ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਰੋਜ਼ਗਾਰ ਮੇਲੇ ਦੇ ਤਹਿਤ 22 ਨਵੰਬਰ ਨੂੰ ਸਵੇਰੇ 10:30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਲਗਭਗ 71,000 ਨਵਨਿਯੁਕਤ ਆਵੇਦਕਾਂ ਨੂੰ ਨਿਯੁਕਤੀ ਪੱਤਰ ਪ੍ਰਦਾਨ ਕਰਨਗੇ। ਪ੍ਰਧਾਨ ਮੰਤਰੀ ਇਸ ਅਵਸਰ ‘ਤੇ ਇਨ੍ਹਾਂ ਨਵਨਿਯੁਕਤ ਵਿਅਕਤੀਆਂ ਨੂੰ ਸੰਬੋਧਨ ਵੀ ਕਰਨਗੇ।
ਰੋਜ਼ਗਾਰ ਮੇਲਾ ਰੋਜ਼ਗਾਰ ਸਿਰਜਣਾ ਦੇ ਲਈ ਸਰਬਉੱਚ ਪ੍ਰਾਥਮਿਕਤਾ ਦੇਣ ਦੀ ਪ੍ਰਧਾਨ ਮੰਤਰੀ ਦੀ ਪ੍ਰਤੀਬੱਧਤਾ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹੈ। ਰੋਜ਼ਗਾਰ ਮੇਲੇ ਤੋਂ ਅੱਗੇ ਰੋਜ਼ਗਾਰ ਦੀ ਸਿਰਜਣਾ ਕਰਨ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੇ ਸਸ਼ਕਤੀਕਰਣ ਤੇ ਪ੍ਰਤੱਖ ਤੌਰ ‘ਤੇ ਰਾਸ਼ਟਰੀ ਵਿਕਾਸ ਵਿੱਚ ਭਾਗੀਦਾਰੀ ਕਰਨ ਦੇ ਲਈ ਸਾਰਥਕ ਅਵਸਰ ਉਪਲਬਧ ਕਰਵਾਉਣ ਦੇ ਲਈ ਇੱਕ ਉਤਪ੍ਰੇਰਕ ਦੇ ਰੂਪ ਵਿੱਚ ਕੰਮ ਕਰਨ ਦੀ ਉਮੀਦ ਹੈ। ਇਸ ਤੋਂ ਪਹਿਲਾਂ ਰੋਜ਼ਗਾਰ ਮੇਲੇ ਦੇ ਤਹਿਤ ਅਕਤੂਬਰ ਵਿੱਚ 75,000 ਤੋਂ ਅਧਿਕ ਨਵਨਿਯੁਕਤ ਲੋਕਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਸਨ।
ਨਵਨਿਯੁਕਤ ਵਿਅਕਤੀਆਂ ਨੂੰ ਨਿਯੁਕਤੀ ਪੱਤਰਾਂ ਦੀਆਂ ਫਿਜ਼ੀਕਲ ਕਾਪੀਆਂ ਦੇਸ਼ ਦੇ 45 ਸਥਾਨਾਂ ‘ਤੇ (ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਨੂੰ ਛੱਡ ਕੇ) ਸੌਂਪੀਆਂ ਜਾਣਗੀਆਂ। ਪਹਿਲਾਂ ਭਰਤੀ ਕੀਤੀਆਂ ਗਈਆਂ ਪੋਸਟਾਂ ਦੀਆਂ ਸ਼੍ਰੇਣੀਆਂ ਦੇ ਇਲਾਵਾ ਅਧਿਆਪਕ, ਲੈਕਚਰਾਰ, ਨਰਸਾਂ, ਨਰਸਿੰਗ ਅਫ਼ਸਰਾਂ, ਡਾਕਟਰਾਂ, ਫਾਰਮਾਸਿਸਟਸ, ਰੇਡੀਓਗ੍ਰਾਫਰ ਅਤੇ ਹੋਰ ਤਕਨੀਕੀ ਤੇ ਪੈਰਾਮੈਡੀਕਲ ਪੋਸਟਾਂ ‘ਤੇ ਵੀ ਭਰਤੀਆਂ ਕੀਤੀਆਂ ਜਾ ਰਹੀਆਂ ਹਨ। ਗ੍ਰਹਿ ਮੰਤਰਾਲੇ ਦੁਆਰਾ ਵੀ ਕਈ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐੱਫ) ਵਿੱਚ ਵੱਡੀ ਸੰਖਿਆ ਵਿੱਚ ਪੋਸਟਾਂ ਦੀ ਭਰਤੀਆਂ ਕੀਤੀਆਂ ਜਾ ਰਹੀਆਂ ਹਨ।
ਪ੍ਰਧਾਨ ਮੰਤਰੀ ਕਰਮਯੋਗੀ ਪ੍ਰਾਰੰਭ ਮੌਡਿਊਲ ਦੀ ਵੀ ਸ਼ੁਰੂਆਤ ਕਰਨਗੇ। ਇਹ ਮੌਡਿਊਲ ਕਈ ਸਰਕਾਰੀ ਵਿਭਾਗਾਂ ਵਿੱਚ ਸਾਰੇ ਨਵੇਂ ਨਿਯੁਕਤੀ ਵਿਅਕਤੀਆਂ ਦੇ ਲਈ ਇੱਕ ਔਨਲਾਈਨ ਓਰੀਐਂਟੇਸ਼ਨ ਕੋਰਸ ਹੈ। ਇਸ ਕੋਰਸ ਵਿੱਚ ਸਰਕਾਰੀ ਕਰਮਚਾਰੀਆਂ ਦੇ ਲਈ ਆਚਾਰ ਸੰਹਿਤਾ, ਕਾਰਜ ਸਥਾਨ ਵਿੱਚ ਨੈਤਿਕਤਾ ਅਤੇ ਅਖੰਡਤਾ, ਮਾਨਵ ਸੰਸਾਧਨ ਨੀਤੀਆਂ ਤੇ ਹੋਰ ਲਾਭ ਅਤੇ ਭੱਤੇ ਸ਼ਾਮਲ ਹੋਣਗੇ ਜੋ ਉਨ੍ਹਾਂ ਨੂੰ ਨੀਤੀਆਂ ਦੇ ਅਨੁਕੂਲ ਬਣਾਉਣ ਅਤੇ ਨਵੀਆਂ ਭੂਮਿਕਾਵਾਂ ਵਿੱਚ ਅਸਾਨੀ ਨਾਲ ਬਦਲਾਅ ਕਰਨ ਵਿੱਚ ਮਦਦ ਕਰਨਗੇ। ਉਨ੍ਹਾਂ ਨੂੰ ਆਪਣੇ ਗਿਆਨ, ਕੌਸ਼ਲ ਅਤੇ ਸਮਰੱਥਾਵਾਂ ਨੂੰ ਵਧਾਉਣ ਦੇ ਲਈ igotkarmayogi.gov.in ਪਲੈਟਫਾਰਮ ‘ਤੇ ਹੋਰ ਕੋਰਸਾਂ ਦਾ ਪਤਾ ਲਗਾਉਣ ਦਾ ਵੀ ਅਵਸਰ ਪ੍ਰਾਪਤ ਹੋਵੇਗਾ।
****************
ਡੀਐੱਸ/ਐੱਸਐੱਚ