Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ‘ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ’ ਲਾਂਚ

ਪ੍ਰਧਾਨ ਮੰਤਰੀ ਵੱਲੋਂ ‘ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ  ਮਿਸ਼ਨ’ ਲਾਂਚ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ‘ਪੀਐੱਮ ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ  ਮਿਸ਼ਨ’ ਦੀ ਸ਼ੁਰੂਆਤ ਕੀਤੀ। ਉਨ੍ਹਾਂ ਵਾਰਾਣਸੀ ਲਈ ਲਗਭਗ 5,200 ਕਰੋੜ ਰੁਪਏ ਦੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਵੀ ਉਦਘਾਟਨ ਕੀਤਾ। ਇਸ ਮੌਕੇ ’ਤੇ ਉੱਤਰ ਪ੍ਰਦੇਸ਼ ਦੇ ਰਾਜਪਾਲ ਤੇ ਮੁੱਖ ਮੰਤਰੀ ਅਤੇ ਮੁੱਖ ਮੰਤਰੀ, ਕੇਂਦਰੀ ਮੰਤਰੀ ਡਾ. ਮਨਸੁਖ ਮੰਡਾਵੀਆ ਅਤੇ ਡਾ. ਮਹੇਂਦਰ ਨਾਥ ਪਾਂਡੇ, ਰਾਜ ਮੰਤਰੀ ਤੇ ਜਨ–ਪ੍ਰਤੀਨਿਧਾਂ ਸਮੇਤ ਹੋਰ ਲੋਕ ਵੀ ਮੌਜੂਦ ਸਨ।

ਪ੍ਰਧਾਨ ਮੰਤਰੀ ਨੇ ਇਸ ਮੌਕੇ ’ਤੇ ਕਿਹਾ ਕਿ ਦੇਸ਼ ਨੇ ਕੋਰੋਨਾ ਮਹਾਮਾਰੀ ਖ਼ਿਲਾਫ਼ ਆਪਣੀ ਜੰਗ ਵਿੱਚ ਕੋਵਿਡ–19 ਟੀਕੇ ਦੀਆਂ 100 ਕਰੋੜ ਖ਼ੁਰਾਕਾਂ ਦਾ ਇੱਕ ਅਹਿਮ ਪੜਾਅ ਹਾਸਲ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ,‘ਬਾਬਾ ਵਿਸ਼ਵਨਾਥ ਦੇ ਆਸ਼ੀਰਵਾਦ ਨਾਲ, ਮਾਂ ਗੰਗਾ ਦੇ ਬੇਰੋਕ ਪ੍ਰਤਾਪ ਨਾਲ, ਕਾਸ਼ੀ ਵਾਸੀਆਂ ਦੇ ਅਖੰਡ ਵਿਸ਼ਵਾਸ ਨਾਲ, ‘ਸਬ ਕੋ ਵੈਕਸੀਨ–ਮੁਫ਼ਤ ਵੈਕਸੀਨ’ ਦੀ ਮੁਹਿੰਮ ਸਫ਼ਲਤਾਪੂਰਬਕ ਅੱਗੇ ਵਧ ਰਹੀ ਹੈ।’

ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਲੈ ਕੇ ਦੁੱਖ ਪ੍ਰਗਟਾਇਆ ਕਿ ਆਜ਼ਾਦੀ ਤੋਂ ਬਾਅਦ ਲੰਬੇ ਸਮੇਂ ਤੱਕ ਅਰੋਗਤਾ ਉੱਤੇ, ਸਿਹਤ ਸੁਵਿਧਾਵਾਂ ਉੱਤੇ ਓਨਾ ਧਿਆਨ ਨਹੀਂ ਦਿੱਤਾ ਗਿਆ, ਜਿੰਨੀ ਦੇਸ਼ ਨੂੰ ਜ਼ਰੂਰਤ ਸੀ ਅਤੇ ਨਾਗਰਿਕਾਂ ਨੂੰ ਉਚਿਤ ਇਲਾਜ ਲਈ ਦਰ–ਦਰ ਭਟਕਣਾ ਪੈਂਦਾ ਸੀ, ਜਿਸ ਨਾਲ ਉਨ੍ਹਾਂ ਦੀ ਹਾਲਤ ਵਿਗੜ ਜਾਂਦੀ ਸੀ ਤੇ ਵਿੱਤੀ ਬੋਝ ਪੈਂਦਾ ਸੀ। ਇਸ ਨਾਲ ਮੱਧ ਵਰਗ ਤੇ ਗ਼ਰੀਬ ਲੋਕਾਂ ਦੇ ਦਿਲਾਂ ਵਿੱਚ ਇਲਾਜ ਨੂੰ ਲੈ ਕੇ ਲਗਾਤਾਰ ਚਿੰਤਾ ਬਣੀ ਹੋਈ ਹੈ। ਜਿਨ੍ਹਾਂ ਦੀਆਂ ਸਰਕਾਰਾਂ ਲੰਬੇ ਸਮੇਂ ਤੱਕ ਦੇਸ਼ ’ਚ ਰਹੀਆਂ, ਉਨ੍ਹਾਂ ਨੇ ਦੇਸ਼ ਦੀ ਸਿਹਤ ਪ੍ਰਣਾਲੀ ਦੇ ਸਰਬਪੱਖੀ ਵਿਕਾਸ ਦੀ ਥਾਂ ਇਸ ਨੂੰ ਸੁਵਿਧਾਵਾਂ ਤੋਂ ਵਾਂਝੇ ਰੱਖਿਆ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪੀਐੱਮ ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ  ਮਿਸ਼ਨ ਦਾ ਉਦੇਸ਼ ਇਸ ਘਾਟ ਨੂੰ ਦੂਰ ਕਰਨਾ ਹੈ। ਇਸ ਦਾ ਉਦੇਸ਼ ਅਗਲੇ ਚਾਰ–ਪੰਜ ਸਾਲਾਂ ’ਚ ਅਹਿਮ ਸਿਹਤ ਨੈੱਟਵਰਕ ਨੂੰ ਪਿੰਡ ਤੋਂ ਲੈ ਕੇ ਬਲਾਕ, ਜ਼ਿਲ੍ਹੇ ਤੋਂ ਲੈ ਕੇ ਖੇਤਰੀ ਤੇ ਰਾਸ਼ਟਰੀ ਪੱਧਰ ਤੱਕ ਮਜ਼ਬੂਤ ਕਰਨਾ ਹੈ। ਨਵੇਂ ਮਿਸ਼ਨ ਅਧੀਨ ਸਰਕਾਰ ਵੱਲੋਂ ਕੀਤੀ ਗਈ ਪਹਿਲ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਸਿਹਤ ਖੇਤਰ ਦੀਆਂ ਵੱਖੋ–ਵੱਖਰੀਆਂ ਖ਼ਾਮੀਆਂ ਨਾਲ ਨਿਪਟਣ ਲਈ ‘ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ  ਮਿਸ਼ਨ’ ਦੇ ਤਿੰਨ ਵੱਡੇ ਪੱਖ ਹਨ। ਪਹਿਲਾ, ਡਾਇਓਗਨੌਸਟਿਕ ਤੇ ਟ੍ਰੀਟਮੈਂਟ ਲਈ ਵਿਸਤ੍ਰਿਤ ਸੁਵਿਧਾਵਾਂ ਦੇ ਨਿਰਮਾਣ ਨਾਲ ਜੁੜਿਆ ਹੈ। ਇਸ ਅਧੀਨ ਪਿੰਡਾਂ ਤੇ ਸ਼ਹਿਰਾਂ ਵਿੱਚ ਹੈਲਥ ਐਂਡ ਵੈੱਲਨੈੱਸ ਸੈਂਟਰ ਖੋਲ੍ਹੇ ਜਾ ਰਹੇ ਹਨ, ਜਿੱਥੇ ਬਿਮਾਰੀਆਂ ਨੂੰ ਸ਼ੁਰੂਆਤ ’ਚ ਹੀ ਡਿਟੈਕਟ ਕਰਨ ਦੀ ਸੁਵਿਧਾ ਹੋਵੇਗੀ। ਇਨ੍ਹਾਂ ਸੈਂਟਰਾਂ ’ਚ ਫ਼੍ਰੀ ਮੈਡੀਕਲ ਕੰਸਲਟੇਸ਼ਨ, ਫ਼੍ਰੀ ਟੈਸਟ, ਫ਼੍ਰੀ ਦਵਾਈ ਜਿਹੀਆਂ ਸਹੂਲਤਾਂ ਮਿਲਣਗੀਆਂ। ਗੰਭੀਰ ਬਿਮਾਰੀ ਲਈ 600 ਜ਼ਿਲ੍ਹਿਆਂ ’ਚ 35 ਹਜ਼ਾਰ ਨਵੇਂ ਕ੍ਰਿਟੀਕਲ ਕੇਅਰ ਸਬੰਧੀ ਬੈੱਡ ਜੋੜੇ ਜਾ ਰਹੇ ਹਨ ਤੇ 125 ਜ਼ਿਲ੍ਹਿਆਂ ’ਚ ਰੈਫ਼ਰਲ ਸੁਵਿਧਾਵਾਂ ਦਿੱਤੀਆਂ ਜਾਣਗੀਆਂ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਯੋਜਨਾ ਦਾ ਦੂਸਰਾ ਪੱਖ ਬਿਮਾਰੀਆਂ ਦੀ ਜਾਂਚ ਲਈ ਟੈਸਟਿੰਗ ਨੈਟਵਰਕ ਨਾਲ ਸਬੰਧਤ ਹੈ। ਇਸ ਮਿਸ਼ਨ ਅਧੀਨ ਬਿਮਾਰੀਆਂ ਦੀ ਜਾਂਚ, ਉਨ੍ਹਾਂ ਦੀ ਨਿਗਰਾਨੀ ਕਿਵੇਂ ਕਰਨੀ ਹੈ; ਇਸ ਲਈ ਲੋੜੀਂਦਾ ਬੁਨਿਆਦੀ ਢਾਂਚਾ ਵਿਕਸਤ ਕੀਤਾ ਜਾਵੇਗਾ। ਦੇਸ਼ ਦੇ 730 ਜ਼ਿਲ੍ਹਿਆਂ ਨੂੰ ਏਕੀਕ੍ਰਿਤ ਪਬਲਿਕ ਹੈਲਥ ਲੈਬ ਅਤੇ ਤਿੰਨ ਹਜ਼ਾਰ ਬਲਾਕਾਂ ਨੂੰ ਬਲਾਕ ਪਬਲਿਕ ਹੈਲਥ ਯੂਨਿਟ ਮਿਲੇਗੀ। ਇਸ ਤੋਂ ਇਲਾਵਾ ਪੰਜ ਖੇਤਰੀ ਰਾਸ਼ਟਰੀ ਰੋਗ ਨਿਯੰਤਰਣ ਕੇਂਦਰ, 20 ਮੈਟਰੋਪੌਲਿਟਨ ਯੂਨਿਟ ਅਤੇ 15 ਬੀਐਸਐਲ ਪ੍ਰਯੋਗਸ਼ਾਲਾਵਾਂ ਇਸ ਨੈਟਵਰਕ ਨੂੰ ਹੋਰ ਮਜ਼ਬੂਤ ਕਰਨਗੀਆਂ।

ਪ੍ਰਧਾਨ ਮੰਤਰੀ ਅਨੁਸਾਰ ਤੀਸਰਾ ਪੱਖ ਮਹਾਂਮਾਰੀ ਦਾ ਅਧਿਐਨ ਕਰਨ ਵਾਲੀਆਂ ਮੌਜੂਦਾ ਖੋਜ ਸੰਸਥਾਵਾਂ ਦੇ ਵਿਸਥਾਰ ਨਾਲ ਸਬੰਧਤ ਹੈ। ਮੌਜੂਦਾ 80 ਵਾਇਰਲ ਡਾਇਗਨੌਸਟਿਕ ਅਤੇ ਖੋਜ ਪ੍ਰਯੋਗਸ਼ਾਲਾਵਾਂ ਨੂੰ ਮਜ਼ਬੂਤ ਕੀਤਾ ਜਾਵੇਗਾ, ਜੀਵ ਸੁਰੱਖਿਆ ਪੱਧਰ ਦੀਆਂ 15 ਪ੍ਰਯੋਗਸ਼ਾਲਾਵਾਂ ਨੂੰ ਚਾਲੂ ਕੀਤਾ ਜਾਵੇਗਾ, ਚਾਰ ਨਵੇਂ ਨੈਸ਼ਨਲ ਇੰਸਟੀਟਿਊਟ ਆਵ੍ ਵਾਇਰੌਲੋਜੀ ਅਤੇ ਇੱਕ ਨੈਸ਼ਨਲ ਇੰਸਟੀਟਿਊਟ ਆਵ੍ ਹੈਲਥ ਦੀ ਸਥਾਪਨਾ ਕੀਤੀ ਜਾ ਰਹੀ ਹੈ। ਦੱਖਣੀ ਏਸ਼ੀਆ ਆਧਾਰਿਤ WHO ਖੇਤਰੀ ਖੋਜ ਮੰਚ ਵੀ ਇਸ ਨੈੱਟਵਰਕ ਨੂੰ ਮਜ਼ਬੂਤ ਕਰੇਗਾ। ਇਸ ਦਾ ਮਤਲਬ ਹੈ, ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਸਿਹਤ ਬੁਨਿਆਦੀ ਢਾਂਚਾ ਮਿਸ਼ਨ ਰਾਹੀਂ, ਦੇਸ਼ ਦੇ ਹਰ ਕੋਣੇ ਵਿੱਚ ਇਲਾਜ ਤੋਂ ਲੈ ਕੇ ਗੰਭੀਰ ਖੋਜ ਤੱਕ ਦੀਆਂ ਸੇਵਾਵਾਂ ਲਈ ਇੱਕ ਸੰਪੂਰਨ ਈਕੋਸਿਸਟਮ ਕਾਇਮ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਨੇ ਇਨ੍ਹਾਂ ਉਪਾਵਾਂ ਤੋਂ ਰੋਜ਼ਗਾਰ ਦੀਆਂ ਸੰਭਾਵਨਾਵਾਂ ਬਾਰੇ ਚਾਨਣਾ ਪਾਇਆ ਅਤੇ ਕਿਹਾ ਕਿ ‘ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਹੈਲਥ ਇੰਫ੍ਰਾਸਟ੍ਰੱਕਚਰ ਮਿਸ਼ਨ’ ਸਿਹਤ ਦੇ ਨਾਲ ਆਤਮ ਨਿਰਭਰਤਾ ਦਾ ਸਾਧਨ ਹੈ। ਉਨ੍ਹਾਂ ਕਿਹਾ,“ਇਹ ਸੰਪੂਰਨ ਸਿਹਤ ਦੇਖਭਾਲ ਪ੍ਰਾਪਤ ਕਰਨ ਦੇ ਯਤਨਾਂ ਦਾ ਇੱਕ ਹਿੱਸਾ ਹੈ। ਜਿਸ ਦਾ ਮਤਲਬ ਹੈ ਸਿਹਤ ਸੰਭਾਲ ਜੋ ਕਿਫਾਇਤੀ ਅਤੇ ਸਾਰਿਆਂ ਲਈ ਪਹੁੰਚਯੋਗ ਹੈ।” ਸ਼੍ਰੀ ਮੋਦੀ ਨੇ ਕਿਹਾ ਕਿ ਸਮੁੱਚੀ ਸਿਹਤ ਸੰਭਾਲ ਸਿਹਤ ਦੇ ਨਾਲ ਨਾਲ ਭਲਾਈ ‘ਤੇ ਵੀ ਧਿਆਨ ਕੇਂਦ੍ਰਿਤ ਕਰਦੀ ਹੈ। ਸਵੱਛ ਭਾਰਤ ਮਿਸ਼ਨ, ਜਲ ਜੀਵਨ ਮਿਸ਼ਨ, ਉੱਜਵਲਾ, ਪੋਸ਼ਣ ਅਭਿਯਾਨ, ਮਿਸ਼ਨ ਇੰਦਰਧਨੁਸ਼ ਜਿਹੀਆਂ ਯੋਜਨਾਵਾਂ ਨੇ ਕਰੋੜਾਂ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਯੁਸ਼ਮਾਨ ਭਾਰਤ ਯੋਜਨਾ ਅਧੀਨ, ਦੋ ਕਰੋੜ ਤੋਂ ਵੱਧ ਗਰੀਬ ਲੋਕਾਂ ਦਾ ਮੁਫਤ ਇਲਾਜ ਕੀਤਾ ਗਿਆ ਅਤੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੇ ਮਾਧਿਅਮ ਨਾਲ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਮਾਧਾਨ ਕੀਤਾ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਕੇਂਦਰ ਅਤੇ ਰਾਜ ਵਿੱਚ ਅਜਿਹੀ ਸਰਕਾਰ ਹੈ ਜੋ ਗਰੀਬ, ਦੱਬੇ ਕੁਚਲੇ, ਸ਼ੋਸ਼ਿਤ-ਵਾਂਝੇ, ਪਛੜੇ, ਮੱਧ ਵਰਗ, ਸਭ ਦੇ ਦਰਦ ਨੂੰ ਸਮਝਦੀ ਹੈ। ਉਨ੍ਹਾਂ ਕਿਹਾ, “ਅਸੀਂ ਦੇਸ਼ ਵਿੱਚ ਸਿਹਤ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਦਿਨ–ਰਾਤ ਮਿਹਨਤ ਕਰ ਰਹੇ ਹਾਂ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਸ ਤੇਜ਼ੀ ਨਾਲ ਉੱਤਰ ਪ੍ਰਦੇਸ਼ ਵਿੱਚ ਨਵੇਂ ਮੈਡੀਕਲ ਕਾਲਜ ਖੋਲ੍ਹੇ ਜਾ ਰਹੇ ਹਨ, ਉਸ ਦਾ ਮੈਡੀਕਲ ਸੀਟਾਂ ਅਤੇ ਡਾਕਟਰਾਂ ਦੀ ਗਿਣਤੀ ਉੱਤੇ ਬਹੁਤ ਵਧੀਆ ਪ੍ਰਭਾਵ ਪਵੇਗਾ। ਜ਼ਿਆਦਾ ਸੀਟਾਂ ਮਿਲਣ ਕਾਰਨ ਹੁਣ ਗਰੀਬ ਮਾਪਿਆਂ ਦਾ ਬੱਚਾ ਵੀ ਡਾਕਟਰ ਬਣਨ ਦਾ ਸੁਪਨਾ ਦੇਖ ਸਕੇਗਾ ਅਤੇ ਉਸ ਨੂੰ ਪੂਰਾ ਕਰ ਸਕੇਗਾ।

ਪਵਿੱਤਰ ਸ਼ਹਿਰ ਕਾਸ਼ੀ ਦੀ ਪੁਰਾਣੀ ਮਾੜੀ ਦਸ਼ਾ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕ ਸ਼ਹਿਰ ਦੇ ਬੁਨਿਆਦੀ ਢਾਂਚੇ ਦੀ ਤਰਸਯੋਗ ਹਾਲਤ ਵੇਖ ਕੇ ਲਗਭਗ ਹਾਰ ਮੰਨ ਚੁੱਕੇ ਸਨ। ਹਾਲਾਤ ਬਦਲੇ ਅਤੇ ਅੱਜ ਕਾਸ਼ੀ ਦਾ ਦਿਲ ਉਹੀ ਹੈ, ਮਨ ਵੀ ਉਹੀ ਹੈ, ਪਰ ਸਰੀਰ ਨੂੰ ਸੁਧਾਰਨ ਲਈ ਸੁਹਿਰਦ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ,“ਪਿਛਲੇ ਸੱਤ ਸਾਲਾਂ ਵਿੱਚ ਵਾਰਾਣਸੀ ਵਿੱਚ ਜੋ ਕੀਤਾ ਗਿਆ ਹੈ ਓਨਾ ਪਿਛਲੇ ਕਈ ਦਹਾਕਿਆਂ ਵਿੱਚ ਨਹੀਂ ਕੀਤਾ ਗਿਆ ਹੈ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਸਾਲਾਂ ਦੀ ਇੱਕ ਹੋਰ ਵੱਡੀ ਪ੍ਰਾਪਤੀ ਜੇ ਕਾਸ਼ੀ ਦੀ ਰਹੀ ਹੈ, ਤਾਂ ਉਹ ਹੈ ਬੀਐੱਚਯੂ (ਬਨਾਰਸ ਹਿੰਦੂ ਯੂਨੀਵਰਸਿਟੀ) ਦਾ ਮੁੜ ਵਿਸ਼ਵ ਵਿੱਚ ਉੱਤਮਤਾ ਵੱਲ ਵਧਣਾ। ਉਨ੍ਹਾਂ ਕਿਹਾ,“ਅੱਜ, ਟੈਕਨੋਲੋਜੀ ਤੋਂ ਲੈ ਕੇ ਸਿਹਤ ਤੱਕ, ਬੀਐਚਯੂ ਵਿੱਚ ਬੇਮਿਸਾਲ ਸਹੂਲਤਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਨੌਜਵਾਨ ਸਾਥੀ ਇੱਥੇ ਪੜ੍ਹਨ ਲਈ ਦੇਸ਼ ਭਰ ਤੋਂ ਆ ਰਹੇ ਹਨ।

ਖਾਦੀ ਅਤੇ ਹੋਰ ਲਘੂ ਉਦਯੋਗਾਂ ਦੇ ਉਤਪਾਦਨ ਵਿੱਚ ਪਿਛਲੇ ਪੰਜ ਸਾਲਾਂ ਵਿੱਚ 60 ਪ੍ਰਤੀਸ਼ਤ ਵਾਧੇ ਅਤੇ ਵਾਰਾਣਸੀ ਵਿੱਚ ਉਨ੍ਹਾਂ ਦੇ ਉਤਪਾਦਾਂ ਦੀ ਵਿਕਰੀ ਵਿੱਚ 90 ਪ੍ਰਤੀਸ਼ਤ ਵਾਧੇ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨੇ ਇੱਕ ਵਾਰ ਫਿਰ ਦੇਸ਼ ਵਾਸੀਆਂ ਨੂੰ ਸਥਾਨਕ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ ਅਤੇ ‘ਵੋਕਲ ਫ਼ਾਰ ਲੋਕਲ’ ਦਾ ਮੰਤਰ ਅਪਨਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਲੋਕਲ ਦਾ ਮਤਲਬ ਸਿਰਫ਼ ਦੀਵੇ ਜਿਹਾ ਕੋਈ ਉਤਪਾਦ ਨਹੀਂ ਹੁੰਦਾ, ਸਗੋਂ ਇਸ ਦਾ ਮਤਲਬ ਅਜਿਹਾ ਕੋਈ ਉਤਪਾਦ ਹੁੰਦਾ ਹੈ ਜੋ ਦੇਸ਼ ਵਾਸੀਆਂ ਦੀ ਸਖਤ ਮਿਹਨਤ ਦਾ ਨਤੀਜਾ ਹੁੰਦਾ ਹੈ ਅਤੇ ਜਿਸ ਨੂੰ ਤਿਉਹਾਰਾਂ ਦੇ ਸੀਜ਼ਨ ਦੌਰਾਨ ਸਾਰੇ ਦੇਸ਼ ਵਾਸੀਆਂ ਤੋਂ ਉਤਸ਼ਾਹ ਤੇ ਸੁਰੱਖਿਆ ਦੀ ਲੋੜ ਹੁੰਦੀ ਹੈ।

***

ਡੀਐੱਸ/ਏਕੇ