Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ 71ਵੇਂ ਅਜ਼ਾਦੀ ਦਿਵਸ ਦੇ ਮੌਕੇ ਉੱਤੇ ਲਾਲ ਕਿਲ੍ਹੇ ਦੀ ਫਸੀਲ ਤੋਂ ਰਾਸ਼ਟਰ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ 71ਵੇਂ ਅਜ਼ਾਦੀ ਦਿਵਸ ਦੇ ਮੌਕੇ ਉੱਤੇ ਲਾਲ ਕਿਲ੍ਹੇ ਦੀ ਫਸੀਲ ਤੋਂ ਰਾਸ਼ਟਰ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ 71ਵੇਂ ਅਜ਼ਾਦੀ ਦਿਵਸ ਦੇ ਮੌਕੇ ਉੱਤੇ ਲਾਲ ਕਿਲ੍ਹੇ ਦੀ ਫਸੀਲ ਤੋਂ ਰਾਸ਼ਟਰ ਨੂੰ ਸੰਬੋਧਨ ਕੀਤਾ।

ਪ੍ਰਧਾਨ ਮੰਤਰੀ ਨੇ ਉਨ੍ਹਾਂ ਮਹਾਨ ਔਰਤਾਂ ਅਤੇ ਮਰਦਾਂ ਨੂੰ ਯਾਦ ਕੀਤਾ ਜਿਨ੍ਹਾਂ ਨੇ ਦੇਸ਼ ਦੀ ਅਜ਼ਾਦੀ ਲਈ ਭਾਰੀ ਯਤਨ ਕੀਤੇ। ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕ ਉਨ੍ਹਾਂ ਲੋਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ ਜੋ ਕਿ ਕੁਦਰਤੀ ਆਫਤਾਂ ਅਤੇ ਗੋਰਖਪੁਰ ਦੇ ਦੁਖਾਂਤ ਤੋਂ ਪ੍ਰਭਾਵਿਤ ਹੋਏ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਮੌਜੂਦਾ ਸਾਲ ਵਿਸ਼ੇਸ਼ ਹੈ ਕਿਉਂਕਿ ਇਹ ਸਾਲ ਭਾਰਤ ਛੱਡੋ ਅੰਦੋਲਨ ਦੀ 75ਵੀਂ ਵਰ੍ਹੇਗੰਢ, ਚੰਪਾਰਨ ਸੱਤਿਆਗ੍ਰਹਿ ਦੀ 100ਵੀਂ ਵਰ੍ਹੇਗੰਢ ਅਤੇ ਬਾਲ ਗੰਗਾਧਰ ਤਿਲਕ ਵੱਲੋਂ ਪ੍ਰੇਰਿਤ ‘ਜਨਤਕ ਗਣੇਸ਼ ਉਤਸਵ’ ਦੇ ਸਮਾਰੋਹਾਂ ਦੀ 125ਵੀਂ ਵਰ੍ਹੇਗੰਢ ਵਾਲਾ ਸਾਲ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੇ 1942 ਤੋਂ 1947 ਤੱਕ ਆਪਣੀ ਸਾਂਝੀ ਤਾਕਤ ਦਾ ਮੁਜ਼ਾਹਰਾ ਕੀਤਾ ਜਿਸ ਨਾਲ ਭਾਰਤ ਨੂੰ ਅਜ਼ਾਦੀ ਮਿਲੀ। ਉਨ੍ਹਾਂ ਕਿਹਾ ਕਿ ਸਾਨੂੰ ਉਹੋ ਸਾਂਝੀ ਦ੍ਰਿੜ੍ਹਤਾ ਮੁੜ ਦਿਖਾਉਣੀ ਚਾਹੀਦੀ ਹੈ ਅਤੇ 2022 ਤੱਕ ਨਵੇਂ ਭਾਰਤ ਦੀ ਸਥਾਪਨਾ ਦਾ ਇਰਾਦਾ ਦਰਸਾਉਣਾ ਚਾਹੀਦਾ ਹੈ। ਉਨ੍ਹਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਾਡੇ ਦੇਸ਼ ਵਿੱਚ ਸਭ ਬਰਾਬਰ ਹਨ ਅਤੇ ਸਾਰੇ ਮਿਲ ਕੇ ਯੋਗਤਾ ਭਰੀ ਤਬਦੀਲੀ ਲਿਆ ਸਕਦੇ ਹਾਂ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਢਿੱਲ ਮੱਠ ਭਰੇ ‘ਚਲਤਾ ਹੈ’ ਵਾਲੇ ਰੁਝਾਨ ਨੂੰ ਖਤਮ ਕੀਤਾ ਜਾਵੇ ਅਤੇ ਇਸ ਦੀ ਥਾਂ ਉੱਤੇ ਹਾਂ-ਪੱਖੀ ਤਬਦੀਲੀ ਵਾਲਾ ‘ਬਦਲ ਸਕਤਾ ਹੈ’ ਵਾਲੇ ਰੁਝਾਨ ਨੂੰ ਅਪਣਾਇਆ ਜਾਵੇ।

ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਭਾਰਤ ਦੀ ਸੁਰੱਖਿਆ ਹੀ ਸਾਡੀ ਪਹਿਲ ਹੈ ਅਤੇ ਸਰਜੀਕਲ ਸਟ੍ਰਾਈਕ ਨੇ ਇਸ ਨੂੰ ਦਰਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੁਨੀਆ ਵਿੱਚ ਭਾਰਤ ਦਾ ਪੱਧਰ ਉੱਚਾ ਹੋ ਰਿਹਾ ਹੈ ਅਤੇ ਕਈ ਦੇਸ਼ ਦਹਿਸ਼ਤਵਾਦ ਦੇ ਟਾਕਰੇ ਲਈ ਭਾਰਤ ਨਾਲ ਸਹਿਯੋਗ ਕਰ ਰਹੇ ਹਨ। ਨੋਟਬੰਦੀ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਨੇ ਦੇਸ਼ ਅਤੇ ਗਰੀਬਾਂ ਨੂੰ ਲੁੱਟਿਆ ਹੈ, ਉਹ ਸ਼ਾਂਤੀ ਨਾਲ ਸੌਂ ਨਹੀਂ ਸਕਦੇ ਅਤੇ ਇਮਾਨਦਾਰੀ ਦਾ ਜਸ਼ਨ ਹਰ ਪਾਸੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਲੇ ਧਨ ਵਿਰੁੱਧ ਲੜਾਈ ਜਾਰੀ ਰਹੇਗੀ ਅਤੇ ਟੈਕਨੋਲੋਜੀ ਪਾਰਦਰਸ਼ਤਾ ਲਿਆਉਣ ਵਿੱਚ ਮਦਦ ਕਰੇਗੀ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਡਿਜੀਟਲ ਲੈਣ-ਦੇਣ ਨੂੰ ਹੋਰ ਉਤਸ਼ਾਹਿਤ ਕਰਨ।

ਪ੍ਰਧਾਨ ਮੰਤਰੀ ਨੇ ਜੀਐੱਸਟੀ ਨੂੰ ਸਹਿਕਾਰੀ ਸੰਘਵਾਦ ਦਾ ਇੱਕ ਨਮੂਨਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਵਿੱਤੀ ਸ਼ਮੂਲੀਅਤ ਦੀ ਪਹਿਲਕਦਮੀ ਨਾਲ ਲੋਕ ਮੁੱਖ-ਧਾਰਾ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਚੰਗਾ ਪ੍ਰਬੰਧਨ ਅਮਲਾਂ ਨੂੰ ਸਾਦਾ ਅਤੇ ਤੇਜ਼ੀ ਨਾਲ ਚਲਣ ਵਾਲਾ ਬਣਾਉਣਾ ਹੈ। ਜੰਮੂ-ਕਸ਼ਮੀਰ ਬਾਰੇ ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਨਾ ਤਾਂ ਗਾਲ਼ਾਂ ਅਤੇ ਨਾ ਹੀ ਗੋਲ਼ੀਆਂ ਸਗੋਂ ਗਲਵੱਕੜੀਆਂ ਹੀ ਸੂਬੇ ਦੇ ਮਸਲੇ ਦਾ ਹੱਲ ਹਨ। (ਨਾ ਗਾਲੀ ਸੇ, ਨਾ ਗੋਲੀ ਸੇ, ਪਰਿਵਰਤਨ ਹੋਗਾ ਗਲ਼ੇ ਲਗਾਨੇ ਸੇ)।

ਨਵੇਂ ਭਾਰਤ ਦੇ ਆਪਣੇ ਸੁਪਨੇ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕ ਹੀ ਇਸ ਦੇ ਪਿੱਛੇ ਪ੍ਰਮੁੱਖ ਤਾਕਤ ਹਨ – ਤੰਤਰ ਸੇ ਲੋਕ ਨਹੀਂ, ਲੋਕ ਸੇ ਤੰਤਰ ਚਲੇਗਾ।

ਪ੍ਰਧਾਨ ਮੰਤਰੀ ਨੇ ਕਿਸਾਨਾਂ ਅਤੇ ਖੇਤੀ ਵਿਗਿਆਨੀਆਂ ਦੀ ਇਸ ਗੱਲੋਂ ਪ੍ਰਸ਼ੰਸਾ ਕੀਤੀ ਕਿ ਇਸ ਸਾਲ ਰਿਕਾਰਡ ਤੋੜ ਫਸਲ ਉਤਪਾਦਨ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ ਸਾਲ 16 ਲੱਖ ਟਨ ਦਾਲਾਂ ਦੀ ਖਰੀਦ ਕੀਤੀ ਹੈ ਜੋ ਕਿ ਪਿਛਲੇ ਸਾਲ ਕੀਤੀ ਗਈ ਖਰੀਦ ਨਾਲੋਂ ਕਾਫੀ ਜ਼ਿਆਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਟੈਕਨੋਲੋਜੀ ਦੀ ਬਦਲ ਰਹੀ ਕਿਸਮ ਕਾਰਨ ਰੋਜ਼ਗਾਰ ਲਈ ਵੱਖ-ਵੱਖ ਨਿਪੁੰਨਤਾਵਾਂ ਦੀ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨੌਜਵਾਨਾਂ ਨੂੰ ਨੌਕਰੀ ਲੱਭਣ ਵਾਲਿਆਂ ਦੀ ਥਾਂ ਤੇ ਨੌਕਰੀ ਦੇਣ ਵਾਲਿਆਂ ਵਜੋਂ ਤਿਆਰ ਕੀਤਾ ਜਾ ਰਿਹਾ ਹੈ।

ਤੀਹਰੇ ਤਲਾਕ ਕਾਰਨ ਪ੍ਰੇਸ਼ਾਨ ਹੋਣ ਲਈ ਮਜ਼ਬੂਰ ਔਰਤਾਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਅਜਿਹੀਆਂ ਔਰਤਾਂ ਦੇ ਹੌਂਸਲੇ ਦੀ ਪ੍ਰਸ਼ੰਸਾ ਕਰਦੇ ਹਨ ਜੋ ਕਿ ਇਸ ਰਿਵਾਜ ਵਿਰੁੱਧ ਉੱਠ ਖੜ੍ਹੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਇਸ ਸੰਘਰਸ਼ ਵਿੱਚ ਉਨ੍ਹਾਂ ਦੇ ਨਾਲ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸ਼ਾਂਤੀ, ਏਕਤਾ ਅਤੇ ਇਕਸੁਰਤਾ ਦਾ ਹਿਮਾਇਤ ਹੈ। ਉਨ੍ਹਾਂ ਕਿਹਾ ਕਿ ਜਾਤੀਵਾਦ ਅਤੇ ਫਿਰਕਾਪ੍ਰਸਤੀ ਸਾਡੀ ਕਿਸੇ ਤਰ੍ਹਾਂ ਮਦਦ ਨਹੀਂ ਕਰ ਸਕਦੇ। ਉਨ੍ਹਾਂ ਧਰਮ ਦੇ ਨਾਮ ‘ਤੇ ਹਿੰਸਾ ਦੀ ਵਰਤੋਂ ਦੀ ਜ਼ੋਰਦਾਰ ਨਿੰਦਾ ਕੀਤੀ ਅਤੇ ਕਿਹਾ ਕਿ ਭਾਰਤ ਵਿੱਚ ਇਸ ਨੂੰ ਪ੍ਰਵਾਨਗੀ ਨਹੀਂ ਮਿਲੇਗੀ। ਉਨ੍ਹਾਂ ਕਿਹਾ ਕਿ ਭਾਰਤ ਛੋੜੋ ਅੰਦੋਲਨ ਵੇਲੇ ‘ਭਾਰਤ ਛੋੜੋ ਦਾ ਸੱਦਾ ਦਿੱਤਾ ਗਿਆ ਸੀ, ਪਰ ਹੁਣ ‘ਭਾਰਤ ਜੋੜੋ’ ਦਾ ਸੱਦਾ ਦਿੱਤਾ ਗਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰਬੀ ਅਤੇ ਉੱਤਰ ਪੂਰਬੀ ਭਾਰਤ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਯਤਨਾਂ ਵਿੱਚ ਢਿੱਲ ਦਿੱਤੇ ਬਿਨਾਂ ਵਿਕਾਸ ਨੂੰ ਨਵੀਂ ਤੇਜ਼ ਗਤੀ ਨਾਲ ਅੱਗੇ ਵਧਾਇਆ ਹੈ।

ਗਰੰਥਾਂ ਵਿੱਚੋਂ ਉਦਾਹਰਣ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇ ਅਸੀਂ ਸਹੀ ਸਮੇਂ ਉੱਤੇ ਸਹੀ ਕਦਮ ਨਹੀਂ ਚੁੱਕਦੇ ਤਾਂ ਸਾਨੂੰ ਲੋੜੀਂਦੇ ਨਤੀਜੇ ਹਾਸਲ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ‘ਟੀਮ ਇੰਡੀਆ’ ਲਈ ‘ਨਵੇਂ ਭਾਰਤ’ ਨੂੰ ਹਾਸਲ ਕਰਨ ਦਾ ਤਹੱਈਆ ਕਰਨ ਦਾ ਸਹੀ ਸਮਾਂ ਹੈ।

ਉਨ੍ਹਾਂ ਅਜਿਹੇ ਨਵੇਂ ਭਾਰਤ ਉੱਤੇ ਜ਼ੋਰ ਦਿੱਤਾ, ਜਿੱਥੇ ਗਰੀਬਾਂ ਕੋਲ ਮਕਾਨ ਹੋਣ ਅਤੇ ਪਾਣੀ ਅਤੇ ਬਿਜਲੀ ਤੱਕ ਉਨ੍ਹਾਂ ਦੀ ਪਹੁੰਚ ਹੋਵੇ, ਜਿੱਥੇ ਕਿਸਾਨ ਚਿੰਤਾਵਾਂ ਤੋਂ ਮੁਕਤ ਹੋਣ ਅਤੇ ਜਿੰਨਾਂ ਉਹ ਅੱਜ ਕਮਾਉਂਦੇ ਹਨ ਉਸ ਤੋਂ ਦੁੱਗਣਾ ਕਮਾਉਣ, ਨੌਜਵਾਨਾਂ ਅਤੇ ਔਰਤਾਂ ਨੂੰ ਆਪਣੇ ਸੁਪਨੇ ਪੂਰੇ ਕਰਨ ਲਈ ਖੁਲ੍ਹੇ ਮੌਕੇ ਮਿਲਣ, ਦਹਿਸ਼ਤਵਾਦ, ਜਾਤੀਵਾਦ, ਭ੍ਰਿਸ਼ਟਾਚਾਰ, ਭਾਈ-ਭਤੀਜਾਵਾਦ ਤੋਂ ਮੁਕਤ ਭਾਰਤ ਹੋਵੇ, ਇੱਕ ਅਜਿਹਾ ਭਾਰਤ ਜੋ ਕਿ ਸਾਫ਼ ਅਤੇ ਸਿਹਤਮੰਦ ਹੋਵੇ।

ਪ੍ਰਧਾਨ ਮੰਤਰੀ ਨੇ ਬਹਾਦਰੀ ਪੁਰਸਕਾਰਾਂ ਦੇ ਜੇਤੂਆਂ ਦੇ ਸਨਮਾਨ ਲਈ ਇੱਕ ਨਵੀਂ ਵੈੱਬਸਾਈਟ ਸ਼ੁਰੂ ਕਰਨ ਦਾ ਐਲਾਨ ਕੀਤਾ।

******

AKT/HS