Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵਲੋਂ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨਾਲ ਗੱਲਬਾਤ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨਾਲ ਗੱਲਬਾਤ ਕੀਤੀ। ਇਹ ਗੱਲਬਾਤ ਮੁੱਖ ਸਕੱਤਰਾਂ ਦੀ “ਭਾਰਤ ਨੂੰ ਟਰਾਂਸਫਾਰਮਿੰਗ ਲਈ ਡਰਾਈਵਰਾਂ ਵਜੋਂ ਰਾਜ ” ਵਿਸ਼ੇ ਉੱਤੇ ਹੋਈ ਰਾਸ਼ਟਰੀ ਕਾਨਫਰੰਸ ਦਾ ਹਿੱਸਾ ਸੀ। ਇਹ ਪਹਿਲਾ ਮੌਕਾ ਹੈ ਜਦੋਂ ਪ੍ਰਧਾਨ ਮੰਤਰੀ ਨੇ ਅਜਿਹੇ ਮੌਕੇ ਉੱਤੇ ਇਸ ਤਰ੍ਹਾਂ ਦੇ ਇਕੱਠ ਨੂੰ ਸੰਬੋਧਨ ਕੀਤਾ।

 

ਮੁੱਖ ਸਕੱਤਰਾਂ ਨੇ ਆਪਣੇ-ਆਪਣੇ ਸਬੰਧਤ ਸੂਬੇ ਦੀ ਇੱਕ-ਇੱਕ ਵਧੀਆ ਰਵਾਇਤ  ਬਾਰੇ ਸੰਖੇਪ ਵਿੱਚ  ਗੱਲਬਾਤ ਕੀਤੀ।

 

ਮੁੱਖ ਸਕੱਤਰਾਂ ਵੱਲੋਂ ਪੇਸ਼ ਕੀਤੀਆਂ ਗਈਆਂ ਸਭ ਤੋਂ ਵਧੀਆ ਰਵਾਇਤਾਂ  ਦਿਹਾਤੀ ਵਿਕਾਸ, ਹੁਨਰ ਵਿਕਾਸ, ਫਸਲ ਬੀਮਾ, ਸਿਹਤ ਬੀਮਾ, ਸਿਹਤ ਸੰਭਾਲ, ਦਿੱਵਿਆਂਗ  ਬੱਚਿਆਂ ਦੀ ਪੜ੍ਹਾਈ, ਬੱਚਿਆਂ ਦੀ ਮੌਤ ਦੀ ਦਰ ਨੂੰ ਘੱਟ ਕਰਨ, ਕਬਾਇਲੀਆਂ ਦੀ ਭਲਾਈ, ਗੰਦਗੀ ਦਾ ਪ੍ਰਬੰਧਨ, ਸਫਾਈ, ਪੇਅਜਲ, ਦਰਿਆਵਾਂ ਦੀ ਸੰਭਾਲ, ਪਾਣੀ ਦਾ ਪ੍ਰਬੰਧਨ, ਈ-ਗਵਰਨੈਂਸ, ਪੈਨਸ਼ਨ ਸੁਧਾਰ, ਐੱਮਰਜੈਂਸੀ ਸੇਵਾਵਾਂ, ਖਣਿਜਾਂ ਨਾਲ ਭਰਪੂਰ ਖੇਤਰਾਂ ਦਾ ਵਿਕਾਸ, ਜਨਤਕ ਵੰਡ ਪ੍ਰਣਾਲੀ- ਪੀ ਡੀ ਐੱਸ ਸੁਧਾਰ, ਸਬਸਿਡੀ ਦਾ ਤਬਾਦਲਾ, ਸਿੱਧਾ ਲਾਭ, ਸੂਰਜੀ ਊਰਜਾ, ਕਲਸਟਰ ਵਿਕਾਸ, ਚੰਗਾ ਪ੍ਰਬੰਧਨ ਅਤੇ ਵਪਾਰ ਕਰਨ ਦਾ ਸੁਖਾਲਾ ਢੰਗ ਵਗੈਰਾ ਦੇ ਵਿਸ਼ਿਆਂ ਨਾਲ ਸਬੰਧਤ ਸਨ।

 

ਇਸ ਮੌਕੇ `ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲ ਅਤੇ ਪਹੁੰਚ ਪ੍ਰਬੰਧਨ ਵਿੱਚ  ਖਾਸ ਮਹੱਤਵ ਰੱਖਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸੂਬਿਆਂ ਦੇ ਤਜਰਬਿਆਂ ਤੋਂ ਕਾਫੀ ਕੁਝ ਸਿੱਖਣ ਦੀ ਲੋੜ ਹੈ। ਇਨ੍ਹਾਂ ਤਜਰਬਿਆਂ ਤੋਂ ਸਾਨੂੰ ਸਮੱਸਿਆਵਾਂ ਅਤੇ ਚੁਣੌਤੀਆਂ ਦੇ ਵਧੀਆ ਹੱਲ ਮਿਲ ਸਕਦੇ ਹਨ। ਉਨ੍ਹਾਂ ਕਿਹਾ ਕਿ ਉੱਚੇ ਸਰਕਾਰੀ ਅਧਿਕਾਰੀਆਂ ਕੋਲ ਚੁਣੌਤੀਆਂ ਦਾ ਮੁਕਾਬਲਾ ਕਰਨ ਦੀ ਸਮੂਹਕ ਸੋਚ ਅਤੇ ਯੋਗਤਾ ਹੁੰਦੀ ਹੈ। ਇਸ ਸਬੰਧ ਵਿੱਚ  ਤਜਰਬੇ ਨੂੰ ਸਾਂਝਾ ਕਰਨਾ ਕਾਫੀ ਅਹਿਮ ਹੁੰਦਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੇ ਸੂਬਿਆਂ ਤੋਂ ਨੌਜਵਾਨ ਅਫ਼ਸਰਾਂ ਦੀ ਇੱਕ ਟੀਮ ਨੂੰ ਇਨ੍ਹਾਂ ਵਧੀਆ ਰਵਾਇਤਾਂ ਤੋਂ ਕੁਝ ਸਿੱਖਣ ਲਈ ਹਰ ਸੂਬੇ ਦਾ ਦੌਰਾ ਕਰਨਾ ਚਾਹੀਦਾ ਹੈ। ਇਸ ਨਾਲ ਹਰ ਸੂਬੇ ਤੋਂ ਸਭ ਤੋਂ ਵਧੀਆ ਰਵਾਇਤਾਂ ਨੂੰ ਅਪਣਾਉਣ ਦਾ ਮੌਕਾ ਮਿਲੇਗਾ।

 

ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਹਮੇਸ਼ਾ ‘ਮੁਕਾਬਲੇਬਾਜ਼ ਸਹਿਕਾਰੀ ਸੰਘਵਾਦ’ ਦੀ ਭਾਵਨਾ ਨੂੰ ਧਿਆਨ ਵਿੱਚ  ਰੱਖਣ। ਉਨ੍ਹਾਂ ਕਿਹਾ ਕਿ ਸ਼ਹਿਰਾਂ ਅਤੇ ਜ਼ਿਲ੍ਹਿਆਂ ਨੂੰ ਵਿਕਾਸ ਅਤੇ ਚੰਗੇ ਪ੍ਰਬੰਧਨ ਦੇ ਇੱਕ ਮੁਕਾਬਲੇਬਾਜ਼ ਚੌਗਿਰਦੇ ਦਾ ਹਿੱਸਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਛੋਟੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਸਫਲਤਾ ਵੱਡੇ ਸੂਬਿਆਂ ਵੱਲੋਂ ਸ਼ੁਰੂ ਵਿੱਚ  ਇੱਕ ਜ਼ਿਲ੍ਹੇ ਤੋਂ ਲਾਗੂ ਕੀਤੀ ਜਾ ਸਕਦੀ ਹੈ। ਇਸ ਸਬੰਧ ਵਿੱਚ  ਉਨ੍ਹਾਂ ਹਰਿਆਣਾ ਅਤੇ ਚੰਡੀਗੜ੍ਹ ਦੀ ਉਦਾਹਰਣ ਦੇਂਦੇ ਹੋਏ ਕਿਹਾ ਕਿ ਦੋਵੇਂ ਕੈਰੋਸੀਨ ਤੋਂ ਮੁਕਤ ਹੋ ਗਏ ਹਨ।

 

ਪ੍ਰਧਾਨ ਮੰਤਰੀ ਨੇ ਮਾਸਿਕ ਪ੍ਰਗਤੀ ਮੀਟਿੰਗਾਂ ਦੀ ਉਦਾਹਰਣ ਦੇਂਦੇ ਹੋਏ ਕਿਹਾ ਕਿ ਇਸ ਨਾਲ ਲਟਕ ਰਹੇ ਕਈ ਪ੍ਰੋਜੈਕਟਾਂ ਨੂੰ ਫੈਸਲਾਕੁੰਨ ਤੇਜ਼ੀ ਹਾਸਲ ਹੋਈ ਹੈ। ਉਨ੍ਹਾਂ ਸੂਬਿਆਂ ਨੂੰ ਕਿਹਾ ਕਿ ਉਹ ਹਵਾਬੰਦ ਕੋਠੜੀਆਂ ਤੋਂ ਬਾਹਰ ਆਉਣ ਅਤੇ ਕੇਂਦਰ ਨਾਲ ਮਿਲ ਕੇ ਇੱਕ ਦੂਜੇ ਦੀ ਮਦਦ ਲਈ ਕੰਮ ਕਰਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੀ ਦੁਨੀਆ ਦਾ ਅੱਜ ਭਾਰਤ ਉੱਤੇ ਵਿਸ਼ਵਾਸ ਬਣਿਆ ਹੋਇਆ  ਹੈ ਅਤੇ ਉਨ੍ਹਾਂ ਨੂੰ ਭਾਰਤ ਤੋਂ ਆਸਾਂ ਹਨ ਅਤੇ ਉਹ ਭਾਰਤ ਦੇ ਭਾਈਵਾਲ ਵੀ ਬਣਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਲਈ ਇਹ ਸੁਨਹਿਰੀ ਮੌਕਾ ਹੈ। ਉਨ੍ਹਾਂ ਕਿਹਾ ਕਿ,”ਕੰਮ ਕਰਨ ਦੀ ਅਸਾਨੀ  ਨੂੰ” ਸਭ ਤੋਂ ਉੱਚ ਪਹਿਲ ਦਿੱਤੀ ਜਾਣੀ ਚਾਹੀਦੀ ਹੈ ਅਤੇ ਨਿਵੇਸ਼ ਹਾਸਲ ਕਰਨ ਲਈ ਸੂਬਿਆਂ ਦੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ”ਕੰਮ ਕਰਨ ਦੀ ਅਸਾਨੀ ” ਨਾਲ ਸੂਬਿਆਂ ਵਿੱਚ  ਵਧੇਰੇ ਨਿਵੇਸ਼ ਹੋਵੇਗਾ। ਉਨ੍ਹਾਂ ਹੋਰ ਕਿਹਾ ਕਿ ਸੂਬਿਆਂ ਕੋਲ ਬਹੁਤ ਸਾਰੀ  ਅਣਵਰਤੀ ਵਿਕਾਸ ਦੀ ਸਮਰੱਥਾ ਹੈ।

 

ਪ੍ਰਧਾਨ ਮੰਤਰੀ ਨੇ ਆਪਣੇ ਗੁਜਰਾਤ ਦੇ ਮੁੱਖ ਮੰਤਰੀ ਹੋਣ ਦੇ ਮੁਢਲੇ ਸਮੇਂ ਨੂੰ ਯਾਦ ਕੀਤਾ ਅਤੇ ਉਸ ਵੇਲੇ ਕੱਛ ਵਿੱਚ  ਭੁਚਾਲ ਤੋਂ ਬਾਅਦ ਜੋ ਮੁੜ ਉਸਾਰੀ ਦਾ ਕੰਮ ਹੋਇਆ ਸੀ ਉਸ ਬਾਰੇ ਵੀ ਦੱਸਿਆ। ਉਨ੍ਹਾਂ ਨੇ ਉਨ੍ਹਾਂ ਅਫ਼ਸਰਾਂ ਦੇ ਕੰਮ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਕਿ ਉਸ ਸਮੇਂ ਇੱਕ ਟੀਮ ਵਾਂਗ ਪੂਰੀ ਤਰ੍ਹਾਂ ਸਮਰਪਿਤ ਹੋ ਕੋ ਕੰਮ ਕੀਤਾ ਸੀ। ਇਸ ਸੰਦਰਭ ਵਿੱਚ  ਪ੍ਰਧਾਨ ਮੰਤਰੀ ਨੇ ਸਖ਼ਤ ਨਿਯਮ ਅਤੇ ਸ਼ਰਤਾਂ ਨੂੰ ਹਟਾਉਣ ਦੀ ਅਹਿਮੀਅਤ ਦਾ ਵੀ ਜ਼ਿਕਰ ਕੀਤਾ।

 

ਖੇਤੀ ਖੇਤਰ  ਬਾਰੇ ਬੋਲਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ  ਟੈਕਨੋਲੋਜੀ ਦੀ ਵਰਤੋਂ ਲਾਜ਼ਮੀ ਹੈ। ਉਨ੍ਹਾਂ ਖੇਤੀ ਉਪਜ ਵਿੱਚ  ਬਰਬਾਦੀ ਨੂੰ ਖਤਮ ਕਰਨ ਅਤੇ ਫੂਡ ਪ੍ਰੋਸੈਸਿੰਗ ਵੱਲ ਧਿਆਨ ਦੇਣ ਉੱਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਸੂਬਿਆਂ ਨੂੰ ਕਿਹਾ ਕਿ ਉਹ ਖੇਤੀ ਸੁਧਾਰਾਂ ਅਤੇ ਖਾਸ ਤੌਰ ਤੇ ਈ-ਨਾਮ ਉੱਤੇ ਜ਼ੋਰ ਦੇਣ।

 

ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਜ਼ੋਰਦਾਰ ਬੇਨਤੀ ਕੀਤੀ ਕਿ ਉਹ ਨਵੀਆਂ ਪਹਿਲਕਦਮੀਆਂ ਵੱਲ ਹਾਂ=ਪੱਖੀ ਵਤੀਰਾ ਅਪਣਾਉਣ। ਉਨ੍ਹਾਂ ਕਿਹਾ ਕਿ ਚੁਣੀ ਹੋਈ ਸਿਆਸੀ ਲੀਡਰਸ਼ਿਪ ਹਮੇਸ਼ਾ ਹੀ ਨਵੇਂ, ਹਾਂ-ਪੱਖੀ ਵਿਚਾਰਾਂ, ਭਾਵੇਂ ਉਹ ਕਿਸੇ ਵੀ ਵਿਚਾਰਧਾਰਾ ਦੇ ਹੋਣ, ਵੱਲ ਪੂਰਾ ਧਿਆਨ ਦੇਂਦੀ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਧਾਰ ਦੀ ਵਰਤੋਂ ਨੇ ਸਾਰੇ ਪਾਸੇ ਲਾਭ ਹੀ ਪਹੁੰਚਾਏ ਹਨ ਅਤੇ ਲੀਕੇਜ ਨੂੰ ਖਤਮ ਕੀਤਾ ਹੈ। ਉਨ੍ਹਾਂ ਉੱਥੇ ਮੌਜੂਦ ਸਾਰੇ ਅਧਿਕਾਰੀਆਂ ਨੂੰ ਕਿਹਾ ਕਿ ਚੰਗੇ ਪ੍ਰਬੰਧਨ ਦੇ ਹਿਤ ਵਿੱਚ ਉਹ ਇਸ ਦੀ ਵਰਤੋਂ ਵਧਾਉਣ। ਉਨ੍ਹਾਂ ਕਿਹਾ ਕਿ ਸਰਕਾਰੀ ਵਸੂਲੀ ਵਿੱਚ  ਸਰਕਾਰੀ ਈ-ਮਾਰੀਕਟ ਪਲੇਸ (ਜੀ ਈ ਐੱਮ) ਨਿਪੁੰਨਤਾ, ਬੱਚਤ ਅਤੇ ਪਾਰਦਰਸ਼ਤਾ ਲਿਆ ਸਕਦੀ ਹੈ। ਉਨ੍ਹਾਂ ਸਾਰੀਆਂ ਸੂਬਾ ਸਰਕਾਰਾਂ ਨੂੰ ਕਿਹਾ ਕਿ ਉਹ 15 ਅਗਸਤ ਤੱਕ ਜੀ ਈ ਐੱਮ ਦੀ ਵਰਤੋਂ ਵੱਧ ਤੋਂ ਵੱਧ ਕਰਨ।

 

”ਏਕ ਭਾਰਤ ਸ੍ਰੇਸ਼ਠ ਭਾਰਤ” ਬਾਰੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਸਾਨੂੰ ਉਨ੍ਹਾਂ ਕਦਮਾਂ ਨੂੰ ਯਾਦ ਕਰਨਾ ਚਾਹੀਦਾ ਹੈ ਜੋ ਕਿ ਸਾਨੂੰ ਇੱਕਮੁਠ ਕਰਦੇ ਹਨ। ਉਨ੍ਹਾਂ ਸਾਰੇ ਮੁੱਖ ਸਕੱਤਰਾਂ ਨੂੰ ਤਾਕੀਦ ਕੀਤੀ ਕਿ ਉਹ ਇਸ ਸਕੀਮ ‘ਤੇ ਕੰਮ ਕਰਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਧੀਆ ਪ੍ਰਬੰਧਨ ਸਰਕਾਰ ਦੇ ਪ੍ਰੋਗਰਾਮਾਂ ਅਤੇ ਵਿਕਾਸ ਟੀਚਿਆਂ ਦੀ ਸਫਲਤਾ ਦੀ ਸਭ ਤੋਂ ਵੱਡੀ ਕੁੰਜੀ ਹੈ। ਉਨ੍ਹਾਂ ਕਿਹਾ ਕਿ ਸੂਬਿਆਂ ਵਿੱਚ  ਮੁਕਾਬਲਤਨ ਜੂਨੀਅਰ ਅਧਿਕਾਰੀ ਫੀਲਡ ਵਿੱਚ  ਜਾ ਕੇ ਵਧੇਰੇ ਸਮਾਂ ਗੁਜ਼ਾਰਨ ਤਾਂਕਿ ਉਹ ਜ਼ਮੀਨੀ ਪੱਧਰ ਉੱਤੇ ਮੁੱਦਿਆਂ ਦੀ ਮੁਢਲੀ ਜਾਣਕਾਰੀ ਹਾਸਲ ਕਰ ਸਕਣ। ਪ੍ਰਧਾਨ ਮੰਤਰੀ ਨੇ ਸੰਸਥਾਗਤ ਯਾਦਾਂ ਨੂੰ ਸੰਭਾਲਣ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹਿਆਂ ਵਿੱਚ  ਅਧਿਕਾਰੀਆਂ ਲਈ ਗਜ਼ਟ ਲਿਖਣਾ ਲਾਜ਼ਮੀ ਬਣਾਇਆ ਜਾਣਾ ਚਾਹੀਦਾ ਹੈ।

 

ਪ੍ਰਧਾਨ ਮੰਤਰੀ ਨੇ 2022 ਵਿੱਚ  ਭਾਰਤ ਦੀ ਅਜ਼ਾਦੀ ਦੇ 75 ਸਾਲ ਪੂਰੇ ਹੋਣ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਹ ਹਰ ਇੱਕ ਲਈ ਸਾਂਝੀ ਪ੍ਰੇਰਨਾ ਹੋਵੇਗੀ ਕਿ ਉਹ ਸਰਬਪੱਖੀ ਵਿਕਾਸ ਲਈ ਮਿਸ਼ਨ ਮੋਡ ਵਿੱਚ  ਕੰਮ ਕਰਨ।

 

ਇਸ ਮੌਕੇ ‘ਤੇ ਕੇਂਦਰੀ ਯੋਜਨਾਬੰਦੀ ਰਾਜ ਮੰਤਰੀ ਸ਼੍ਰੀ ਰਾਓ ਇੰਦਰਜੀਤ ਸਿੰਘ, ਨੀਤੀ ਆਯੋਗ ਦੇ ਵਾਈਸ ਚੇਅਰਮੈਨ ਡਾ. ਅਰਵਿੰਦ ਪਨਗੜ੍ਹੀਆ, ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਅਮਿਤਾਭ ਕਾਂਤ ਅਤੇ ਸਰਕਾਰ, ਪ੍ਰਧਾਨ ਮੰਤਰੀ ਦਫ਼ਤਰ ਤੇ ਕੈਬਿਨਟ ਸਕੱਤਰੇਤ ਦੇ ਉੱਚ ਅਧਿਕਾਰੀ ਮੌਜੂਦ ਸਨ।

 

AKT/NT