ਹੈਮਬਰਗ ਵਿੱਚ ਚਲ ਰਹੇ ਜੀ-20 ਸਿਖ਼ਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨੇ ਅੱਜ ਕੋਰੀਆ ਗਣਰਾਜ ਦੇ ਰਾਸ਼ਟਰਪਤੀ ਮਾਨਯੋਗ ਸ਼੍ਰੀ ਮੂਨ ਜੇ-ਇਨ ( Mr Moon Jae-in) ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਸ਼੍ਰੀ ਮੂਨ ਦੀ ਰਾਸ਼ਟਰਪਤੀ ਚੋਣ ਵਿੱਚ ਹੋਈ ਜਿੱਤ ਉੱਤੇ ਉਨ੍ਹਾਂ ਨੂੰ ਨਿਜੀ ਤੌਰ `ਤੇ ਵਧਾਈ ਦਿੱਤੀ। ਰਾਸ਼ਟਰਪਤੀ ਨੇ ਯਾਦ ਕੀਤਾ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਵਧਾਈ ਦੇਣ ਲਈ ਫੋਨ `ਤੇ ਵੀ ਗੱਲਬਾਤ ਕੀਤੀ ਸੀ ਅਤੇ ਕੋਰੀਆਈ ਭਾਸ਼ਾ ਵਿੱਚ ਟਵੀਟ ਵੀ ਕੀਤਾ ਸੀ ਜਿਸ ਦਾ ਕਿ ਦੱਖਣੀ ਕੋਰੀਆ ਦੇ ਲੋਕਾਂ ਨੇ ਨਿੱਘਾ ਸਵਾਗਤ ਕੀਤਾ ਸੀ। ਦੋਹਾਂ ਆਗੂਆਂ ਨੇ ਭਾਰਤ ਅਤੇ ਦੱਖਣੀ ਕੋਰੀਆ ਦਰਮਿਆਨ ਖਾਸ ਤੌਰ `ਤੇ ਮੇਕ ਇਨ ਇੰਡੀਆ, ਡਿਜੀਟਲ ਇੰਡੀਆ, ਸਟਾਰਟ ਅੱਪ ਇੰਡੀਆ ਵਗੈਰਾ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਰਾਹੀਂ,ਵਿਸ਼ੇਸ਼ ਯੁੱਧਨੀਤਕ ਭਾਈਵਾਲੀ, ਨੂੰ ਹੋਰ ਵਿਕਸਿਤ ਕਰਨ ਦਾ ਵਾਅਦਾ ਦੁਹਰਾਇਆ। ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਮੂਨ ਨੂੰ ਜਲਦੀ ਹੀ ਭਾਰਤ ਆਉਣ ਦਾ ਸੱਦਾ ਦਿੱਤਾ। ਇਹ ਸੱਦਾ ਪ੍ਰਵਾਨ ਕਰ ਲਿਆ ਗਿਆ।
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਇਟਲੀ ਦੇ ਪ੍ਰਧਾਨ ਮੰਤਰੀ ਮਾਨਯੋਗ ਸ਼੍ਰੀ ਪਾਓਲੋ ਜੈਂਟੋਲਿਨੀ (Mr Paolo Gentolini ) ਨਾਲ ਗੱਲਬਾਤ ਆਪਸੀ ਸਬੰਧਾਂ, ਵਿਸ਼ੇਸ਼ ਤੌਰ `ਤੇ ਵਪਾਰ ਅਤੇ ਨਿਵੇਸ਼ ਅਤੇ ਲੋਕਾਂ ਦੇ ਲੋਕਾਂ ਨਾਲ ਸੰਪਰਕਾਂ ਉੱਤੇ ਕੇਂਦ੍ਰਿਤ ਰਹੀ। ਪ੍ਰੁਧਾਨ ਮੰਤਰੀ ਮੋਦੀ ਨੇ ਇਟਲੀ ਨੂੰ ਇਸ ਸਾਲ ਨਵੰਬਰ ਵਿੱਚ ਫੂਡ ਪ੍ਰੋਸੈੱਸਿੰਗ ਬਾਰੇ ਆਯੋਜਿਤ ਹੋਣ ਵਾਲੀ ਵਰਲਡ ਫੂਡ ਇੰਡੀਆ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ। ਦੋਹਾਂ ਆਗੂਆਂ ਨੇ ਦੋਹਾਂ ਦੇਸ਼ਾਂ ਦੇ ਦਰਮਿਆਨੇ ਅਦਾਰਿਆਂ ਦਰਮਿਆਨ ਸੰਪਰਕਾਂ ਨੂੰ ਮਜ਼ਬੂਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਤਾਂਕਿ ਦੁਵੱਲਾ ਆਰਥਿਕ ਸਹਿਯੋਗ ਵਧ ਸਕੇ। ਇਟਲੀ ਦੇ ਪ੍ਰਧਾਨ ਮੰਤਰੀ ਨੇ ਆਪਣੇ ਦੇਸ਼ ਵਿੱਚ ਭਾਰਤੀ ਨਿਵੇਸ਼, ਵਿਸ਼ੇਸ਼ ਤੌਰ `ਤੇ ਉਦਯੋਗਿਕ ਖੇਤਰ ਵਿੱਚ ਹੋ ਰਹੇ ਨਿਵੇਸ਼ ਦੀ ਸ਼ਲਾਘਾ ਕੀਤੀ। ਦੋਹਾਂ ਆਗੂਆਂ ਨੇ ਮੌਸਮ ਤਬਦੀਲੀ ਨੂੰ ਰੋਕਣ ਦਾ ਹੱਲ ਲੱਭਣ ਅਤੇ ਅਫਰੀਕਾ ਦੇ ਵਿਕਾਸ ਵਿੱਚ ਸਹਿਯੋਗ ਦੇਣ ਲਈ ਮਿਲ ਕੇ ਢੰਗ ਤਰੀਕੇ ਲੱਭਣ ਬਾਰੇ ਚਰਚਾ ਕੀਤੀ।
ਪ੍ਰਧਾਨ ਮੰਤਰੀ ਮੋਦੀ ਨੇ ਨਾਰਵੇ ਦੀ ਪ੍ਰਧਾਨ ਮੰਤਰੀ ਮਾਨਯੋਗ ਸੁਸ਼੍ਰੀ ਐਮਾ ਸੋਲਬਰਗ (Ms Erna Solberg ) ਨਾਲ ਦੁਵੱਲੇ ਮੁੱਦਿਆਂ ਉੱਤੇ, ਖਾਸ ਤੌਰ `ਤੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਨਾਰਵੇ ਦੀ ਪ੍ਰਧਾਨ ਮੰਤਰੀ ਨੂੰ ਨੈਸ਼ਨਲ ਇਨਵੈਸਟਮੈਂਟ ਐਂਡ ਇਨਫ੍ਰਾਸਟ੍ਰਕਚਰ ਫੰਡ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ। ਨਾਰਵੇ ਦੀ ਪ੍ਰਧਾਨ ਮੰਤਰੀ ਨੇ ਭਾਰਤ ਨੂੰ ਸੱਦਾ ਦਿੱਤਾ ਕਿ ਉਹ ਯੂ ਐੱਨ ਜੀ ਏ ਦੌਰਾਨ ਹੋਣ ਵਾਲੀ ਸਮੁੰਦਰ ਸਬੰਧੀ ਕਾਨਫਰੰਸ ਵਿੱਚ ਹਿੱਸਾ ਲਵੇ। ਸਸਟੇਨੇਬਲ ਡਿਵੈਲਪਮੈਂਟ ਗੋਲਜ਼ ( ਐੱਸ ਡੀ ਜੀ) ਵਿੱਚ ਸਹਿਯੋਗ ਦੀ ਸਦਭਾਵਨਾ ਵੱਜੋਂ ਪ੍ਰਧਾਨ ਮੰਤਰੀ ਸੋਲਬਰਗ ਨੇ ਮੀਟਿੰਗ ਦੀ ਸਮਾਪਤੀ ਉੱਤੇ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਫੁੱਟਬਾਲ ਭੇਟ ਕੀਤਾ ਜਿਸ ਉੱਤੇ ਐੱਸ ਡੀ ਜੀ ਉੱਕਰਿਆ ਹੋਇਆ ਸੀ।
*****
AKT/AK