Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਲਖਨਊ ਵਿੱਚ ਉੱਤਰ ਪ੍ਰਦੇਸ਼ ਗਲੋਬਲ ਇਨਵੈਸਟਰਸ ਸਮਿਟ 2023 ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਨੇ ਲਖਨਊ ਵਿੱਚ ਉੱਤਰ ਪ੍ਰਦੇਸ਼ ਗਲੋਬਲ ਇਨਵੈਸਟਰਸ ਸਮਿਟ 2023 ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲਖਨਊ ਵਿੱਚ ਉੱਤਰ ਪ੍ਰਦੇਸ਼ ਗਲੋਬਲ ਇਨਵੈਸਟਰਸ ਸਮਿਟ 2023 ਦਾ ਉਦਘਾਟਨ ਕੀਤਾ। ਉਨ੍ਹਾਂ ਗਲੋਬਲ ਟ੍ਰੇਡ ਸ਼ੋਅ ਦਾ ਉਦਘਾਟਨ ਵੀ ਕੀਤਾ ਅਤੇ ਪ੍ਰੋਗਰਾਮ ਦੌਰਾਨ ਇਨਵੈਸਟ ਯੂਪੀ 2.0 ਦੀ ਸ਼ੁਰੂਆਤ ਕੀਤੀ। ਉੱਤਰ ਪ੍ਰਦੇਸ਼ ਗਲੋਬਲ ਇਨਵੈਸਟਰਸ ਸਮਿਟ 2023 ਉੱਤਰ ਪ੍ਰਦੇਸ਼ ਸਰਕਾਰ ਦਾ ਫਲੈਗਸ਼ਿਪ ਨਿਵੇਸ਼ ਸੰਮੇਲਨ ਹੈ, ਜੋ ਸਮੂਹਿਕ ਤੌਰ ‘ਤੇ ਵਪਾਰਕ ਮੌਕਿਆਂ ਦੀ ਪੜਚੋਲ ਕਰਨ ਅਤੇ ਸਾਂਝੇਦਾਰੀ ਬਣਾਉਣ ਲਈ ਨੀਤੀ ਨਿਰਮਾਤਾਵਾਂ, ਉਦਯੋਗ ਦੇ ਆਗੂਆਂ, ਅਕਾਦਮੀਆ, ਬੁੱਧੀਜੀਵੀਆਂ ਅਤੇ ਦੁਨੀਆ ਭਰ ਦੇ ਨੇਤਾਵਾਂ ਨੂੰ ਇੱਕ ਮੰਚ ‘ਤੇ ਇਕੱਠਾ ਕਰੇਗਾ। ਪ੍ਰਧਾਨ ਮੰਤਰੀ ਨੇ ਪ੍ਰਦਰਸ਼ਨੀ ਦਾ ਇੱਕ ਦੌਰਾ ਵੀ ਕੀਤਾ।

ਇਸ ਮੌਕੇ ਉਦਯੋਗ ਜਗਤ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ। ਸ਼੍ਰੀ ਕੁਮਾਰ ਮੰਗਲਮ ਬਿਰਲਾ ਨੇ ਕਿਹਾ ਕਿ ਭਾਰਤ ਸ਼ਾਨਦਾਰ ਉੱਦਮੀ ਗਤੀਸ਼ੀਲਤਾ ਅਤੇ ਨਵਾਚਾਰ ਦਿਖਾ ਰਿਹਾ ਹੈ ਅਤੇ ਦੇਸ਼ ਦੇ ਆਰਥਿਕ ਦ੍ਰਿਸ਼ ਵਿੱਚ ਨਵੀਂ ਊਰਜਾ ਦਾ ਸੰਚਾਰ ਕਰਨ ਦਾ ਸਿਹਰਾ ਪ੍ਰਧਾਨ ਮੰਤਰੀ ਨੂੰ ਦਿੱਤਾ। ਸ਼੍ਰੀ ਮੁਕੇਸ਼ ਅੰਬਾਨੀ ਨੇ ਕਿਹਾ ਕਿ ਇਸ ਸਾਲ ਦੇ ਬਜਟ ਨੇ ਇੱਕ ਵਿਕਸਿਤ ਰਾਸ਼ਟਰ ਵਜੋਂ ਭਾਰਤ ਦੇ ਉਭਰਨ ਦੀ ਨੀਂਹ ਰੱਖੀ ਹੈ। ਉਨ੍ਹਾਂ ਕਿਹਾ ਕਿ ਕੈਪੇਕਸ (Capex) ਖਰਚਿਆਂ ਲਈ ਵਧੇਰੇ ਵੰਡ ਆਰਥਿਕ ਵਿਕਾਸ ਅਤੇ ਸਮਾਜਿਕ ਭਲਾਈ ਵੱਲ ਅਗਵਾਈ ਕਰੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਦੇਸ਼ ਵਿੱਚ ਵੱਡੀ ਤਬਦੀਲੀ ਆਈ ਹੈ ਅਤੇ ਪ੍ਰਧਾਨ ਮੰਤਰੀ ਦੀ ਦੂਰਅੰਦੇਸ਼ੀ ਅਤੇ ਲਾਗੂ ਕਰਨ ‘ਤੇ ਲੇਜ਼ਰ ਜਿਹੇ ਤਿੱਖੇ ਫੋਕਸ ਦੇ ਮਾਰਗਦਰਸ਼ਨ ਵਿੱਚ ਇੱਕ ਸਾਹਸੀ ਨਵਾਂ ਭਾਰਤ ਆਕਾਰ ਲੈ ਰਿਹਾ ਹੈ। ਟਾਟਾ ਸੰਨਸ ਦੇ ਚੇਅਰਮੈਨ ਸ਼੍ਰੀ ਨਟਰਾਜਨ ਚੰਦਰਸ਼ੇਖਰਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਦੂਰਅੰਦੇਸ਼ੀ ਲੀਡਰਸ਼ਿਪ ਨੇ ਅਜਿਹੀ ਸਥਿਤੀ ਪੈਦਾ ਕੀਤੀ ਹੈ, ਜਿੱਥੇ ਭਾਰਤ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਅਰਥਵਿਵਸਥਾ ਬਣਨ ਜਾ ਰਿਹਾ ਹੈ। “ਇਹ ਸਿਰਫ਼ ਆਰਥਿਕ ਵਿਕਾਸ ਨਹੀਂ ਹੈ, ਪ੍ਰਧਾਨ ਮੰਤਰੀ ਨੇ 360 ਡਿਗਰੀ ਵਿਕਾਸ ਨੂੰ ਸਮਰੱਥ ਬਣਾਇਆ ਹੈ।” ਉਨ੍ਹਾਂ ਕਿਹਾ ਕਿ ਬਜਟ ਵਿੱਚ ਅਲਾਟਮੈਂਟ ਬੁਨਿਆਦੀ ਢਾਂਚੇ ਅਤੇ ਖਪਤ ਦੀ ਅਗਵਾਈ ਵਿੱਚ ਵਿਕਾਸ ਨੂੰ ਯਕੀਨੀ ਬਣਾਏਗੀ ਅਤੇ ਅਸੀਂ ਗ੍ਰਾਮੀਣ ਵਿਕਾਸ ਨੂੰ ਵੀ ਦੇਖਾਂਗੇ। ਜ਼ਿਊਰਿਖ ਏਅਰਪੋਰਟ ਏਸ਼ੀਆ ਦੇ ਸੀਈਓ ਡੈਨੀਅਲ ਬਿਰਚਰ ਨੇ ਕਿਹਾ ਕਿ ਜ਼ਿਊਰਿਖ ਏਅਰਪੋਰਟ ਆਪਣੀ 75ਵੀਂ ਵਰ੍ਹੇਗੰਢ ਉਸੇ ਤਰ੍ਹਾਂ ਮਨਾ ਰਿਹਾ ਹੈ, ਜਿਵੇਂ ਭਾਰਤ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਉਨ੍ਹਾਂ ਨੇ ਭਾਰਤ ਨਾਲ ਲੰਬੇ ਸਮੇਂ ਦੀ ਭਾਈਵਾਲੀ ਦਾ ਜ਼ਿਕਰ ਕੀਤਾ, ਜਿੱਥੇ ਜ਼ਿਊਰਿਖ ਹਵਾਈ ਅੱਡੇ ਨੇ ਦੋ ਦਹਾਕੇ ਪਹਿਲਾਂ ਬੇਂਗਲੁਰੂ ਹਵਾਈ ਅੱਡੇ ਦੇ ਵਿਕਾਸ ਲਈ ਸਹਿਯੋਗ ਕੀਤਾ ਸੀ ਅਤੇ ਵਰਤਮਾਨ ਵਿੱਚ ਨੌਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਵਿਕਾਸ ਕਰ ਰਿਹਾ ਹੈ। ਉਨ੍ਹਾਂ ਯਮੁਨਾ ਐਕਸਪ੍ਰੈਸਵੇਅ ਨਾਲ ਨੌਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸਿੱਧੇ ਸੰਪਰਕ ਨੂੰ ਰੇਖਾਂਕਿਤ ਕੀਤਾ। ਡਿਕਸਨ ਟੈਕਨੋਲੋਜੀਜ਼ ਦੇ ਚੇਅਰਮੈਨ ਸ਼੍ਰੀ ਸੁਨੀਲ ਬਚਾਨੀ ਨੇ ਕਿਹਾ ਕਿ ਭਾਰਤ ਵਿੱਚ ਵਿਕਣ ਵਾਲੇ ਲਗਭਗ 65% ਮੋਬਾਈਲ ਫੋਨ ਉੱਤਰ ਪ੍ਰਦੇਸ਼ ਵਿੱਚ ਬਣਾਏ ਜਾਂਦੇ ਹਨ ਅਤੇ ਇਸ ਨੂੰ ਇੱਕ ਨਿਰਮਾਣ ਕੇਂਦਰ ਬਣਾਉਣ ਵਿੱਚ ਉੱਤਰ ਪ੍ਰਦੇਸ਼ ਸਰਕਾਰ ਦੀਆਂ ਗਤੀਸ਼ੀਲ ਨੀਤੀਆਂ ਨੂੰ ਸਿਹਰਾ ਜਾਂਦਾ ਹੈ। ਉਨ੍ਹਾਂ ਇਹ ਵੀ ਨੋਟ ਕੀਤਾ ਕਿ ਅੱਜ ਡਿਕਸਨ ਟੈਕਨੋਲੋਜੀ ਲਗਭਗ 100 ਬਿਲੀਅਨ ਡਾਲਰ ਦੇ ਮੋਬਾਈਲ ਫੋਨਾਂ ਦੇ ਨਿਰਯਾਤ ‘ਤੇ ਵਿਚਾਰ ਕਰ ਰਹੀ ਹੈ। ਸਾਰੇ ਉਦਯੋਗਿਕ ਨੇਤਾਵਾਂ ਨੇ ਉੱਤਰ ਪ੍ਰਦੇਸ਼ ਵਿੱਚ ਉੱਭਰ ਰਹੇ ਮੌਕਿਆਂ ਪ੍ਰਤੀ ਉਮੀਦ ਜਤਾਈ।

ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਨਿਵੇਸ਼ਕ ਭਾਈਚਾਰੇ, ਉਦਯੋਗ ਦੇ ਨੇਤਾਵਾਂ ਅਤੇ ਨੀਤੀ ਨਿਰਮਾਤਾਵਾਂ ਦਾ ਪ੍ਰਧਾਨ ਮੰਤਰੀ ਅਤੇ ਉੱਤਰ ਪ੍ਰਦੇਸ਼ ਤੋਂ ਸੰਸਦ ਮੈਂਬਰ ਵਜੋਂ ਸੁਆਗਤ ਕੀਤਾ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਉੱਤਰ ਪ੍ਰਦੇਸ਼ ਦੀ ਧਰਤੀ ਆਪਣੀ ਸੰਸਕ੍ਰਿਤਕ ਸ਼ਾਨ, ਸ਼ਾਨਦਾਰ ਇਤਿਹਾਸ ਅਤੇ ਅਮੀਰ ਵਿਰਾਸਤ ਲਈ ਜਾਣੀ ਜਾਂਦੀ ਹੈ। ਰਾਜ ਦੀਆਂ ਸਮਰੱਥਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਨਾਲ ਜੁੜੇ ਅਣਚਾਹੇ ਟੈਗਸ ਜਿਵੇਂ ਕਿ ਘੱਟ ਵਿਕਾਸ, ਬੀਮਾਰੂ (BIMARU) ਅਤੇ ਕਾਨੂੰਨ-ਵਿਵਸਥਾ ਦੀ ਮਾੜੀ ਸਥਿਤੀ ਵੱਲ ਧਿਆਨ ਖਿੱਚਿਆ। ਉਨ੍ਹਾਂ ਹਜ਼ਾਰਾਂ ਕਰੋੜ ਰੁਪਏ ਦੇ ਘੁਟਾਲਿਆਂ ਦੀ ਵੀ ਗੱਲ ਕੀਤੀ, ਜੋ ਪਹਿਲੇ ਸਮਿਆਂ ਵਿੱਚ ਰੋਜ਼ਾਨਾ ਦੇ ਆਧਾਰ ‘ਤੇ ਸਾਹਮਣੇ ਆਉਂਦੇ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ 5-6 ਸਾਲਾਂ ਵਿੱਚ ਉੱਤਰ ਪ੍ਰਦੇਸ਼ ਨੇ ਇੱਕ ਨਵੀਂ ਪਛਾਣ ਕਾਇਮ ਕੀਤੀ ਹੈ। ਹੁਣ ਉੱਤਰ ਪ੍ਰਦੇਸ਼ ਚੰਗੇ ਸ਼ਾਸਨ, ਬਿਹਤਰ ਕਾਨੂੰਨ ਵਿਵਸਥਾ, ਸ਼ਾਂਤੀ ਅਤੇ ਸਥਿਰਤਾ ਲਈ ਜਾਣਿਆ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਸੰਪੱਤੀ ਸਿਰਜਣਹਾਰਾਂ ਲਈ ਇੱਥੇ ਨਵੇਂ ਮੌਕੇ ਪੈਦਾ ਕੀਤੇ ਜਾ ਰਹੇ ਹਨ।” ਪ੍ਰਧਾਨ ਮੰਤਰੀ ਨੇ ਇਹ ਵੀ ਜ਼ੋਰ ਦਿੱਤਾ ਕਿ ਯੂਪੀ ਵਿੱਚ ਬਿਹਤਰ ਬੁਨਿਆਦੀ ਢਾਂਚੇ ਲਈ ਪਹਿਲਾਂ ਫਲ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਯੂਪੀ ਨੂੰ 5 ਅੰਤਰਰਾਸ਼ਟਰੀ ਹਵਾਈ ਅੱਡਿਆਂ ਦੇ ਨਾਲ ਇਕੱਲੇ ਰਾਜ ਵਜੋਂ ਜਾਣਿਆ ਜਾਵੇਗਾ। ਫਰੇਟ ਕੌਰੀਡੋਰ ਰਾਜ ਨੂੰ ਸਿੱਧੇ ਮਹਾਰਾਸ਼ਟਰ ਦੇ ਸਮੁੰਦਰੀ ਤਟ ਨਾਲ ਜੋੜੇਗਾ। ਪ੍ਰਧਾਨ ਮੰਤਰੀ ਨੇ ‘ਈਜ਼ ਆਵ੍ ਡੂਇੰਗ ਬਿਜ਼ਨਸ’ ਨੂੰ ਯਕੀਨੀ ਬਣਾਉਣ ਲਈ ਯੂਪੀ ਵਿੱਚ ਸਰਕਾਰ ਦੀ ਸੋਚ ਵਿੱਚ ਇੱਕ ਸਾਰਥਕ ਤਬਦੀਲੀ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਅੱਜ ਉੱਤਰ ਪ੍ਰਦੇਸ਼ ਉਮੀਦ ਅਤੇ ਪ੍ਰੇਰਣਾ ਦਾ ਸਰੋਤ ਬਣ ਗਿਆ ਹੈ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਯੂਪੀ ਰਾਸ਼ਟਰ ਲਈ ਇੱਕ ਰੋਸ਼ਨ ਸਥਾਨ ਬਣ ਗਿਆ ਹੈ, ਜਿਵੇਂ ਭਾਰਤ ਵਿਸ਼ਵ ਪੱਧਰ ‘ਤੇ ਇੱਕ ਰੋਸ਼ਨ ਸਥਾਨ ਬਣਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ ਦੀ ਹਰ ਭਰੋਸੇਯੋਗ ਅਵਾਜ਼ ਭਾਰਤੀ ਅਰਥਵਿਵਸਥਾ ਦੇ ਅੱਗੇ ਵਧਦੇ ਕਦਮਾਂ ਨੂੰ ਲੈ ਕੇ ਆਸ਼ਾਵਾਦੀ ਹੈ ਕਿਉਂਕਿ ਇਸ ਨੇ ਨਾ ਸਿਰਫ਼ ਮਹਾਮਾਰੀ ਅਤੇ ਯੁੱਧ ਦੇ ਸਾਹਮਣੇ ਲਚਕੀਲਾਪਨ ਦਿਖਾਇਆ ਹੈ, ਬਲਕਿ ਤੇਜ਼ੀ ਨਾਲ ਰਿਕਵਰੀ ਵੀ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਭਾਰਤੀ ਸਮਾਜ ਅਤੇ ਭਾਰਤ ਦੇ ਨੌਜਵਾਨਾਂ ਦੀ ਸੋਚ ਅਤੇ ਆਕਾਂਖਿਆਵਾਂ ਵਿੱਚ ਵੱਡੇ ਬਦਲਾਅ ਨੂੰ ਮਹਿਸੂਸ ਕੀਤਾ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਦੇਸ਼ ਦਾ ਹਰ ਨਾਗਰਿਕ ਵਿਕਾਸ ਦੇ ਰਾਹ ‘ਤੇ ਚਲਣਾ ਚਾਹੁੰਦਾ ਹੈ ਅਤੇ ਆਉਣ ਵਾਲੇ ਸਮੇਂ ‘ਚ ‘ਵਿਕਸਿਤ ਭਾਰਤ’ ਦਾ ਗਵਾਹ ਬਣਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸਮਾਜ ਦੀਆਂ ਖਾਹਿਸ਼ਾਂ ਸਰਕਾਰ ਲਈ ਇੱਕ ਪ੍ਰੇਰਕ ਸ਼ਕਤੀ ਬਣ ਗਈਆਂ ਹਨ, ਜੋ ਦੇਸ਼ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਨੂੰ ਹੁਲਾਰਾ ਦੇ ਰਹੀ ਹੈ। ਉੱਤਰ ਪ੍ਰਦੇਸ਼ ਦੇ ਆਕਾਰ ਅਤੇ ਆਬਾਦੀ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਧਾਨ ਮੰਤਰੀ ਨੇ ਨਿਵੇਸ਼ਕਾਂ ਨੂੰ ਕਿਹਾ ਕਿ ਭਾਰਤ ਵਾਂਗ ਯੂਪੀ ਵਿੱਚ ਵੀ ਇੱਕ ਖ਼ਾਹਿਸ਼ੀ ਸਮਾਜ ਤੁਹਾਡੀ ਉਡੀਕ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਡਿਜੀਟਲ ਕ੍ਰਾਂਤੀ ਦੇ ਕਾਰਨ ਉੱਤਰ ਪ੍ਰਦੇਸ਼ ਦਾ ਸਮਾਜ ਸਮਾਵੇਸ਼ੀ ਅਤੇ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ, “ਇੱਕ ਬਜ਼ਾਰ ਦੇ ਰੂਪ ਵਿੱਚ, ਭਾਰਤ ਸਹਿਜ ਹੋ ਰਿਹਾ ਹੈ। ਪ੍ਰਕਿਰਿਆਵਾਂ ਨੂੰ ਸਰਲ ਬਣਾਇਆ ਜਾ ਰਿਹਾ ਹੈ। “ਅੱਜ, ਭਾਰਤ ਸੁਧਾਰਾਂ ਨੂੰ ਮਜਬੂਰੀ ਵਿੱਚ ਨਹੀਂ, ਬਲਕਿ ਦ੍ਰਿੜ੍ਹ ਵਿਸ਼ਵਾਸ ਨਾਲ ਕਰ ਰਿਹਾ ਹੈ।”

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ‘ਭਾਰਤ ਨੇ ਅਸਲ ਅਰਥਾਂ ਵਿੱਚ ਗਤੀ ਅਤੇ ਪੈਮਾਨੇ ਦੇ ਮਾਰਗ ‘ਤੇ ਵਧਣਾ ਸ਼ੁਰੂ ਕਰ ਦਿੱਤਾ ਹੈ। ਕਿਉਂਕਿ ਇੱਕ ਬਹੁਤ ਵੱਡੇ ਵਰਗ ਦੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਹੋ ਗਈਆਂ ਹਨ ਅਤੇ ਉਹ ਅੱਗੇ ਦੀ ਸੋਚ ਰਹੇ ਹਨ। ਇਹ ਭਾਰਤ ਵਿੱਚ ਭਰੋਸੇ ਦਾ ਸਭ ਤੋਂ ਵੱਡਾ ਕਾਰਨ ਹੈ।

ਬਜਟ ‘ਤੇ ਬੋਲਦੇ ਹੋਏ ਪ੍ਰਧਾਨ ਮੰਤਰੀ ਨੇ ਬੁਨਿਆਦੀ ਢਾਂਚੇ ਲਈ ਵਧ ਰਹੀ ਐਲੋਕੇਸ਼ਨ ਨੂੰ ਰੇਖਾਂਕਿਤ ਕੀਤਾ ਅਤੇ ਸਿਹਤ, ਸਿੱਖਿਆ ਅਤੇ ਸਮਾਜਿਕ ਬੁਨਿਆਦੀ ਢਾਂਚੇ ਵਿੱਚ ਨਿਵੇਸ਼ਕਾਂ ਲਈ ਮੌਕਿਆਂ ਬਾਰੇ ਗੱਲ ਕੀਤੀ। ਇਸੇ ਤਰ੍ਹਾਂ, ਉਨ੍ਹਾਂ ਨੇ ਨਿਵੇਸ਼ਕਾਂ ਨੂੰ ਗ੍ਰੀਨ ਵਿਕਾਸ ਮਾਰਗ ਵਿੱਚ ਮੌਕਿਆਂ ਲਈ ਸੱਦਾ ਦਿੱਤਾ, ਜੋ ਭਾਰਤ ਨੇ ਅਪਣਾਇਆ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਦੇ ਬਜਟ ਵਿੱਚ ਸਿਰਫ਼ ਊਰਜਾ ਤਬਦੀਲੀ ਲਈ 35,000 ਕਰੋੜ ਰੁਪਏ ਅਲਾਟ ਕੀਤੇ ਗਏ ਹਨ।

ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਉੱਤਰ ਪ੍ਰਦੇਸ਼ ਇੱਕ ਨਵੀਂ ਵੈਲਿਊ ਅਤੇ ਸਪਲਾਈ ਚੇਨ ਨੂੰ ਵਿਕਸਿਤ ਕਰਨ ਲਈ ਇੱਕ ਚੈਂਪੀਅਨ ਵਜੋਂ ਉੱਭਰਿਆ ਹੈ। ਉਨ੍ਹਾਂ ਰਾਜ ਵਿੱਚ ਮੌਜੂਦ ਰਵਾਇਤੀ ਅਤੇ ਆਧੁਨਿਕ ਐੱਮਐੱਸਐੱਮਈਜ਼ ਦੇ ਜੀਵੰਤ ਨੈੱਟਵਰਕ ਦਾ ਜ਼ਿਕਰ ਕੀਤਾ ਅਤੇ ਭਦੋਹੀ ਅਤੇ ਵਾਰਾਣਸੀ ਤੋਂ ਰੇਸ਼ਮ ਦੀ ਉਦਾਹਰਣ ਦਿੱਤੀ, ਜਿਸ ਨੇ ਉੱਤਰ ਪ੍ਰਦੇਸ਼ ਨੂੰ ਭਾਰਤ ਦਾ ਟੈਕਸਟਾਈਲ ਹੱਬ ਬਣਾਇਆ ਹੈ। ਉਨ੍ਹਾਂ ਦੱਸਿਆ ਕਿ ਭਾਰਤ ਦੇ 60 ਫੀਸਦੀ ਮੋਬਾਈਲ ਫੋਨਾਂ ਦੇ ਨਾਲ-ਨਾਲ ਸਭ ਤੋਂ ਵੱਧ ਮੋਬਾਈਲ ਕੰਪੋਨੈਂਟਸ ਯੂਪੀ ਵਿੱਚ ਬਣਾਏ ਜਾ ਰਹੇ ਹਨ। ਉਨ੍ਹਾਂ ਇਹ ਵੀ ਧਿਆਨ ਦਿਵਾਇਆ ਕਿ ਦੇਸ਼ ਦੇ ਦੋ ਰੱਖਿਆ ਗਲਿਆਰਿਆਂ ਵਿੱਚੋਂ ਇੱਕ ਯੂਪੀ ਵਿੱਚ ਵਿਕਸਿਤ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਭਾਰਤੀ ਸੈਨਾ ਨੂੰ ‘ਮੇਡ ਇਨ ਇੰਡੀਆ’ ਰੱਖਿਆ ਪ੍ਰਣਾਲੀਆਂ ਅਤੇ ਪਲੈਟਫਾਰਮ ਪ੍ਰਦਾਨ ਕਰਨ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕੀਤਾ।

ਪ੍ਰਧਾਨ ਮੰਤਰੀ ਨੇ ਡੇਅਰੀ, ਖੇਤੀਬਾੜੀ, ਮੱਛੀ ਪਾਲਣ ਅਤੇ ਫੂਡ ਪ੍ਰੋਸੈੱਸਿੰਗ ਦੇ ਸਬੰਧ ਵਿੱਚ ਉੱਤਰ ਪ੍ਰਦੇਸ਼ ਵਿੱਚ ਮੌਕਿਆਂ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਇਹ ਇੱਕ ਸਕੱਤਰ ਹੈ ਜਿੱਥੇ ਪ੍ਰਾਈਵੇਟ ਸੈਕਟਰ ਦੀ ਭਾਗੀਦਾਰੀ ਅਜੇ ਵੀ ਸੀਮਤ ਹੈ। ਉਨ੍ਹਾਂ ਨਿਵੇਸ਼ਕਾਂ ਨੂੰ ਫੂਡ ਪ੍ਰੋਸੈੱਸਿੰਗ ਉਦਯੋਗ ਵਿੱਚ ਪੀਐੱਲਆਈ ਪ੍ਰਧਾਨ ਮੰਤਰੀ ਨੇ ਕਿਸਾਨਾਂ ਲਈ ਇਨਪੁਟ ਤੋਂ ਲੈ ਕੇ ਵਾਢੀ ਤੋਂ ਬਾਅਦ ਪ੍ਰਬੰਧਨ ਤੱਕ ਇੱਕ ਸਹਿਜ ਆਧੁਨਿਕ ਪ੍ਰਣਾਲੀ ਨੂੰ ਯਕੀਨੀ ਬਣਾਉਣ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਛੋਟੇ ਨਿਵੇਸ਼ਕ ਐਗਰੀ-ਇਨਫਰਾ ਫੰਡ ਦੀ ਵਰਤੋਂ ਕਰ ਸਕਦੇ ਹਨ।

ਫਸਲੀ ਵਿਭਿੰਨਤਾ, ਕਿਸਾਨਾਂ ਨੂੰ ਵਧੇਰੇ ਸਰੋਤ ਅਤੇ ਲਾਗਤ ਨੂੰ ਘਟਾਉਣ ਬਾਰੇ ਬੋਲਦਿਆਂ, ਪ੍ਰਧਾਨ ਮੰਤਰੀ ਨੇ ਕੁਦਰਤੀ ਖੇਤੀ ‘ਤੇ ਧਿਆਨ ਦੇਣ ਬਾਰੇ ਵਿਸਤਾਰ ਨਾਲ ਦੱਸਿਆ। ਉਨ੍ਹਾਂ ਦੱਸਿਆ ਕਿ ਯੂਪੀ ਵਿੱਚ 5 ਕਿਲੋਮੀਟਰ ਤੱਕ ਗੰਗਾ ਦੇ ਕਿਨਾਰਿਆਂ ਦੇ ਦੋਵੇਂ ਪਾਸੇ ਕੁਦਰਤੀ ਖੇਤੀ ਸ਼ੁਰੂ ਹੋ ਗਈ ਹੈ। ਉਨ੍ਹਾਂ ਇਸ ਬਜਟ ਵਿੱਚ ਪ੍ਰਸਤਾਵਿਤ 10 ਹਜ਼ਾਰ ਬਾਇਓ-ਇਨਪੁਟ ਰਿਸੋਰਸ ਸੈਂਟਰਾਂ ਦਾ ਵੀ ਜ਼ਿਕਰ ਕੀਤਾ। ਮਿਲਟਸ (ਮੋਟੇ ਅਨਾਜ) ਦੀ ਪੌਸ਼ਟਿਕ ਮਹੱਤਤਾ ਦਾ ਜ਼ਿਕਰ ਕਰਦੇ ਹੋਏ, ਜਿਸ ਨੂੰ ਭਾਰਤ ਵਿੱਚ ਸ਼੍ਰੀ ਅੰਨ ਕਿਹਾ ਜਾਂਦਾ ਹੈ, ਪ੍ਰਧਾਨ ਮੰਤਰੀ ਨੇ ਸਰਕਾਰ ਦੇ ਯਤਨਾਂ ਨੂੰ ਰੇਖਾਂਕਿਤ ਕੀਤਾ ਕਿ ਭਾਰਤ ਦੇ ਸ਼੍ਰੀ ਅੰਨ ਨੂੰ ਵਿਸ਼ਵ ਪੋਸ਼ਣ ਸੁਰੱਖਿਆ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਿਵੇਸ਼ਕ ਖਾਣ ਲਈ ਤਿਆਰ ਅਤੇ ਪਕਾਉਣ ਲਈ ਤਿਆਰ ਸ਼੍ਰੀ ਅੰਨ ਵਿੱਚ ਮੌਕੇ ਲੱਭ ਸਕਦੇ ਹਨ।

ਪ੍ਰਧਾਨ ਮੰਤਰੀ ਨੇ ਰਾਜ ਵਿੱਚ ਸਿੱਖਿਆ ਅਤੇ ਹੁਨਰ ਵਿਕਾਸ ਵਿੱਚ ਹੋਏ ਵਿਕਾਸ ਕਾਰਜਾਂ ‘ਤੇ ਵੀ ਚਾਨਣਾ ਪਾਇਆ। ਉਨ੍ਹਾਂ ਨੇ ਮਹਾਯੋਗੀ ਗੁਰੂ ਗੋਰਖਨਾਥ ਆਯੂਸ਼ ਯੂਨੀਵਰਸਿਟੀ, ਅਟਲ ਬਿਹਾਰੀ ਵਾਜਪੇਈ ਹੈਲਥ ਯੂਨੀਵਰਸਿਟੀ, ਰਾਜਾ ਮਹਿੰਦਰ ਪ੍ਰਤਾਪ ਸਿੰਘ ਯੂਨੀਵਰਸਿਟੀ ਅਤੇ ਮੇਜਰ ਧਿਆਨ ਚੰਦ ਸਪੋਰਟਸ ਯੂਨੀਵਰਸਿਟੀ ਨੂੰ ਅਜਿਹੇ ਅਦਾਰਿਆਂ ਵਜੋਂ ਸੂਚੀਬੱਧ ਕੀਤਾ, ਜੋ ਵੱਖ-ਵੱਖ ਤਰ੍ਹਾਂ ਦੇ ਕੌਸ਼ਲ ਪ੍ਰਦਾਨ ਕਰਨਗੇ। ਉਨ੍ਹਾਂ ਦੱਸਿਆ ਕਿ ਕੌਸ਼ਲ ਵਿਕਾਸ ਮਿਸ਼ਨ ਤਹਿਤ 16 ਲੱਖ ਤੋਂ ਵੱਧ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ।

ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਯੂਪੀ ਸਰਕਾਰ ਨੇ ਪੀਜੀਆਈ ਲਖਨਊ ਅਤੇ ਆਈਆਈਟੀ ਕਾਨਪੁਰ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਸਬੰਧਿਤ ਕੋਰਸ ਸ਼ੁਰੂ ਕੀਤੇ ਹਨ ਅਤੇ ਦੇਸ਼ ਦੀ ਸਟਾਰਟ-ਅੱਪ ਕ੍ਰਾਂਤੀ ਵਿੱਚ ਰਾਜ ਦੀ ਵਧਦੀ ਭੂਮਿਕਾ ‘ਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਯੂਪੀ ਸਰਕਾਰ ਨੇ ਆਉਣ ਵਾਲੇ ਸਾਲਾਂ ਵਿੱਚ 100 ਇਨਕਿਊਬੇਟਰ ਅਤੇ ਤਿੰਨ ਅਤਿ-ਆਧੁਨਿਕ ਕੇਂਦਰ ਸਥਾਪਿਤ ਕਰਨ ਦਾ ਲਕਸ਼ ਮਿੱਥਿਆ ਹੈ, ਜਿਸ ਨਾਲ ਪ੍ਰਤਿਭਾਸ਼ਾਲੀ ਅਤੇ ਹੁਨਰਮੰਦ ਨੌਜਵਾਨਾਂ ਦਾ ਇੱਕ ਵਿਸ਼ਾਲ ਪੂਲ ਤਿਆਰ ਹੋਵੇਗਾ।

ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਡਬਲ ਇੰਜਣ ਵਾਲੀ ਸਰਕਾਰ ਦੇ ਸੰਕਲਪ ਅਤੇ ਉੱਤਰ ਪ੍ਰਦੇਸ਼ ਰਾਜ ਵਿੱਚ ਸੰਭਾਵਨਾਵਾਂ ਵਿਚਕਾਰ ਮਜ਼ਬੂਤ ਸਾਂਝੇਦਾਰੀ ਚਾਨਣਾ ਪਾਇਆ। ਉਨ੍ਹਾਂ ਨਿਵੇਸ਼ਕਾਂ ਅਤੇ ਉਦਯੋਗਪਤੀਆਂ ਨੂੰ ਅਪੀਲ ਕੀਤੀ ਕਿ ਉਹ ਹੋਰ ਸਮਾਂ ਬਰਬਾਦ ਨਾ ਕਰਨ ਅਤੇ ਖੁਸ਼ਹਾਲੀ ਦਾ ਹਿੱਸਾ ਬਣਨ। ਪ੍ਰਧਾਨ ਮੰਤਰੀ ਨੇ ਅੰਤ ਵਿੱਚ ਕਿਹਾ, “ਭਾਰਤ ਦੀ ਖੁਸ਼ਹਾਲੀ ਵਿੱਚ ਹੀ ਦੁਨੀਆ ਦੀ ਖੁਸ਼ਹਾਲੀ ਹੈ ਅਤੇ ਖੁਸ਼ਹਾਲੀ ਦੀ ਇਸ ਯਾਤਰਾ ਵਿੱਚ ਤੁਹਾਡੀ ਭਾਗੀਦਾਰੀ ਬਹੁਤ ਮਹੱਤਵਪੂਰਨ ਹੈ।”

ਇਸ ਮੌਕੇ ‘ਤੇ ਉੱਤਰ ਪ੍ਰਦੇਸ਼ ਦੇ ਰਾਜਪਾਲ ਸ਼੍ਰੀਮਤੀ ਅਨੰਦੀਬੇਨ ਪਟੇਲ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ, ਕੇਂਦਰੀ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ, ਉੱਤਰ ਪ੍ਰਦੇਸ਼ ਸਰਕਾਰ ਦੇ ਮੰਤਰੀ, ਵਿਦੇਸ਼ੀ ਪਤਵੰਤੇ ਅਤੇ ਉਦਯੋਗਪਤੀ ਮੌਜੂਦ ਸਨ।

ਪਿਛੋਕੜ

10-12 ਫਰਵਰੀ, 2023 ਤੱਕ ਤੈਅ ਕੀਤਾ ਗਿਆ ਉੱਤਰ ਪ੍ਰਦੇਸ਼ ਗਲੋਬਲ ਇਨਵੈਸਟਰਸ ਸਮਿਟ 2023 ਉੱਤਰ ਪ੍ਰਦੇਸ਼ ਸਰਕਾਰ ਦਾ ਪ੍ਰਮੁੱਖ ਨਿਵੇਸ਼ ਸੰਮੇਲਨ ਹੈ, ਜੋ ਸਮੂਹਿਕ ਤੌਰ ‘ਤੇ ਵਪਾਰਕ ਮੌਕਿਆਂ ਦੀ ਪੜਚੋਲ ਕਰਨ ਅਤੇ ਸਾਂਝੇਦਾਰੀ ਬਣਾਉਣ ਲਈ ਨੀਤੀ ਨਿਰਮਾਤਾਵਾਂ, ਉਦਯੋਗ ਦੇ ਆਗੂਆਂ, ਅਕਾਦਮੀਆ, ਬੁੱਧੀਜੀਵੀਆਂ ਅਤੇ ਦੁਨੀਆ ਭਰ ਦੇ ਨੇਤਾਵਾਂ ਨੂੰ ਇੱਕ ਮੰਚ ‘ਤੇ ਇਕੱਠਾ ਕਰੇਗਾ। 

ਇਨਵੈਸਟਰ ਯੂਪੀ 2.0 ਉੱਤਰ ਪ੍ਰਦੇਸ਼ ਵਿੱਚ ਇੱਕ ਵਿਆਪਕ, ਨਿਵੇਸ਼ਕ-ਕੇਂਦ੍ਰਿਤ ਅਤੇ ਸੇਵਾ-ਅਧਾਰਿਤ ਨਿਵੇਸ਼ ਈਕੋਸਿਸਟਮ ਹੈ, ਜੋ ਨਿਵੇਸ਼ਕਾਂ ਨੂੰ ਢੁਕਵੀਂ, ਚੰਗੀ ਤਰ੍ਹਾਂ ਪਰਿਭਾਸ਼ਿਤ, ਮਿਆਰੀ ਸੇਵਾਵਾਂ ਪ੍ਰਦਾਨ ਕਰਨ ਦਾ ਯਤਨ ਕਰਦਾ ਹੈ।

https://youtu.be/dlsovcKW4_8 

 

************

 

ਡੀਐੱਸ/ਟੀਐੱਸ