ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੁਣੇ ਮੈਟਰੋ ਦੇ ਮੁਕੰਮਲ ਸੈਕਸ਼ਨਾਂ ਦੇ ਉਦਘਾਟਨ ਮੌਕੇ ਮੈਟਰੋ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਈ। ਉਨ੍ਹਾਂ ਨੇ ਪਿੰਪਰੀ ਚਿੰਚਵਾੜ ਮਿਉਂਸਪਲ ਕਾਰਪੋਰੇਸ਼ਨ (ਪੀਸੀਐੱਮਸੀ) ਦੁਆਰਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਬਣਾਏ ਗਏ 1280 ਤੋਂ ਵੱਧ ਘਰ ਅਤੇ ਪੁਣੇ ਨਗਰ ਨਿਗਮ ਦੁਆਰਾ ਬਣਾਏ ਗਏ 2650 ਤੋਂ ਵੱਧ ਘਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਲਾਭਾਰਥੀਆਂ ਨੂੰ ਸੌਂਪੇ। ਉਨ੍ਹਾਂ ਪੀਸੀਐੱਮਸੀ ਦੁਆਰਾ ਬਣਾਏ ਜਾਣ ਵਾਲੇ ਲਗਭਗ 1190 ਪੀਐੱਮਏਵਾਈ ਘਰਾਂ ਅਤੇ ਪੁਣੇ ਮੈਟਰੋਪੋਲੀਟਨ ਰੀਜਨ ਡਿਵੈਲਪਮੈਂਟ ਅਥਾਰਿਟੀ ਦੁਆਰਾ ਬਣਾਏ 6400 ਤੋਂ ਵੱਧ ਘਰਾਂ ਦਾ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਪੀਸੀਐੱਮਸੀ ਦੇ ਤਹਿਤ ਲਗਭਗ 300 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤੇ ਗਏ ਵੇਸਟ-ਟੂ-ਐਨਰਜੀ ਪਲਾਂਟ ਦਾ ਉਦਘਾਟਨ ਵੀ ਕੀਤਾ।
ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਗਸਤ ਜਸ਼ਨਾਂ ਅਤੇ ਕ੍ਰਾਂਤੀ ਦਾ ਮਹੀਨਾ ਹੈ। ਸੁਤੰਤਰਤਾ ਸੰਗਰਾਮ ਵਿੱਚ ਪੁਣੇ ਸ਼ਹਿਰ ਦੇ ਯੋਗਦਾਨ ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸ਼ਹਿਰ ਨੇ ਬਾਲ ਗੰਗਾਧਰ ਤਿਲਕ ਸਮੇਤ ਦੇਸ਼ ਨੂੰ ਬਹੁਤ ਸਾਰੇ ਸੁਤੰਤਰਤਾ ਸੈਨਾਨੀ ਦਿੱਤੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਅੱਜ ਅੰਨਾ ਭਾਉ ਸਾਠੇ ਦਾ ਜਨਮ ਦਿਨ ਹੈ ਜੋ ਮਹਾਨ ਸਮਾਜ ਸੁਧਾਰਕ ਸਨ ਅਤੇ ਡਾ: ਬਾਬਾ ਸਾਹੇਬ ਅੰਬੇਡਕਰ ਦੇ ਆਦਰਸ਼ਾਂ ਤੋਂ ਪ੍ਰੇਰਿਤ ਸਨ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਅੱਜ ਵੀ ਬਹੁਤ ਸਾਰੇ ਵਿਦਿਆਰਥੀ ਅਤੇ ਸਿੱਖਿਆ ਸ਼ਾਸਤਰੀ ਉਨ੍ਹਾਂ ਦੀਆਂ ਸਾਹਿਤਕ ਰਚਨਾਵਾਂ ‘ਤੇ ਖੋਜ ਕਰਦੇ ਹਨ, ਅਤੇ ਉਨ੍ਹਾਂ ਦਾ ਕੰਮ ਅਤੇ ਆਦਰਸ਼ ਹਰੇਕ ਲਈ ਪ੍ਰੇਰਨਾ ਸਰੋਤ ਹਨ।
ਪ੍ਰਧਾਨ ਮੰਤਰੀ ਨੇ ਕਿਹਾ “ਪੁਣੇ ਇੱਕ ਜੀਵੰਤ ਸ਼ਹਿਰ ਹੈ ਜੋ ਦੇਸ਼ ਦੀ ਅਰਥਵਿਵਸਥਾ ਨੂੰ ਗਤੀ ਦਿੰਦਾ ਹੈ ਅਤੇ ਦੇਸ਼ ਭਰ ਦੇ ਨੌਜਵਾਨਾਂ ਦੇ ਸੁਪਨਿਆਂ ਨੂੰ ਪੂਰਾ ਕਰਦਾ ਹੈ। ਅੱਜ ਦੇ ਲਗਭਗ 15 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟ ਇਸ ਪਹਿਚਾਣ ਨੂੰ ਹੋਰ ਮਜ਼ਬੂਤ ਕਰਨਗੇ।”
ਪ੍ਰਧਾਨ ਮੰਤਰੀ ਨੇ ਸ਼ਹਿਰੀ ਮੱਧ ਵਰਗ ਦੇ ਜੀਵਨ ਪੱਧਰ ਬਾਰੇ ਸਰਕਾਰ ਦੀ ਗੰਭੀਰਤਾ ਨੂੰ ਰੇਖਾਂਕਿਤ ਕੀਤਾ। ਪੰਜ ਸਾਲ ਪਹਿਲਾਂ ਮੈਟਰੋ ਦੇ ਕੰਮ ਦੀ ਸ਼ੁਰੂਆਤ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਮੇਂ ਵਿੱਚ 24 ਕਿਲੋਮੀਟਰ ਮੈਟਰੋ ਨੈੱਟਵਰਕ ‘ਤੇ ਪਹਿਲਾਂ ਹੀ ਕੰਮ ਕਰਨਾ ਸ਼ੁਰੂ ਹੋ ਚੁੱਕਾ ਹੈ।
ਸ਼੍ਰੀ ਮੋਦੀ ਨੇ ਹਰ ਸ਼ਹਿਰ ਵਿੱਚ ਰਹਿਣ ਵਾਲੇ ਲੋਕਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਲਈ ਪਬਲਿਕ ਆਵਾਜਾਈ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਇਸ ਲਈ, ਪ੍ਰਧਾਨ ਮੰਤਰੀ ਨੇ ਕਿਹਾ, ਮੈਟਰੋ ਨੈੱਟਵਰਕ ਦਾ ਵਿਸਤਾਰ ਕੀਤਾ ਜਾ ਰਿਹਾ ਹੈ, ਨਵੇਂ ਫਲਾਈਓਵਰ ਬਣਾਏ ਜਾ ਰਹੇ ਹਨ, ਅਤੇ ਟ੍ਰੈਫਿਕ ਲਾਈਟਾਂ ਦੀ ਗਿਣਤੀ ਨੂੰ ਘਟਾਉਣ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ 2014 ਤੋਂ ਪਹਿਲਾਂ ਦੇਸ਼ ਵਿੱਚ ਸਿਰਫ਼ 250 ਕਿਲੋਮੀਟਰ ਦਾ ਮੈਟਰੋ ਨੈੱਟਵਰਕ ਸੀ ਅਤੇ ਜ਼ਿਆਦਾਤਰ ਮੈਟਰੋ ਲਾਈਨਾਂ ਦਿੱਲੀ ਤੱਕ ਸੀਮਿਤ ਸਨ ਜਦੋਂਕਿ ਅੱਜ ਦੇਸ਼ ਵਿੱਚ ਮੈਟਰੋ ਨੈੱਟਵਰਕ 800 ਕਿਲੋਮੀਟਰ ਤੋਂ ਵੀ ਵੱਧ ਗਿਆ ਹੈ ਅਤੇ 1000 ਕਿਲੋਮੀਟਰ ਨਵੀਆਂ ਮੈਟਰੋ ਲਾਈਨਾਂ ਲਈ ਕੰਮ ਚੱਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ 2014 ਤੋਂ ਪਹਿਲਾਂ ਮੈਟਰੋ ਨੈੱਟਵਰਕ ਭਾਰਤ ਵਿੱਚ ਸਿਰਫ 5 ਸ਼ਹਿਰਾਂ ਤੱਕ ਸੀਮਿਤ ਸੀ ਜਦੋਂ ਕਿ ਅੱਜ, ਮੈਟਰੋ ਪੁਣੇ, ਨਾਗਪੁਰ ਅਤੇ ਮੁੰਬਈ ਸਮੇਤ 20 ਸ਼ਹਿਰਾਂ ਵਿੱਚ ਕੰਮ ਕਰ ਰਹੀ ਹੈ ਜਿੱਥੇ ਨੈੱਟਵਰਕ ਦਾ ਵਿਸਤਾਰ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਪੁਣੇ ਜਿਹੇ ਸ਼ਹਿਰ ਵਿੱਚ ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ ਲਈ ਮੈਟਰੋ ਦੇ ਵਿਸਤਾਰ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ, “ਮੈਟਰੋ ਆਧੁਨਿਕ ਭਾਰਤ ਦੇ ਸ਼ਹਿਰਾਂ ਲਈ ਇੱਕ ਨਵੀਂ ਜੀਵਨ ਰੇਖਾ ਬਣ ਰਹੀ ਹੈ।”
ਸ਼੍ਰੀ ਮੋਦੀ ਨੇ ਸ਼ਹਿਰੀ ਜੀਵਨ ਦੀ ਗੁਣਵੱਤਾ ਨੂੰ ਸੁਧਾਰਨ ਵਿੱਚ ਸਵੱਛਤਾ ਦੀ ਭੂਮਿਕਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਵੱਛ ਭਾਰਤ ਅਭਿਯਾਨ ਸਿਰਫ਼ ਟਾਇਲਟ ਤੱਕ ਹੀ ਸੀਮਿਤ ਨਹੀਂ ਹੈ ਬਲਕਿ ਕਚਰਾ ਪ੍ਰਬੰਧਨ ਵੀ ਇੱਕ ਵੱਡਾ ਫੋਕਸ ਖੇਤਰ ਹੈ। ਮਿਸ਼ਨ ਦੇ ਤਹਿਤ ਕਚਰੇ ਦੇ ਪਹਾੜ ਹਟਾਏ ਜਾ ਰਹੇ ਹਨ। ਉਨ੍ਹਾਂ ਨੇ ਪਿੰਪਰੀ ਚਿੰਚਵਾੜ ਮਿਉਂਸਪਲ ਕਾਰਪੋਰੇਸ਼ਨ (ਪੀਸੀਐੱਮਸੀ) ਦੇ ਅਧੀਨ ਵੇਸਟ ਟੂ ਐਨਰਜੀ ਪਲਾਂਟ ਦੇ ਫਾਇਦਿਆਂ ਬਾਰੇ ਦੱਸਿਆ।
ਪ੍ਰਧਾਨ ਮੰਤਰੀ ਨੇ ਕਿਹਾ, “ਮਹਾਰਾਸ਼ਟਰ ਦੇ ਉਦਯੋਗਿਕ ਵਿਕਾਸ ਨੇ ਆਜ਼ਾਦੀ ਤੋਂ ਬਾਅਦ ਭਾਰਤ ਦੇ ਉਦਯੋਗਿਕ ਵਿਕਾਸ ਲਈ ਰਾਹ ਪੱਧਰਾ ਕੀਤਾ ਹੈ।” ਰਾਜ ਵਿੱਚ ਹੋਰ ਉਦਯੋਗਿਕ ਵਿਕਾਸ ਦੀ ਲੋੜ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਵਿੱਚ ਸਰਕਾਰ ਦੁਆਰਾ ਕੀਤੇ ਜਾ ਰਹੇ ਬੇਮਿਸਾਲ ਨਿਵੇਸ਼ਾਂ ਨੂੰ ਉਜਾਗਰ ਕੀਤਾ। ਉਨ੍ਹਾਂ ਸੂਬੇ ਵਿੱਚ ਨਵੇਂ ਐਕਸਪ੍ਰੈਸਵੇਅ, ਰੇਲਵੇ ਰੂਟਾਂ ਅਤੇ ਹਵਾਈ ਅੱਡਿਆਂ ਦੇ ਵਿਕਾਸ ਦੀਆਂ ਉਦਾਹਰਣਾਂ ਦਿੱਤੀਆਂ। ਰੇਲਵੇ ਦੇ ਵਿਸਤਾਰ ਲਈ, ਪ੍ਰਧਾਨ ਮੰਤਰੀ ਨੇ ਦੱਸਿਆ ਕਿ 2014 ਤੋਂ ਪਹਿਲਾਂ ਦੇ ਮੁਕਾਬਲੇ ਖਰਚ ਵਿੱਚ 12 ਗੁਣਾ ਵਾਧਾ ਹੋਇਆ ਹੈ। ਮਹਾਰਾਸ਼ਟਰ ਦੇ ਵਿਭਿੰਨ ਸ਼ਹਿਰ ਗੁਆਂਢੀ ਰਾਜਾਂ ਦੇ ਆਰਥਿਕ ਕੇਂਦਰਾਂ ਨਾਲ ਵੀ ਜੁੜੇ ਹੋਏ ਹਨ। ਪ੍ਰਧਾਨ ਮੰਤਰੀ ਨੇ ਮੁੰਬਈ-ਅਹਿਮਦਾਬਾਦ ਹਾਈ-ਸਪੀਡ ਰੇਲ ਦੀ ਉਦਾਹਰਣ ਦਿੱਤੀ ਜੋ ਮਹਾਰਾਸ਼ਟਰ ਅਤੇ ਗੁਜਰਾਤ ਦੋਵਾਂ ਨੂੰ ਲਾਭ ਪਹੁੰਚਾਏਗੀ, ਦਿੱਲੀ-ਮੁੰਬਈ ਆਰਥਿਕ ਗਲਿਆਰਾ ਜੋ ਮਹਾਰਾਸ਼ਟਰ ਨੂੰ ਮੱਧ ਪ੍ਰਦੇਸ਼ ਅਤੇ ਉੱਤਰੀ ਭਾਰਤ ਦੇ ਹੋਰ ਰਾਜਾਂ ਨਾਲ ਜੋੜੇਗਾ, ਰਾਸ਼ਟਰੀ ਸਮਰਪਿਤ ਮਾਲ ਕਾਰੀਡੋਰ ਜੋ ਮਹਾਰਾਸ਼ਟਰ ਅਤੇ ਉੱਤਰੀ ਭਾਰਤ ਦਰਮਿਆਨ ਰੇਲ ਸੰਪਰਕ ਨੂੰ ਬਦਲ ਦੇਵੇਗਾ, ਅਤੇ ਰਾਜ ਨੂੰ ਛੱਤੀਸਗੜ੍ਹ, ਤੇਲੰਗਾਨਾ, ਹੋਰ ਗੁਆਂਢੀ ਰਾਜਾਂ ਨਾਲ ਜੋੜਨ ਲਈ ਟਰਾਂਸਮਿਸ਼ਨ ਲਾਈਨ ਨੈਟਵਰਕ ਜਿਸ ਨਾਲ ਉਦਯੋਗਾਂ, ਤੇਲ ਅਤੇ ਗੈਸ ਪਾਈਪਲਾਈਨਾਂ, ਔਰੰਗਾਬਾਦ ਇੰਡਸਟਰੀਅਲ ਸਿਟੀ, ਨਵੀਂ ਮੁੰਬਈ ਏਅਰਪੋਰਟ, ਅਤੇ ਸ਼ੇਂਦਰਾ ਬਿਡਕਿਨ ਇੰਡਸਟਰੀਅਲ ਪਾਰਕ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਜੈਕਟ ਮਹਾਰਾਸ਼ਟਰ ਦੀ ਅਰਥਵਿਵਸਥਾ ਵਿੱਚ ਨਵੀਂ ਊਰਜਾ ਭਰਨ ਦੀ ਸਮਰੱਥਾ ਰੱਖਦੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਸੂਬੇ ਦੇ ਵਿਕਾਸ ਜ਼ਰੀਏ ਦੇਸ਼ ਦੇ ਵਿਕਾਸ ਦੇ ਮੰਤਰ ਨਾਲ ਅੱਗੇ ਵਧ ਰਹੀ ਹੈ। ਉਨ੍ਹਾਂ ਕਿਹਾ “ਜਦੋਂ ਮਹਾਰਾਸ਼ਟਰ ਦਾ ਵਿਕਾਸ ਹੋਵੇਗਾ, ਭਾਰਤ ਦਾ ਵਿਕਾਸ ਹੋਵੇਗਾ। ਜਦੋਂ ਭਾਰਤ ਵਧੇਗਾ, ਮਹਾਰਾਸ਼ਟਰ ਨੂੰ ਵੀ ਲਾਭ ਮਿਲੇਗਾ।” ਨਵੀਨਤਾ ਅਤੇ ਸਟਾਰਟਅੱਪ ਦੇ ਧੁਰੇ ਵਜੋਂ ਭਾਰਤ ਦੀ ਵਧ ਰਹੀ ਪਹਿਚਾਣ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ ਨੇ 9 ਸਾਲ ਪਹਿਲਾਂ ਦੇ ਕੁਝ ਸੌ ਦੇ ਮੁਕਾਬਲੇ 1 ਲੱਖ ਸਟਾਰਟਅੱਪ ਨੂੰ ਪਾਰ ਕਰ ਲਿਆ ਹੈ। ਉਨ੍ਹਾਂ ਇਸ ਸਫਲਤਾ ਲਈ ਡਿਜੀਟਲ ਬੁਨਿਆਦੀ ਢਾਂਚੇ ਦੇ ਵਿਸਤਾਰ ਨੂੰ ਕ੍ਰੈਡਿਟ ਦਿੱਤਾ ਅਤੇ ਭਾਰਤ ਦੇ ਡਿਜੀਟਲ ਬੁਨਿਆਦੀ ਢਾਂਚੇ ਦੀ ਨੀਂਹ ਵਿੱਚ ਭੂਮਿਕਾ ਲਈ ਪੁਣੇ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ “ਕਿਫਾਇਤੀ ਡੇਟਾ, ਕਿਫਾਇਤੀ ਫੋਨ ਅਤੇ ਹਰ ਪਿੰਡ ਤੱਕ ਇੰਟਰਨੈੱਟ ਦੀ ਸੁਵਿਧਾ ਨੇ ਸੈਕਟਰ ਨੂੰ ਮਜ਼ਬੂਤ ਕੀਤਾ ਹੈ। ਭਾਰਤ 5ਜੀ ਸੇਵਾਵਾਂ ਦੇ ਸਭ ਤੋਂ ਤੇਜ਼ੀ ਨਾਲ ਰੋਲਆਊਟ ਕਰਨ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ।” ਉਨ੍ਹਾਂ ਅੱਗੇ ਕਿਹਾ ਕਿ ਫਿਨਟੈੱਕ, ਬਾਇਓਟੈੱਕ ਅਤੇ ਐਗਰੀਟੈੱਕ ਵਿੱਚ ਨੌਜਵਾਨਾਂ ਦੁਆਰਾ ਕੀਤੀਆਂ ਗਈਆਂ ਤਰੱਕੀਆਂ ਪੁਣੇ ਨੂੰ ਲਾਭ ਪਹੁੰਚਾ ਰਹੀਆਂ ਹਨ।
ਪ੍ਰਧਾਨ ਮੰਤਰੀ ਨੇ ਕਰਨਾਟਕ ਅਤੇ ਬੰਗਲੁਰੂ ਲਈ ਸਿਆਸੀ ਸੁਆਰਥ ਦੇ ਨਤੀਜਿਆਂ ‘ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਰਨਾਟਕ ਅਤੇ ਰਾਜਸਥਾਨ ਵਿੱਚ ਰੁਕੇ ਵਿਕਾਸ ‘ਤੇ ਵੀ ਅਫਸੋਸ ਪ੍ਰਗਟਾਇਆ।
ਸ਼੍ਰੀ ਮੋਦੀ ਨੇ ਕਿਹਾ ਕਿ “ਦੇਸ਼ ਨੂੰ ਅੱਗੇ ਲਿਜਾਣ ਲਈ, ਨੀਤੀਆਂ, ਇਰਾਦੇ ਅਤੇ ਨਿਯਮ (ਨੀਤੀ ਨਿਸ਼ਠਾ ਔਰ ਨਿਯਮ) ਬਰਾਬਰ ਮਹੱਤਵਪੂਰਨ ਹਨ।” ਉਨ੍ਹਾਂ ਕਿਹਾ ਇਹ ਵਿਕਾਸ ਲਈ ਇੱਕ ਨਿਰਣਾਇਕ ਸਥਿਤੀ ਹੈ। ਉਨ੍ਹਾਂ ਦੱਸਿਆ ਕਿ 2014 ਤੋਂ ਪਹਿਲਾਂ 10 ਵਰ੍ਹਿਆਂ ਵਿੱਚ ਉਸ ਸਮੇਂ ਦੀਆਂ ਦੋ ਸਕੀਮਾਂ ਵਿੱਚ ਸਿਰਫ਼ 8 ਲੱਖ ਘਰ ਹੀ ਬਣਾਏ ਗਏ ਸਨ। ਉਨ੍ਹਾਂ ਦੱਸਿਆ ਕਿ ਮਹਾਰਾਸ਼ਟਰ ਵਿੱਚ 50 ਹਜ਼ਾਰ ਸਮੇਤ 2 ਲੱਖ ਤੋਂ ਵੱਧ ਅਜਿਹੇ ਘਰਾਂ ਨੂੰ ਲਾਭਾਰਥੀਆਂ ਦੁਆਰਾ ਘਟੀਆ ਗੁਣਵੱਤਾ ਕਾਰਨ ਰੱਦ ਕਰ ਦਿੱਤਾ ਗਿਆ ਸੀ।
ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਸਰਕਾਰ ਨੇ 2014 ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਸਹੀ ਇਰਾਦੇ ਨਾਲ ਕੰਮ ਕਰਨਾ ਸ਼ੁਰੂ ਕੀਤਾ ਅਤੇ ਨੀਤੀ ਵਿੱਚ ਬਦਲਾਅ ਕੀਤਾ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ 9 ਵਰ੍ਹਿਆਂ ਵਿੱਚ ਸਰਕਾਰ ਨੇ ਪਿੰਡਾਂ ਵਿੱਚ ਗਰੀਬਾਂ ਲਈ 4 ਕਰੋੜ ਤੋਂ ਵੱਧ ਪੱਕੇ ਘਰ ਬਣਾਏ ਹਨ ਅਤੇ ਸ਼ਹਿਰਾਂ ਵਿੱਚ ਵੀ ਜਿੱਥੇ ਸ਼ਹਿਰੀ ਗਰੀਬਾਂ ਲਈ 75 ਲੱਖ ਤੋਂ ਵੱਧ ਘਰ ਬਣਾਏ ਗਏ ਹਨ। ਉਨ੍ਹਾਂ ਨੇ ਉਸਾਰੀ ਵਿੱਚ ਆਈ ਪਾਰਦਰਸ਼ਤਾ ਅਤੇ ਉਨ੍ਹਾਂ ਦੀ ਗੁਣਵੱਤਾ ਵਿੱਚ ਸੁਧਾਰ ਬਾਰੇ ਵੀ ਚਾਨਣਾ ਪਾਇਆ। ਉਨ੍ਹਾਂ ਇਹ ਵੀ ਦੱਸਿਆ ਕਿ ਦੇਸ਼ ਵਿੱਚ ਪਹਿਲੀ ਵਾਰ ਰਜਿਸਟਰਡ ਹੋਏ ਜ਼ਿਆਦਾਤਰ ਘਰ ਮਹਿਲਾਵਾਂ ਦੇ ਨਾਂ ‘ਤੇ ਹਨ। ਇਹ ਨੋਟ ਕਰਦੇ ਹੋਏ ਕਿ ਇਨ੍ਹਾਂ ਘਰਾਂ ਦੀ ਕੀਮਤ ਕਈ ਲੱਖ ਰੁਪਏ ਹੈ, ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪਿਛਲੇ 9 ਵਰ੍ਹਿਆਂ ਵਿੱਚ ਦੇਸ਼ ਵਿੱਚ ਕਰੋੜਾਂ ਮਹਿਲਾਵਾਂ ਹੁਣ ‘ਲਖਪਤੀ’ ਬਣ ਗਈਆਂ ਹਨ।
ਪ੍ਰਧਾਨ ਮੰਤਰੀ ਨੇ ਉਨ੍ਹਾਂ ਸਭਨਾਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਜਿਨ੍ਹਾਂ ਨੂੰ ਆਪਣਾ ਨਵਾਂ ਘਰ ਮਿਲਿਆ ਹੈ।
ਉਨ੍ਹਾਂ ਕਿਹਾ “ਗ਼ਰੀਬ ਹੋਵੇ ਜਾਂ ਮੱਧ-ਵਰਗੀ ਪਰਿਵਾਰ, ਹਰ ਸੁਪਨਾ ਪੂਰਾ ਕਰਨਾ ਮੋਦੀ ਦੀ ਗਾਰੰਟੀ ਹੈ”, ਉਨ੍ਹਾਂ ਰੇਖਾਂਕਿਤ ਕੀਤਾ ਕਿ ਇੱਕ ਸੁਪਨੇ ਦਾ ਸਾਕਾਰ ਕਈ ਸੰਕਲਪਾਂ ਦੀ ਸ਼ੁਰੂਆਤ ਕਰਦਾ ਹੈ ਅਤੇ ਇਹ ਉਸ ਵਿਅਕਤੀ ਦੇ ਜੀਵਨ ਵਿੱਚ ਇੱਕ ਪ੍ਰੇਰਕ ਸ਼ਕਤੀ ਬਣ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ “ਸਾਨੂੰ ਤੁਹਾਡੇ ਬੱਚਿਆਂ, ਤੁਹਾਡੇ ਵਰਤਮਾਨ ਅਤੇ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਪਰਵਾਹ ਹੈ।”
ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇੱਕ ਮਰਾਠੀ ਕਹਾਵਤ ਦਾ ਹਵਾਲਾ ਦਿੱਤਾ ਅਤੇ ਸਮਝਾਇਆ ਕਿ ਇਹ ਸਰਕਾਰ ਦੀ ਕੋਸ਼ਿਸ਼ ਹੈ ਕਿ ਨਾ ਸਿਰਫ਼ ਅੱਜ ਨੂੰ ਬਿਹਤਰ ਬਣਾਇਆ ਜਾਵੇ, ਬਲਕਿ ਕੱਲ੍ਹ ਨੂੰ ਵੀ ਬਿਹਤਰ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਵਿਕਸਿਤ ਭਾਰਤ ਬਣਾਉਣ ਦਾ ਸੰਕਲਪ ਇਸੇ ਭਾਵਨਾ ਦਾ ਪ੍ਰਗਟਾਵਾ ਹੈ। ਸ਼੍ਰੀ ਮੋਦੀ ਨੇ ਮਹਾਰਾਸ਼ਟਰ ਵਿੱਚ ਇੱਕ ਸਾਂਝੇ ਉਦੇਸ਼ ਨਾਲ ਕਈ ਅਲੱਗ-ਅਲੱਗ ਪਾਰਟੀਆਂ ਦੀ ਤਰ੍ਹਾਂ ਇਕੱਠੇ ਕੰਮ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਅੰਤ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, “ਉਦੇਸ਼ ਇਹ ਹੈ ਕਿ ਹਰ ਕਿਸੇ ਦੀ ਭਾਗੀਦਾਰੀ ਨਾਲ ਮਹਾਰਾਸ਼ਟਰ ਲਈ ਬਿਹਤਰ ਕੰਮ ਕੀਤਾ ਜਾ ਸਕੇ, ਮਹਾਰਾਸ਼ਟਰ ਤੇਜ਼ ਗਤੀ ਨਾਲ ਵਿਕਾਸ ਕਰੇ।”
ਇਸ ਮੌਕੇ ‘ਤੇ ਮਹਾਰਾਸ਼ਟਰ ਦੇ ਰਾਜਪਾਲ, ਸ਼੍ਰੀ ਰਮੇਸ਼ ਬੈਸ, ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਏਕਨਾਥ ਸ਼ਿੰਦੇ, ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫੜਨਵੀਸ ਅਤੇ ਸ਼੍ਰੀ ਅਜੀਤ ਪਵਾਰ ਅਤੇ ਮਹਾਰਾਸ਼ਟਰ ਸਰਕਾਰ ਦੇ ਮੰਤਰੀ ਅਤੇ ਹੋਰ ਮੌਜੂਦ ਸਨ।
ਪਿਛੋਕੜ
ਪ੍ਰਧਾਨ ਮੰਤਰੀ ਨੇ ਪੁਣੇ ਮੈਟਰੋ ਫੇਜ਼ I ਦੇ ਦੋ ਕੋਰੀਡੋਰਾਂ ਦੇ ਮੁਕੰਮਲ ਹੋ ਚੁੱਕੇ ਭਾਗਾਂ ‘ਤੇ ਸੇਵਾਵਾਂ ਦੇ ਉਦਘਾਟਨ ਲਈ ਮੈਟਰੋ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਈ। ਇਹ ਸੈਕਸ਼ਨ ਫੂਗੇਵਾੜੀ ਸਟੇਸ਼ਨ ਤੋਂ ਸਿਵਲ ਕੋਰਟ ਸਟੇਸ਼ਨ ਅਤੇ ਗਰਵਾਰੇ ਕਾਲਜ ਸਟੇਸ਼ਨ ਤੋਂ ਰੂਬੀ ਹਾਲ ਕਲੀਨਿਕ ਸਟੇਸ਼ਨ ਤੱਕ ਹਨ। 2016 ਵਿੱਚ ਪ੍ਰਧਾਨ ਮੰਤਰੀ ਦੁਆਰਾ ਹੀ ਇਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਨਵੇਂ ਸੈਕਸ਼ਨ ਪੁਣੇ ਸ਼ਹਿਰ ਦੀਆਂ ਮਹੱਤਵਪੂਰਨ ਥਾਵਾਂ ਜਿਵੇਂ ਕਿ ਸ਼ਿਵਾਜੀ ਨਗਰ, ਸਿਵਲ ਕੋਰਟ, ਪੁਣੇ ਮਿਉਂਸਪਲ ਕਾਰਪੋਰੇਸ਼ਨ ਦਫ਼ਤਰ, ਪੁਣੇ ਆਰਟੀਓ ਅਤੇ ਪੁਣੇ ਰੇਲਵੇ ਸਟੇਸ਼ਨ ਨੂੰ ਜੋੜਨਗੇ। ਇਹ ਉਦਘਾਟਨ ਦੇਸ਼ ਭਰ ਵਿੱਚ ਨਾਗਰਿਕਾਂ ਨੂੰ ਆਧੁਨਿਕ ਅਤੇ ਵਾਤਾਵਰਣ-ਅਨੁਕੂਲ ਪਬਲਿਕ ਤੇਜ਼ ਸ਼ਹਿਰੀ ਆਵਾਜਾਈ ਪ੍ਰਣਾਲੀ ਪ੍ਰਦਾਨ ਕਰਨ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਸਾਕਾਰ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।
ਰੂਟ ‘ਤੇ ਕੁਝ ਮੈਟਰੋ ਸਟੇਸ਼ਨਾਂ ਦਾ ਡਿਜ਼ਾਈਨ ਛਤਰਪਤੀ ਸ਼ਿਵਾਜੀ ਮਹਾਰਾਜ ਤੋਂ ਪ੍ਰੇਰਣਾ ਲੈਂਦਾ ਹੈ। ਛਤਰਪਤੀ ਸੰਭਾਜੀ ਉਦਯਾਨ ਮੈਟਰੋ ਸਟੇਸ਼ਨ ਅਤੇ ਡੇਕਨ ਜਿਮਖਾਨਾ ਮੈਟਰੋ ਸਟੇਸ਼ਨਾਂ ਦਾ ਇੱਕ ਵਿਲੱਖਣ ਡਿਜ਼ਾਇਨ ਹੈ ਜੋ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਸਿਪਾਹੀਆਂ ਦੁਆਰਾ ਪਹਿਨੇ ਹੋਏ ਹੈੱਡਗੇਅਰ ਵਰਗਾ ਹੈ – ਜਿਸ ਨੂੰ ‘ਮਾਵਲਾ ਪਗੜੀ’ ਵੀ ਕਿਹਾ ਜਾਂਦਾ ਹੈ। ਸ਼ਿਵਾਜੀ ਨਗਰ ਭੂਮੀਗਤ ਮੈਟਰੋ ਸਟੇਸ਼ਨ ਦਾ ਇੱਕ ਵਿਲੱਖਣ ਡਿਜ਼ਾਈਨ ਹੈ ਜੋ ਛਤਰਪਤੀ ਸ਼ਿਵਾਜੀ ਮਹਾਰਾਜ ਦੁਆਰਾ ਬਣਾਏ ਗਏ ਕਿਲ੍ਹਿਆਂ ਦੀ ਯਾਦ ਦਿਵਾਉਂਦਾ ਹੈ।
ਇੱਕ ਵਿਲੱਖਣ ਵਿਸ਼ੇਸ਼ਤਾ ਇਹ ਹੈ ਕਿ ਸਿਵਲ ਕੋਰਟ ਮੈਟਰੋ ਸਟੇਸ਼ਨ ਦੇਸ਼ ਦੇ ਸਭ ਤੋਂ ਡੂੰਘੇ ਮੈਟਰੋ ਸਟੇਸ਼ਨਾਂ ਵਿੱਚੋਂ ਇੱਕ ਹੈ, ਜਿਸਦਾ ਸਭ ਤੋਂ ਗਹਿਰਾ ਬਿੰਦੂ 33.1 ਮੀਟਰ ਹੈ। ਸਟੇਸ਼ਨ ਦੀ ਛੱਤ ਨੂੰ ਇਸ ਤਰੀਕੇ ਨਾਲ ਬਣਾਇਆ ਗਿਆ ਹੈ ਕਿ ਪਲੇਟਫਾਰਮ ‘ਤੇ ਸਿੱਧੀ ਧੁੱਪ ਪਵੇ।
ਸਭ ਲਈ ਘਰ ਦੀ ਪ੍ਰਾਪਤੀ ਦੇ ਮਿਸ਼ਨ ਵੱਲ ਅੱਗੇ ਵਧਦੇ ਹੋਏ, ਪ੍ਰਧਾਨ ਮੰਤਰੀ ਨੇ ਪੀਸੀਐੱਮਸੀ ਦੁਆਰਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਬਣਾਏ ਗਏ 1280 ਤੋਂ ਵੱਧ ਮਕਾਨਾਂ ਦੇ ਨਾਲ ਪੁਣੇ ਨਗਰ ਨਿਗਮ ਦੁਆਰਾ ਬਣਾਏ ਗਏ 2650 ਤੋਂ ਵੱਧ ਪੀਐੱਮਏਵਾਈ ਘਰਾਂ ਨੂੰ ਸੌਂਪਿਆ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਨੇ ਪੀਸੀਐੱਮਸੀ ਦੁਆਰਾ ਬਣਾਏ ਜਾਣ ਵਾਲੇ ਲਗਭਗ 1190 ਪੀਐੱਮਏਵਾਈ ਘਰਾਂ ਅਤੇ ਪੁਣੇ ਮੈਟਰੋਪੋਲੀਟਨ ਖੇਤਰ ਵਿਕਾਸ ਅਥਾਰਟੀ ਦੁਆਰਾ ਬਣਾਏ 6400 ਤੋਂ ਵੱਧ ਘਰਾਂ ਦਾ ਨੀਂਹ ਪੱਥਰ ਵੀ ਰੱਖਿਆ।
ਪ੍ਰਧਾਨ ਮੰਤਰੀ ਨੇ ਪਿੰਪਰੀ ਚਿੰਚਵਾੜ ਮਿਉਂਸਪਲ ਕਾਰਪੋਰੇਸ਼ਨ (ਪੀਸੀਐੱਮਸੀ) ਦੇ ਅਧੀਨ ਵੇਸਟ ਟੂ ਐੱਨਰਜੀ ਪਲਾਂਟ ਦਾ ਉਦਘਾਟਨ ਕੀਤਾ। ਲਗਭਗ 300 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ, ਇਹ ਬਿਜਲੀ ਪੈਦਾ ਕਰਨ ਲਈ ਸਾਲਾਨਾ ਲਗਭਗ 2.5 ਲੱਖ ਮੀਟਰਕ ਟਨ ਕਚਰੇ ਦੀ ਵਰਤੋਂ ਕਰੇਗਾ।
Projects being launched today in Pune will boost infrastructure development and improve quality of life for the people. https://t.co/UNQrqQpxs3
— Narendra Modi (@narendramodi) August 1, 2023
Our government is committed to enhancing quality of life of citizens. pic.twitter.com/mpnNNTR1Xo
— PMO India (@PMOIndia) August 1, 2023
हमें भारत के शहरों में रहने वाले लोगों का जीवन स्तर बढ़ाना है, तो हमें पब्लिक ट्रांसपोर्ट को आधुनिक बनाना ही होगा। pic.twitter.com/EC9Fc5orN4
— PMO India (@PMOIndia) August 1, 2023
आजादी के बाद से ही महाराष्ट्र के औद्योगिक विकास ने भारत के औद्योगिक विकास को निरंतर गति दी है। pic.twitter.com/PN7ApB0Npm
— PMO India (@PMOIndia) August 1, 2023
*********
ਡੀਐੱਸ/ਟੀਐੱਸ
Projects being launched today in Pune will boost infrastructure development and improve quality of life for the people. https://t.co/UNQrqQpxs3
— Narendra Modi (@narendramodi) August 1, 2023
Our government is committed to enhancing quality of life of citizens. pic.twitter.com/mpnNNTR1Xo
— PMO India (@PMOIndia) August 1, 2023
हमें भारत के शहरों में रहने वाले लोगों का जीवन स्तर बढ़ाना है, तो हमें पब्लिक ट्रांसपोर्ट को आधुनिक बनाना ही होगा। pic.twitter.com/EC9Fc5orN4
— PMO India (@PMOIndia) August 1, 2023
आजादी के बाद से ही महाराष्ट्र के औद्योगिक विकास ने भारत के औद्योगिक विकास को निरंतर गति दी है। pic.twitter.com/PN7ApB0Npm
— PMO India (@PMOIndia) August 1, 2023