ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਡੋਨਾਲਡ ਟਰੰਪ ਨਾਲ ਅੱਜ ਟੈਲੀਫੋਨ ‘ਤੇ ਗੱਲਬਾਤ ਕੀਤੀ । ਆਪਣੀ ਤੀਹ ਮਿੰਟ ਦੀ ਗੱਲਬਾਤ ਦੌਰਾਨ ਉਨ੍ਹਾਂ ਨੇ ਦੁਵੱਲੇ ਅਤੇ ਖੇਤਰੀ ਮਾਮਲਿਆਂ ਬਾਰੇ ਗਰਮਜੋਸ਼ੀ ਅਤੇ ਸ਼ਹਿਦਰਤਾ ਨਾਲ ਚਰਚਾ ਕੀਤੀ ਜੋ ਦੋਹਾਂ ਨੇਤਾਵਾਂ ਦਰਮਿਆਨ ਸਬੰਧਾਂ ਨੂੰ ਉਜਾਗਰ ਕਰਦੀ ਹੈ।
ਪ੍ਰਧਾਨ ਮੰਤਰੀ ਨੇ ਇਸ ਸਾਲ ਜੂਨ ਦੇ ਅੰਤ ਵਿੱਚ ਜੀ-20 ਸਿਖਰ ਸੰਮੇਲਨ ਦੌਰਾਨ ਓਸਾਕਾ ਵਿੱਚ ਹੋਈ ਆਪਣੀ ਬੈਠਕ ਨੂੰ ਯਾਦ ਕੀਤਾ । ਓਸਾਕਾ ਵਿੱਚ ਹੋਈ ਦੁਵੱਲੀ ਚਰਚਾ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਇਹ ਉਮੀਦ ਪ੍ਰਗਟਾਈ ਕਿ ਭਾਰਤ ਦੇ ਵਣਜ ਮੰਤਰੀ ਅਤੇ ਅਮਰੀਕੀ ਵਪਾਰ ਪ੍ਰਤੀਨਿਧੀ ਆਪਸੀ ਹਿਤ ਲਈ ਦੁਵੱਲੀਆਂ ਵਪਾਰ ਸੰਭਾਵਨਾਵਾਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਜਲਦੀ ਹੀ ਮਿਲਣਗੇ ।
ਖੇਤਰੀ ਸਥਿਤੀ ਦੇ ਸੰਦਰਭ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਖੇਤਰ ਦੇ ਕੁਝ ਨੇਤਾਵਾਂ ਵੱਲੋਂ ਭਾਰਤ ਦੇ ਵਿਰੁੱਧ ਹਿੰਸਾ ਲਈ ਕੀਤੀ ਗਈ ਬਿਆਨਬਾਜ਼ੀ ਅਤੇ ਉਕਸਾਹਟ, ਸ਼ਾਂਤੀ ਲਈ ਅਨੁਕੂਲ ਨਹੀਂ ਸੀ । ਉਨ੍ਹਾਂ ਨੇ ਬਿਨਾ ਕਿਸੇ ਅਪਵਾਦ ਦੇ ਆਤੰਕ ਅਤੇ ਹਿੰਸਾ ਤੋਂ ਮੁਕਤ ਵਾਤਾਵਰਣ ਬਣਾਉਣ ਅਤੇ ਸੀਮਾ ਪਾਰ ਆਤੰਕਵਾਦ ਤੋਂ ਦੂਰ ਰਹਿਣ ਦੇ ਮਹੱਤਵ ‘ਤੇ ਜ਼ੋਰ ਦਿੱਤਾ ।
ਪ੍ਰਧਾਨ ਮੰਤਰੀ ਨੇ ਗ਼ਰੀਬੀ, ਅਨਪੜ੍ਹਤਾ ਅਤੇ ਰੋਗ ਨਾਲ ਲੜਨ ਵਿੱਚ ਇਸ ਮਾਰਗ ਦਾ ਅਨੁਸਰਣ ਕਰਨ ਵਾਲੇ ਕਿਸੇ ਵੀ ਵਿਅਕਤੀ ਨਾਲ ਸਹਿਯੋਗ ਕਰਨ ਲਈ ਭਾਰਤ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ ।
ਅੱਜ ਅਫ਼ਗ਼ਾਨਿਸਤਾਨ ਦੀ ਆਜ਼ਾਦੀ ਦੇ 100 ਸਾਲ ਪੂਰੇ ਹੋਣ ਨੂੰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇੱਕ ਸੁਰੱਖਿਅਤ, ਲੋਕਤੰਤਰੀ ਅਤੇ ਅਸਲ ਵਿੱਚ ਸੁਤੰਤਰ ਅਫ਼ਗ਼ਾਨਿਸਤਾਨ ਨਾਲ ਕੰਮ ਕਰਨ ਦੀ ਲੰਮੀ ਅਤੇ ਅਟੁੱਟ ਪ੍ਰਤੀਬੱਧਤਾ ਨੂੰ ਦੁਹਰਾਇਆ । ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਰਾਸ਼ਟਰਪਤੀ ਟਰੰਪ ਦੇ ਨਿਯਮਿਤ ਤੌਰ ’ਤੇ ਸੰਪਰਕ ਵਿੱਚ ਰਹਿਣ ਦੀ ਸ਼ਲਾਘਾ ਕੀਤੀ ।
***
ਵੀਆਰਆਰਕੇ/ਐੱਸਐੱਚ/ਐੱਸਕੇਐੱਸ