Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਰੋਮ ਵਿੱਚ ਜੀ-20 ਸਮਿਟ ਦੇ ਦੌਰਾਨ ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਦ੍ਰਾਗੀ ਨਾਲ ਮੁਲਾਕਾਤ ਕੀਤੀ

ਪ੍ਰਧਾਨ ਮੰਤਰੀ ਨੇ ਰੋਮ ਵਿੱਚ ਜੀ-20 ਸਮਿਟ ਦੇ ਦੌਰਾਨ ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਦ੍ਰਾਗੀ ਨਾਲ ਮੁਲਾਕਾਤ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 29 ਅਕਤੂਬਰ, 2021 ਨੂੰ ਰੋਮ ਵਿੱਚ ਜੀ-20 ਸਮਿਟ ਦੌਰਾਨ ਇਟਲੀ ਦੇ ਪ੍ਰਧਾਨ ਮੰਤਰੀ, ਮਹਾਮਹਿਮ ਸ਼੍ਰੀ ਮਾਰੀਓ ਦ੍ਰਾਗੀ ਨਾਲ ਮੁਲਾਕਾਤ ਕੀਤੀ। ਇਹ ਉਨ੍ਹਾਂ ਦੀ ਪਹਿਲੀ ਵਿਅਕਤੀਗਤ ਮੁਲਾਕਾਤ ਸੀ। ਪ੍ਰਧਾਨ ਮੰਤਰੀ ਮੋਦੀ ਨੇ ਆਲਮੀ ਮਹਾਮਾਰੀ ਦੇ ਦਰਮਿਆਨ ਜੀ-20 ਦੀ ਸਫ਼ਲਤਾਪੂਰਵਕ ਮੇਜ਼ਬਾਨੀ ਕਰਨ ਲਈ ਪ੍ਰਧਾਨ ਮੰਤਰੀ ਦ੍ਰਾਗੀ ਨੂੰ ਵਧਾਈ ਦਿੱਤੀ। ਗਲਾਸਗੋ ਵਿੱਚ ਸੀਓਪੀ-26 ਦੇ ਆਯੋਜਨ ਵਿੱਚ ਵੀ ਇਟਲੀ ਯੂਕੇ ਨਾਲ ਭਾਈਵਾਲੀ ਕਰ ਰਿਹਾ ਹੈ।

ਦੋਹਾਂ ਆਗੂਆਂ ਨੇ ਜਲਵਾਯੂ ਪਰਿਵਰਤਨ ਨਾਲ ਪੈਦਾ ਹੋਈਆਂ ਚੁਣੌਤੀਆਂ, ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਬਾਰੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਭਾਰਤ ਦੁਆਰਾ ਕੀਤੀਆਂ ਗਈਆਂ ਪਰਿਵਰਤਨਸ਼ੀਲ ਜਲਵਾਯੂ ਕਾਰਵਾਈਆਂ ਅਤੇ ਵਿਕਸਿਤ ਦੇਸ਼ਾਂ ਦੀਆਂ ਜਲਵਾਯੂ ਵਿੱਤ ਸਬੰਧੀ ਪ੍ਰਤੀਬੱਧਤਾਵਾਂ ਬਾਰੇ ਵਿਕਾਸਸ਼ੀਲ ਦੇਸ਼ਾਂ ਦੀਆਂ ਚਿੰਤਾਵਾਂ ਨੂੰ ਉਜਾਗਰ ਕੀਤਾ।

ਦੋਹਾਂ ਆਗੂਆਂ ਨੇ ਅਫ਼ਗ਼ਨਿਸਤਾਨ ਅਤੇ ਹਿੰਦ-ਪ੍ਰਸ਼ਾਂਤ ਸਮੇਤ ਹਾਲ ਹੀ ਦੇ ਆਲਮੀ ਅਤੇ ਖੇਤਰੀ ਘਟਨਾਕ੍ਰਮ ’ਤੇ ਵੀ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਨੇ ਭਾਰਤ-ਯੂਰਪੀ ਸੰਘ ਬਹੁ-ਪੱਖੀ ਸਹਿਯੋਗ ਨੂੰ ਅੱਗੇ ਵਧਾਉਣ ਲਈ ਮਿਲ ਕੇ ਕੰਮ ਕਰਨ ਦੀ ਆਪਣੀ ਇੱਛਾ ਨੂੰ ਦੁਹਰਾਇਆ।

ਦੁਵੱਲੇ ਮਾਮਲਿਆਂ ’ਚ, ਦੋਹਾਂ ਆਗੂਆਂ ਨੇ ਨਵੰਬਰ 2020 ਵਿੱਚ ਭਾਰਤ-ਇਟਲੀ ਵਰਚੁਅਲ ਸਮਿਟ ਤੋਂ ਬਾਅਦ ਦੇ ਵਿਕਾਸ ਦੀ ਸਮੀਖਿਆ ਕੀਤੀ ਅਤੇ ਵਰਚੁਅਲ ਸਮਿਟ ਵਿੱਚ ਅਪਣਾਈ ਗਈ 2020-2025 ਕਾਰਜ ਯੋਜਨਾ ਨੂੰ ਲਾਗੂ ਕਰਨ ਵਿੱਚ ਪ੍ਰਗਤੀ ’ਤੇ ਸੰਤੁਸ਼ਟੀ ਪ੍ਰਗਟਾਈ ਜੋ ਅਗਲੇ ਪੰਜ ਸਾਲਾਂ ਵਿੱਚ ਪ੍ਰਾਪਤ ਕੀਤੇ ਜਾਣ ਵਾਲੇ ਰਾਜਨੀਤਕ, ਆਰਥਿਕ, ਸਾਇੰਸ ਐਂਡ ਟੈਕਨੋਲੋਜੀ ਅਤੇ ਸੱਭਿਆਚਾਰਕ ਖੇਤਰਾਂ ਵਿੱਚ ਰਣਨੀਤਕ ਲਕਸ਼ ਨਿਰਧਾਰਿਤ ਕਰਦੀ ਹੈ।

ਦੋਹਾਂ ਆਗੂਆਂ ਨੇ ਖਾਸ ਤੌਰ ’ਤੇ ਟੈਕਸਟਾਈਲ, ਫੂਡ ਪ੍ਰੋਸੈੱਸਿੰਗ, ਆਟੋਮੋਟਿਵ ਅਤੇ ਅਖੁੱਟ ਊਰਜਾ ਖੇਤਰਾਂ ਵਿੱਚ ਦੋਹਾਂ ਦੇਸ਼ਾਂ ਦੇ ਦਰਮਿਆਨ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਹੋਰ ਵਧਾਉਣ ਲਈ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ। ਅਖੁੱਟ ਅਤੇ ਸਵੱਛ ਊਰਜਾ ਵਿੱਚ ਦੁਵੱਲੇ ਸਹਿਯੋਗ ਨੂੰ ਨਵਾਂ ਹੁਲਾਰਾ ਪ੍ਰਦਾਨ ਕਰਨ ਲਈ, ਭਾਰਤ ਅਤੇ ਇਟਲੀ ਨੇ ਊਰਜਾ ਪਰਿਵਰਤਨ ’ਤੇ ਇੱਕ ਰਣਨੀਤਕ ਭਾਈਵਾਲੀ ਦਾ ਐਲਾਨ ਕਰਦੇ ਹੋਏ ਇੱਕ ਸੰਯੁਕਤ ਬਿਆਨ ਜਾਰੀ ਕੀਤਾ ਅਤੇ ਵੱਡੇ ਆਕਾਰ ਦੇ ਗ੍ਰੀਨ ਕੌਰੀਡੋਰ ਪ੍ਰੋਜੈਕਟਾਂ, ਸਮਾਰਟ ਗ੍ਰਿੱਡਾਂ, ਊਰਜਾ ਸਟੋਰੇਜ ਸਲਿਊਸ਼ਨਸ, ਗੈਸ ਟ੍ਰਾਂਸਪੋਰਟੇਸ਼ਨ, ਏਕੀਕ੍ਰਿਤ ਰਹਿੰਦ-ਖੂੰਹਦ ਪ੍ਰਬੰਧਨ (ਵੇਸਟ-ਟੂ-ਵੈਲਥ), ਗ੍ਰੀਨ ਹਾਈਡ੍ਰੋਜਨ ਦਾ ਵਿਕਾਸ ਤੇ ਤੈਨਾਤੀ ਅਤੇ ਬਾਇਓ-ਫਿਊਲ ਨੂੰ ਉਤਸ਼ਾਹਿਤ ਕਰਨ ਜਿਹੇ ਖੇਤਰਾਂ ਵਿੱਚ ਸਾਂਝੇਦਾਰੀ ਕਰਨ ਲਈ ਸਹਿਮਤੀ ਪ੍ਰਗਟਾਈ। ਬੈਠਕ ਦੌਰਾਨ ਭਾਰਤ ਅਤੇ ਇਟਲੀ ਨੇ ਟੈਕਸਟਾਈਲ ਸਹਿਯੋਗ ’ਤੇ ਇਰਾਦਾ ਪੱਤਰ (Statement of Intent) ’ਤੇ ਦਸਤਖਤ ਕੀਤੇ।

ਪ੍ਰਧਾਨ ਮੰਤਰੀ ਨੇ ਇਟਲੀ ਦੇ ਪ੍ਰਧਾਨ ਮੰਤਰੀ ਦ੍ਰਾਗੀ ਨੂੰ ਜਲਦੀ ਤੋਂ ਜਲਦੀ ਭਾਰਤ ਦੀ ਸਰਕਾਰੀ ਯਾਤਰਾ ਕਰਨ ਦਾ ਸੱਦਾ ਦਿੱਤਾ।

 

***

 

ਡੀਐੱਸ/ਏਕੇ