ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 5 ਮਾਰਚ, 2021 ਨੂੰ ਸਵੀਡਨ ਦੇ ਪ੍ਰਧਾਨ ਮੰਤਰੀ ਮਹਾਮਹਿਮ ਸਟੀਫਨ ਲੋਫਵੇਨ ਦੇ ਨਾਲ ਇੱਕ ਵਰਚੁਅਲ ਸਮਿਟ ਕਰਨਗੇ।
2015 ਦੇ ਬਾਅਦ ਤੋਂ ਦੋਹਾਂ ਨੇਤਾਵਾਂ ਦੇ ਦਰਮਿਆਨ ਇਹ ਪੰਜਵਾਂ ਸੰਵਾਦ ਹੋਵੇਗਾ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪਹਿਲਾਂ ਭਾਰਤ ਨੌਰਡਿਕ ਸਮਿਟ ਦੇ ਲਈ ਅਪ੍ਰੈਲ, 2018 ਵਿੱਚ ਸਟੌਕਹੋਮ ਦੀ ਯਾਤਰਾ ਕੀਤੀ ਸੀ। ਪ੍ਰਧਾਨ ਮੰਤਰੀ ਸਟੀਫਨ ਲੋਫਵੇਨ ਨੇ ਵਿਸ਼ੇਸ਼ ਮੇਕ ਇਨ ਇੰਡੀਆ ਹਫ਼ਤੇ ਦੇ ਲਈ ਫਰਵਰੀ, 2016 ਵਿੱਚ ਭਾਰਤ ਦੀ ਯਾਤਰਾ ਕੀਤੀ ਸੀ। ਇਸ ਤੋਂ ਪਹਿਲਾਂ, ਦੋਹਾਂ ਨੇਤਾਵਾਂ ਦੀ ਸਤੰਬਰ, 2015 ਵਿੱਚ ਸੰਯੁਕਤ ਰਾਸ਼ਟਰ ਮਹਾ ਸਭਾ ਦੇ ਦੌਰਾਨ ਮੁਲਾਕਾਤ ਹੋਈ ਸੀ। ਅਪ੍ਰੈਲ, 2020 ਵਿੱਚ ਦੋਹਾਂ ਪ੍ਰਧਾਨ ਮੰਤਰੀਆਂ ਨੇ ਕੋਵਿਡ-19 ਮਹਾਮਾਰੀ ਦੇ ਚਲਦੇ ਪੈਦਾ ਹਾਲਾਤ ‘ਤੇ ਵਿਚਾਰ-ਵਟਾਂਦਰੇ ਲਈ ਟੈਲੀਫੋਨ ‘ਤੇ ਗੱਲਬਾਤ ਕੀਤੀ ਸੀ। ਇਸ ਦੇ ਇਲਾਵਾ, ਸਵੀਡਨ ਦੇ ਰਾਜੇ ਕਾਰਲ ਸੋਲ੍ਹਵੇਂ ਗੁਸਤਾਫ ਅਤੇ ਰਾਣੀ ਸਿਲਵੀਆ ਨੇ ਦਸੰਬਰ, 2019 ਵਿੱਚ ਭਾਰਤ ਦੀ ਯਾਤਰਾ ਕੀਤੀ ਸੀ।
ਭਾਰਤ ਅਤੇ ਸਵੀਡਨ ਦੇ ਦਰਮਿਆਨ ਲੋਕਤੰਤਰ, ਸੁਤੰਤਰਤਾ, ਬਹੁਲਵਾਦ ਅਤੇ ਨਿਯਮਾਂ ‘ਤੇ ਅਧਾਰਿਤ ਅੰਤਰਰਾਸ਼ਟਰੀ ਵਿਵਸਥਾ ਦੀਆਂ ਸਾਂਝੀਆਂ ਕਦਰਾਂ-ਕੀਮਤਾਂ ‘ਤੇ ਅਧਾਰਿਤ ਜੀਵੰਤ ਅਤੇ ਦੋਸਤਾਨਾ ਸਬੰਧ ਹਨ। ਦੋਹਾਂ ਦੇਸ਼ਾਂ ਦੇ ਦਰਮਿਆਨ ਵਪਾਰ ਅਤੇ ਨਿਵੇਸ਼, ਇਨੋਵੇਸ਼ਨ, ਵਿਗਿਆਨ ਅਤੇ ਟੈਕਨੋਲੋਜੀ ਦੇ ਨਾਲ ਹੀ ਖੋਜ ਅਤੇ ਵਿਕਾਸ ਦੇ ਖੇਤਰਾਂ ਵਿੱਚ ਗਹਿਰਾ ਸਹਿਯੋਗ ਕਾਇਮ ਹੈ। ਸਵੀਡਨ ਦੀਆਂ ਲਗਭਗ 250 ਕੰਪਨੀਆਂ ਭਾਰਤ ਵਿੱਚ ਸਿਹਤ ਅਤੇ ਜੀਵਨ ਵਿਗਿਆਨ, ਵਾਹਨ ਉਦਯੋਗ, ਕਲੀਨ ਟੈਕਨੋਲੋਜੀ, ਰੱਖਿਆ, ਭਾਰੀ ਮਸ਼ੀਨਰੀ ਅਤੇ ਉਪਕਰਣ ਜਿਹੇ ਖੇਤਰਾਂ ਵਿੱਚ ਸਰਗਰਮੀ ਨਾਲ ਚਾਲੂ ਹਨ। ਭਾਰਤ ਦੀਆਂ ਲਗਭਗ 75 ਕੰਪਨੀਆਂ ਵੀ ਸਵੀਡਨ ਵਿੱਚ ਸਰਗਰਮ ਹਨ।
ਬੈਠਕ ਦੇ ਦੌਰਾਨ, ਦੋਹਾਂ ਨੇਤਾਵਾਂ ਦੇ ਦਰਮਿਆਨ ਦੁਵੱਲੇ ਸਬੰਧਾਂ ਨਾਲ ਜੁੜੇ ਖੇਤਰਾਂ ‘ਤੇ ਵਿਚਾਰ-ਵਟਾਂਦਰਾ ਹੋਵੇਗਾ ਅਤੇ ਕੋਵਿਡ ਦੇ ਬਾਅਦ ਦੇ ਦੌਰ ਵਿੱਚ ਸਹਿਯੋਗ ਵਧਾਉਣ ਸਹਿਤ ਤਮਾਮ ਖੇਤਰੀ ਅਤੇ ਆਲਮੀ ਮੁੱਦਿਆਂ ‘ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਹੋਵੇਗਾ।
*****
ਡੀਐੱਸ/ਐੱਸਐੱਚ