ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਸ਼੍ਰੀ ਪ੍ਰਵਿੰਦ ਜੁਗਨਾਥ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਜੁਗਨਾਥ ਆਪਣੀ ਪਤਨੀ ਸ਼੍ਰੀਮਤੀ ਕੋਬਿਤਾ ਜੁਗਨਾਥ ਦੇ ਨਾਲ ਭਾਰਤ ਦੀ ਨਿਜੀ ਯਾਤਰਾ ‘ਤੇ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਸ਼ਾਨਦਾਰ ਜਨਾਦੇਸ਼ ਦੇ ਨਾਲ ਦੁਬਾਰਾ ਚੋਣ ਜਿੱਤਣ ‘ਤੇ ਪ੍ਰਧਾਨ ਮੰਤਰੀ ਜੁਗਨਾਥ ਨੂੰ ਹਾਰਦਿਕ ਵਧਾਈਆਂ ਦਿੱਤੀਆਂ। ਪ੍ਰਧਾਨ ਮੰਤਰੀ ਜੁਗਨਾਥ ਨੇ ਮੋਦੀ ਦਾ ਧੰਨਵਾਦ ਕੀਤਾ ਅਤੇ ਆਪਸੀ ਭਾਈਚਾਰੇ ਨੂੰ ਹੋਰ ਮਜ਼ਬੂਤ ਅਤੇ ਗਹਿਰਾ ਬਣਾਉਣ ਅਤੇ ਦੋਹਾਂ ਦੇਸ਼ਾਂ ਦਰਮਿਆਨ ਦੁਵੱਲੇ ਸਬੰਧਾਂ ਨੂੰ ਟਿਕਾਊ ਬਣਾਉਣ ਲਈ ਆਪਣੀ ਪ੍ਰਤੀਬੱਧਤਾ ਦੁਹਰਾਈ।
ਪ੍ਰਧਾਨ ਮੰਤਰੀ ਜੁਗਨਾਥ ਨੇ ਮਾਰੀਸ਼ਸ ਵਿੱਚ ਲਾਗੂ ਕੀਤੇ ਜਾ ਰਹੇ ਅਨੇਕ ਵਿਕਾਸ ਪ੍ਰੋਜੈਕਟਾਂ ਜਿਵੇਂ ਕਿ ਮੈਟਰੋ ਐਕਸਪ੍ਰੈੱਸ ਪ੍ਰੋਜੈਕਟ, ਈਐੱਨਟੀ ਹਸਪਤਾਲ, ਸਮਾਜਿਕ ਆਵਾਸ ਪ੍ਰੋਜੈਕਟ ਵਿੱਚ ਸਹਿਯੋਗ ਲਈ ਭਾਰਤ ਦੀ ਗਹਿਰੀ ਪ੍ਰਸ਼ੰਸਾ ਕੀਤੀ। ਇਨ੍ਹਾਂ ਪ੍ਰੋਜੈਕਟਾਂ ਨਾਲ ਲੋਕਾਂ ਨੂੰ ਅਸਲ ਲਾਭ ਹੋਇਆ ਹੈ। ਪ੍ਰਧਾਨ ਮੰਤਰੀ ਜੁਗਨਾਥ ਨੇ ਕਿਹਾ ਕਿ ਮਾਰੀਸ਼ਸ ਦੇ ਸਰਬਪੱਖੀ ਵਿਕਾਸ ਦੀ ਗਤੀ ਨੂੰ ਵਧਾਉਣਾ ਅਤੇ ਭਾਰਤ ਦੇ ਨਾਲ ਸਹਿਯੋਗ ਦਾ ਦਾਇਰਾ ਮਜ਼ਬੂਤ ਬਣਾਉਣਾ, ਉਨ੍ਹਾਂ ਦੇ ਨਵੇਂ ਕਾਰਜਕਾਲ ਦੀਆਂ ਪ੍ਰਾਥਮਿਕਤਾਵਾਂ ਹੋਣਗੀਆਂ। ਉਨ੍ਹਾਂ ਨੇ ਉਮੀਦ ਪ੍ਰਗਟ ਕੀਤੀ ਕਿ ਭਾਰਤ ਇਸ ਪ੍ਰਯਤਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗਾ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮਾਰੀਸ਼ਸ ਦੀ ਸਰਕਾਰ ਅਤੇ ਉਥੋਂ ਦੇ ਲੋਕ ਆਪਣੇ ਦੇਸ਼ ਨੂੰ ਅਧਿਕ ਸੁਰੱਖਿਅਤ, ਟਿਕਾਊ ਅਤੇ ਖੁਸ਼ਹਾਲ ਬਣਾਉਣ ਦੀਆਂ ਆਪਣੀਆਂ ਆਕਾਂਖਿਆਵਾਂ ਵਿੱਚ ਭਾਰਤ ਦੇ ਪੂਰੇ ਦਿਲੀ ਸਮਰਥਨ ਅਤੇ ਨਿਰੰਤਰ ਇਕਜੁੱਟਤਾ ‘ਤੇ ਪੂਰਾ ਭਰੋਸਾ ਕਰ ਸਕਦੇ ਹਨ।
ਦੋਹਾਂ ਨੇਤਾਵਾਂ ਨੇ ਨਜ਼ਦੀਕੀ ਬਹੁਪੱਖੀ ਦੁਵੱਲੇ ਸਬੰਧਾਂ ਦਾ ਨਿਰਮਾਣ ਕਰਨ ਅਤੇ ਉਨ੍ਹਾਂ ਨੂੰ ਮਜ਼ਬੂਤ ਬਣਾਉਣ ਅਤੇ ਆਪਸੀ ਹਿਤਾਂ ਦੀਆਂ ਪ੍ਰਾਥਮਿਕਤਾਵਾਂ ਦੇ ਅਧਾਰ ‘ਤੇ ਨਵੇਂ ਜੁੜਾਅ ਖੇਤਰਾ ਦਾ ਪਤਾ ਲਗਾਉਣ ਬਾਰੇ ਗਹਿਰਾਈ ਨਾਲ ਕੰਮ ਕਰਨ ‘ਤੇ ਸਹਿਮਤੀ ਪ੍ਰਗਟ ਕੀਤੀ।
********
ਵੀਆਰਆਰਕੇ/ਐੱਸਐੱਚ/ਐੱਸਕੇਐੱਸ