵਨਾਥਨ, ਪ੍ਰਕਾਸ਼ਕ ਸ਼੍ਰੀ ਵੀ. ਸ੍ਰੀਨਿਵਾਸਨ ਸਮੇਤ ਕਈ ਪਤਵੰਤੇ ਉਪਸਥਿਤ ਸਨ।

ਪਿਛੋਕੜ

ਸੁਬਰਾਮਣੀਆ ਭਾਰਤੀ ਦੇ ਲੇਖਨ ਨੇ ਲੋਕਾਂ ਵਿੱਚ ਰਾਸ਼ਟਰਭਗਤੀ ਦੀ ਭਾਵਨਾ ਜਗਾਈ। ਉਨ੍ਹਾਂ ਨੇ ਭਾਰਤੀ ਸੱਭਿਆਚਾਰ ਅਤੇ ਦੇਸ਼ ਦੀ ਅਧਿਆਤਮਿਕ ਵਿਰਾਸਤ ਦਾ ਸਾਰ ਲੋਕਾਂ ਤੱਕ ਅਜਿਹੀ ਭਾਸ਼ਾ ਵਿੱਚ ਪਹੁੰਚਾਇਆ ਜਿਸ ਨਾਲ ਆਮ ਲੋਕ ਜੁੜ ਸਕਣ। ਉਨ੍ਹਾਂ ਦੀਆਂ ਸੰਪੂਰਨ ਰਚਨਾਵਾਂ ਦਾ 23 ਖੰਡਾਂ ਦਾ ਸੈੱਟ ਸ਼੍ਰੀ ਸੀਨੀ ਵਿਸ਼ਵਨਾਥਨ ਦੁਆਰਾ ਸੰਕਲਿਤ ਅਤੇ ਸੰਪਾਦਿਤ ਕੀਤਾ ਗਿਆ ਹੈ ਜਿਸ ਦਾ ਪ੍ਰਕਾਸ਼ਨ ਅਲਾਇੰਸ ਪਬਲੀਸ਼ਰਜ਼ ਨੇ ਕੀਤਾ ਹੈ। ਇਸ ਵਿੱਚ ਸੁਬਰਾਮਣੀਆ ਭਾਰਤੀ ਦੇ ਲੇਖਨ, ਸੰਸਕਰਣਾਂ, ਵਿਆਖਿਆਵਾਂ, ਦਸਤਾਵੇਜ਼ਾਂ, ਪਿਛੋਕੜ ਦੀ ਜਾਣਕਾਰੀ ਅਤੇ ਦਾਰਸ਼ਨਿਕ ਪੇਸ਼ਕਾਰੀ ਆਦਿ ਦਾ ਵੇਰਵਾ ਸ਼ਾਮਲ ਹੈ।

 

************

ਐੱਮਜੇਪੀਐੱਸ/ਐੱਸਆਰ/ਆਰਟੀ/ਐੱਸਕੇਐੱਸ