Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸਾਰਕ ਨੇਤਾਵਾਂ ਨਾਲ ਖੇਤਰ ਵਿੱਚ ਕੋਵਿਡ-19 ਦਾ ਮੁਕਾਬਲਾ ਕਰਨ ਲਈ ਗੱਲਬਾਤ ਕੀਤੀ 


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫਰੰਸ ਜ਼ਰੀਏ ਸਾਰਕ ਦੇਸ਼ਾਂ ਦੇ ਨੇਤਾਵਾਂ ਨਾਲ ਖੇਤਰ ਵਿੱਚ ਕੋਵਿਡ-19 ਦੇ ਮੁਕਾਬਲੇ ਲਈ ਸਾਂਝੀ ਰਣਨੀਤੀ ਬਣਾਉਣ ਲਈ ਗੱਲਬਾਤ ਕੀਤੀ।

ਸਾਂਝਾ ਇਤਿਹਾਸ – ਸਮੂਹਿਕ ਭਵਿੱਖ

ਪ੍ਰਧਾਨ ਮੰਤਰੀ ਨੇ ਇੰਨੇ ਘੱਟ ਸਮੇਂ ਦੇ ਨੋਟਿਸ ’ਤੇ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਨੇਤਾਵਾਂ ਦਾ ਧੰਨਵਾਦ ਕੀਤਾ। ਪੁਰਾਣੇ ਸਮੇਂ ਵਿੱਚ ਸਾਰਕ ਦੇਸ਼ਾਂ ਦੇ ਸਮਾਜਾਂ ਵਿੱਚ ਆਪਸੀ ਸਬੰਧ ਅਤੇ ਲੋਕਾਂ ਦੇ ਲੋਕਾਂ ਨਾਲ ਰਿਸ਼ਤਿਆਂ ’ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਰਾਸ਼ਟਰਾਂ ਲਈ ਇਹ ਜ਼ਰੂਰੀ ਹੈ ਕਿ ਇਕੱਠੇ ਹੋ ਕੇ ਚੁਣੌਤੀ ਦਾ ਸਾਹਮਣਾ ਕਰਨ ਨੂੰ ਤਿਆਰ ਰਹਿਣ।

ਅੱਗੇ ਵਧਣ ਦਾ ਰਾਹ

ਸਹਿਯੋਗ ਦੀ ਭਾਵਨਾ ਨਾਲ, ਪ੍ਰਧਾਨ ਮੰਤਰੀ ਮੋਦੀ ਨੇ ਸਾਰੇ ਦੇਸ਼ਾਂ ਦੇ ਸਵੈਇੱਛਕ ਯੋਗਦਾਨ ਦੇ ਅਧਾਰ ’ਤੇ ਕੋਵਿਡ-19 ਐਮਰਜੈਂਸੀ ਫੰਡ ਬਣਾਉਣ ਦਾ ਪ੍ਰਸਤਾਵ ਰੱਖਿਆ। ਨਾਲ ਹੀ ਭਾਰਤ ਨੇ ਫੰਡ ਲਈ ਸ਼ੁਰੂ ਵਿੱਚ 10 ਮਿਲੀਅਨ ਅਮਰੀਕੀ ਡਾਲਰ ਦੀ ਪੇਸ਼ਕਸ਼ ਵੀ ਕੀਤੀ। ਇਸ ਫੰਡ ਦਾ ਇਸਤੇਮਾਲ ਕੋਈ ਵੀ ਸਹਿਯੋਗੀ ਦੇਸ਼ ਆਪਣੇ ਤਤਕਾਲੀ ਕਾਰਜਾਂ ਨੂੰ ਪੂਰਾ ਕਰਨ ਲਈ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜ਼ਰੂਰਤ ਪੈਣ ’ਤੇ ਦੇਸ਼ਾਂ ਵਿੱਚ ਹਾਲਾਤ ਨਾਲ ਨਿਪਟਣ ਲਈ ਭਾਰਤ ਡਾਕਟਰਾਂ ਅਤੇ ਮਾਹਿਰਾਂ ਦੀ ਇੱਕ ਰੈਪਿਡ ਰਿਸਪਾਂਸ ਟੀਮ ਬਣਾ ਰਿਹਾ ਹੈ, ਜੋ ਟੈਸਟਿੰਗ ਕਿਟ ਅਤੇ ਦੂਜੇ ਉਪਕਰਨਾਂ ਦੇ ਨਾਲ ਸਟੈਂਡ-ਬਾਈ ’ਤੇ ਰਹਿਣਗੇ।

ਪ੍ਰਧਾਨ ਮੰਤਰੀ ਨੇ ਗੁਆਂਢੀ ਦੇਸ਼ਾਂ ਦੀਆਂ ਐਮਰਜੈਂਸੀ ਰਿਸਪਾਂਸ ਟੀਮਾਂ ਲਈ ਔਨਲਾਈਨ ਸਿਖਲਾਈ ਕੈਪਸੂਲਾਂ ਦੀ ਵਿਵਸਥਾ ਕਰਨ ਅਤੇ ਸੰਭਾਵਿਤ ਵਾਇਰਸ ਵਾਹਕਾਂ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਏ ਲੋਕਾਂ ਦਾ ਪਤਾ ਲਗਾਉਣ ਵਿੱਚ ਮਦਦ ਕਰਨ ਲਈ ਭਾਰਤ ਦੇ ਏਕੀਕ੍ਰਿਤ ਰੋਗ ਨਿਗਰਾਨੀ ਪੋਰਟਲ ਦੇ ਸਾਫਟਵੇਅਰ ਨੂੰ ਸਾਂਝਾ ਕਰਨ ਦੀ ਵੀ ਪੇਸ਼ਕਸ਼ ਕੀਤੀ। ਉਨ੍ਹਾਂ ਸੁਝਾਅ ਰੱਖਿਆ ਕਿ ਸਾਰਕ ਆਪਦਾ ਪ੍ਰਬੰਧਨ ਕੇਂਦਰ ਜਿਹੇ ਮੌਜੂਦਾ ਤੰਤਰ ਦਾ ਇਸਤੇਮਾਲ ਬਿਹਤਰੀਨ ਪਿਰਤਾਂ ਦੇ ਪੂਲ ਲਈ ਹੋ ਸਕਦਾ ਹੈ।

ਉਨ੍ਹਾਂ ਦੱਖਣੀ ਏਸ਼ਿਆਈ ਖੇਤਰ ਦੇ ਅੰਦਰ ਮਹਾਮਾਰੀ ਵਾਲੀਆਂ ਬਿਮਾਰੀਆਂ ਨੂੰ ਨਿਯੰਤਰਿਤ ਕਰਨ ਲਈ ਖੋਜ ਵਿੱਚ ਤਾਲਮੇਲ ਵਾਸਤੇ ਇੱਕ ਸਾਂਝਾ ਖੋਜ ਮੰਚ ਬਣਾਉਣ ਦਾ ਵੀ ਸੁਝਾਅ ਦਿੱਤਾ। ਉਨ੍ਹਾਂ ਨੇ ਅੱਗੇ ਕੋਵਿਡ-19 ਦੇ ਦੀਰਘਕਾਲੀ ਆਰਥਿਕ ਪਰਿਣਾਮਾਂ ਅਤੇ ਅੰਦਰੂਨੀ ਵਪਾਰ ਅਤੇ ਲੋਕਲ ਵੈਲਿਉ ਚੇਨਾਂ ਨੂੰ ਇਸ ਦੇ ਪ੍ਰਭਾਵ ਤੋਂ ਅਲੱਗ ਕਰਨ ਦੇ ਤਰੀਕਿਆਂ ’ਤੇ ਮਾਹਿਰਾਂ ਵੱਲੋਂ ਮੰਥਨ ਕਰਨ ਦਾ ਸੁਝਾਅ ਦਿੱਤਾ।

ਨੇਤਾਵਾਂ ਨੇ ਪ੍ਰਧਾਨ ਮੰਤਰੀ ਦਾ ਪ੍ਰਸਤਾਵਿਤ ਪਹਿਲ ਲਈ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਇੱਕਠਿਆਂ ਮੁਕਾਬਲਾ ਕਰਨ ਦਾ ਸੰਕਲਪ ਦੁਹਰਾਇਆ ਅਤੇ ਕਿਹਾ ਕਿ ਸਾਰਕ ਦੇਸ਼ਾਂ ਦਾ ਇਹ ਗੁਆਂਢੀ ਸਹਿਯੋਗ ਦੁਨੀਆ ਲਈ ਇੱਕ ਮਾਡਲ ਰੂਪ ਵਿੱਚ ਕੰਮ ਕਰਨਾ ਚਾਹੀਦਾ ਹੈ।

ਅਨੁਭਵ ਕੀਤੇ ਸਾਂਝੇ

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦਾ ਮਾਰਗਦਰਸ਼ਕ ਮੰਤਰ ‘ਤਿਆਰੀ ਕਰੋ, ਪਰ ਘਬਰਾਓ ਨਾ’ ਰਿਹਾ ਹੈ। ਉਨ੍ਹਾਂ ਨੇ ਵਰਗੀਕ੍ਰਿਤ ਪ੍ਰਤੀਕਿਰਿਆ ਤੰਤਰ, ਦੇਸ਼ ਵਿੱਚ ਪ੍ਰਵੇਸ਼ ਕਰਨ ਵਾਲਿਆਂ ਦੀ ਸਕ੍ਰੀਨਿੰਗ, ਟੀਵੀ, ਪ੍ਰਿੰਟ ਅਤੇ ਸੋਸ਼ਲ ਮੀਡੀਆ ’ਤੇ ਜਨ ਜਾਗਰੂਕਤਾ ਮੁਹਿੰਮ, ਅਸਾਨੀ ਨਾਲ ਚਪੇਟ ਵਿੱਚ ਆਉਣ ਵਾਲਿਆਂ ਤੱਕ ਪਹੁੰਚਣ ਲਈ ਵਿਸ਼ੇਸ਼ ਪ੍ਰਯਤਨਾਂ, ਮਹਾਮਾਰੀ ਦੇ ਹਰ ਫੇਜ਼ ਦੇ ਪ੍ਰਬੰਧਨ ਲਈ ਪ੍ਰੋਟੋਕੋਲ ਤਿਆਰ ਕਰਨ ਅਤੇ ਜਾਂਚ ਦੀਆਂ ਸੁਵਿਧਾਵਾਂ ਵਧਾਉਣ ਜਿਹੇ ਉਠਾਏ ਗਏ ਕਦਮਾਂ ਦੀ ਜਾਣਕਾਰੀ ਦਿੱਤੀ।

ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਨਾ ਕੇਵਲ ਕਰੀਬ 1400 ਭਾਰਤੀਆਂ ਨੂੰ ਅਲੱਗ-ਅਲੱਗ ਦੇਸ਼ਾਂ ਤੋਂ ਸਫ਼ਲਤਾਪੂਰਵਕ ਸੁਰੱਖਿਅਤ ਕੱਢਿਆ ਹੈ ਬਲਕਿ ‘ਗੁਆਂਢ ਪਹਿਲਾਂ ਦੀ ਨੀਤੀ’ ਦੇ ਤਹਿਤ ਗੁਆਂਢੀ ਦੇਸ਼ਾਂ ਦੇ ਵੀ ਕੁਝ ਨਾਗਰਿਕਾਂ ਨੂੰ ਸੁਰੱਖਿਅਤ ਕੱਢਿਆ ਗਿਆ।

ਰਾਸ਼ਟਰਪਤੀ ਅਸ਼ਰਫ ਗ਼ਨੀ ਨੇ ਕਿਹਾ ਕਿ ਅਫ਼ਗ਼ਾਨਿਸਤਾਨ ਦੀ ਸਭ ਤੋਂ ਵੱਡੀ ਕਮਜ਼ੋਰੀ ਇਰਾਨ ਦੇ ਨਾਲ ਖੁੱਲ੍ਹੀ ਸੀਮਾ ਹੈ। ਉਨ੍ਹਾਂ ਨੇ ਗੁਆਂਢੀ ਦੇਸ਼ਾਂ ਦਰਮਿਆਨ ਟੈਲੀਮੈਡੀਸਿਨ ਅਤੇ ਜ਼ਿਆਦਾ ਸਹਿਯੋਗ ਲਈ ਸਾਂਝਾ ਫ੍ਰੇਮਵਰਕ ਤਿਆਰ ਕਰਨ, ਪ੍ਰਸਾਰ ਪ੍ਰਵਿਤੀਆਂ ਦੇ ਪ੍ਰਤੀਰੂਪਣ (ਨਮੂਨੇ ਦੀ ਬਣਾਵਟ) ਦਾ ਪ੍ਰਸਤਾਵ ਰੱਖਿਆ।

 

ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲਿਹ ਨੇ ਵੁਹਾਨ ਤੋਂ ਮਾਲਦੀਵ ਦੇ 9 ਲੋਕਾਂ ਨੂੰ ਸੁਰੱਖਿਅਤ ਕੱਢਣ ਅਤੇ ਕੋਵਿਡ-19 ਨਾਲ ਨਿਪਟਣ ਲਈ ਭਾਰਤ ਤੋਂ ਮੈਡੀਕਲ ਸਹਾਇਤਾ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਦੇਸ਼ ਵਿੱਚ ਸੈਰ-ਸਪਾਟੇ ’ਤੇ ਕੋਵਿਡ-19 ਦੇ ਨਕਾਰਾਤਮਕ ਪ੍ਰਭਾਵ ਅਤੇ ਉਸ ਤੋਂ ਦੇਸ਼ ਦੀ ਅਰਥਵਿਵਸਥਾ ’ਤੇ ਅਸਰ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਦੇਸ਼ਾਂ ਦੀ ਹੈਲਥ ਐਮਰਜੈਂਸੀ ਏਜੰਸੀਆਂ ਦਰਮਿਆਨ ਨੇੜਲੇ ਸਹਿਯੋਗ, ਆਰਥਿਕ ਰਾਹਤ ਪੈਕੇਜ ਤਿਆਰ ਕਰਨ ਅਤੇ ਖੇਤਰ ਲਈ ਦੀਰਘਕਾਲੀ ਰਿਕਵਰੀ ਪਲਾਨ ਦਾ ਪ੍ਰਸਤਾਵ ਰੱਖਿਆ।

ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੇ ਮੁਸ਼ਕਿਲ ਸਮੇਂ ਵਿੱਚ ਅਰਥਵਿਵਸਥਾ ਦੇ ਉਤਾਰ-ਚੜ੍ਹਾਅ ਵਿੱਚ ਮਦਦ ਲਈ ਸਾਰਕ ਨੇਤਾਵਾਂ ਨੂੰ ਮਿਲ ਕੇ ਕੰਮ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਨੇ ਕੋਵਿਡ-19 ਨਾਲ ਮੁਕਾਬਲੇ ਲਈ ਖੇਤਰੀ ਮਾਮਲਿਆਂ ਬਾਰੇ ਸਹਿਯੋਗ ਅਤੇ ਆਪਣੇ ਅਨੁਭਵਾਂ ਨੂੰ ਸਾਂਝਾ ਕਰਨ ਲਈ ਸਾਰਕ ਮੰਤਰੀ ਪੱਧਰੀ ਸਮੂਹ ਸਥਾਪਿਤ ਕਰਨ ਦਾ ਸੁਝਾਅ ਦਿੱਤਾ।

ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਕਵਾਰੰਟਾਈਨ ਪੀਰੀਅਡ ਦੇ ਦੌਰਾਨ ਭਾਰਤੀ ਵਿਦਿਆਰਥੀਆਂ ਦੇ ਨਾਲ ਵੁਹਾਨ ਤੋਂ 23 ਬੰਗਲਾਦੇਸ਼ੀ ਵਿਦਿਆਰਥੀਆਂ ਨੂੰ ਵੀ ਵਾਪਸ ਲਿਆਉਣ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਖੇਤਰ ਦੇ ਸਿਹਤ ਮੰਤਰੀਆਂ ਅਤੇ ਸਕੱਤਰਾਂ ਦਰਮਿਆਨ ਵੀਡੀਓ ਕਾਨਫਰੰਸ ਦੇ ਜ਼ਰੀਏ ਤਕਨੀਕੀ ਪੱਧਰ ’ਤੇ ਗੱਲਬਾਤ ਜਾਰੀ ਰੱਖਣ ਦਾ ਪ੍ਰਸਤਾਵ ਰੱਖਿਆ।

ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਕੋਵਿਡ-19 ਨਾਲ ਮੁਕਾਬਲੇ ਲਈ ਨੇਪਾਲ ਦੁਆਰਾ ਉਠਾਏ ਗਏ ਕਦਮਾਂ ਤੋਂ ਸਾਰਕ ਨੇਤਾਵਾਂ ਨੂੰ ਜਾਣੂ ਕਰਾਇਆ। ਉਨ੍ਹਾਂ ਨੇ ਕਿਹਾ ਕਿ ਸਾਰੇ ਸਾਰਕ ਦੇਸ਼ਾਂ ਦੇ ਸਮੂਹਿਕ ਗਿਆਨ ਅਤੇ ਪ੍ਰਯਤਨਾਂ ਨਾਲ ਮਹਾਮਾਰੀ ਨਾਲ ਨਿਪਟਣ ਵਿੱਚ ਇੱਕ ਮਜ਼ਬੂਤ ਅਤੇ ਪ੍ਰਭਾਵੀ ਰਣਨੀਤੀ ਤਿਆਰ ਕਰਨ ਵਿੱਚ ਮਦਦ ਮਿਲ ਸਕਦੀ ਹੈ।

ਪ੍ਰਧਾਨ ਮੰਤਰੀ ਡਾਕਟਰ ਲੋਟੇ ਸ਼ੇਰਿੰਗ ਨੇ ਕਿਹਾ ਕਿ ਮਹਾਮਾਰੀ ਭੂਗੋਲਿਕ ਸੀਮਾਵਾਂ ਨੂੰ ਨਹੀਂ ਮੰਨਦੀ ਹੈ ਇਸ ਲਈ ਸਾਰੇ ਦੇਸ਼ਾਂ ਲਈ ਮਿਲ ਕੇ ਕੰਮ ਕਰਨਾ ਮਹੱਤਵਪੂਰਨ ਹੈ। ਕੋਵਿਡ-19 ਦੇ ਆਰਥਿਕ ਪ੍ਰਭਾਵ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਛੋਟੀਆਂ ਅਤੇ ਸੰਵੇਦਨਸ਼ੀਲ ਅਰਥਵਿਵਸਥਾਵਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰੇਗੀ।

ਡਾਕਟਰ ਜ਼ਫ਼ਰ ਮਿਰਜ਼ਾ  ਨੇ ਪ੍ਰਸਤਾਵ ਰੱਖਿਆ ਕਿ ਰੀਅਲ ਟਾਈਮ ਵਿੱਚ ਸਿਹਤ ਸੂਚਨਾ, ਡੇਟਾ ਦੇ ਅਦਾਨ-ਪ੍ਰਦਾਨ ਅਤੇ ਤਾਲਮੇਲ ਲਈ ਰਾਸ਼ਟਰੀ ਅਧਿਕਾਰੀਆਂ ਦੇ ਇੱਕ ਕਾਰਜਕਾਰੀ ਸਮੂਹ ਦੀ ਸਥਾਪਨਾ ਕਰਨ ਦਾ ਅਧਿਕਾਰ ਸਾਰਕ ਸਕੱਤਰੇਤ ਨੂੰ ਦਿੱਤਾ ਜਾਵੇ। ਉਨ੍ਹਾਂ ਨੇ ਸਾਰਕ ਸਿਹਤ ਮੰਤਰੀਆਂ ਦੇ ਸੰਮੇਲਨ ਦੀ ਮੇਜ਼ਬਾਨੀ ਕਰਨ ਅਤੇ ਰੀਅਲ ਟਾਈਮ ਵਿੱਚ ਰੋਗ ਨਿਗਰਾਨੀ ਡੇਟਾ ਸਾਂਝਾ ਕਰਨ ਲਈ ਖੇਤਰੀ ਤੰਤਰ ਦੇ ਵਿਕਾਸ ਦਾ ਵੀ ਪ੍ਰਸਤਾਵ ਦਿੱਤਾ।

*****

ਵੀਆਰਆਰਕੇ/ਕੇਪੀ