Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ 3 ਮਾਰਚ ਨੂੰ ਗਿਰ ਵਿੱਚ ਰਾਸ਼ਟਰੀ ਜੰਗਲੀ ਜੀਵ ਬੋਰਡ ਦੀ 7ਵੀਂ ਬੈਠਕ ਦੀ ਪ੍ਰਧਾਨਗੀ ਕੀਤੀ

ਪ੍ਰਧਾਨ ਮੰਤਰੀ ਨੇ 3 ਮਾਰਚ ਨੂੰ ਗਿਰ ਵਿੱਚ ਰਾਸ਼ਟਰੀ ਜੰਗਲੀ ਜੀਵ ਬੋਰਡ ਦੀ 7ਵੀਂ ਬੈਠਕ ਦੀ ਪ੍ਰਧਾਨਗੀ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਗਿਰ ਰਾਸ਼ਟਰੀ ਪਾਰਕ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਰਾਸ਼ਟਰੀ ਜੰਗਲੀ ਜੀਵ ਬੋਰਡ ਦੀ 7ਵੀਂ ਬੈਠਕ ਦੀ ਪ੍ਰਧਾਨਗੀ ਕੀਤੀ।

ਰਾਸ਼ਟਰੀ ਜੰਗਲੀ ਜੀਵ ਬੋਰਡ ਨੇ ਸਰਕਾਰ ਦੁਆਰਾ ਜੰਗਲੀ ਜੀਵਾਂ ਦੀ ਸੰਭਾਲ ਵਿੱਚ ਕੀਤੀਆਂ ਗਈਆਂ ਵੱਖ-ਵੱਖ ਪਹਿਲਕਦਮੀਆਂ ਦੀ ਸਮੀਖਿਆ ਕੀਤੀ, ਨਵੇਂ ਸੁਰੱਖਿਅਤ ਖੇਤਰਾਂ ਅਤੇ ਪ੍ਰਜਾਤੀ-ਵਿਸ਼ੇਸ਼ ਫਲੈਗਸ਼ਿਪ ਪ੍ਰੋਗਰਾਮਾਂ ਜਿਵੇਂ ਕਿ ਪ੍ਰੋਜੈਕਟ ਟਾਈਗਰ, ਪ੍ਰੋਜੈਕਟ ਐਲੀਫੈਂਟ, ਪ੍ਰੋਜੈਕਟ ਸਨੋ ਲੈਪਰਡ ਆਦਿ ਦੀ ਸਿਰਜਣਾ ਵਿੱਚ ਉਪਲਬਧੀਆਂ ਨੂੰ ਉਜਾਗਰ ਕੀਤਾ। ਬੋਰਡ ਨੇ ਡੌਲਫਿਨ ਅਤੇ ਏਸ਼ਿਆਈ  ਸ਼ੇਰਾਂ ਲਈ ਸੰਭਾਲ ਦੇ ਯਤਨਾਂ ਅਤੇ ਇੰਟਰਨੈਸ਼ਨਲ ਬਿਗ ਕੈਟ ਅਲਾਇੰਸ ਦੀ ਸਥਾਪਨਾ ‘ਤੇ ਵੀ ਚਰਚਾ ਕੀਤੀ।

ਮੀਟਿੰਗ ਦੌਰਾਨ, ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਕੀਤੇ ਗਏ ਪਹਿਲੀ ਦਰਿਆਈ ਡੌਲਫਿਨ ਅਨੁਮਾਨ ਦੀ ਰਿਪੋਰਟ ਜਾਰੀ ਕੀਤੀ, ਜਿਸ ਵਿੱਚ ਕੁੱਲ 6,327 ਡੌਲਫਿਨ ਦਾ ਅਨੁਮਾਨ ਲਗਾਇਆ ਗਿਆ। ਇਸ ਮੋਹਰੀ ਯਤਨ ਵਿੱਚ ਅੱਠ ਰਾਜਾਂ ਵਿੱਚ 28 ਨਦੀਆਂ ਦਾ ਸਰਵੇਖਣ ਸ਼ਾਮਲ ਸੀ, ਜਿਸ ਵਿੱਚ 8,500 ਕਿਲੋਮੀਟਰ ਤੋਂ ਵੱਧ ਨੂੰ ਕਵਰ ਕਰਨ ਲਈ ਸਮਰਪਿਤ 3150 ਵਰਕਿੰਗ ਡੇਅਜ਼ ਸ਼ਾਮਲ ਸਨ। ਇਹ ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਵੱਧ ਗਿਣਤੀ ਦਰਜ ਕੀਤੀ ਗਈ, ਉਸ ਤੋਂ ਬਾਅਦ ਬਿਹਾਰ, ਪੱਛਮੀ ਬੰਗਾਲ ਅਤੇ ਅਸਾਮ ਆਉਂਦਾ ਹੈ।

ਪ੍ਰਧਾਨ ਮੰਤਰੀ ਨੇ ਸਥਾਨਕ ਆਬਾਦੀ ਅਤੇ ਪਿੰਡ ਵਾਸੀਆਂ ਨੂੰ ਸ਼ਾਮਲ ਕਰਕੇ ਡੌਲਫਿਨ ਸੰਭਾਲ ਬਾਰੇ ਜਾਗਰੂਕਤਾ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਡੌਲਫਿਨ ਨਿਵਾਸ ਸਥਾਨਾਂ ਦੇ ਖੇਤਰਾਂ ਵਿੱਚ ਸਕੂਲੀ ਬੱਚਿਆਂ ਦੇ ਐਕਸਪੋਜ਼ਰ ਦੌਰੇ ਆਯੋਜਿਤ ਕਰਨ ਦੀ ਵੀ ਸਲਾਹ ਦਿੱਤੀ।

ਪ੍ਰਧਾਨ ਮੰਤਰੀ ਨੇ ਜੂਨਾਗੜ੍ਹ ਵਿਖੇ ਰਾਸ਼ਟਰੀ ਜੰਗਲੀ ਜੀਵ ਰੈਫਰਲ ਸੈਂਟਰ ਦਾ ਨੀਂਹ ਪੱਥਰ ਵੀ ਰੱਖਿਆ, ਜੋ ਕਿ ਜੰਗਲੀ ਜੀਵ ਸਿਹਤ ਅਤੇ ਰੋਗ ਪ੍ਰਬੰਧਨ ਨਾਲ ਸਬੰਧਿਤ ਵੱਖ-ਵੱਖ ਪਹਿਲੂਆਂ ਦੇ ਤਾਲਮੇਲ ਅਤੇ ਸ਼ਾਸਨ ਲਈ ਕੇਂਦਰ ਵਜੋਂ ਕੰਮ ਕਰੇਗਾ।

ਏਸ਼ਿਆਈ  ਸ਼ੇਰਾਂ ਦੀ ਆਬਾਦੀ ਦਾ ਅਨੁਮਾਨ ਹਰ ਪੰਜ ਵਰ੍ਹਿਆਂ ਵਿੱਚ ਇੱਕ ਵਾਰ ਕੀਤਾ ਜਾਂਦਾ ਹੈ। ਆਖਰੀ ਵਾਰ ਅਜਿਹਾ ਅਭਿਆਸ 2020 ਵਿੱਚ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨੇ 2025 ਵਿੱਚ ਕੀਤੇ ਜਾਣ ਵਾਲੇ ਸ਼ੇਰ ਅਨੁਮਾਨ ਦੇ 16ਵੇਂ ਚੱਕਰ ਦੀ ਸ਼ੁਰੂਆਤ ਦਾ ਐਲਾਨ ਕੀਤਾ।

ਏਸ਼ਿਆਈ ਸ਼ੇਰਾਂ ਵਲੋਂ ਹੁਣ ਕੁਦਰਤੀ ਫੈਲਾਅ ਰਾਹੀਂ ਬਾਰਦਾ ਵਾਈਲਡਲਾਈਫ ਸੈਂਚੂਰੀ ਨੂੰ ਆਪਣਾ ਬਸੇਰਾ ਬਣਾਉਣ ਦਾ ਜ਼ਿਕਰ ਕਰਦਿਆਂ, ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਬਾਰਦਾ ਵਿੱਚ ਸ਼ੇਰਾਂ ਦੀ ਸੰਭਾਲ ਲਈ ਸ਼ਿਕਾਰ ਰੋਕਣ ਅਤੇ ਹੋਰ ਨਿਵਾਸ ਸਥਾਨ ਸੁਧਾਰ ਦੇ ਯਤਨਾਂ ਰਾਹੀਂ ਸਮਰਥਨ ਦਿੱਤਾ ਜਾਵੇਗਾ। ਜੰਗਲੀ ਜੀਵਾਂ ਦੇ ਨਿਵਾਸ ਸਥਾਨਾਂ ਦੇ ਵਿਕਾਸ ਅਤੇ ਸੰਭਾਲ ਲਈ ਈਕੋ-ਟੂਰਿਜ਼ਮ ਦੀ ਮਹੱਤਤਾ ਨੂੰ ਸਮਝਦੇ ਹੋਏ, ਉਨ੍ਹਾਂ ਨੇ ਜ਼ੋਰ ਦਿੱਤਾ ਕਿ ਜੰਗਲੀ ਜੀਵਾਂ ਦੇ ਸੈਰ-ਸਪਾਟੇ ਲਈ ਯਾਤਰਾ ਅਤੇ ਸੰਪਰਕ ਦੀ ਸੌਖ ਹੋਣੀ ਚਾਹੀਦੀ ਹੈ।

ਮਨੁੱਖ-ਜੰਗਲੀ ਜੀਵਾਂ ਦੇ ਟਕਰਾਅ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਲਈ, ਪ੍ਰਧਾਨ ਮੰਤਰੀ ਨੇ ਕੋਇੰਬਟੂਰ ਵਿੱਚ ਭਾਰਤ ਦੇ ਜੰਗਲੀ ਜੀਵ ਸੰਸਥਾਨ (ਸਲੀਮ ਅਲੀ ਪੰਛੀ ਵਿਗਿਆਨ ਅਤੇ ਕੁਦਰਤੀ ਇਤਿਹਾਸ) ਕੈਂਪਸ ਵਿੱਚ ਇੱਕ ਉੱਤਮਤਾ ਕੇਂਦਰ ਦੀ ਸਥਾਪਨਾ ਦਾ ਐਲਾਨ ਕੀਤਾ। ਇਹ ਕੇਂਦਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਰੈਪਿਡ ਰਿਸਪੌਂਸ ਟੀਮਾਂ ਨੂੰ ਉੱਨਤ ਟੈਕਨੋਲੋਜੀ, ਟ੍ਰੈਕਿੰਗ, ਪੂਰਵ-ਚੇਤਾਵਨੀ ਲਈ ਯੰਤਰਾਂ ਨਾਲ ਲੈਸ ਕਰਨ; ਮਨੁੱਖ-ਜੰਗਲੀ ਜੀਵਾਂ ਦੇ ਟਕਰਾਅ ਦੇ ਹੌਟਸਪੌਟਸ ਵਿੱਚ ਨਿਗਰਾਨੀ ਅਤੇ ਘੁਸਪੈਠ ਖੋਜ ਪ੍ਰਣਾਲੀਆਂ; ਅਤੇ ਟਕਰਾਅ ਘਟਾਉਣ ਦੇ ਉਪਾਵਾਂ ਨੂੰ ਲਾਗੂ ਕਰਨ ਲਈ ਫੀਲਡ ਪ੍ਰੈਕਟਿਸ਼ਨਰਾਂ ਅਤੇ ਭਾਈਚਾਰੇ ਦੀ ਸਮਰੱਥਾ ਬਣਾਉਣ ਵਿੱਚ ਵੀ ਸਹਾਇਤਾ ਕਰੇਗਾ।

ਪ੍ਰਧਾਨ ਮੰਤਰੀ ਨੇ ਜੰਗਲ ਦੀ ਅੱਗ ਅਤੇ ਮਨੁੱਖ-ਜਾਨਵਰਾਂ ਦੇ ਟਕਰਾਅ ਵਰਗੇ ਮੁੱਦਿਆਂ ਦਾ ਮੁਕਾਬਲਾ ਕਰਨ ਲਈ ਰਿਮੋਟ ਸੈਂਸਿੰਗ ਅਤੇ ਭੂ-ਸਥਾਨਕ ਮੈਪਿੰਗ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦੀ ਵਰਤੋਂ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਮਨੁੱਖੀ-ਜੰਗਲੀ ਜੀਵਾਂ ਦੇ ਟਕਰਾਅ ਦੀ ਚੁਣੌਤੀ ਨੂੰ ਹੱਲ ਕਰਨ ਲਈ ਭਾਰਤ ਦੇ ਜੰਗਲੀ ਜੀਵ ਸੰਸਥਾਨ ਨੂੰ ਭਾਸਕਰਚਾਰਿਆ ਨੈਸ਼ਨਲ ਇੰਸਟੀਟਿਊਟ ਫਾਰ ਸਪੇਸ ਐਪਲੀਕੇਸ਼ਨਜ਼ ਐਂਡ ਜੀਓ-ਇਨਫਾਰਮੈਟਿਕਸ (ਬੀਆਈਐੱਸਏਜੀ-ਐੱਨ) ਨਾਲ ਜੋੜਨ ਦਾ ਸੁਝਾਅ ਦਿੱਤਾ।

ਜੰਗਲ ਦੀ ਅੱਗ ਦੀ ਨਿਗਰਾਨੀ ਅਤੇ ਪ੍ਰਬੰਧਨ ਨੂੰ ਵਧਾਉਣ ਲਈ, ਖਾਸ ਕਰਕੇ ਬਹੁਤ ਹੀ ਸੰਵੇਦਨਸ਼ੀਲ ਸੁਰੱਖਿਅਤ ਖੇਤਰਾਂ ਵਿੱਚ, ਭਵਿੱਖਬਾਣੀ, ਖੋਜ, ਰੋਕਥਾਮ ਅਤੇ ਨਿਯੰਤਰਣ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸਪੇਸ ਟੈਕਨੋਲੋਜੀ ਦੀ ਵਰਤੋਂ ਰਾਹੀਂ ਭਾਰਤ ਦੇ ਜੰਗਲਾਤ ਸਰਵੇਖਣ, ਦੇਹਰਾਦੂਨ ਅਤੇ ਬੀਆਈਐੱਸਏਜੀ-ਐੱਨ ਦਰਮਿਆਨ ਸਹਿਯੋਗ ਦੀ ਸਲਾਹ ਦਿੱਤੀ।

ਪ੍ਰਧਾਨ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਚੀਤੇ ਨੂੰ ਮੱਧ ਪ੍ਰਦੇਸ਼ ਦੇ ਗਾਂਧੀ ਸਾਗਰ ਸੈਂਚੁਰੀ ਅਤੇ ਗੁਜਰਾਤ ਦੇ ਬੰਨੀ ਘਾਹ ਮੈਦਾਨਾਂ ਸਮੇਤ ਹੋਰ ਖੇਤਰਾਂ ਵਿੱਚ ਵੀ ਪੇਸ਼ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਨੇ ਟਾਈਗਰ ਰਿਜ਼ਰਵ ਤੋਂ ਬਾਹਰ ਬਾਘਾਂ ਦੀ ਸੰਭਾਲ ‘ਤੇ ਕੇਂਦ੍ਰਿਤ ਇੱਕ ਯੋਜਨਾ ਦਾ ਐਲਾਨ ਕੀਤਾ। ਇਸ ਪਹਿਲ ਦਾ ਉਦੇਸ਼ ਸਥਾਨਕ ਭਾਈਚਾਰਿਆਂ ਨਾਲ ਸਹਿ-ਹੋਂਦ ਨੂੰ ਯਕੀਨੀ ਬਣਾ ਕੇ ਇਨ੍ਹਾਂ ਰਿਜ਼ਰਵ ਤੋਂ ਬਾਹਰਲੇ ਖੇਤਰਾਂ ਵਿੱਚ ਮਨੁੱਖ-ਟਾਈਗਰ ਅਤੇ ਹੋਰ ਸਹਿ-ਸ਼ਿਕਾਰੀਆਂ ਨਾਲ ਟਕਰਾਵਾਂ ਨੂੰ ਰੋਕਣਾ ਹੈ।

ਘੜਿਆਲਾਂ ਦੀ ਘਟਦੀ ਆਬਾਦੀ ਅਤੇ ਘੜਿਆਲਾਂ ਦੀ ਸੰਭਾਲ ਨੂੰ ਯਕੀਨੀ ਬਣਾਉਣ ਦੇ ਦ੍ਰਿਸ਼ਟੀਕੋਣ ਨੂੰ ਮਾਨਤਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਸੰਭਾਲ ਲਈ ਘੜਿਆਲਾਂ ‘ਤੇ ਇੱਕ ਨਵਾਂ ਪ੍ਰੋਜੈਕਟ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ।

ਪ੍ਰਧਾਨ ਮੰਤਰੀ ਨੇ ਗ੍ਰੇਟ ਇੰਡੀਅਨ ਬਸਟਰਡ ਦੀ ਸੰਭਾਲ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।  ਸੰਭਾਲ ਦੇ ਯਤਨਾਂ ਨੂੰ ਉੱਚਾ ਚੁੱਕਣ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ, ਉਨ੍ਹਾਂ ਨੇ ਇੱਕ ਰਾਸ਼ਟਰੀ ਗ੍ਰੇਟ ਇੰਡੀਅਨ ਬਸਟਰਡ ਸੰਭਾਲ ਕਾਰਜ ਯੋਜਨਾ ਦਾ ਐਲਾਨ ਕੀਤਾ।

ਸਮੀਖਿਆ ਮੀਟਿੰਗ ਦੌਰਾਨ, ਪ੍ਰਧਾਨ ਮੰਤਰੀ ਨੇ ਬੋਰਡ ਅਤੇ ਵਾਤਾਵਰਣ ਮੰਤਰਾਲੇ ਨੂੰ ਖੋਜ ਅਤੇ ਵਿਕਾਸ ਲਈ ਜੰਗਲਾਂ ਅਤੇ ਜੰਗਲੀ ਜੀਵਾਂ ਦੀ ਸੰਭਾਲ ਅਤੇ ਪ੍ਰਬੰਧਨ ਦੇ ਸਬੰਧ ਵਿੱਚ ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਰਵਾਇਤੀ ਗਿਆਨ ਅਤੇ ਹੱਥ-ਲਿਖਤਾਂ ਇਕੱਠੀਆਂ ਕਰਨ ਲਈ ਕਿਹਾ। ਪ੍ਰਧਾਨ ਮੰਤਰੀ ਨੇ ਮੰਤਰਾਲੇ ਲਈ ਜੰਗਲੀ ਜੀਵਾਂ ਦੀ ਸੰਭਾਲ ਰਣਨੀਤੀ ਅਤੇ ਭਵਿੱਖ ਦੀਆਂ ਕਾਰਵਾਈਆਂ ਲਈ ਇੱਕ ਰੋਡਮੈਪ ਤਿਆਰ ਕੀਤਾ ਅਤੇ ਇੰਡੀਅਨ ਸਲੋਥ ਬੀਅਰ, ਘੜਿਆਲ ਅਤੇ ਗ੍ਰੇਟ ਇੰਡੀਅਨ ਬਸਟਰਡ ਸੰਭਾਲ ਅਤੇ ਵਿਕਾਸ ‘ਤੇ ਕੰਮ ਕਰਨ ਲਈ ਵੱਖ-ਵੱਖ ਟਾਸਕ ਫੋਰਸਾਂ ਦਾ ਗਠਨ ਕਰਨ ਲਈ ਵੀ ਕਿਹਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਗਿਰ ਸ਼ੇਰ ਅਤੇ ਚੀਤਿਆਂ ਦੀ ਸੰਭਾਲ ਦੀ ਇੱਕ ਚੰਗੀ ਸਫਲਤਾ ਦੀ ਕਹਾਣੀ ਹੈ। ਉਨ੍ਹਾਂ ਕਿਹਾ ਕਿ ਇਸ ਰਵਾਇਤੀ ਗਿਆਨ ਦਾ ਹੋਰ ਰਾਸ਼ਟਰੀ ਪਾਰਕਾਂ ਅਤੇ ਸੈਂਚੁਰੀਆਂ ਵਿੱਚ ਵਰਤੋਂ ਲਈ ਏਆਈ ਦੀ ਮਦਦ ਨਾਲ ਦਸਤਾਵੇਜ਼ੀਕਰਣ ਕੀਤਾ ਜਾਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਜੰਗਲੀ ਜਾਨਵਰਾਂ ਦੀਆਂ ਪ੍ਰਵਾਸੀ ਪ੍ਰਜਾਤੀਆਂ ਦੀ ਸੰਭਾਲ ਬਾਰੇ ਸੰਯੁਕਤ ਰਾਸ਼ਟਰ ਕਨਵੈਨਸ਼ਨ (ਸੀਐੱਮਐੱਸ) ਦੇ ਤਹਿਤ ਤਾਲਮੇਲ ਇਕਾਈ ਵਿੱਚ ਸਹਿਯੋਗ ਵਧਾਉਣ ਦਾ ਸੁਝਾਅ ਵੀ ਦਿੱਤਾ।

ਪ੍ਰਧਾਨ ਮੰਤਰੀ ਨੇ ਖਾਸ ਕਰਕੇ ਕਮਿਊਨਿਟੀ ਰਿਜ਼ਰਵ ਦੀ ਸਥਾਪਨਾ ਨਾਲ ਸਥਾਨਕ ਭਾਈਚਾਰਿਆਂ ਦੀ ਸੰਭਾਲ ਵਿੱਚ ਸਰਗਰਮ ਭਾਗੀਦਾਰੀ ਦੀ ਸ਼ਲਾਘਾ ਕੀਤੀ। ਪਿਛਲੇ ਦਹਾਕੇ ਦੌਰਾਨ, ਭਾਰਤ ਨੇ ਕਮਿਊਨਿਟੀ ਰਿਜ਼ਰਵ ਦੀ ਗਿਣਤੀ ਵਿੱਚ ਛੇ ਗੁਣਾ ਤੋਂ ਵੱਧ ਦਾ ਵਾਧਾ ਦੇਖਿਆ ਹੈ। ਉਨ੍ਹਾਂ ਨੇ ਜੰਗਲੀ ਜੀਵ ਸੰਭਾਲ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਸਮੇਤ ਉੱਨਤ ਟੈਕਨੋਲੋਜੀਆਂ ਦੀ ਵਰਤੋਂ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਨੇ ਜੰਗਲੀ ਖੇਤਰਾਂ ਵਿੱਚ ਔਸ਼ਧੀ ਪੌਦਿਆਂ ਦੀ ਖੋਜ ਅਤੇ ਦਸਤਾਵੇਜ਼ੀਕਰਣ ‘ਤੇ ਵੀ ਸਲਾਹ ਦਿੱਤੀ, ਜੋ ਜਾਨਵਰਾਂ ਦੀ ਸਿਹਤ ਪ੍ਰਬੰਧਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਨੇ ਵਿਸ਼ਵ ਪੱਧਰ ‘ਤੇ ਜਾਨਵਰਾਂ ਦੇ ਸਿਹਤ ਪ੍ਰਬੰਧਨ ਲਈ ਪੌਦਿਆਂ ‘ਤੇ ਅਧਾਰਿਤ ਚਿਕਿਤਸਾ ਪ੍ਰਣਾਲੀਆਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਦੀਆਂ ਸੰਭਾਵਨਾਵਾਂ ਦਾ ਵੀ ਜ਼ਿਕਰ ਕੀਤਾ।

ਮੀਟਿੰਗ ਤੋਂ ਬਾਅਦ, ਪ੍ਰਧਾਨ ਮੰਤਰੀ ਨੇ ਅਗਲੇਰੀ ਕਤਾਰ ਦੇ ਜੰਗਲਾਤ ਅਮਲੇ ਦੀ ਵਧੇਰੇ ਗਤੀਸ਼ੀਲਤਾ ਲਈ ਮੋਟਰ ਸਾਈਕਲਾਂ ਨੂੰ ਵੀ ਹਰੀ ਝੰਡੀ ਦਿਖਾਈ। ਉਨ੍ਹਾਂ ਨੇ ਗਿਰ ਵਿਖੇ ਫੀਲਡ ਪੱਧਰ ਦੇ ਕਰਮਚਾਰੀਆਂ ਨਾਲ ਵੀ ਗੱਲਬਾਤ ਕੀਤੀ, ਜਿਸ ਵਿੱਚ ਅਗਲੇਰੀ ਕਤਾਰ ਦੇ ਅਮਲੇ, ਈਕੋ ਗਾਈਡ ਅਤੇ ਟਰੈਕਰ ਸ਼ਾਮਲ ਸਨ।

*****

ਐੱਮਜੇਪੀਐੱਸ/ਐੱਸਆਰ