Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਰਾਜਪਾਲਾਂ ਦੀ 49ਵੀਂ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਸ਼ਟਰਪਤੀ ਭਵਨ ਵਿੱਚ ਰਾਜਪਾਲਾਂ ਦੀ 49ਵੀਂ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ।

ਪ੍ਰਧਾਨ ਮੰਤਰੀ ਨੇ ਇਸ ਬਾਰੇ ਕਾਫ਼ੀ ਲੰਬੀ ਗੱਲਬਾਤ ਕੀਤੀ ਕਿ ਕਿਵੇਂ ਰਾਜਪਾਲ ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚ ਆਪਣੇ ਤਜਰਬੇ ਦਾ ਲਾਭ ਉਠਾ ਸਕਦੇ ਹਨ ਤਾਂ ਕਿ ਲੋਕ ਵੱਖ-ਵੱਖ ਕੇਂਦਰੀ ਵਿਕਾਸ ਯੋਜਨਾਵਾਂ ਅਤੇ ਉਪਰਾਲਿਆਂ ਤੋਂ ਜ਼ਿਆਦਾ ਤੋਂ ਜ਼ਿਆਦਾ ਲਾਭ ਪ੍ਰਾਪਤ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਰਾਜਪਾਲ ਦੀ ਸੰਸਥਾ ਸੰਘੀ ਢਾਂਚੇ ਅਤੇ ਸਾਡੇ ਦੇਸ਼ ਦੇ ਸੰਵਿਧਾਨਕ ਢਾਂਚੇ ਦੇ ਅੰਦਰ ਵਿਚਰਨ ਲਈ ਇੱਕ ਅਹਿਮ ਭੂਮਿਕਾ ਨਿਭਾਉਂਦੀ ਹੈ।

ਉਨ੍ਹਾਂ ਨੇ ਕਿਹਾ ਕਿ ਮਹੱਤਵਪੂਰਨ ਆਦਿਵਾਸੀ ਅਬਾਦੀ ਵਾਲੇ ਰਾਜਾਂ ਦੇ ਰਾਜਪਾਲ ਇਹ ਯਕੀਨੀ ਬਣਾਉਣ ਵਿੱਚ ਮਦਦ ਕਰ ਸਕਦੇ ਹਨ ਕਿ ਕਬਾਇਲੀ ਸਮੂਹਾਂ ਨੂੰ ਸਿੱਖਿਆ, ਖੇਡਾਂ ਅਤੇ ਵਿੱਤੀ ਸਮਾਵੇਸ਼ ਵਰਗੇ ਖੇਤਰਾਂ ਵਿੱਚ ਸਰਕਾਰੀ ਉਪਰਾਲਿਆਂ ਤੋਂ ਲਾਭ ਹੋਵੇ। ਉਨ੍ਹਾਂ ਨੇ ਕਿਹਾ ਕਿ ਕਬਾਇਲੀ ਸਮੁਦਾਇ ਨੇ ਅਜ਼ਾਦੀ ਸੰਘਰਸ਼ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਤੇ ਭਵਿੱਖ ਦੀ ਪੀੜ੍ਹੀ ਲਈ ਇਸ ਨੂੰ ਡਿਜੀਟਲ ਅਜਾਇਬ ਘਰਾਂ ਰਾਹੀਂ ਮਾਨਤਾ ਦੇ ਕੇ ਸੰਭਾਲਿਆ ਜਾਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜਪਾਲ ਯੂਨੀਵਰਸਿਟੀਆਂ ਦੇ ਚਾਂਸਲਰ ਵੀ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਅੰਦਰ ਯੋਗ ਬਾਰੇ ਜਾਗਰੂਕਤਾ ਵਧਾਉਣ ਲਈ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਤਰ੍ਹਾਂ ਹੀ ਮਹਾਤਮਾ ਗਾਂਧੀ ਦੀ 150ਵੀਂ ਵਰ੍ਹੇਗੰਢ ਲਈ ਯੂਨੀਵਰਸਿਟੀਆਂ ਵੀ ਜਸ਼ਨਾਂ ਦਾ ਕੇਂਦਰ ਬਿੰਦੂ ਬਣ ਸਕਦੀਆਂ ਹਨ।
ਪ੍ਰਧਾਨ ਮੰਤਰੀ ਨੇ ਵਿਕਾਸ ਦੇ ਕੁਝ ਪ੍ਰਮੁੱਖ ਵਿਸ਼ਿਆਂ ਜਿਵੇਂ ਰਾਸ਼ਟਰੀ ਪੋਸ਼ਣ ਮਿਸ਼ਨ, ਪਿੰਡਾਂ ਦੇ ਬਿਜਲੀਕਰਨ ਅਤੇ ਖਾਹਿਸ਼ੀ ਜ਼ਿਲ੍ਹਿਆਂ (Aspirational Districts) ਵਿੱਚ ਵਿਕਾਸ ਮਾਪਦੰਡਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਬਿਜਲੀਕਰਨ ਦੇ ਲਾਭਾਂ ਦਾ ਪਹਿਲੀ ਵਾਰ ਅਨੁਭਵ ਕਰਨ ਲਈ ਰਾਜਪਾਲ ਉਨ੍ਹਾਂ ਪਿੰਡਾਂ ਦਾ ਦੌਰਾ ਕਰ ਸਕਦੇ ਹਨ ਜਿੱਥੇ ਹਾਲ ਹੀ ਵਿੱਚ ਬਿਜਲੀ ਪਹੁੰਚੀ ਹੈ।

ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ 14 ਅਪ੍ਰੈਲ ਦੇ ਗ੍ਰਾਮ ਸਵਰਾਜ ਅਭਿਆਨ ਦੌਰਾਨ 16000 ਤੋਂ ਜ਼ਿਆਦਾ ਪਿੰਡਾਂ ਵਿੱਚ ਸੱਤ ਪ੍ਰਮੁੱਖ ਸਰਕਾਰੀ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਨੂੰ ਜਨ ਭਾਗੀਦਾਰੀ ਨਾਲ ਸੱਤ ਸਮੱਸਿਆਵਾਂ ਤੋਂ ਮੁਕਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗ੍ਰਾਮ ਸਵਰਾਜ ਅਭਿਆਨ ਨੂੰ ਹੋਰ 65,000 ਪਿੰਡਾਂ ਤੱਕ ਵਧਾਉਣ ਦਾ 15 ਅਗਸਤ ਤੱਕ ਦਾ ਟੀਚਾ ਰੱਖਿਆ ਗਿਆ ਹੈ। ਪ੍ਰਧਾਨ ਮੰਤਰੀ ਨੇ ਸੁਝਾਅ ਦਿੱਤਾ ਕਿ ਅਗਲੇ ਸਾਲ ਦੀ ਰਾਜਪਾਲਾਂ ਦੀ 50ਵੀਂ ਕਾਨਫਰੰਸ ਦੀ ਯੋਜਨਾ ਤੁਰੰਤ ਸ਼ੁਰੂ ਹੋਣੀ ਚਾਹੀਦੀ ਹੈ। ਇਸ ਉਪਰਾਲੇ ਤਹਿਤ ਇਸ ਸਲਾਨਾ ਆਯੋਜਨ ਨੂੰ ਹੋਰ ਜ਼ਿਆਦਾ ਲਾਭਕਾਰੀ ਬਣਾਉਣ ’ਤੇ ਧਿਆਨ ਦੇਣਾ ਚਾਹੀਦਾ ਹੈ।

*****

ਏਕੇਟੀ/ਐੱਚਐੱਸ