Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵਲੋਂ ਇੱਕ ਪ੍ਰਿਥਵੀ, ਇੱਕ ਸਿਹਤ – ਐਡਵਾਂਟੇਜ ਹੈਲਥਕੇਅਰ ਇੰਡੀਆ 2023 ‘ਤੇ ਦੇ ਸੰਬੋਧਨ ਦਾ ਪਾਠ

ਪ੍ਰਧਾਨ ਮੰਤਰੀ ਵਲੋਂ ਇੱਕ ਪ੍ਰਿਥਵੀ, ਇੱਕ ਸਿਹਤ – ਐਡਵਾਂਟੇਜ ਹੈਲਥਕੇਅਰ ਇੰਡੀਆ 2023 ‘ਤੇ ਦੇ ਸੰਬੋਧਨ ਦਾ ਪਾਠ


ਦੁਨੀਆ ਭਰ ਦੇ ਕਈ ਦੇਸ਼ਾਂ ਦੇ ਮਹਾਮਹਿਮ, ਸਿਹਤ ਮੰਤਰੀ, ਪੱਛਮੀ ਏਸ਼ੀਆ, ਸਾਰਕ, ਆਸੀਆਨ ਅਤੇ ਅਫਰੀਕੀ ਖੇਤਰਾਂ ਦੇ ਪ੍ਰਤੀਨਿਧੀਆਂ ਦਾ ਮੈਂ ਭਾਰਤ ਵਿੱਚ ਨਿੱਘਾ ਸੁਆਗਤ ਕਰਦਾ ਹਾਂ। ਮੇਰੇ ਮੰਤਰੀ ਮੰਡਲ ਦੇ ਸਾਥੀ ਅਤੇ ਭਾਰਤੀ ਹੈਲਥਕੇਅਰ ਉਦਯੋਗ ਦੇ ਨੁਮਾਇੰਦੇ, ਨਮਸਕਾਰ!

ਮਿੱਤਰੋ,

ਇੱਕ ਭਾਰਤੀ ਗ੍ਰੰਥ ਅਨੁਸਾਰ:

ਸਰਵੇ ਭਵੰਤੁ ਸੁਖਿਨ: । ਸਰਵੇ ਸਨਤੁ ਨਿਰਾਮਯਾ: ।

ਸਰਵੇ ਭਦ੍ਰਾਣਿ ਪਸ਼ਯੰਤੁ। ਮਾ ਕਸ਼ਿਚਤ੍ ਦੁਖ ਭਾਗਭਵੇਤ੍।।

(सर्वे भवन्तु सुखिनः । सर्वे सनतु निरामयाः ।

सर्वे भद्राणि पश्यन्तु । मा कश्चित् दुःख भाग्भवेत् ॥)

ਇਸਦਾ ਅਰਥ ਹੈ: ਹਰ ਕੋਈ ਖੁਸ਼ ਹੋਵੇ, ਹਰ ਕੋਈ ਰੋਗਾਂ ਤੋਂ ਮੁਕਤ ਹੋਵੇ, ਹਰ ਕਿਸੇ ਨਾਲ ਚੰਗਾ ਹੋਵੇ ਅਤੇ ਕੋਈ ਉਦਾਸ ਨਾ ਹੋਵੇ। ਇਹ ਇੱਕ ਸਮਾਵੇਸ਼ੀ ਦ੍ਰਿਸ਼ਟੀਕੋਣ ਹੈ। ਇੱਥੋਂ ਤੱਕ ਕਿ ਹਜ਼ਾਰਾਂ ਸਾਲ ਪਹਿਲਾਂ, ਜਦੋਂ ਕੋਈ ਆਲਮੀ ਮਹਾਮਾਰੀ ਨਹੀਂ ਸੀ, ਸਿਹਤ ਲਈ ਭਾਰਤ ਦਾ ਦ੍ਰਿਸ਼ਟੀਕੋਣ ਸਰਵ ਵਿਆਪਕ ਸੀ। ਅੱਜ ਜਦੋਂ ਅਸੀਂ ਇੱਕ ਪ੍ਰਿਥਵੀ, ਇੱਕ ਸਿਹਤ ਕਹਿੰਦੇ ਹਾਂ, ਤਾਂ ਅਮਲ ਵਿੱਚ ਇਹੀ ਵਿਚਾਰ ਹੈ। ਇਸ ਤੋਂ ਇਲਾਵਾ, ਸਾਡੀ ਨਜ਼ਰ ਸਿਰਫ਼ ਇਨਸਾਨਾਂ ਤੱਕ ਹੀ ਸੀਮਤ ਨਹੀਂ ਹੈ। ਇਹ ਸਾਡੇ ਪੂਰੇ ਈਕੋਸਿਸਟਮ ਤੱਕ ਫੈਲੀ ਹੋਈ ਹੈ। ਪੌਦਿਆਂ ਤੋਂ ਲੈ ਕੇ ਜਾਨਵਰਾਂ ਤੱਕ, ਮਿੱਟੀ ਤੋਂ ਲੈ ਕੇ ਨਦੀਆਂ ਤੱਕ, ਜਦੋਂ ਸਾਡੇ ਆਲੇ-ਦੁਆਲੇ ਸਭ ਕੁਝ ਸਿਹਤਮੰਦ ਹੈ, ਅਸੀਂ ਵੀ ਸਿਹਤਮੰਦ ਹੋ ਸਕਦੇ ਹਾਂ।

ਮਿੱਤਰੋ,

ਇਹ ਇੱਕ ਪ੍ਰਸਿੱਧ ਧਾਰਨਾ ਹੈ ਕਿ ਰੋਗ ਦੀ ਕਮੀ ਚੰਗੀ ਸਿਹਤ ਦੇ ਬਰਾਬਰ ਹੈ। ਹਾਲਾਂਕਿ, ਸਿਹਤ ਪ੍ਰਤੀ ਭਾਰਤ ਦਾ ਨਜ਼ਰੀਆ ਰੋਗ ਦੀ ਕਮੀ ‘ਤੇ ਨਹੀਂ ਰੁਕਦਾ। ਬਿਮਾਰੀਆਂ ਤੋਂ ਮੁਕਤ ਹੋਣਾ ਤੰਦਰੁਸਤੀ ਦੇ ਰਾਹ ਦਾ ਇੱਕ ਪੜਾਅ ਹੈ। ਸਾਡਾ ਟੀਚਾ ਹਰ ਕਿਸੇ ਲਈ ਤੰਦਰੁਸਤੀ ਅਤੇ ਕਲਿਆਣ ਹੈ। ਸਾਡਾ ਟੀਚਾ ਸਰੀਰਕ, ਮਾਨਸਿਕ ਅਤੇ ਸਮਾਜਿਕ ਤੰਦਰੁਸਤੀ ਹੈ।

ਮਿੱਤਰੋ,

ਭਾਰਤ ਨੇ ‘ਵੰਨ ਅਰਥ, ਵੰਨ ਫੈਮਲੀ, ਵੰਨ ਫਿਊਚਰ’ ਦੀ ਥੀਮ ਨਾਲ ਆਪਣੀ ਜੀ-20 ਪ੍ਰਧਾਨਗੀ ਦੀ ਯਾਤਰਾ ਸ਼ੁਰੂ ਕੀਤੀ। ਅਸੀਂ ਇਸ ਦ੍ਰਿਸ਼ਟੀ ਨੂੰ ਪੂਰਾ ਕਰਨ ਲਈ ਮਜ਼ਬੂਤ ਆਲਮੀ ਹੈਲਥਕੇਅਰ ਪ੍ਰਣਾਲੀਆਂ ਦੀ ਮਹੱਤਤਾ ਨੂੰ ਸਮਝਦੇ ਹਾਂ। ਭਾਰਤ ਇੱਕ ਸਿਹਤਮੰਦ ਗ੍ਰਹਿ ਲਈ ਮੈਡੀਕਲ ਵੈਲਿਯੂ ਟ੍ਰੈਵਲ ਅਤੇ ਸਿਹਤ ਕਰਮਚਾਰੀਆਂ ਦੀ ਗਤੀਸ਼ੀਲਤਾ ਨੂੰ ਮਹੱਤਵਪੂਰਨ ਸਮਝਦਾ ਹੈ। ਵਨ ਅਰਥ, ਵਨ ਹੈਲਥ ਐਡਵਾਂਟੇਜ ਹੈਲਥਕੇਅਰ ਇੰਡੀਆ 2023 ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਯਤਨ ਹੈ। ਇਹ ਸਭਾ ਭਾਰਤ ਦੇ ਜੀ-20 ਪ੍ਰਧਾਨਗੀ ਥੀਮ ਨਾਲ ਭਰਪੂਰ ਹੈ। ਕਈ ਦੇਸ਼ਾਂ ਤੋਂ ਸੈਂਕੜੇ ਭਾਗੀਦਾਰ ਆਏ ਹਨ। ਪੇਸ਼ੇਵਰ ਅਤੇ ਅਕਾਦਮਿਕ ਖੇਤਰ, ਜਨਤਕ ਅਤੇ ਨਿੱਜੀ ਖੇਤਰ ਦੇ ਹਿਤਧਾਰਕਾਂ ਦਾ ਹੋਣਾ ਬਹੁਤ ਵਧੀਆ ਹੈ। ਇਹ ‘ਵਸੁਧੈਵ ਕੁਟੁੰਬਕਮ’ ਦੇ ਭਾਰਤੀ ਦਰਸ਼ਨ ਦਾ ਪ੍ਰਤੀਕ ਹੈ, ਜਿਸਦਾ ਅਰਥ ਹੈ ਵਿਸ਼ਵ ਇੱਕ ਪਰਿਵਾਰ ਹੈ।

ਮਿੱਤਰੋ,

ਜਦੋਂ ਸੰਪੂਰਨ ਸਿਹਤ ਸੰਭਾਲ ਦੀ ਗੱਲ ਆਉਂਦੀ ਹੈ, ਤਾਂ ਭਾਰਤ ਕੋਲ ਬਹੁਤ ਸਾਰੀਆਂ ਮਹੱਤਵਪੂਰਨ ਤਾਕਤਾਂ ਹਨ। ਸਾਡੇ ਕੋਲ ਪ੍ਰਤਿਭਾ ਹੈ। ਸਾਡੇ ਕੋਲ ਟੈਕਨੋਲੋਜੀ ਹੈ। ਸਾਡੇ ਕੋਲ ਟ੍ਰੈਕ ਰਿਕਾਰਡ ਹੈ। ਸਾਡੇ ਕੋਲ ਪਰੰਪਰਾ ਹੈ। ਮਿੱਤਰੋ, ਜਦੋਂ ਪ੍ਰਤਿਭਾ ਦੀ ਗੱਲ ਆਉਂਦੀ ਹੈ, ਤਾਂ ਦੁਨੀਆ ਨੇ ਭਾਰਤੀ ਡਾਕਟਰਾਂ ਦਾ ਪ੍ਰਭਾਵ ਦੇਖਿਆ ਹੈ। ਭਾਰਤ ਅਤੇ ਬਾਹਰ ਦੋਨਾਂ ਵਿੱਚ, ਸਾਡੇ ਡਾਕਟਰਾਂ ਨੂੰ ਉਨ੍ਹਾਂ ਦੀ ਯੋਗਤਾ ਅਤੇ ਵਚਨਬੱਧਤਾ ਲਈ ਵਿਆਪਕ ਤੌਰ ‘ਤੇ ਸਤਿਕਾਰਿਆ ਜਾਂਦਾ ਹੈ। ਇਸੇ ਤਰ੍ਹਾਂ, ਭਾਰਤ ਦੀਆਂ ਨਰਸਾਂ ਅਤੇ ਹੋਰ ਦੇਖਭਾਲ ਕਰਨ ਵਾਲੇ ਵੀ ਜਾਣੇ ਜਾਂਦੇ ਹਨ। ਦੁਨੀਆ ਭਰ ਵਿੱਚ ਬਹੁਤ ਸਾਰੀਆਂ ਸਿਹਤ ਸੰਭਾਲ ਪ੍ਰਣਾਲੀਆਂ ਹਨ, ਜੋ ਭਾਰਤੀ ਪੇਸ਼ੇਵਰਾਂ ਦੀ ਪ੍ਰਤਿਭਾ ਦਾ ਲਾਭ ਉਠਾਉਂਦੀਆਂ ਹਨ। ਭਾਰਤ ਵਿੱਚ ਸੱਭਿਆਚਾਰ, ਜਲਵਾਯੂ ਅਤੇ ਸਮਾਜਿਕ ਗਤੀਸ਼ੀਲਤਾ ਵਿੱਚ ਬਹੁਤ ਵਿਭਿੰਨਤਾ ਹੈ। ਭਾਰਤ ਵਿੱਚ ਸਿਖਲਾਈ ਪ੍ਰਾਪਤ ਹੈਲਥਕੇਅਰ ਪੇਸ਼ੇਵਰਾਂ ਨੂੰ ਵਿਭਿੰਨ ਤਜ਼ਰਬਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਉਨ੍ਹਾਂ ਨੂੰ ਹੁਨਰ ਵਿਕਸਿਤ ਕਰਨ ਵਿੱਚ ਮਦਦ ਕਰਦਾ ਹੈ, ਜੋ ਵੱਖ-ਵੱਖ ਸਥਿਤੀਆਂ ਦੀਆਂ ਲੋੜਾਂ ਨੂੰ ਪੂਰਾ ਕਰ ਸਕਦੇ ਹਨ। ਇਹੀ ਕਾਰਨ ਹੈ ਕਿ ਭਾਰਤੀ ਸਿਹਤ ਸੰਭਾਲ ਪ੍ਰਤਿਭਾ ਨੇ ਦੁਨੀਆ ਦਾ ਵਿਸ਼ਵਾਸ ਜਿੱਤਿਆ ਹੈ।

ਮਿੱਤਰੋ,

ਇੱਕ ਸਦੀ ਵਿੱਚ ਇੱਕ ਵਾਰ ਆਈ ਮਹਾਮਾਰੀ ਨੇ ਦੁਨੀਆ ਨੂੰ ਬਹੁਤ ਸਾਰੀਆਂ ਸੱਚਾਈਆਂ ਦੀ ਯਾਦ ਦਿਵਾਈ। ਇਸ ਨੇ ਸਾਨੂੰ ਦਿਖਾਇਆ ਕਿ ਮਜ਼ਬੂਤੀ ਨਾਲ ਜੁੜੇ ਹੋਏ ਵਿਸ਼ਵ ਵਿੱਚ, ਸਰਹੱਦਾਂ ਸਿਹਤ ਲਈ ਖਤਰੇ ਨੂੰ ਨਹੀਂ ਰੋਕ ਸਕਦੀਆਂ। ਸੰਕਟ ਦੇ ਸਮੇਂ, ਦੁਨੀਆ ਨੇ ਇਹ ਵੀ ਦੇਖਿਆ ਕਿ ਕਿਵੇਂ ਗਲੋਬਲ ਦੱਖਣ ਦੇ ਦੇਸ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਸਰੋਤਾਂ ਤੋਂ ਵੀ ਇਨਕਾਰੀ ਹੋਣਾ ਪਿਆ। ਅਸਲ ਤਰੱਕੀ ਲੋਕ-ਕੇਂਦ੍ਰਿਤ ਹੈ। ਮੈਡੀਕਲ ਵਿਗਿਆਨ ਵਿੱਚ ਭਾਵੇਂ ਕਿੰਨੀ ਵੀ ਤਰੱਕੀ ਕੀਤੀ ਜਾਵੇ, ਆਖਰੀ ਮੀਲ ‘ਤੇ ਆਖਰੀ ਵਿਅਕਤੀ ਤੱਕ ਪਹੁੰਚ ਯਕੀਨੀ ਹੋਣੀ ਚਾਹੀਦੀ ਹੈ। ਇਹ ਅਜਿਹਾ ਸਮਾਂ ਸੀ, ਜਦੋਂ ਬਹੁਤ ਸਾਰੇ ਦੇਸ਼ਾਂ ਨੇ ਹੈਲਥਕੇਅਰ ਡੋਮੇਨ ਵਿੱਚ ਇੱਕ ਭਰੋਸੇਮੰਦ ਸਾਥੀ ਦੀ ਮਹੱਤਤਾ ਨੂੰ ਮਹਿਸੂਸ ਕੀਤਾ ਸੀ। ਭਾਰਤ ਨੂੰ ਵੈਕਸੀਨ ਅਤੇ ਦਵਾਈਆਂ ਰਾਹੀਂ ਜਾਨਾਂ ਬਚਾਉਣ ਦੇ ਉੱਤਮ ਮਿਸ਼ਨ ਵਿੱਚ ਕਈ ਦੇਸ਼ਾਂ ਦਾ ਭਾਈਵਾਲ ਹੋਣ ‘ਤੇ ਮਾਣ ਹੈ। ਮੇਡ-ਇਨ-ਇੰਡੀਆ ਟੀਕੇ ਸਾਡੇ ਜੀਵੰਤ ਵਿਗਿਆਨ ਅਤੇ ਟੈਕਨੋਲੋਜੀ ਖੇਤਰ ਦੁਆਰਾ ਵਿਕਸਿਤ ਕੀਤੇ ਗਏ ਸਨ। ਅਸੀਂ ਦੁਨੀਆ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਤੇਜ਼ ਕੋਵਿਡ-19 ਟੀਕਾਕਰਣ ਮੁਹਿੰਮ ਦਾ ਘਰ ਬਣ ਗਏ ਹਾਂ। ਅਸੀਂ 100 ਤੋਂ ਵੱਧ ਦੇਸ਼ਾਂ ਨੂੰ ਕੋਵਿਡ -19 ਟੀਕਿਆਂ ਦੀਆਂ 300 ਮਿਲੀਅਨ ਖੁਰਾਕਾਂ ਵੀ ਭੇਜੀਆਂ ਹਨ। ਇਹ ਸਾਡੀ ਸਮਰੱਥਾ ਅਤੇ ਵਚਨਬੱਧਤਾ ਦੋਵਾਂ ਨੂੰ ਦਰਸਾਉਂਦਾ ਹੈ। ਅਸੀਂ ਹਰ ਉਸ ਰਾਸ਼ਟਰ ਦੇ ਭਰੋਸੇਮੰਦ ਮਿੱਤਰ ਬਣ ਕੇ ਰਹਾਂਗੇ, ਜੋ ਆਪਣੇ ਨਾਗਰਿਕਾਂ ਲਈ ਚੰਗੀ ਸਿਹਤ ਦੀ ਮੰਗ ਕਰਦੇ ਹੈ।

ਮਿੱਤਰੋ,

ਹਜ਼ਾਰਾਂ ਸਾਲਾਂ ਤੋਂ, ਸਿਹਤ ਪ੍ਰਤੀ ਭਾਰਤ ਦਾ ਨਜ਼ਰੀਆ ਸੰਪੂਰਨ ਰਿਹਾ ਹੈ। ਸਾਡੇ ਕੋਲ ਰੋਕਥਾਮ ਅਤੇ ਪ੍ਰੋਤਸਾਹਨ ਸਿਹਤ ਦੀ ਇੱਕ ਮਹਾਨ ਪਰੰਪਰਾ ਹੈ। ਯੋਗ ਅਤੇ ਧਿਆਨ ਵਰਗੀਆਂ ਪ੍ਰਣਾਲੀਆਂ ਹੁਣ ਆਲਮੀ ਅੰਦੋਲਨ ਬਣ ਗਈਆਂ ਹਨ। ਇਹ ਆਧੁਨਿਕ ਵਿਸ਼ਵ ਨੂੰ ਪ੍ਰਾਚੀਨ ਭਾਰਤ ਦੇ ਤੋਹਫ਼ੇ ਹਨ। ਇਸੇ ਤਰ੍ਹਾਂ ਸਾਡੀ ਆਯੁਰਵੈਦ ਪ੍ਰਣਾਲੀ ਤੰਦਰੁਸਤੀ ਦਾ ਪੂਰਨ ਅਨੁਸ਼ਾਸਨ ਹੈ। ਇਹ ਸਿਹਤ ਦੇ ਸਰੀਰਕ ਅਤੇ ਮਾਨਸਿਕ ਪਹਿਲੂਆਂ ਦਾ ਧਿਆਨ ਰੱਖਦਾ ਹੈ। ਦੁਨੀਆ ਤਣਾਅ ਅਤੇ ਜੀਵਨ ਸ਼ੈਲੀ ਦੀਆਂ ਬਿਮਾਰੀਆਂ ਦੇ ਹੱਲ ਲੱਭ ਰਹੀ ਹੈ। ਭਾਰਤ ਦੀਆਂ ਰਵਾਇਤੀ ਸਿਹਤ ਸੰਭਾਲ ਪ੍ਰਣਾਲੀਆਂ ਵਿੱਚ ਬਹੁਤ ਸਾਰੇ ਹੱਲ ਹਨ। ਸਾਡੀ ਰਵਾਇਤੀ ਖੁਰਾਕ ਜਿਸ ਵਿੱਚ ਮੋਟਾ ਅਨਾਜ ਸ਼ਾਮਲ ਹੈ, ਖੁਰਾਕ ਸੁਰੱਖਿਆ ਅਤੇ ਪੋਸ਼ਣ ਵਿੱਚ ਵੀ ਮਦਦ ਕਰ ਸਕਦੇ ਹਨ।

ਮਿੱਤਰੋ,

ਪ੍ਰਤਿਭਾ, ਟੈਕਨੋਲੋਜੀ, ਟ੍ਰੈਕ ਰਿਕਾਰਡ ਅਤੇ ਪਰੰਪਰਾ ਤੋਂ ਇਲਾਵਾ, ਭਾਰਤ ਕੋਲ ਇੱਕ ਸਿਹਤ ਸੰਭਾਲ ਪ੍ਰਣਾਲੀ ਹੈ, ਜੋ ਕਿਫਾਇਤੀ ਅਤੇ ਪਹੁੰਚਯੋਗ ਹੈ। ਇਹ ਸਾਡੇ ਆਪਣੇ ਯਤਨਾਂ ਵਿੱਚ ਦੇਖਿਆ ਜਾ ਸਕਦਾ ਹੈ। ਭਾਰਤ ਕੋਲ ਦੁਨੀਆ ਦੀ ਸਭ ਤੋਂ ਵੱਡੀ ਸਰਕਾਰੀ ਫੰਡ ਵਾਲੀ ਸਿਹਤ ਬੀਮਾ ਕਵਰੇਜ ਯੋਜਨਾ ਹੈ। ਆਯੁਸ਼ਮਾਨ ਭਾਰਤ ਪਹਿਲਕਦਮੀ 500 ਮਿਲੀਅਨ ਤੋਂ ਵੱਧ ਲੋਕਾਂ ਨੂੰ ਮੁਫਤ ਡਾਕਟਰੀ ਇਲਾਜ ਦੇ ਨਾਲ ਕਵਰ ਕਰਦੀ ਹੈ। 40 ਮਿਲੀਅਨ ਤੋਂ ਵੱਧ ਲੋਕ ਪਹਿਲਾਂ ਹੀ ਨਕਦ ਰਹਿਤ ਅਤੇ ਕਾਗਜ਼ ਰਹਿਤ ਤਰੀਕੇ ਨਾਲ ਸੇਵਾਵਾਂ ਪ੍ਰਾਪਤ ਕਰ ਚੁੱਕੇ ਹਨ। ਇਸ ਨਾਲ ਸਾਡੇ ਨਾਗਰਿਕਾਂ ਲਈ ਪਹਿਲਾਂ ਹੀ ਲਗਭਗ 7 ਬਿਲੀਅਨ ਡਾਲਰ ਦੀ ਬਚਤ ਹੋ ਚੁੱਕੀ ਹੈ।

ਮਿੱਤਰੋ,

ਹੈਲਥਕੇਅਰ ਚੁਣੌਤੀਆਂ ਲਈ ਵਿਸ਼ਵਵਿਆਪੀ ਹੱਲ ਨੂੰ ਵੱਖਰਾ ਨਹੀਂ ਕੀਤਾ ਜਾ ਸਕਦਾ। ਇਹ ਇੱਕ ਏਕੀਕ੍ਰਿਤ, ਸਮਾਵੇਸ਼ੀ ਅਤੇ ਸੰਸਥਾਗਤ ਹੱਲ ਦਾ ਸਮਾਂ ਹੈ। ਇਹ ਸਾਡੀ ਜੀ 20 ਪ੍ਰਧਾਨਗੀ ਦੇ ਦੌਰਾਨ ਸਾਡੇ ਧਿਆਨ ਕੇਂਦ੍ਰਿਤ ਖੇਤਰਾਂ ਵਿੱਚੋਂ ਇੱਕ ਹੈ। ਸਾਡਾ ਟੀਚਾ ਹੈਲਥਕੇਅਰ ਨੂੰ ਪਹੁੰਚਯੋਗ ਅਤੇ ਕਿਫਾਇਤੀ ਬਣਾਉਣਾ ਹੈ, ਨਾ ਸਿਰਫ਼ ਸਾਡੇ ਨਾਗਰਿਕਾਂ ਲਈ ਬਲਕਿ ਪੂਰੀ ਦੁਨੀਆ ਲਈ। ਅਸਮਾਨਤਾ ਨੂੰ ਘੱਟ ਕਰਨਾ ਭਾਰਤ ਦੀ ਤਰਜੀਹ ਹੈ। ਸੇਵਾ ਤੋਂ ਵਾਂਝੇ ਦੀ ਸੇਵਾ ਕਰਨਾ ਸਾਡੇ ਲਈ ਵਿਸ਼ਵਾਸ ਦਾ ਪਹਿਲੂ ਹੈ। ਮੈਂ ਸਕਾਰਾਤਮਕ ਹਾਂ ਕਿ ਇਹ ਸਭਾ ਇਸ ਦਿਸ਼ਾ ਵਿੱਚ ਵਿਸ਼ਵ ਸਾਂਝੇਦਾਰੀ ਨੂੰ ਮਜ਼ਬੂਤ ਕਰੇਗੀ। ਅਸੀਂ ”ਵੰਨ ਅਰਥ-ਵਨੰ ਹੈਲਥ” ਦੇ ਸਾਡੇ ਸਾਂਝੇ ਏਜੰਡੇ ‘ਤੇ ਤੁਹਾਡੀ ਭਾਈਦਾਰੀ ਚਾਹੁੰਦੇ ਹਾਂ। ਇਨ੍ਹਾਂ ਸ਼ਬਦਾਂ ਦੇ ਨਾਲ, ਮੈਂ ਤੁਹਾਡਾ ਸਾਰਿਆਂ ਦਾ ਸੁਆਗਤ ਕਰਨਾ ਚਾਹੁੰਦਾ ਹਾਂ ਅਤੇ ਬਹੁਤ ਵਧੀਆ ਵਿਚਾਰ-ਵਟਾਂਦਰੇ ਦੀ ਉਮੀਦ ਕਰਦਾ ਹਾਂ। ਤੁਹਾਡਾ ਬਹੁਤ ਧੰਨਵਾਦ!

*****

ਡੀਐੱਸ/ਟੀਐੱਸ