Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਤਿੰਨ ਵੰਦੇ ਭਾਰਤ ਟਰੇਨਾਂ ਨੂੰ ਹਰੀ ਝੰਡੀ ਦਿਖਾਈ

ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਤਿੰਨ ਵੰਦੇ ਭਾਰਤ ਟਰੇਨਾਂ ਨੂੰ ਹਰੀ ਝੰਡੀ ਦਿਖਾਈ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ ਤਿੰਨ ਵੰਦੇ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ‘ਮੇਕ ਇਨ ਇੰਡੀਆ’ ਅਤੇ ਆਤਮਨਿਰਭਰ ਭਾਰਤ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਸਾਕਾਰ ਕਰਦੇ ਹੋਏ, ਅਤਿ-ਆਧੁਨਿਕ ਵੰਦੇ ਭਾਰਤ ਐਕਸਪ੍ਰੈਸ ਤਿੰਨ ਰੂਟਾਂ: ਮੇਰਠ-ਲਖਨਊ, ਮਦੁਰਾਈ-ਬੈਂਗਲੁਰੂ, ਅਤੇ ਚੇਨਈ-ਨਾਗਰਕੋਇਲ ‘ਤੇ ਕਨੈਕਟੀਵਿਟੀ ਨੂੰ ਬਿਹਤਰ ਬਣਾਏਗੀ। ਇਹ ਟਰੇਨਾਂ ਉੱਤਰ ਪ੍ਰਦੇਸ਼, ਤਮਿਲਨਾਡੂ ਅਤੇ ਕਰਨਾਟਕ ਵਿੱਚ ਕਨੈਕਟੀਵਿਟੀ ਨੂੰ ਵਧਾਉਣਗੀਆਂ। 

ਇਸ ਮੌਕੇ ‘ਤੇ ਆਪਣੇ ਸੰਬੋਧਨ ‘ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਮਦੁਰਾਈ-ਬੇਂਗਲੁਰੂ, ਚੇਨਈ-ਨਾਗਰਕੋਇਲ ਅਤੇ ਮੇਰਠ-ਲਖਨਊ ਵੰਦੇ ਭਾਰਤ ਟਰੇਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਜਾ ਰਿਹਾ ਹੈ, ਜਿਸ ਨਾਲ ਉੱਤਰ ਤੋਂ ਦੱਖਣ ਤੱਕ ਭਾਰਤ ਦੀ ਵਿਕਾਸ ਯਾਤਰਾ ਦਾ ਨਵਾਂ ਅਧਿਆਏ ਲਿਖਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਦੇਸ਼ ਵਿੱਚ ਵੰਦੇ ਭਾਰਤ ਟਰੇਨਾਂ ਦੇ ਆਧੁਨਿਕੀਕਰਨ ਅਤੇ ਵਿਸਤਾਰ ਨਾਲ ਰਾਸ਼ਟਰ ਵਿਕਸਿਤ ਭਾਰਤ ਦੇ ਲਕਸ਼ ਵੱਲ ਵਧ ਰਿਹਾ ਹੈ। ਅੱਜ ਤਿੰਨ ਨਵੀਆਂ ਵੰਦੇ ਭਾਰਤ ਟਰੇਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਨੇ ਦੇਸ਼ ਦੇ ਮਹੱਤਵਪੂਰਨ ਸ਼ਹਿਰਾਂ ਦੇ ਨਾਲ-ਨਾਲ ਇਤਿਹਾਸਕ ਕਸਬਿਆਂ ਨੂੰ ਵੀ ਕਨੈਕਟੀਵਿਟੀ ਪ੍ਰਦਾਨ ਕੀਤੀ ਹੈ। ਉਨ੍ਹਾਂ ਕਿਹਾ “ਮੰਦਿਰਾਂ ਦਾ ਸ਼ਹਿਰ ਮਦੁਰਾਈ ਹੁਣ ਆਈਟੀ ਸਿਟੀ ਬੈਂਗਲੁਰੂ ਨਾਲ ਜੁੜ ਗਿਆ ਹੈ।” ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਨਾ ਸਿਰਫ ਕਨੈਕਟੀਵਿਟੀ ਨੂੰ ਅਸਾਨ ਬਣਾਵੇਗਾ, ਖਾਸ ਕਰਕੇ ਸ਼ਨੀਵਾਰ ਜਾਂ ਤਿਉਹਾਰਾਂ ਦੇ ਸਮੇਂ ਦੌਰਾਨ, ਬਲਕਿ ਸ਼ਰਧਾਲੂਆਂ ਲਈ ਵੀ ਬਹੁਤ ਫਾਇਦੇਮੰਦ ਹੋਵੇਗਾ। ਚੇਨਈ-ਨਾਗਰਕੋਇਲ ਰੂਟ ਨਾਲ ਵਿਦਿਆਰਥੀਆਂ, ਕਿਸਾਨਾਂ ਅਤੇ ਆਈਟੀ ਪੇਸ਼ੇਵਰਾਂ ਨੂੰ ਬਹੁਤ ਲਾਭ ਹੋਏਗਾ। ਸ਼੍ਰੀ ਮੋਦੀ ਨੇ ਵੰਦੇ ਭਾਰਤ ਟ੍ਰੇਨਾਂ ਨਾਲ ਜੁੜੇ ਸਥਾਨਾਂ ਵਿੱਚ ਸੈਰ-ਸਪਾਟੇ ਦੇ ਵਿਕਾਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਖੇਤਰ ਵਿੱਚ ਕਾਰੋਬਾਰਾਂ ਅਤੇ ਰੋਜ਼ਗਾਰ ਦੇ ਮੌਕਿਆਂ ਦੇ ਵਾਧੇ ਦਾ ਪ੍ਰਤੀਕ ਹੈ। ਉਨ੍ਹਾਂ ਨੇ ਤਿੰਨ ਨਵੀਆਂ ਵੰਦੇ ਭਾਰਤ ਟਰੇਨਾਂ ਲਈ ਨਾਗਰਿਕਾਂ ਨੂੰ ਵਧਾਈ ਦਿੱਤੀ। 

ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਵਿਕਸਿਤ ਭਾਰਤ ਦੇ ਲਕਸ਼ ਨੂੰ ਪੂਰਾ ਕਰਨ ਲਈ ਦੱਖਣੀ ਰਾਜਾਂ ਦਾ ਤੇਜ਼ੀ ਨਾਲ ਵਿਕਾਸ ਜ਼ਰੂਰੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ “ਦੱਖਣੀ ਭਾਰਤ ਬੇਅੰਤ ਪ੍ਰਤਿਭਾ, ਸੰਸਾਧਨਾਂ ਅਤੇ ਮੌਕਿਆਂ ਦੀ ਧਰਤੀ ਹੈ।” ਉਨ੍ਹਾਂ ਨੇ ਟਿੱਪਣੀ ਕਰਦਿਆਂ ਕਿਹਾ ਕਿ ਪੂਰੇ ਦੱਖਣੀ ਭਾਰਤ ਦੇ ਨਾਲ-ਨਾਲ ਤਮਿਲਨਾਡੂ ਦਾ ਵਿਕਾਸ ਸਰਕਾਰ ਦੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਰੇਲਵੇ ਦੀ ਵਿਕਾਸ ਯਾਤਰਾ ਸਰਕਾਰ ਦੀ ਪ੍ਰਤੀਬੱਧਤਾ ਦੀ ਮਿਸਾਲ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਤਮਿਲਨਾਡੂ ਦੇ ਰੇਲ ਬਜਟ ਲਈ 6000 ਕਰੋੜ ਰੁਪਏ ਤੋਂ ਵੱਧ ਦੀ ਵਿਵਸਥਾ ਕੀਤੀ ਗਈ ਹੈ, ਜੋ ਕਿ 2014 ਦੇ ਮੁਕਾਬਲੇ 7 ਗੁਣਾ ਵੱਧ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ ਤੋਂ ਬਾਅਦ ਤਮਿਲਨਾਡੂ ਵਿੱਚ ਵੰਦੇ ਭਾਰਤ ਟ੍ਰੇਨਾਂ ਦੀ ਕੁੱਲ ਗਿਣਤੀ 8 ਹੋ ਜਾਵੇਗੀ। ਇਸੇ ਤਰ੍ਹਾਂ, ਇਸ ਸਾਲ ਦੇ ਬਜਟ ਵਿੱਚ ਕਰਨਾਟਕ ਲਈ 7000 ਕਰੋੜ ਰੁਪਏ ਤੋਂ ਵੱਧ ਦਾ ਬਜਟ ਅਲਾਟ ਕੀਤਾ ਗਿਆ ਹੈ ਜੋ ਕਿ 2014 ਦੇ ਮੁਕਾਬਲੇ 9 ਗੁਣਾ ਵੱਧ ਹੈ। ਅੱਜ ਕਰਨਾਟਕ ਨੂੰ 8 ਵੰਦੇ ਭਾਰਤ ਟ੍ਰੇਨਾਂ ਜੋੜ ਰਹੀਆਂ ਹਨ। 

ਪ੍ਰਧਾਨ ਮੰਤਰੀ ਨੇ ਅਤੀਤ ਦੇ ਬਜਟਾਂ ਨਾਲ ਤੁਲਨਾ ਕਰਦੇ ਹੋਏ ਕਿਹਾ ਕਿ ਕਈ ਗੁਣਾ ਵਾਧੇ ਨੇ ਤਮਿਲਨਾਡੂ ਅਤੇ ਕਰਨਾਟਕ ਸਮੇਤ ਦੱਖਣੀ ਭਾਰਤ ਦੇ ਰਾਜਾਂ ਵਿੱਚ ਰੇਲ ਆਵਾਜਾਈ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰੇਲਵੇ ਟ੍ਰੈਕ ਨੂੰ ਸੁਧਾਰਿਆ ਜਾ ਰਿਹਾ ਹੈ, ਰੇਲਵੇ ਟਰੈਕਾਂ ਦਾ ਬਿਜਲੀਕਰਨ ਕੀਤਾ ਜਾ ਰਿਹਾ ਹੈ ਅਤੇ ਰੇਲਵੇ ਸਟੇਸ਼ਨਾਂ ਦਾ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਨਾਲ ਲੋਕਾਂ ਦੀ ਈਜ਼ ਆਫ ਲਿਵਿੰਗ ਵਿੱਚ ਵਾਧਾ ਹੋਇਆ ਹੈ ਅਤੇ ਈਜ਼ ਆਫ ਡੂਇੰਗ ਬਿਜ਼ਨਸ ਦਾ ਰਾਹ ਵੀ ਬਣਿਆ ਹੈ।

ਮੇਰਠ-ਲਖਨਊ ਰੂਟ ‘ਤੇ ਨਵੀਂ ਵੰਦੇ ਭਾਰਤ ਟ੍ਰੇਨ ਦੀ ਸ਼ੁਰੂਆਤ ਨੂੰ ਉਜਾਗਰ ਕਰਦੇ ਹੋਏ, ਸ਼੍ਰੀ ਮੋਦੀ ਨੇ ਪੱਛਮੀ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਇਸਦੇ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਕ੍ਰਾਂਤੀ ਦੀ ਧਰਤੀ ਮੇਰਠ ਅਤੇ ਪੱਛਮੀ ਉੱਤਰ ਪ੍ਰਦੇਸ਼ ਅੱਜ ਵਿਕਾਸ ਦੀ ਨਵੀਂ ਕ੍ਰਾਂਤੀ ਦਾ ਗਵਾਹ ਬਣ ਰਿਹਾ ਹੈ। ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਜਿੱਥੇ ਆਰਆਰਟੀਐੱਸ ਨੇ ਮੇਰਠ ਨੂੰ ਰਾਸ਼ਟਰੀ ਰਾਜਧਾਨੀ ਨਵੀਂ ਦਿੱਲੀ ਨਾਲ ਜੋੜਨ ਵਿੱਚ ਮਦਦ ਕੀਤੀ ਹੈ, ਉੱਥੇ ਹੁਣ ਵੰਦੇ ਭਾਰਤ ਦੀ ਸ਼ੁਰੂਆਤ ਨਾਲ ਰਾਜ ਦੀ ਰਾਜਧਾਨੀ ਲਖਨਊ ਦੀ ਦੂਰੀ ਵੀ ਘਟ ਗਈ ਹੈ। ਸ਼੍ਰੀ ਮੋਦੀ ਨੇ ਕਿਹਾ “ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਆਰ) ਇੱਕ ਉਦਾਹਰਣ ਬਣ ਰਿਹਾ ਹੈ ਕਿ ਕਿਵੇਂ ਪੀਐੱਮ ਗਤੀਸ਼ਕਤੀ ਦਾ ਵਿਜ਼ਨ ਆਧੁਨਿਕ ਟ੍ਰੇਨਾਂ, ਐਕਸਪ੍ਰੈਸਵੇਅ ਦੇ ਨੈਟਵਰਕ ਅਤੇ ਹਵਾਈ ਸੇਵਾਵਾਂ ਦੇ ਵਿਸਤਾਰ ਨਾਲ ਦੇਸ਼ ਦੇ ਬੁਨਿਆਦੀ ਢਾਂਚੇ ਨੂੰ ਬਦਲ ਸਕਦਾ ਹੈ।”

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ “ਵੰਦੇ ਭਾਰਤ ਭਾਰਤੀ ਰੇਲਵੇ ਦੇ ਆਧੁਨਿਕੀਕਰਨ ਦਾ ਨਵਾਂ ਚਿਹਰਾ ਹੈ।” ਉਨ੍ਹਾਂ ਨੇ ਹਰ ਸ਼ਹਿਰ ਅਤੇ ਹਰ ਰੂਟ ਵਿੱਚ ਵੰਦੇ ਭਾਰਤ ਦੀ ਮੰਗ ਨੂੰ ਉਜਾਗਰ ਕੀਤਾ ਅਤੇ ਕਿਹਾ ਕਿ ਹਾਈ ਸਪੀਡ ਟ੍ਰੇਨਾਂ ਦੇ ਆਉਣ ਨਾਲ ਲੋਕਾਂ ਵਿੱਚ ਆਪਣੇ ਕਾਰੋਬਾਰ ਅਤੇ ਰੋਜ਼ਗਾਰ ਦੇ ਵਿਸਤਾਰ ਦੇ ਨਾਲ-ਨਾਲ ਉਨ੍ਹਾਂ ਦੇ ਸੁਪਨਿਆਂ ਨੂੰ ਵੀ ਪੂਰਾ ਕਰਨ ਦਾ ਭਰੋਸਾ ਵਧਿਆ ਹੈ। ਉਨ੍ਹਾਂ ਦੱਸਿਆ, “ਅੱਜ ਦੇਸ਼ ਭਰ ਵਿੱਚ 102 ਵੰਦੇ ਭਾਰਤ ਰੇਲ ਸੇਵਾਵਾਂ ਚਲਾਈਆਂ ਜਾ ਰਹੀਆਂ ਹਨ ਅਤੇ ਹੁਣ ਤੱਕ 3 ਕਰੋੜ ਤੋਂ ਵੱਧ ਲੋਕ ਇਨ੍ਹਾਂ ਟ੍ਰੇਨਾਂ ਵਿੱਚ ਸਫ਼ਰ ਕਰ ਚੁੱਕੇ ਹਨ।” ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਨੰਬਰ ਨਾ ਸਿਰਫ ਵੰਦੇ ਭਾਰਤ ਟਰੇਨਾਂ ਦੀ ਸਫਲਤਾ ਦਾ ਸਬੂਤ ਹਨ ਬਲਕਿ ਭਾਰਤ ਦੀਆਂ ਇੱਛਾਵਾਂ ਅਤੇ ਸੁਪਨਿਆਂ ਦਾ ਪ੍ਰਤੀਕ ਵੀ ਹਨ।

ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਆਧੁਨਿਕ ਰੇਲ ਬੁਨਿਆਦੀ ਢਾਂਚਾ ਵਿਕਸਿਤ ਭਾਰਤ ਦੇ ਵਿਜ਼ਨ ਦਾ ਇੱਕ ਮਜ਼ਬੂਤ ਥੰਮ੍ਹ ਹੈ। ਇਸ ਸੈਕਟਰ ਵਿੱਚ ਤੇਜ਼ ਤਰੱਕੀ ਦੀ ਰੂਪਰੇਖਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਰੇਲ ਲਾਈਨਾਂ ਦੀ ਡਬਲਿੰਗ ਅਤੇ ਬਿਜਲੀਕਰਨ, ਨਵੀਆਂ ਟਰੇਨਾਂ ਚਲਾਉਣ ਅਤੇ ਨਵੇਂ ਰੂਟਾਂ ਦੇ ਨਿਰਮਾਣ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸਾਲ ਦੇ ਬਜਟ ਵਿੱਚ ਰੇਲਵੇ ਨੂੰ 2.5 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਅਲਾਟ ਕੀਤੀ ਗਈ ਹੈ ਅਤੇ ਸਰਕਾਰ ਭਾਰਤੀ ਰੇਲਵੇ ਦੀ ਪੁਰਾਣੀ ਤਸਵੀਰ ਨੂੰ ਬਦਲਣ ਲਈ ਇਸਨੂੰ ਹਾਈ-ਟੈੱਕ ਸੇਵਾਵਾਂ ਨਾਲ ਜੋੜ ਰਹੀ ਹੈ। ਵਿਸਤਾਰ ਯੋਜਨਾਵਾਂ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਵੰਦੇ ਭਾਰਤ ਦੇ ਨਾਲ ਅੰਮ੍ਰਿਤ ਭਾਰਤ ਟਰੇਨਾਂ ਦਾ ਵੀ ਵਿਸਤਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਵੰਦੇ ਭਾਰਤ ਦੇ ਸਲੀਪਰ ਸੰਸਕਰਣ ਨੂੰ ਬਹੁਤ ਜਲਦੀ ਹਰੀ ਝੰਡੀ ਦਿੱਤੀ ਜਾਵੇਗੀ। ਉਨ੍ਹਾਂ ਨੇ ਲੋਕਾਂ ਦੀ ਸੁਵਿਧਾ ਲਈ ਚਲਾਈਆਂ ਜਾ ਰਹੀਆਂ ਨਮੋ ਭਾਰਤ ਟਰੇਨਾਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਸ਼ਹਿਰਾਂ ਅੰਦਰ ਟ੍ਰੈਫਿਕ ਸਮੱਸਿਆ ਨਾਲ ਨਜਿੱਠਣ ਲਈ ਜਲਦੀ ਹੀ ਵੰਦੇ ਮੈਟਰੋ ਸ਼ੁਰੂ ਕੀਤੀ ਜਾਵੇਗੀ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਸ਼ਹਿਰਾਂ ਦੀ ਪਹਿਚਾਣ ਹਮੇਸ਼ਾ ਉਨ੍ਹਾਂ ਦੇ ਰੇਲਵੇ ਸਟੇਸ਼ਨਾਂ ਦੁਆਰਾ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਨਾਲ ਜਿੱਥੇ ਰੇਲਵੇ ਸਟੇਸ਼ਨਾਂ ਦਾ ਸੁਧਾਰ ਹੋਇਆ ਹੈ, ਉੱਥੇ ਹੀ ਸ਼ਹਿਰਾਂ ਨੂੰ ਨਵੀਂ ਪਹਿਚਾਣ ਵੀ ਮਿਲ ਰਹੀ ਹੈ। ਸ਼੍ਰੀ ਮੋਦੀ ਨੇ ਕਿਹਾ, “ਦੇਸ਼ ਵਿੱਚ 1300 ਤੋਂ ਵੱਧ ਰੇਲਵੇ ਸਟੇਸ਼ਨਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਅਤੇ ਕੁਝ ਨੂੰ ਹਵਾਈ ਅੱਡਿਆਂ ਵਾਂਗ ਬਣਾਇਆ ਜਾ ਰਿਹਾ ਹੈ।” ਉਨ੍ਹਾਂ ਅੱਗੇ ਕਿਹਾ ਕਿ ਸਭ ਤੋਂ ਛੋਟੇ ਸਟੇਸ਼ਨਾਂ ਨੂੰ ਵੀ ਅਤਿ-ਆਧੁਨਿਕ ਸੁਵਿਧਾਵਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ, ਜਿਸ ਨਾਲ ਯਾਤਰਾ ਦੀ ਅਸਾਨੀ ਵਿੱਚ ਵਾਧਾ ਹੋਵੇਗਾ। 

ਪ੍ਰਧਾਨ ਮੰਤਰੀ ਨੇ ਕਿਹਾ “ਜਦੋਂ ਰੇਲਵੇ, ਰੋਡਵੇਜ਼ ਅਤੇ ਜਲ ਮਾਰਗਾਂ ਜਿਹੇ ਕਨੈਕਟੀਵਿਟੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾਂਦਾ ਹੈ, ਤਾਂ ਦੇਸ਼ ਮਜ਼ਬੂਤ ਹੁੰਦਾ ਹੈ”, ਉਨ੍ਹਾਂ ਨੇ ਕਿਹਾ ਕਿ ਇਹ ਦੇਸ਼ ਦੇ ਆਮ ਨਾਗਰਿਕਾਂ ਨੂੰ ਲਾਭ ਪਹੁੰਚਾਉਂਦਾ ਹੈ, ਭਾਵੇਂ ਉਹ ਗਰੀਬ ਹੋਵੇ ਜਾਂ ਮੱਧ ਵਰਗ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿੱਚ ਆਧੁਨਿਕ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਨਾਲ ਗਰੀਬ ਅਤੇ ਮੱਧ ਵਰਗ ਨੂੰ ਸਸ਼ਕਤ ਬਣਾਇਆ ਜਾ ਰਿਹਾ ਹੈ। ਉਨ੍ਹਾਂ ਬੁਨਿਆਦੀ ਢਾਂਚੇ ਦੇ ਵਿਸਤਾਰ ਨਾਲ ਰੋਜ਼ਗਾਰ ਦੇ ਮੌਕੇ ਵਧਣ ਅਤੇ ਪਿੰਡਾਂ ਵਿੱਚ ਨਵੇਂ ਮੌਕੇ ਪਹੁੰਚਣ ਦੀਆਂ ਉਦਾਹਰਣਾਂ ਦਿੱਤੀਆਂ। ਪ੍ਰਧਾਨ ਮੰਤਰੀ ਮੋਦੀ ਨੇ ਪਿੰਡਾਂ ਵਿੱਚ ਨਵੀਆਂ ਸੰਭਾਵਨਾਵਾਂ ਦੇ ਆਗਮਨ ਲਈ ਸਸਤੇ ਡੇਟਾ ਅਤੇ ਡਿਜੀਟਲ ਬੁਨਿਆਦੀ ਢਾਂਚੇ ਨੂੰ ਵੀ ਕ੍ਰੈਡਿਟ ਦਿੱਤਾ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ “ਜਦੋਂ ਹਸਪਤਾਲ, ਟਾਇਲਟ ਅਤੇ ਪੱਕੇ ਘਰ ਰਿਕਾਰਡ ਸੰਖਿਆ ਵਿੱਚ ਬਣਾਏ ਜਾਂਦੇ ਹਨ, ਤਾਂ ਦੇਸ਼ ਦੇ ਵਿਕਾਸ ਦਾ ਲਾਭ ਸਭ ਤੋਂ ਗਰੀਬ ਲੋਕਾਂ ਨੂੰ ਵੀ ਮਿਲਦਾ ਹੈ। ਜਦੋਂ ਕਾਲਜਾਂ, ਯੂਨੀਵਰਸਿਟੀਆਂ ਅਤੇ ਉਦਯੋਗਾਂ ਜਿਹਾ ਬੁਨਿਆਦੀ ਢਾਂਚਾ ਵਧਦਾ ਹੈ, ਤਾਂ ਇਹ ਨੌਜਵਾਨਾਂ ਦੀ ਤਰੱਕੀ ਦੀ ਸੰਭਾਵਨਾ ਨੂੰ ਵੀ ਵਧਾਉਂਦਾ ਹੈ।” ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਬਹੁਤ ਸਾਰੇ ਯਤਨਾਂ ਸਦਕਾ ਪਿਛਲੇ 10 ਸਾਲਾਂ ਵਿੱਚ 25 ਕਰੋੜ ਲੋਕ ਗਰੀਬੀ ਤੋਂ ਬਾਹਰ ਨਿਕਲਣ ਵਿੱਚ ਕਾਮਯਾਬ ਹੋਏ ਹਨ। 

ਆਪਣੇ ਸੰਬੋਧਨ ਦੀ ਸਮਾਪਤੀ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਰੇਲਵੇ ਨੇ ਦਹਾਕਿਆਂ ਪੁਰਾਣੀਆਂ ਸਮੱਸਿਆਵਾਂ ਨੂੰ ਬੀਤੇ ਸਾਲਾਂ ਦੌਰਾਨ ਸੁਲਝਾਉਣ ਦੀ ਉਮੀਦ ਜਗਾਉਣ ਲਈ ਸਖ਼ਤ ਮਿਹਨਤ ਕੀਤੀ ਹੈ। ਉਨ੍ਹਾਂ ਨੇ ਸਵੀਕਾਰ ਕੀਤਾ ਕਿ ਭਾਰਤ ਨੂੰ ਇਸ ਦਿਸ਼ਾ ਵਿੱਚ ਲੰਬਾ ਸਫ਼ਰ ਤੈਅ ਕਰਨਾ ਹੈ ਅਤੇ ਉਨ੍ਹਾਂ ਨੇ ਉਦੋਂ ਤੱਕ ਨਾ ਰੁਕਣ ਦਾ ਵਾਅਦਾ ਕੀਤਾ ਜਦੋਂ ਤੱਕ ਕਿ ਭਾਰਤੀ ਰੇਲਵੇ ਹਰ ਕਿਸੇ ਲਈ ਆਰਾਮਦਾਇਕ ਸਫ਼ਰ ਦੀ ਗਰੰਟੀ ਨਹੀਂ ਦਿੰਦਾ ਭਾਵੇਂ ਉਹ ਗਰੀਬ ਹੋਵੇ ਜਾਂ ਮੱਧ ਵਰਗ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਦੇਸ਼ ਵਿੱਚ ਬੁਨਿਆਦੀ ਢਾਂਚੇ ਦਾ ਵਿਕਾਸ ਗਰੀਬੀ ਨੂੰ ਖ਼ਤਮ ਕਰਨ ਵਿੱਚ ਵੱਡੀ ਭੂਮਿਕਾ ਨਿਭਾਏਗਾ। ਸ਼੍ਰੀ ਮੋਦੀ ਨੇ ਸਮਾਪਤੀ ਕਰਦਿਆਂ ਕਿਹਾ “ਮੈਂ ਇੱਕ ਵਾਰ ਫਿਰ ਤਮਿਲਨਾਡੂ, ਕਰਨਾਟਕ ਅਤੇ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਤਿੰਨ ਨਵੀਆਂ ਵੰਦੇ ਭਾਰਤ ਟਰੇਨਾਂ ਲਈ ਵਧਾਈ ਦਿੰਦਾ ਹਾਂ।”

ਇਸ ਮੌਕੇ ‘ਤੇ ਕੇਂਦਰੀ ਰੇਲ ਮੰਤਰੀ, ਸ਼੍ਰੀ ਅਸ਼ਵਨੀ ਵੈਸ਼ਨਵ, ਉੱਤਰ ਪ੍ਰਦੇਸ਼ ਦੇ ਰਾਜਪਾਲ, ਸ਼੍ਰੀਮਤੀ ਆਨੰਦੀ ਬੇਨ ਪਟੇਲ, ਤਮਿਲਨਾਡੂ ਦੇ ਰਾਜਪਾਲ, ਸ਼੍ਰੀ ਆਰ ਐੱਨ ਰਵੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿਤਿਆਨਾਥ ਅਤੇ ਹੋਰ ਲੋਕ ਵਰਚੁਅਲੀ ਹਾਜ਼ਰ ਸਨ। 

ਪਿਛੋਕੜ

ਮੇਰਠ ਸਿਟੀ-ਲਖਨਊ ਵੰਦੇ ਭਾਰਤ ਟਰੇਨ ਯਾਤਰੀਆਂ ਨੂੰ ਦੋਵਾਂ ਸ਼ਹਿਰਾਂ ਦਰਮਿਆਨ ਮੌਜੂਦਾ ਸਭ ਤੋਂ ਤੇਜ਼ ਟਰੇਨ ਦੇ ਮੁਕਾਬਲੇ ਲਗਭਗ 1 ਘੰਟਾ ਬਚਾਉਣ ਵਿੱਚ ਮਦਦ ਕਰੇਗੀ। ਇਸੇ ਤਰ੍ਹਾਂ ਚੇਨਈ ਐਗਮੋਰ-ਨਾਗਰਕੋਇਲ ਵੰਦੇ ਭਾਰਤ ਅਤੇ ਮਦੁਰਾਈ-ਬੈਂਗਲੁਰੂ ਵੰਦੇ ਭਾਰਤ ਟਰੇਨਾਂ ਕ੍ਰਮਵਾਰ 2 ਘੰਟੇ ਅਤੇ ਲਗਭਗ 1 ਘੰਟਾ 30 ਮਿੰਟ ਤੋਂ ਵੱਧ ਦੀ ਬਚਤ ਕਰਦੇ ਹੋਏ ਸਫ਼ਰ ਨੂੰ ਪੂਰਾ ਕਰਨਗੀਆਂ। 

ਇਹ ਨਵੀਆਂ ਵੰਦੇ ਭਾਰਤ ਟਰੇਨਾਂ ਖੇਤਰ ਦੇ ਲੋਕਾਂ ਨੂੰ ਗਤੀ ਅਤੇ ਆਰਾਮ ਨਾਲ ਯਾਤਰਾ ਕਰਨ ਦਾ ਵਿਸ਼ਵ ਪੱਧਰੀ ਸਾਧਨ ਪ੍ਰਦਾਨ ਕਰਨਗੀਆਂ ਅਤੇ ਤਿੰਨ ਰਾਜਾਂ – ਉੱਤਰ ਪ੍ਰਦੇਸ਼, ਤਮਿਲਨਾਡੂ ਅਤੇ ਕਰਨਾਟਕ ਵਿੱਚ ਸੇਵਾ ਕਰਨਗੀਆਂ। ਇਨ੍ਹਾਂ ਵੰਦੇ ਭਾਰਤ ਐਕਸਪ੍ਰੈਸ ਟਰੇਨਾਂ ਦੀ ਸ਼ੁਰੂਆਤ ਨਿਯਮਿਤ ਯਾਤਰੀਆਂ, ਪੇਸ਼ੇਵਰਾਂ, ਕਾਰੋਬਾਰੀਆਂ ਅਤੇ ਵਿਦਿਆਰਥੀ ਭਾਈਚਾਰਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਰੇਲ ਸੇਵਾ ਦੇ ਇੱਕ ਨਵੇਂ ਮਿਆਰ ਦੀ ਸ਼ੁਰੂਆਤ ਕਰੇਗੀ।

***********

ਐੱਮਜੇਪੀਐੱਸ/ਐੱਸਆਰ/ਟੀਐੱਸ