Israel Hayom Editor-in-Chief Boaz Bismuth with Prime Minister Narendra Modi
ਇਹ ਹਰ ਰੋਜ਼ ਨਹੀਂ ਹੁੰਦਾ ਕਿ ਕੋਈ 1.2 ਬਿਲੀਅਨ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੇ ਇੱਕ ਪ੍ਰਧਾਨ ਮੰਤਰੀ ਨੂੰ ਮਿਲਦਾ ਹੈ, ਜਿਸ ਨੂੰ ਘਰ ਅਤੇ ਵਿਦੇਸ਼ ਵਿੱਚ ਸੁਪਰਸਟਾਰ ਮੰਨਿਆ ਜਾਂਦਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਇੰਨੀ ਖਾਸ ਮਹਿਸੂਸ ਹੋਈੇ।
ਮੋਦੀ 4 ਜੁਲਾਈ ਨੂੰ ਇਜ਼ਰਾਈਲ ਪਹੁੰਚਣਗੇ ਜੋ ਇੱਕ ਇਤਿਹਾਸਕ ਯਾਤਰਾ ਹੋਵੇਗੀ ਇਜ਼ਰਾਈਲ ਆਉਣ ਵਾਲੇ ਉਹ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹੋਣਗੇ। ਦੋਨੋਂ ਦੇਸ਼ਾਂ ਦੇ ਅਕਾਰ ਵਿੱਚ ਅਸਮਾਨਤਾ ਹੋਣ ਦੇ ਬਾਵਜੂਦ, ਜਿੱਥੋਂ ਤੱਕ ਉਨ੍ਹਾਂ ਦਾ ਸਬੰਧ ਹੈ ਇਹ ਰਿਸ਼ਤਾ ਬਰਾਬਰ ਹੈ।
ਮੋਦੀ ਅਲੱਗ ਤਰ੍ਹਾਂ ਦੇ ਨੇਤਾ ਹਨ। ਭਾਰਤੀਆਂ ਵਿੱਚ ਆਪਣੀ ਅਥਾਹ ਮਕਬੂਲੀਅਤ ਕਾਰਨ, ਉਹ ਕਹਿ ਸਕਦੇ ਹਨ ਕਿ ਉਹ ਸੁਧਾਰਾਂ ਲਈ ਜੋ ਚਾਹੁੰਦੇ ਹਨ, ਉਹ ਕਰ ਸਕਦੇ ਹਨ। ਉਨ੍ਹਾਂ ਨੇ ਭਾਰਤ ਨੂੰ ਅੱਗੇ ਵਧਾਉਣ ਅਤੇ ਵਿਸ਼ਵ ਨੇਤਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਲਈ, ਉਨ੍ਹਾਂ ਟੀਚਿਆਂ ਨੂੰ ਪ੍ਰਾਪਤ ਕਰਨ ਦਾ ਮਾਰਗ ਇਜ਼ਰਾਈਲ ਵਿੱਚੋਂ ਗੁਜ਼ਰਦਾ ਹੈ। ਇਹ ਸਾਰੇ ਇਜ਼ਰਾਈਲੀਆਂ ਲਈ ਮਾਣ ਵਾਲੀ ਗੱਲ ਹੋਣੀ ਚਾਹੀਦੀ ਹੈ। ਉਹ ਜਾਣਦੇ ਹਨ ਕਿ ਭਾਰਤੀ ਉਨ੍ਹਾਂ ਨੂੰ ਪਿਆਰ ਕਰਦੇ ਹਨ, ਪਰ ਉਹ ਇਹ ਵੀ ਜਾਣਦੇ ਹਨ ਕਿ ਉਨ੍ਹਾਂ ਨੂੰ ਇਸ ਵਿੱਚ ਅਸਫਲ ਨਹੀਂ ਹੋਣਾ ਚਾਹੀਦਾ। ਇਹ ਉਨ੍ਹਾਂ ਦੀ ਸਭ ਤੋਂ ਵੱਡੀ ਚੁਣੌਤੀ ਹੈ।
ਮੈਂ ਜਦੋਂ ਮੋਦੀ ਦੇ ਸਰਕਾਰੀ ਨਿਵਾਸ ‘ਤੇ ਪੁੱਜਿਆ। ਮੈਂ ਦੇਖਿਆ ਕਿ ਉਹ ਵਿਅਕਤੀ ਜਿਹੜਾ ਕੈਮਰਿਆਂ ਦੇ ਸਾਹਮਣੇ ਹਮੇਸ਼ਾ ਸਖਤ ਦਿਖਾਈ ਦਿੰਦਾ ਹੈ, ਬਹੁਤ ਦੋਸਤਾਨਾ ਵਿਅਕਤੀ ਹੈ ਜਿਹੜਾ ਇਹ ਜਾਣਦਾ ਹੈ ਕਿ ਮੁਸਕਰਾਉਣਾ ਕਿਵੇਂ ਹੈ। ਗਰੀਬੀ ਵਿੱਚ ਪੈਦਾ ਹੋਣ ਤੋਂ ਬਾਅਦ ਖੁਦ ਅਥਾਹ ਮਿਹਨਤ ਨਾਲ ਸਫਲਤਾ ਹਾਸਲ ਕਰਨ ‘ਤੇ ਉਨ੍ਹਾਂ ਨੂੰ ਬਹੁਤ ਮਾਣ ਹੈ।
ਭਰਪੂਰ ਆਤਮ ਵਿਸ਼ਵਾਸ ਨਾਲ ਭਰੇ ਮੋਦੀ ਨੇ ਮੇਰੇ ਨਾਲ ਇੱਕ ਸਥਾਨਕ ਵਾਕ ਸਾਂਝਾ ਕੀਤਾ ਜਿਸ ਨੂੰ ਉਹ ਇੱਕ ਮੰਤਰ ਦੀ ਤਰ੍ਹਾਂ ਵਰਤਦੇ ਹਨ: ”ਸਰਵਜਨ ਹਿਤਾਇ ਸਰਵਜਨ ਸੁਖਾਇ, ਸਬਕਾ ਸਾਥ, ਸਬਕਾ ਵਿਕਾਸ।” ਜੇਕਰ ਅਸੀਂ ਇਸ ਦਾ ਅਨੁਵਾਦ ਕਰੀਏ ਤਾਂ, ” ਸਾਰਿਆਂ ਦੇ ਹਿਤ ਵਿੱਚ, ਸਾਰਿਆਂ ਦੇ ਫਾਇਦੇ ਲਈ, ਸਾਰਿਆਂ ਦੇ ਨਾਲ, ਸਾਰਿਆਂ ਲਈ ਵਿਕਾਸ।”
ਪੂਰੀ ਇੰਟਰਵਿਊ ਦੌਰਾਨ ਉਨ੍ਹਾਂ ਨੇ ਭਾਰਤੀਆਂ ਅਤੇ ਇਜ਼ਰਾਈਲੀ ਲੋਕਾਂ ਦਰਮਿਆਨ ਗਹਿਰੇ ਸਬੰਧਾਂ ਦਾ ਸੁਚੇਤ ਤੌਰ ‘ਤੇ ਜ਼ਿਕਰ ਕੀਤਾ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਦੋਨੋਂ ਦੇਸ਼ਾਂ ਦਾ ਆਤਮਿਕ ਸਬੰਧ ਹੈ। ਉਹ ਉੱਦਮਸ਼ੀਲਤਾ ਅਤੇ ਨਵੀਨਤਾ ਦੀ ਭਾਵਨਾ ਸਾਂਝੀ ਕਰਦੇ ਹਨ ਜੋ ਭਾਈਵਾਲੀ ਨੂੰ ਸਾਕਾਰ ਕਰਦੀ ਹੈ।
ਉਹ ਅਤੇ ਉਨ੍ਹਾਂ ਦੇ ਲੋਕ ਵੀ ਇਸ ਭਾਵਨਾ ਤਹਿਤ ਤੇਲ ਅਵੀਵ ਵਿੱਚ 5 ਜੁਲਾਈ ਨੂੰ ਸਥਾਨਕ ਭਾਰਤੀ ਸਮੁਦਾਇ ਲਈ ਰੈਲੀ ਕਰਨਗੇ ਜਿਸ ਦੀ ਅਗਵਾਈ ਖੁਦ ਮੋਦੀ ਕਰਨਗੇ। ਸਥਾਨਕ ਭਾਰਤੀ ਸਮੁਦਾਏ ਪ੍ਰਤੀ ਆਪਣਾ ਸਤਿਕਾਰ ਦਿਖਾਉਣ ਦੇ ਆਪਣੇ ਇਸ ਤਰੀਕੇ ਨੂੰ ਉਹ ਦੌਰੇ ਦਾ ਮਹੱਤਵਪੂਰਨ ਹਿੱਸਾ ਮੰਨਦੇ ਹਨ।”
ਪ੍ਰਸ਼ਨ. ਤੁਸੀਂ ਇਜ਼ਰਾਈਲ ਬਾਰੇ ਕੀ ਜਾਣਦੇ ਹੋ? ਕੀ ਤੁਸੀਂ ਇਸ ਤੋਂ ਪਹਿਲਾਂ ਇਜ਼ਰਾਈਲ ਆਏ ਹੋ?
”ਮੈਨੂੰ ਸਾਲ 2006 ਵਿੱਚ ਭਾਰਤੀ ਰਾਜ ਗੁਜਰਾਤ ਦਾ ਮੁੱਖ ਮੰਤਰੀ ਹੁੰਦੇ ਹੋਏ ਐਗਰੀਟੈਕ ਪ੍ਰਦਰਸ਼ਨੀ ਦੇ ਹਿੱਸੇ ਵਜੋਂ ਇਜ਼ਰਾਈਲ ਆਉਣ ਦਾ ਪਹਿਲਾ ਅਨੁਭਵ ਪ੍ਰਾਪਤ ਹੋਇਆ। ਮੈਂ ਦਹਾਕੇ ਤੋਂ ਬਾਅਦ ਇੱਥੇ ਵਾਪਸ ਆ ਕੇ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਅਤੇ ਇਸ ਸਮੇਂ ਦੌਰਾਨ ਮੈਂ ਇਜ਼ਰਾਈਲ ਵੱਲੋਂ ਕੀਤੇ ਵਿਕਾਸ ਅਤੇ ਪ੍ਰਗਤੀ ਨੂੰ ਦੇਖਣ ਲਈ ਉਤਸੁਕ ਹਾਂ।
”ਮੈਂ ਇਜ਼ਰਾਈਲ ਸਬੰਧੀ ਆਪਣੇ ਵਿਚਾਰਾਂ ਨੂੰ ਆਪਣੇ ਸਾਥੀ ਨਾਗਰਿਕਾਂ ਨਾਲ ਸਾਂਝਾ ਕਰਦਾ ਹਾਂ। ਭਾਰਤ ਵਿੱਚ ਇਜ਼ਰਾਈਲ ਨੂੰ ਟੈਕਨੋਲੋਜੀ ਦਾ ਪਾਵਰ ਹਾਊਸਮੰਨਿਆ ਜਾਂਦਾ ਹੈ ਅਤੇ ਉਹ ਦੇਸ਼ ਜਿਸਨੇ ਬਹੁਤ ਮੁਸ਼ਕਿਲਾਂ ਝੱਲੀਆਂ ਹਨ। ਕਈ ਤਕਨੀਕ ਅਧਾਰਿਤ ਖੋਜਾਂ ਦੀਆਂ ਜੜਾਂ ਇਜ਼ਰਾਈਲੀ ਯੂਨੀਵਰਸਟੀਆਂ ਅਤੇ ਪ੍ਰਯੋਗਸ਼ਾਲਾਵਾਂ ਵਿੱਚ ਹਨ ਅਤੇ ਮਨੁੱਖਤਾ ਨੂੰ ਲਾਭ ਪਹੁੰਚਾ ਰਹੀਆਂ ਹਨ। ਇਸ ਵਿੱਚ ਯੂਐੱਸਬੀ ਫਲੈਸ਼ ਡਰਾਈਵਰਜ਼ ਤੋਂ ਲੈ ਕੇ ਚੈਰੀ ਟਮਾਟਰ ਤੱਕ ਵਸਤਾਂ ਸ਼ਾਮਿਲ ਹਨ। ਜਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਪਾਣੀ ਦੀ ਘਾਟ ਵਾਲੇ ਦੇਸ਼ ਤੋਂ ਵਾਧੂ ਪਾਣੀ ਵਾਲੇ ਦੇਸ਼ ਵਿੱਚ ਤਬਦੀਲ ਕੀਤਾ ਹੈ; ਜਿਸ ਤਰ੍ਹਾਂ ਤੁਸੀਂ ਆਪਣੇ ਰੇਗਿਸਤਾਨਾਂ ਨੂੰ ਹਰਿਆ ਭਰਿਆ ਬਣਾਇਆ ਹੈ, ਇਹ ਅਦਭੁੱਤ ਉਪਲੱਬਧੀਆਂ ਹਨ। ਇਨ੍ਹਾਂ ਸਾਰੀਆਂ ਤਸਵੀਰਾਂ ਨਾਲ ਮੇਰੇ ਮਨ ਵਿੱਚ ਇੱਕ ਗਹਿਰੀ ਛਾਪ ਪੈਂਦੀ ਹੈ।”
ਪ੍ਰਸ਼ਨ. ਤੁਸੀਂ ਇਸ ਇਤਿਹਾਸਕ ਦੌਰੇ ਨਾਲ ਅੱਗੇ ਵਧਣ ਦਾ ਫੈਸਲਾ ਕਿਉਂ ਕੀਤਾ ਹੈ?
”ਸਾਡੇ ਦੇਸ਼ਾਂ ਦਰਮਿਆਨ ਦੁਵੱਲੇ ਸਬੰਧ ਹਮੇਸ਼ਾ ਤੋਂ ਹੀ ਮਜ਼ਬੂਤ ਰਹੇ ਹਨ। ਦਰਅਸਲ, ਸਾਲਾਂ ਤੋਂ ਇਹ ਨਿਰੰਤਰ ਵਿਸਥਾਰ ਅਤੇ ਵਿਭਿੰਨਤਾ ਲਿਆ ਰਹੇ ਹਨ। ਹਾਲ ਹੀ ਦੇ ਦਿਨਾਂ ਵਿੱਚ ਸਾਡੇ ਸਬੰਧਾਂ ਨੂੰ ਸਥਿਰ ਬਣਾਉਣ ਲਈ ਉੱਚ ਪੱਧਰੀ ਦੌਰਿਆਂ ਵਿੱਚ ਪ੍ਰਤੀਬਿੰਬ ਅਤੇ ਮਜ਼ਬੂਤੀ ਤਲਾਸ਼ਣੀ ਸ਼ੁਰੂ ਕਰ ਦਿੱਤੀ ਹੈ।
ਤੁਸੀਂ ਦੇਖਿਆ ਹੋਵੇਗਾ ਕਿ ਅਦਾਨ ਪ੍ਰਦਾਨ ਦੀ ਰਫ਼ਤਾਰ ਪਿਛਲੇ ਤਿੰਨ ਸਾਲਾਂ ਵਿੱਚ ਵਧੀ ਹੈ। ਸਾਡੇ ਰਾਸ਼ਟਰਪਤੀ ਦੇ 2015 ਵਿੱਚ ਇੱਥੇ ਆਉਣ ਤੋਂ ਪਹਿਲਾਂ ਕਿਸੇ ਵੀ ਭਾਰਤੀ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਇਜ਼ਰਾਈਲ ਦਾ ਦੌਰਾ ਨਹੀਂ ਕੀਤਾ।
ਰਾਸ਼ਟਰਪਤੀ ਰਿਊਵਨ ਰਿਵਲਿਨ (Reuven Rivlin) ਨੇ 2016 ਵਿੱਚ ਭਾਰਤ ਦਾ ਦੌਰਾ ਕੀਤਾ ਸੀ, ਉਹ ਭਾਰਤ ਦਾ ਦੌਰਾ ਕਰਨ ਵਾਲੇ ਦੂਜੇ ਇਜ਼ਰਾਈਲੀ ਰਾਸ਼ਟਰਪਤੀ ਸਨ।
ਮੇਰਾ ਅਗਲਾ ਦੌਰਾ ਸਾਡੇ ਦੋਨੋਂ ਦੇਸ਼ਾਂ ਦਰਮਿਆਨ ਗਹਿਰੇ ਅਤੇ ਸਦੀਆਂ ਪੁਰਾਣੇ ਸਬੰਧਾਂ ਦੀ ਯਾਦ ਦਿਵਾਉਂਦਾ ਹੈ। ਸਾਡਾ ਇਹ ਨਜ਼ਰੀਆ ਹੈ ਕਿ ਸਾਡੇ ਸਬੰਧਾਂ ਨੂੰ ਸਾਡੀ ਸ਼ਮੂਲੀਅਤ ਦੇ ਸਾਰੇ ਖੇਤਰਾਂ ਵਿੱਚ ਪ੍ਰਤੀਬਿੰਬਤ ਹੋਣਾ ਚਾਹੀਦਾ ਹੈ ਅਤੇ ਨਿਯਮਤ ਉੱਚ ਪੱਧਰੀ ਸੰਪਰਕ ਰਾਹੀਂ ਸਮਰਥਿਤ ਹੋਣਗੇ। ਮੇਰਾ ਵਿਚਾਰ ਹੈ ਕਿ ਇਸ ਸਾਲ ਜਦੋਂ ਅਸੀਂ ਆਪਣੇ ਕੂਟਨੀਤਕ ਸਬੰਧਾਂ ਦੀ 25ਵੀਂ ਵਰ੍ਹੇਗੰਢ ਮਨਾ ਰਹੇ ਹਾਂ, ਤਾਂ ਇਹ ਆਪਣੇ ਸਬੰਧਾਂ ਨੂੰ ਨਵੇਂ ਪੱਧਰ ‘ਤੇ ਲੈ ਕੇ ਜਾਣ ਦਾ ਮੌਕਾ ਹੈ।”
ਪ੍ਰਸ਼ਨ. ਕੀ ਇਹ ਫੈਸਲਾ ਸੰਯੁਕਤ ਵਿੱਚ ਇਜ਼ਰਾਈਲ ਦੇ ਜ਼ਿਆਦਾ ਸਮਰਥਕ ਹੋਣ ਦਾ ਰਵੱਈਆ ਹੈ?
” ਯੂ.ਐੱਨ. ਵਿੱਚ ਸਾਡੀ ਸਥਿਤੀ ਵਿਸ਼ੇਸ਼ ਮੁੱਦਿਆਂ ਦੀ ਯੋਗਤਾ ‘ਤੇ ਅਧਾਰਤ ਹੈ ਅਤੇ ਸਾਡੀਆਂ ਕਦਰਾਂ ਕੀਮਤਾਂ ਅਤੇ ਸਿਧਾਂਤਾਂ ਰਾਹੀਂ ਸੰਚਾਲਿਤ ਹੈ। ਸੰਯੁਕਤ ਰਾਸ਼ਟਰ ਵਿੱਚ ਅਨੁਕੂਲ ਪਰਿਣਾਮਾਂ ਲਈ ਅਸੀਂ ਇਜ਼ਰਾਈਲ ਸਮੇਤ ਸਾਰੇ ਸਹਿਯੋਗੀਆਂ ਅਤੇ ਬਹੁਪੱਖੀ ਮੰਚ ਨਾਲ ਜੁੜੇ ਰਹਿੰਦੇ ਹਾਂ ਜਿਹੜੇ ਸਾਡੀਆਂ ਆਮ ਰੂਪ ਵਿੱਚ ਸਾਂਝੀਆਂ ਤਰਜੀਹਾਂ ਅਤੇ ਚਿੰਤਾਵਾਂ ਨੂੰ ਦਰਸਾਉਂਦੇ ਹਨ। ਭਾਰਤ ਸੰਯੁਕਤ ਰਾਸ਼ਟਰ ਵਿੱਚੋਂ ਕਿਸੇ ਵੀ ਦੇਸ਼ ਨੂੰ ਬਾਹਰ ਕਰਨ ਦੇ ਪੱਖ ਵਿੱਚ ਨਹੀਂ ਹੈ।”
ਪ੍ਰਸ਼ਨ. ਕੀ ਭਾਰਤ ਹੁਣ ਵੀ ਪੱਛਮ ਜਾਂ ਪੂਰਬ ਨਾਲ ਖੁਦ ਨੂੰ ਨਿਰਪੱਖ ਮੰਨਦਾ ਹੈ?
”ਅਸੀਂ ‘ਵਸੁਧੈਵ ਕੁਟੁੰਬਕੁੰਮ’ ਦੀ ਫਿਲਾਸਫੀ ਵਿੱਚ ਵਿਸ਼ਵਾਸ ਰੱਖਦੇ ਹਾਂ ਜਿਸ ਦਾ ਅਰਥ ਹੈ ‘ਪੂਰਾ ਵਿਸ਼ਵ ਇੱਕ ਪਰਿਵਾਰ ਹੈ।’ ਅਸੀਂ ਪੂਰਬ ਅਤੇ ਪੱਛਮ ਨਾਲ ਰਚਨਾਤਮਕ ਰੂਪ ਵਿੱਚ ਕਾਰਜ ਕਰਨਾ ਚਾਹੁੰਦੇ ਹਾਂ।”
ਪ੍ਰਸ਼ਨ. ਕੀ ਇਜ਼ਰਾਈਲ ਅਤੇ ਭਾਰਤ ਦਹਿਸ਼ਤਗਰਦੀ ਦੇ ਇੱਕ ਹੀ ਖਤਰੇ ਦਾ ਸਾਹਮਣਾ ਕਰ ਰਹੇ ਹਨ?
”ਦਹਿਸ਼ਤਗਰਦੀ ਆਲਮੀ ਸੰਕਟ ਹੈ। ਭਾਰਤ ਅਤੇ ਇਜ਼ਰਾਈਲ ਇਸ ਤੋਂ ਬਚੇ ਹੋਏ ਨਹੀਂ ਹਨ। ਅਸੀਂ ਪੂਰਨ ਸਹਿਮਤ ਹਾਂ ਕਿ ਅਜਿਹੇ ਤੱਤ ਜੋ ਨਿਰਦੋਸ਼ ਲੋਕਾਂ ‘ਤੇ ਹਿੰਸਾ ਕਰਦੇ ਹਨ, ਉਨ੍ਹਾਂ ਨੂੰ ਪਨਪਣ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ। ਸਰਹੱਦੋਂ ਪਾਰ ਦਹਿਸ਼ਤਗਰਦੀ ਸਾਡੇ ਲਈ ਵੱਡੀ ਚੁਣੌਤੀ ਹੈ। ਸਾਡੀ ਸਰਹੱਦ ਤੋਂ ਪਾਰ ਵਿਭਾਜਨਕਾਰੀ ਸ਼ਕਤੀਆਂ ਸਾਡੇ ਦੇਸ਼ ਦੀ ਏਕਤਾ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਹ ਲੋਕ ਅਕਸਰ ਸਾਡੇ ਦੇਸ਼ ਅਤੇ ਸਾਡੇ ਖੇਤਰਾਂ ਵਿੱਚ ਨੌਜਵਾਨਾਂ ਨੂੰ ਗੁੰਮਰਾਹ ਕਰਨ ਲਈ ਧਰਮ ਦਾ ਇੱਕ ਉਪਕਰਨ ਵਜੋਂ ਦੁਰਉਪਯੋਗ ਕਰਦੇ ਹਨ। ਦਹਿਸ਼ਤਗਰਦੀ ਨੂੰ ਕਿਸੇ ਇੱਕ ਵਿਸ਼ੇਸ਼ ਧਰਮ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਦਹਿਸ਼ਤਗਰਦੀ ਦੇ ਸੰਕਟ ਨਾਲ ਲੜਨ ਲਈ ਭਾਰਤ ਅਤੇ ਇਜ਼ਰਾਈਲ ਇੱਕ ਦੂਜੇ ਦੇ ਉਪਰਾਲਿਆਂ ਵਿੱਚ ਹੋਰ ਜ਼ਿਆਦਾ ਬਰੀਕੀ ਨਾਲ ਸਹਿਯੋਗ ਕਰ ਸਕਦੇ ਹਨ।”
ਪ੍ਰਸ਼ਨ. ਕੀ ਇਹ ਸਬੰਧਾਂ ਨੂੰ ਮੁੜ ਤੋਂ ਸੈੱਟ ਕਰਨਾ ਜਾਂ ਅਪਗ੍ਰੇਡ ਕਰਨਾ ਹੈ?
”ਮੇਰੇ ਦੌਰੇ ਦਾ ਆਪਣਾ ਮਹੱਤਵ ਹੈ ਕਿਉਂਕਿ ਇਹ ਪਹਿਲੀ ਵਾਰ ਹੈ ਜਦੋਂ ਭਾਰਤ ਦਾ ਪ੍ਰਧਾਨ ਮੰਤਰੀ ਇਜ਼ਰਾਈਲ ਦੌਰਾ ਕਰ ਰਿਹਾ ਹੈ। ਮੈਨੂੰ ਵਿਸ਼ਵਾਸ ਹੈ ਕਿ ਮੇਰਾ ਦੌਰਾ ਵੱਖ ਵੱਖ ਖੇਤਰਾਂ ਵਿੱਚ ਸਾਡੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਅਗਵਾਈ ਕਰੇਗਾ ਅਤੇ ਸਾਡੇ ਸਹਿਯੋਗ ਦੇ ਨਵੇਂ ਰਾਹ ਖੋਲ੍ਹੇਗਾ।”
ਪ੍ਰਸ਼ਨ. ਕੀ ਤੁਸੀਂ ਡੋਨਾਲਡ ਟਰੰਪ ਦੀ ਤਰ੍ਹਾਂ ਯਰੂਸ਼ਲਮ ਅਤੇ ਪੱਛਮੀ ਦੀਵਾਰ ਦਾ ਦੌਰਾ ਕਰਨ ਲਈ ਸਹਿਮਤ ਹੋਵੋਗੇ?
”ਮੇਰੇ ਦੌਰੇ ਦਾ ਸਿਧਾਂਤਕ ਉਦੇਸ਼ ਭਾਰਤ ਅਤੇ ਇਜ਼ਰਾਈਲ ਦਰਮਿਆਨ ਦੁਵੱਲੇ ਸਬੰਧਾਂ ਨੂੰ ਗਹਿਰਾ ਕਰਨਾ ਹੈ। ਮੈਨੂੰ ਯਕੀਨ ਹੈ ਕਿ ਮੈਂ ਯਰੂਸ਼ਲਮ ਦਾ ਦੌਰਾ ਕਰਾਂਗਾ। ਮੇਰੇ ਦੌਰੇ ਦੀ ਬੁਨਿਆਦ ਅਤੇ ਉਸ ਦੇ ਪ੍ਰੋਗਰਾਮ ਇੰਨੇ ਵਿਵਸਥਿਤ ਕੀਤੇ ਜਾ ਰਹੇ ਹਨ ਤਾਂ ਕਿ ਅਸੀਂ ਟੈਰਨੋਲੋਜੀ ਅਤੇ ਨਵੀਨਤਮ ਲਿੰਕ, ਖੇਤੀਬਾੜੀ ਅਤੇ ਕੁਸ਼ਲ ਸਰੋਤਾਂ ਦੇ ਉਪਯੋਗ ਸਮੇਤ ਸਾਰੇ ਖੇਤਰਾਂ ਵਿੱਚ ਇਜ਼ਰਾਈਲ ਨਾਲ ਆਪਣੀ ਭਾਈਵਾਲੀ ਨੂੰ ਅੱਗੇ ਵਧਾਉਣ ‘ਤੇ ਧਿਆਨ ਕੇਂਦਰਿਤ ਕਰ ਸਕੀਏ।”
ਪ੍ਰਸ਼ਨ. ਯਰੂਸ਼ਲਮ ਵਿੱਚ ਪ੍ਰਭੂਸੱਤਾ ਦੇ ਸਵਾਲ ‘ਤੇ ਤੁਹਾਡੀ ਕੀ ਸਥਿਤੀ ਹੈ? ਕੀ ਭਾਰਤ ਆਪਣੇ ਦੂਤਾਵਾਸ ਨੂੰ ਤਸਬਦੀਲ ਕਰੇਗਾ?
”ਅਸੀਂ ਦੋ ਰਾਜ ਹੱਲ ਵਿੱਚ ਵਿਸ਼ਵਾਸ ਕਰਦੇ ਹਾਂ ਜਿਸ ਵਿੱਚ ਦੋਨੋਂ ਇਜ਼ਰਾਈਲ ਅਤੇ ਭਵਿੱਖ ਦੇ ਫਿਲਸਤੀਨੀ ਰਾਜ ਸ਼ਾਂਤੀਪੂਰਨ ਰੂਪ ਨਾਲ ਇਕਜੁੱਟ ਹੁੰਦੇ ਹਨ। ਅੰਤਿਮ ਸਥਿਤੀ ਸਮਝੌਤੇ ਨੂੰ ਸਾਰੀਆਂ ਪ੍ਰਭਾਵਿਤ ਧਿਰਾਂ ਦੀਆਂ ਭਾਵਨਾਵਾਂ ਅਤੇ ਮੰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਸ ਮੁੱਦੇ ਦਾ ਹੱਲ ਲੱਭਣ ਦੀ ਕੁੰਜੀ ਪ੍ਰਭਾਵਿਤ ਪਾਰਟੀਆਂ ਦੇ ਕੋਲ ਹੈ। ਭਾਰਤ ਯਰੂਸ਼ਲਮ ਸਮੇਤ ਸਾਰੇ ਲੰਬਿਤ ਮੁੱਦਿਆਂ ਦਾ ਸਰਬ ਪ੍ਰਵਾਨਤ ਹੱਲ ਲੱਭਣ ਲਈ ਸਾਰੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਦਾ ਹੈ। ਜਦੋਂ ਦੋਨੋਂ ਧਿਰਾਂ ਯਰੂਸ਼ਲਮ ‘ਤੇ ਸਮਝੌਤਾ ਕਰਨਗੀਆਂ ਉਸ ਤੋਂ ਬਾਅਦ ਅਸੀਂ ਫੈਸਲਾ ਕਰਾਂਗੇ।”
ਪ੍ਰਸ਼ਨ. ਤੁਹਾਡਾ ਜੀਵਨ ਅਜਿਹੇ ਵਿਅਕਤੀ ਜਿਹੜਾ ਗਰੀਬੀ ਵਿੱਚ ਪੈਦਾ ਹੋਇਆ ਅਤੇ ਮਿਹਨਤ ਦੀ ਪੌੜੀ ਚੜ੍ਹ ਕੇ ਦੇਸ਼ ਦੀ ਸਰਕਾਰ ਦਾ ਮੁਖੀ ਬਣਿਆ, ਇਹ ਬਹੁਤ ਪ੍ਰਭਾਵਸ਼ਾਲੀ ਹੈ, ਪਰ ਇਸ ਦੇ ਬਾਵਜੂਦ ਤੁਸੀਂ ਪੂੰਜੀਵਾਦੀ ਵਿਵਸਥਾ ਦੇ ਪ੍ਰਬਲ ਸਮਰਥਕ ਹੋ ਅਤੇ ਅਰਥਵਿਵਸਥਾ ਨੂੰ ਉਦਾਰ ਬਣਾਉਣਾ ਚਾਹੁੰਦੇ ਹੋ। ਕੀ ਤੁਸੀਂ ਆਪਣੇ ਵਿਸ਼ਵ ਦ੍ਰਿਸ਼ਟੀਕੋਣ ਦੀ ਵਿਆਖਿਆ ਕਰ ਸਕਦੇ ਹੋ?
”ਮੈਂ ਕਿਸੇ ਵੀ ਵਾਦ ਵਿੱਚ ਵਿਸ਼ਵਾਸ ਨਹੀਂ ਰੱਖਦਾ। ਮੈਂ ਅਤੇ ਮੇਰੀ ਸਰਕਾਰ ‘ਸਬਕਾ ਸਾਥ, ਸਬਕਾ ਵਿਕਾਸ’ ਦੇ ਆਦਰਸ਼ ਨਾਲ ਕੰਮ ਕਰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸਾਡੇ ਨੌਜਵਾਨ ਨੌਕਰੀ ਲੱਭਣ ਵਾਲੇ ਨਹੀਂ ਬਲਕਿ ਨੌਕਰੀ ਦੇਣ ਵਾਲੇ ਬਣਨ। ਅਸੀਂ ਆਪਣੇ ਨੌਜਵਾਨਾਂ ਦੀ ਨਵੀਨਤਾ ਅਤੇ ਉੱਦਮਸ਼ੀਲਤਾ ਨੂੰ ਪ੍ਰੋਤਸਾਹਨ ਦੇਣ ਲਈ ਲੋੜੀਂਦੇ ਸਾਰੇ ਉਪਾਅ ਅਪਣਾਵਾਂਗੇ। ਮੈਂ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਦੇ ਸਮਰਥਨ ਜਾਂ ਪ੍ਰੋਤਸਾਹਨ ਲਈ ਆਪਣੇ ਮਾਪਦੰਡਾਂ ਦਾ ਸ਼ੁੱਧ ਲਾਭ ਆਪਣੇ ਲੋਕਾਂ ਦੇ ਜੀਵਨ ਵਿੱਚ ਲਿਆਉਣਾ ਚਾਹੁੰਦਾ ਹਾਂ। ਅਤੇ ਜਦੋਂ ਇਹ ਵਿਚਾਰ ਪਹਿਲਾਂ ਰੱਖਿਆ ਜਾਂਦਾ ਹੈ ਤਾਂ ਨਤੀਜੇ ਗਹਿਰਾਈ ਨਾਲ ਫਾਇਦੇਮੰਦ ਹੋ ਸਕਦੇ ਹਨ। ਮੈਂ ਇਹ ਪੱਛਮੀ ਭਾਰਤ ਦੇ ਆਪਣੇ ਗ੍ਰਹਿ ਰਾਜ ਗੁਜਰਾਤ ਵਿਖੇ ਦੇਖਿਆ ਹੈ ਜਿੱਥੇ ਮੈਂ 13 ਸਾਲ ਮੁੱਖ ਮੰਤਰੀ ਰਿਹਾ, ਅਤੇ ਹੁਣ ਇਹ ਭਾਰਤ ਵਿੱਚ ਰਾਸ਼ਟਰੀ ਪੱਧਰ ‘ਤੇ ਹੈ।”
ਪ੍ਰਸ਼ਨ. ਤੁਸੀਂ ਆਧੁਨਿਕ ਟੈਕਨੋਲੋਜੀ ਨਾਲ ਭਾਰਤੀ ਸਮਾਜ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਹੈ ਜਿੱਥੇ ਦੂਰ ਦਰਾਜ ਅਤੇ ਗ੍ਰਾਮੀਣ ਸਮੁਦਾਏ ਵਿੱਚ ਉੱਚਿਤ ਸਵੱਛਤਾ ਦੀ ਸਥਿਤੀ ਦੀ ਅਣਹੋਂਦ ਹੈ। ਕੀ ਇਜ਼ਰਾਈਲ ਇਸ ਵਿੱਚ ਭੂਮਿਕਾ ਨਿਭਾ ਸਕਦਾ ਹੈ?
”ਬਿਲਕੁਲ, ਇਸ ਤਬਦੀਲੀ ਦੀ ਪ੍ਰਕਿਰਿਆ ਵਿੱਚ ਇਜ਼ਰਾਈਲ ਟੈਕਨੋਲੋਜੀ ਸਹਿਯੋਗੀ ਹੋ ਸਕਦਾ ਹੈ। ਇਜ਼ਰਾਈਲ ਦੀਆਂ ਸਮਰੱਥਾਵਾਂ ਸਵੱਛ ਗੰਗਾ (ਗੰਗਾ ਨਦੀ ਨੂੰ ਸਾਫ ਕਰਨ ਦੇ ਉਪਰਾਲੇ) ਅਤੇ ਸਮਾਰਟ ਸਿਟੀਜ਼ ਵਰਗੀਆਂ ਸਾਡੀਆਂ ਪ੍ਰਮੁੱਖ ਯੋਜਨਾਵਾਂ ਲਈ ਢੁਕਵਾਂ ਸਹਿਯੋਗ ਪ੍ਰਦਾਨ ਕਰਦੀਆਂ ਹਨ। ਜੇਕਰ ਇਜ਼ਰਾਈਲੀ ਇਨੋਵੇਟਰ ਸਾਡੀ ਗ੍ਰਾਮੀਣ ਜਨਸੰਖਿਆ ਅਨੁਸਾਰ ਆਪਣੇ ਉਤਪਾਦਾਂ ਨੂੰ ਮੁੜ ਤਿਆਰ ਕਰ ਸਕਦੇ ਹਨ ਤਾਂ ਇਜ਼ਰਾਈਲੀ ਟੈਕਨੋਲੋਜੀ ਨੂੰ ਸਾਡੇ ਦੇਸ਼ ਦੇ ਹਜ਼ਾਰਾਂ ਲੋਕਾਂ ਦੀ ਜੀਵਨ ਗੁਣਵੱਤਾ ਵਿੱਚ ਸੁਧਾਰ ਕਰਨ ਲਈ ਵਰਤਿਆ ਜਾ ਸਕਦਾ ਹੈ। ਗ੍ਰਾਮੀਣ ਸਮਾਜ ਵਿੱਚ ਬਜ਼ਾਰੂ ਝੁਕਾਅ ਸਮਝਣਾ ਮਹੱਤਵਪੂਰਨ ਹੈ।”
ਪ੍ਰਸ਼ਨ. ਜਦੋਂ ਕਾਰੋਬਾਰ, ਖੇਤੀਬਾੜੀ ਅਤੇ ਹੋਰ ਖੇਤਰਾਂ ਦੀ ਗੱਲ ਆਉਂਦੀ ਹੈ ਤਾਂ ਇਜ਼ਰਾਈਲੀ ਅਤੇ ਭਾਰਤੀ ਪਹੁੰਚ ਵਿਚਕਾਰ ਕੀ ਅੰਤਰ ਹੈ?
” ਸਮਾਜਾਂ ਵਜੋਂ ਭਾਰਤ ਅਤੇ ਇਜ਼ਰਾਇਲ ਦੋਨੋਂ ਮਜ਼ਬੂਤ ਉੱਦਮੀ ਮਾਨਸਿਕਤਾ ਵੱਲੋਂ ਸੰਚਾਲਿਤ ਹਨ। ਦੋਨਾਂ ਦੇਸ਼ਾਂ ਵਿੱਚ ਕਾਰੋਬਾਰੀ ਸੱਭਿਆਚਾਰ ਵਿਲੱਖਣ ਹੈ ਅਤੇ ਆਪੋ ਆਪਣੇ ਸੰਦਰਭ ਤੋਂ ਵਿਕਸਤ ਹੋ ਗਏ ਹਨ ਅਤੇ ਜਿਸ ਵਿੱਚ ਹਰ ਇੱਕ ਦਾ ਵਿਕਾਸ ਹੋਇਆ ਹੈ। ਉਨ੍ਹਾਂ ਦੀ ਪਹੁੰਚ ਵਿੱਚ ਅੰਤਰ ਹੋ ਸਕਦਾ ਹੈ ਪਰ ਭਾਰਤੀ ਅਤੇ ਇਜ਼ਾਰਾਇਲੀ ਕਾਰੋਬਾਰੀ ਜਿਨ੍ਹਾਂ ਨੂੰ ਮੈਂ ਜਾਣਦਾ ਹਾਂ, ਉਨ੍ਹਾਂ ਨੇ ਮੈਨੂੰ ਦੱਸਿਆ ਕਿ ਦੋਨਾਂ ਦੇ ਬਰਾਬਰ ਵਿਗਿਆਨਕ ਸੁਭਾਅ ਹਨ।”
ਪ੍ਰਸ਼ਨ. ਭਾਰਤ ਅਤੇ ਇਜ਼ਰਾਈਲ ਦਰਮਿਆਨ ਕੀ ਨਵੀਨਤਾ ਸਬੰਧ ਹਨ, ਇਹ ਇੱਕ ਆਮ ਵਿਅਕਤੀ ਨੂੰ ਕਿਵੇਂ ਵਰਣਨ ਕਰ ਸਕਦੇ ਹਾਂ?
”ਮੈਨੂੰ ਲਗਦਾ ਹੈ ਕਿ ਆਮ ਵਿਅਕਤੀ ਸਾਡੇ ਨਵੀਨਤਾ ਸਬੰਧਾਂ ਤੋਂ ਚੰਗੀ ਤਰ੍ਹਾਂ ਵਾਕਿਫ਼ ਹਨ ਕਿਉਂਕਿ ਉਨ੍ਹਾਂ ਦੇ ਨਤੀਜਿਆਂ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਛੂਹਿਆ ਹੈ। ਨਵੀਨਤਾ ਦਾ ਸਾਡਾ ਦ੍ਰਿਸ਼ਟੀਕੋਣ ਭਿੰਨ ਹੋ ਸਕਦਾ ਹੈ, ਪਰ ਅਸੀਂ ਦੋਨੋਂ ਆਪਣੇ ਸਮਾਜ ਲਈ ਧਨ ਅਤੇ ਮੁੱਲ ਜੋੜਨ ਲਈ ਇਸ ‘ਤੇ ਭਰੋਸਾ ਕਰਦੇ ਹਾਂ। ਇਜ਼ਰਾਈਲੀ ਅਤੇ ਭਾਰਤੀ ਜਨਮ ਤੋਂ ਹੀ ਨਵੀਨਤਾ ਭਰਪੂਰ ਹਨ। ਭਾਰਤ ਅਤੇ ਇਜ਼ਰਾਈਲ ਦੋਨੋਂ ਵਿਲੱਖਣ ਨਵੀਨਤਾ ਈਕੋਸਿਸਟਮ (Ecosystem) ਦਾ ਸਮਰਥਨ ਅਤੇ ਰੱਖ ਰਖਾਅ ਕਰਦੇ ਹਨ। ਸਾਡਾ ਸਾਂਝਾ ਉਪਰਾਲਾ ਨਵੀਨਤਾ ਦੀ ਰਚਨਾਤਮਕਤਾ ਨੂੰ ਉੱਦਮਸ਼ੀਲਤਾ ਦੀ ਊਰਜਾ ਨਾਲ ਜੋੜਨਾ ਵੀ ਹੈ।”
ਪ੍ਰਸ਼ਨ. ਭਾਰਤ ਕਿਸ ਪ੍ਰਕਾਰ ਦਾ ਇਜ਼ਰਾਈਲੀ ਆਯਾਤ ਚਾਹੁੰਦਾ ਹੈ?
”ਅਸੀਂ ਇਜ਼ਰਾਈਲ ਨਾਲ ਇੱਕ ਰਵਾਇਤੀ ਆਯਾਤ-ਨਿਰਯਾਤ ਸਬੰਧ ਨਹੀਂ ਚਾਹੁੰਦੇ। ਇਹ ਖਰੀਦਦਾਰ-ਵਿਕਰੇਤਾ ਸਬੰਧਾਂ ਤੋਂ ਜ਼ਿਆਦਾ ਹਨ। ਸਾਡੀ ‘ਮੇਕ ਇਨ ਇੰਡੀਆ’ ‘ਤੇ ਜ਼ੋਰ ਦਿੰਦੇ ਹੋਏ ਟੈਕਨੋਲੋਜੀ ਅਧਾਰਿਤ ਭਾਈਵਾਲੀ ਵਿੱਚ ਦਿਲਚਸਪੀ ਹੈ। ਇਜ਼ਰਾਈਲ ਦਾ ਉਦਯੋਗ ‘ਸਵੱਛ ਗੰਗਾ’ ਵਰਗੀਆਂ ਸਾਡੀਆਂ ਪ੍ਰਮੁੱਖ ਯੋਜਨਾਵਾਂ ਲਈ ਕਾਫ਼ੀ ਸਕਾਰਾਤਮਕ ਰਿਹਾ ਹੈ। ਭਾਰਤ ਦੀਆਂ ਪ੍ਰਮੁੱਖ ਯੋਜਨਾਵਾਂ ਵਿੱਚ ਭਾਈਵਾਲੀ ਦੇ ਵਿਸਥਾਰ ਨੂੰ ਹੋਰ ਗਹਿਰਾ ਕਰਨ ਦੀ ਬਹੁਤ ਗੁੰਜਾਇਸ਼ ਹੈ।”