Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮਹਾਰਾਜਾ ਸੁਹੇਲਦੇਵ ਯਾਦਗਾਰ ਅਤੇ ਚਿਤੌਰ ਝੀਲ ਦੇ ਵਿਕਾਸ ਕਾਰਜ ਦਾ ਨੀਂਹ–ਪੱਥਰ ਰੱਖਿਆ

ਪ੍ਰਧਾਨ ਮੰਤਰੀ ਨੇ ਮਹਾਰਾਜਾ ਸੁਹੇਲਦੇਵ ਯਾਦਗਾਰ ਅਤੇ ਚਿਤੌਰ ਝੀਲ ਦੇ ਵਿਕਾਸ ਕਾਰਜ ਦਾ ਨੀਂਹ–ਪੱਥਰ ਰੱਖਿਆ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸ ਰਾਹੀਂ ਉੱਤਰ ਪ੍ਰਦੇਸ਼ ’ਚ ਬਹਿਰਾਈਚ ਵਿਖੇ ਮਹਾਰਾਜਾ ਸੁਹੇਲਦੇਵ ਯਾਦਗਾਰ ਅਤੇ ਚਿਤੌਰ ਝੀਲ ਦੇ ਵਿਕਾਸ ਕਾਰਜ ਦਾ ਨੀਂਹ–ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਮਹਾਰਾਜਾ ਸੁਹੇਲਦੇਵ ਦੇ ਨਾਂਅ ’ਤੇ ਰੱਖੇ ਮੈਡੀਕਲ ਕਾਲਜ ਦੀ ਇੱਕ ਇਮਾਰਤ ਦਾ ਉਦਘਾਟਨ ਵੀ ਕੀਤਾ। ਉੱਤਰ ਪ੍ਰਦੇਸ਼ ਦੇ ਰਾਜਪਾਲ ਤੇ ਮੁੱਖ ਮੰਤਰੀ ਇਸ ਮੌਕੇ ਮੌਜੂਦ ਸਨ।

 

ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦਾ ਇਤਿਹਾਸ ਬਸਤੀਵਾਦੀ ਤਾਕਤਾਂ ਜਾਂ ਬਸਤੀਵਾਦੀ ਮਾਨਸਿਕਤਾ ਵਾਲੇ ਲੋਕਾਂ ਵੱਲੋਂ ਲਿਖਿਆ ਗਿਆ ਹੈ। ਭਾਰਤੀ ਇਤਿਹਾਸ ਉਹ ਹੈ, ਜੋ ਆਮ ਲੋਕਾਂ ਦੁਆਰਾ ਆਪਣੀ ਲੋਕਧਾਰਾ ਪ੍ਰਫ਼ੁੱਲਤਾ ਕੀਤਾ ਤੇ ਪੀੜ੍ਹੀ–ਦਰ–ਪੀੜ੍ਹੀ ਅੱਗੇ ਲਿਜਾਂਦਾ ਗਿਆ। ਉਨ੍ਹਾਂ ਇਸ ਤੱਥ ਉੱਤੇ ਅਫ਼ਸੋਸ ਪ੍ਰਗਟਾਇਆ ਕਿ ਜਿਹੜੇ ਸਾਰੇ ਲੋਕਾਂ ਨੇ ਭਾਰਤ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਉਨ੍ਹਾਂ ਨੂੰ ਬਣਦਾ ਮਹੱਤਵ ਨਹੀਂ ਦਿੱਤਾ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਜਦੋਂ ਅਸੀਂ ਆਪਣੀ ਆਜ਼ਾਦੀ–ਪ੍ਰਾਪਤੀ ਦੇ 75ਵੇਂ ਸਾਲ ਵਿੱਚ ਦਾਖ਼ਲ ਹੋਣ ਜਾ ਰਹੇ ਹਨ, ਅਜਿਹੇ ਵੇਲੇ ਅਜਿਹੀਆਂ ਬੇਨਿਯਮੀਆਂ ਤੇ ਭਾਰਤੀ ਇਤਿਹਾਸਕਾਰਾਂ ਵੱਲੋਂ ਕੀਤੀ ਗਈ ਬੇਇਨਸਾਫ਼ੀ ਨੂੰ ਹੁਣ ਭਾਰਤੀ ਇਤਿਹਾਸ ਦੇ ਲੇਖਕ ਦਰੁਸਤ ਕਰ ਰਹੇ ਹਨ ਅਤੇ ਇਹ ਗੱਲ ਚੇਤੇ ਰੱਖ ਰਹੇ ਹਨ ਕਿ ਉਨ੍ਹਾਂ ਸਭਨਾਂ ਦਾ ਯੋਗਦਾਨ ਹੋਰ ਵਧੇਰੇ ਅਹਿਮ ਹੋ ਕੇ ਉੱਘੜੇ।

 

ਪ੍ਰਧਾਨ ਮੰਤਰੀ ਨੇ ਲਾਲ ਕਿਲੇ ਤੋਂ ਲੈ ਕੇ ਅੰਡੇਮਾਨ ਨਿਕੋਬਾਰ ਟਾਪੂਆਂ ਤੱਕ ਨੇਤਾਜੀ ਸੁਭਾਸ਼ ਚੰਦਰ ਬੋਸ, ਸਟੈਚੂ ਆਵ੍ ਯੂਨਿਟੀ ’ਤੇ ਸਰਦਾਰ ਪਟੇਲ ਅਤੇ ਪੰਚ ਤੀਰਥ ’ਤੇ ਬਾਬਾ ਸਾਹਿਬ ਅੰਬੇਡਕਰ ਵੱਲੋਂ ਪਾਏ ਯੋਗਦਾਨ ਦੇ ਜਸ਼ਨ ਮਨਾਏ ਜਾਣ ਦੀਆਂ ਉਦਾਹਰਣਾਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਸੁਆਲ ਕੀਤਾ,‘ਅਜਿਹੀਆਂ ਅਣਗਿਣਤ ਸ਼ਖ਼ਸੀਅਤਾਂ ਹਨ, ਜਿਨ੍ਹਾਂ ਨੂੰ ਵਿਭਿੰਨ ਕਾਰਣਾਂ ਕਰਕੇ ਮਾਨਤਾ ਨਹੀਂ ਦਿੱਤੀ ਗਈ। ਕੀ ਅਸੀਂ ਉਹ ਸਭ ਭੁਲਾ ਸਕਦੇ ਹਾਂ, ਜੋ ਚੌਰੀ ਚੌਰਾ ਦੇ ਬਹਾਦਰ ਨਾਗਰਿਕਾਂ ਨਾਲ ਵਾਪਰਿਆ ਸੀ?’

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀਅਤਾ ਦੀ ਰਾਖੀ ਲਈ ਮਹਾਰਾਜਾ ਸੁਹੇਲਦੇਵ ਵੱਲੋਂ ਪਾਏ ਗਏ ਯੋਗਦਾਨ ਨੂੰ ਵੀ ਇੰਝ ਅੱਖੋਂ ਪ੍ਰੋਖੇ ਕਰ ਦਿੱਤਾ ਗਿਆ ਸੀ। ਪਾਠ–ਪੁਸਤਕਾਂ ਵਿੱਚ ਨਜ਼ਰਅੰਦਾਜ਼ ਕੀਤੇ ਜਾਣ ਦੇ ਬਾਵਜੂਦ ਮਹਾਰਾਜਾ ਸੁਹੇਲਦੇਵ ਨੂੰ ਅਵਧ, ਤਰਾਈ ਤੇ ਪੂਰਵਾਂਚਲ ਦੀ ਲੋਕਧਾਰਾ ਦੁਆਰਾ ਲੋਕਾਂ ਦੇ ਦਿਲਾਂ ਵਿੱਚ ਜਿਊਂਦੇ ਰੱਖਿਆ ਗਿਆ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਯੋਗਦਾਨ ਨੂੰ ਇੱਕ ਸੰਵੇਦਨਸ਼ੀਲ ਤੇ ਵਿਕਾਸਮੁਖੀ ਹਾਕਮ ਕਹਿ ਕੇ ਚੇਤੇ ਕੀਤਾ। ਪ੍ਰਧਾਨ ਮੰਤਰੀ ਨੇ ਆਸ ਪ੍ਰਗਟਾਈ ਕਿ ਮਹਾਰਾਜਾ ਸੁਖਦੇਵ ਦੀ ਯਾਦਗਾਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰੇਗੀ ਤੇ ਨਾਲ ਹੀ ਇਹ ਵੀ ਕਿਹਾ ਕਿ ਮੈਡੀਕਲ ਕਾਲਜ ਦੀ ਸਥਾਪਨਾ ਤੇ ਸਿਹਤ ਸਹੂਲਤਾਂ ਦੇ ਪਾਸਾਰ ਨਾਲ ਇਸ ਖ਼ਾਹਿਸ਼ੀ ਜ਼ਿਲ੍ਹੇ ਤੇ ਲਾਗਲੇ ਇਲਾਕਿਆਂ ਦੇ ਆਮ ਲੋਕਾਂ ਦਾ ਜੀਵਨ ਬਿਹਤਰ ਹੋਵੇਗਾ। ਇੱਥੇ ਵਰਨਣਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਦੋ ਸਾਲ ਪਹਿਲਾਂ ਮਹਾਰਾਜਾ ਸੁਖਦੇਵ ਯਾਦਗਾਰੀ ਟਿਕਟ ਵੀ ਜਾਰੀ ਕੀਤਾ ਸੀ।

 

ਸ਼੍ਰੀ ਮੋਦੀ ਨੇ ਬਸੰਤ ਪੰਚਮੀ ਮੌਕੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਇਹ ਬਸੰਤ ਭਾਰਤ ਲਈ ਨਵੀਂ ਆਸ ਲੈ ਕੇ ਆਈ ਹੈ ਤੇ ਮਹਾਮਾਰੀ ਦੀ ਨਿਰਾਸ਼ਾ ਨੂੰ ਪਿਛਾਂਹ ਛੱਡ ਦਿੱਤਾ ਹੈ। ਉਨ੍ਹਾਂ ਸ਼ੁਭਕਾਮਨਾ ਕੀਤੀ ਕਿ ਮਾਂ ਸਰਸਵਤੀ ਭਾਰਤ ਦੇ ਗਿਆਨ ਤੇ ਵਿਗਿਆਨ ਅਤੇ ਹਰੇਕ ਉਸ ਦੇਸ਼ ਵਾਸੀ ਨੂੰ ਆਪਣਾ ਆਸ਼ੀਰਵਾਦ ਦੇਣ, ਜੋ ਖੋਜ ਤੇ ਨਵਾਚਾਰ ਰਾਹੀਂ ਰਾਸ਼ਟਰ–ਨਿਰਮਾਣ ਵਿੱਚ ਲਗੇ ਹੋਏ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਤਿਆਰ ਕੀਤੇ ਗਏ ਇਤਿਹਾਸ, ਧਰਮ ਤੇ ਰੂਹਾਨੀਅਤ ਨਾਲ ਸਬੰਧਿਤ ਸਮਾਰਕਾਂ ਦਾ ਸਭ ਤੋਂ ਵੱਡਾ ਨਿਸ਼ਾਨਾ ਸੈਰ–ਸਪਾਟੇ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉੱਤਰ ਪ੍ਰਦੇਸ਼ ਵੀ ਸੈਰ–ਸਪਾਟੇ ਤੇ ਤੀਰਥ–ਅਸਥਾਨਾਂ ਦੇ ਮਾਮਲੇ ਵਿੱਚ ਬਹੁਤ ਅਮੀਰ ਹੈ ਅਤੇ ਇੱਥੇ ਅਥਾਹ ਸੰਭਾਵਨਾ ਮੌਜੂਦ ਹਨ। ਉੱਤਰ ਪ੍ਰਦੇਸ਼ ਵਿੱਚ ਸੈਰ–ਸਪਾਟੇ ਨੂੰ ਵਿਕਸਿਤ ਕਰਨ ਲਈ ਭਗਵਾਨ ਰਾਮ, ਸ਼੍ਰੀ ਕ੍ਰਿਸ਼ਨ ਤੇ ਮਹਾਤਮਾ ਬੁੱਧ ਦੇ ਜੀਵਨ ਨਾਲ ਸਬੰਧਿਤ ਅਯੁੱਧਿਆ, ਚਿੱਤਰਕੂਟ, ਮਥੁਰਾ, ਵ੍ਰਿੰਦਾਵਨ, ਗੋਵਰਧਨ, ਕੁਸ਼ੀਨਗਰ, ਸ਼੍ਰਵਸਤੀ ਆਦਿ ਜਿਹੇ ਅਸਥਾਨਾਂ ਉੱਤੇ ਰਾਮਾਇਣ ਸਰਕਟ, ਅਧਿਆਤਮਕ ਸਰਕਟ, ਬੋਧੀ ਸਰਕਟ ਵਿਕਸਿਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕੋਸ਼ਿਸ਼ਾਂ ਦੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ ਤੇ ਹੁਣ ਹੋਰਨਾਂ ਰਾਜਾਂ ਤੋਂ ਸੈਲਾਨੀ ਵੱਧ ਤੋਂ ਵੱਧ ਗਿਣਤੀ ਵਿੱਚ ਉੱਤਰ ਪ੍ਰਦੇਸ਼ ਆ ਰਹੇ ਹਨ। ਵਿਦੇਸ਼ੀ ਸੈਲਾਨੀਆਂ ਨੂੰ ਖਿੱਚਣ ਵਾਲੇ ਦੇਸ਼ ਦੇ ਚੋਟੀ ਦੇ ਤਿੰਨ ਰਾਜਾਂ ਵਿੱਚ ਉੱਤਰ ਪ੍ਰਦੇਸ਼ ਵੀ ਆਉਂਦਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੈਲਾਨੀਆਂ ਲਈ ਲੋੜੀਂਦੀਆਂ ਸੁਵਿਧਾਵਾਂ ਦੇ ਨਾਲ–ਨਾਲ ਉੱਤਰ ਪ੍ਰਦੇਸ਼ ਵਿੱਚ ਆਧੁਨਿਕ ਕਨੈਕਟੀਵਿਟੀ ’ਚ ਵੀ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਯੁੱਧਿਆ ਦਾ ਹਵਾਈ ਅੱਡਾ ਅਤੇ ਕੁਸ਼ੀਨਗਰ ਦਾ ਅੰਤਰਰਾਸ਼ਟਰੀ ਹਵਾਈ ਅੱਡਾ ਭਵਿੱਖ ਵਿੱਚ ਦੇਸ਼ ਦੇ ਤੇ ਵਿਦੇਸ਼ੀ ਦੋਵੇਂ ਤਰ੍ਹਾਂ ਦੇ ਸੈਲਾਨੀਆਂ ਲਈ ਬਹੁਤ ਲਾਹੇਵੰਦ ਸਿੰਧ ਹੋਣਗੇ। ਉੱਤਰ ਪ੍ਰਦੇਸ਼ ਦੇ ਇੱਕ ਦਰਜਨ ਛੋਟੇ ਅਤੇ ਵੱਡੇ ਹਵਾਈ ਅੱਡਿਆਂ, ਜਿਨ੍ਹਾਂ ’ਚੋਂ ਬਹੁਤੇ ਪੂਰਵਾਂਚਲ ’ਚ ਹਨ, ਦਾ ਕੰਮ ਚਲ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮੁੱਚੇ ਉੱਤਰ ਪ੍ਰਦੇਸ਼ ਵਿੱਚ ਪੂਰਵਾਂਚਲ ਐਕਸਪ੍ਰੈੱਸਵੇਅ, ਬੁੰਦੇਲਖੰਡ ਐਕਸਪ੍ਰੈੱਸਵੇਅ, ਗੰਗਾ ਐਕਸਪ੍ਰੈੱਸਵੇਅ, ਗੋਰਖਪੁਰ ਲਿੰਕ ਐਕਸਪ੍ਰੈੱਸਵੇਅ, ਬਲੀਆ ਲਿੰਕ ਐਕਸਪ੍ਰੈੱਸ ਜਿਹੀਆਂ ਆਧੁਨਿਕ ਤੇ ਚੌੜੀਆਂ ਸੜਕਾਂ ਦੇ ਨਿਰਮਾਣ ਦਾ ਕੰਮ ਚਲ ਰਿਹਾ ਹੈ ਅਤੇ ਇਹ ਆਧੁਨਿਕ ਉੱਤਰ ਪ੍ਰਦੇਸ਼ ਦੇ ਆਧੁਨਿਕ ਬੁਨਿਆਦੀ ਢਾਂਚੇ ਦੀ ਸ਼ੁਰੂਆਤ ਦਾ ਇੱਕ ਰਾਹ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਦੋ ਵਿਸ਼ਾਲ ਸਮਰਪਿਤ ਮਾਲ ਲਾਂਘਿਆਂ ਦਾ ਜੰਕਸ਼ਨ ਹੈ। ਉੱਤਰ ਪ੍ਰਦੇਸ਼ ਵਿੱਚ ਆਧੁਨਿਕ ਬੁਨਿਆਦੀ ਢਾਂਚੇ ਦੀ ਸਿਰਜਣਾ ਨੇ ਇਸ ਰਾਜ ਵਿੱਚ ਉਦਯੋਗ ਸਥਾਪਤ ਕਰਨ ਲਈ ਨਿਵੇਸ਼ਕਾਂ ਨੂੰ ਉਤਸ਼ਾਹਿਤ ਕੀਤਾ ਹੈ। ਇਸ ਨਾਲ ਉਦਯੋਗਾਂ ਦੇ ਨਾਲ–ਨਾਲ ਨੌਜਵਾਨਾਂ ਲਈ ਬਿਹਤਰ ਮੌਕੇ ਪੈਦਾ ਹੋ ਰਹੇ ਹਨ।

 

ਉੱਤਰ ਪ੍ਰਦੇਸ਼ ਸਰਕਾਰ ਨੇ ਜਿਸ ਤਰੀਕੇ ਕੋਰੋਨਾ ਦਾ ਸਾਹਮਣਾ ਕੀਤਾ, ਪ੍ਰਧਾਨ ਮੰਤਰੀ ਨੇ ਉਸ ਦੀ ਸ਼ਲਾਘਾ ਕੀਤੀ। ਉਨ੍ਹਾਂ ਹੋਰਨਾਂ ਰਾਜਾਂ ਤੋਂ ਪਰਤੇ ਕਾਮਿਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਵੀ ਰਾਜ ਸਰਕਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪਿਛਲੇ 3–4 ਸਾਲਾਂ ਦੌਰਾਨ ਉੱਤਰ ਪ੍ਰਦੇਸ਼ ਵਿੱਚ ਜਿਹੜੇ ਉੱਦਮ ਕੀਤੇ ਗਏ ਸਨ, ਉਨ੍ਹਾਂ ਨੇ ਕੋਰੋਨਾ–ਕਾਲ ਦੌਰਾਨ ਬਹੁਤ ਜ਼ਿਆਦਾ ਯੋਗਦਾਨ ਪਾਇਆ। ਦਿਮਾਗ਼ੀ ਸੋਜ਼ਿਸ਼ ਰੋਗ ਦੀ ਸਮੱਸਿਆ ਪੂਰਵਾਂਚਲ ਵਿੱਚ ਰਾਜ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਬਹੁਤ ਜ਼ਿਆਦਾ ਘਟ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਛੇ ਸਾਲਾਂ ਦੌਰਾਨ ਉੱਤਰ ਪ੍ਰਦੇਸ਼ ਵਿੱਚ ਮੈਡੀਕਲ ਕਾਲਜਾਂ ਦੀ ਗਿਣਤੀ 14 ਤੋਂ ਵਧ ਕੇ 24 ਹੋ ਗਈ ਹੈ। ਗੋਰਖਪੁਰ ਤੇ ਬਰੇਲੀ ਵਿੱਚ ਏਮਸ (AIIMS) ਦਾ ਕੰਮ ਵੀ ਚਲ ਰਿਹਾ ਹੈ। ਇਨ੍ਹਾਂ ਤੋਂ ਇਲਾਵਾ, 22 ਨਵੇਂ ਮੈਡੀਕਲ ਕਾਲਜਾਂ ਦਾ ਨਿਰਮਾਣ ਵੀ ਕੀਤਾ ਜਾ ਰਿਹਾ ਹੈ। ਵਾਰਾਨਸੀ ’ਚ ਆਧੁਨਿਕ ਕੈਂਸਰ ਹਸਪਤਾਲਾਂ ਦੀ ਸੁਵਿਧਾ ਵੀ ਪੂਰਵਾਂਚਲ ਨੂੰ ਦਿੱਤੀ ਜਾ ਰਹੀ ਹੈ। ਹਰੇਕ ਘਰ ਨੂੰ ਪਾਣੀ ਦੇਣ ਵਾਲੀ ‘ਉੱਤਰ ਪ੍ਰਦੇਸ਼ ਜਲ ਜੀਵਨ ਮਿਸ਼ਨ’ ਅਧੀਨ ਵੀ ਸ਼ਲਾਘਾਯੋਗ ਕੰਮ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਪੀਣ ਵਾਲਾ ਸ਼ੁੱਧ ਪਾਣੀ ਘਰ ਪੁੱਜੇਗਾ, ਤਾਂ ਨਾਲ ਹੀ ਬਹੁਤ ਸਾਰੇ ਰੋਗ ਵੀ ਘਟ ਜਾਣਗੇ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ’ਚ ਬਿਜਲੀ, ਪਾਣੀ, ਸੜਕਾਂ ਤੇ ਸਿਹਤ ਸਹੂਲਤਾਂ ਵਿੱਚ ਸੁਧਾਰ ਨਾਲ ਪਿੰਡਾਂ, ਗ਼ਰੀਬਾਂ ਤੇ ਕਿਸਾਨਾਂ ਨੂੰ ਸਿੱਧਾ ਲਾਭ ਪੁੱਜ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ‘ਪ੍ਰਧਾਨ ਮੰਤਰੀ ਕਿਸਾਨ ਸੱਮਾਨ ਨਿਧੀ’ ਰਾਹੀਂ ਉੱਤਰ ਪ੍ਰਦੇਸ਼ ਦੇ ਲਗਭਗ 2.5 ਕਰੋੜ ਉਨ੍ਹਾਂ ਕਿਸਾਨ ਪਰਿਵਾਰਾਂ ਦੇ ਬੈਂਕ ਖਾਤਿਆਂ ਵਿੱਚ ਧਨ ਸਿੱਧਾ ਜਮ੍ਹਾ ਕਰਵਾਇਆ ਗਿਆ ਹੈ, ਜਿਨ੍ਹਾਂ ਨੂੰ ਖਾਦ ਦਾ ਇੱਕ ਥੈਲਾ ਖ਼ਰੀਦਣ ਲਈ ਵੀ ਹੋਰਨਾਂ ਤੋਂ ਮਜਬੂਰਨ ਕਰਜ਼ਾ ਲੈਣਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਇੱਥੇ ਕਿਸਾਨਾਂ ਨੂੰ ਸਿੰਜਾਈ ਲਈ ਬਿਜਲੀ ਦੀ ਵਰਤੋਂ ਵਾਸਤੇ ਸਾਰੀ–ਸਾਰੀ ਰਾਤ ਜਾਗਣਾ ਪੈਂਦਾ ਸੀ ਤੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਸ ਸਰਕਾਰ ਬਿਜਲੀ ਸਪਲਾਈ ਵਿੱਚ ਸੁਧਾਰ ਲਿਆ ਕੇ ਅਜਿਹੀਆਂ ਸਮੱਸਿਆਵਾਂ ਦਾ ਖ਼ਾਤਮਾ ਕਰ ਦਿੱਤਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਕਿਸਾਨ ਉਤਪਾਦਕ ਸੰਗਠਨਾਂ’ ਦਾ ਗਠਨ ਵਾਹੀਯੋਗ ਜ਼ਮੀਨਾਂ ਨੂੰ ਸੰਗਠਤ ਕਰ ਕੇ ਰੱਖਣ ਲਈ ਬਹੁਤ ਅਹਿਮ ਹੈ ਤੇ ਇੰਝ ਪ੍ਰਤੀ ਕਿਸਾਨ ਘਟਦੀ ਜਾ ਰਹੀ ਵਾਹੀਯੋਗ ਜ਼ਮੀਨ ਦੀ ਸਮੱਸਿਆ ਹੱਲ ਹੁੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜਦੋਂ 500 ਕਿਸਾਨ ਪਰਿਵਾਰਾਂ ਦੇ 1–2 ਵਿੱਘੇ ਸੰਗਠਤ ਹੋ ਗਏ,ਤਾਂ ਉਹ 500 – 1000 ਵਿੱਘੇ ਵਾਲੇ ਕਿਸਾਨਾਂ ਤੋਂ ਵੱਧ ਤਾਕਤਵਰ ਹੋ ਜਾਣਗੇ। ਇਸੇ ਤਰ੍ਹਾਂ, ਸਬਜ਼ੀਆਂ, ਫਲ, ਦੁੱਧ, ਮੱਛੀਆਂ ਤੇ ਅਜਿਹੇ ਬਹੁਤ ਸਾਰੇ ਕਾਰੋਬਾਰਾਂ ਨਾਲ ਜੁੜੇ ਛੋਟੇ ਕਿਸਾਨਾਂ ਨੂੰ ਕਿਸਾਨ ਰੇਲ ਰਾਹੀਂ ਵੱਡੀਆਂ ਮੰਡੀਆਂ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੱਛੇ ਜਿਹੇ ਲਾਗੂ ਕੀਤੇ ਨਵੇਂ ਖੇਤੀ ਸੁਧਾਰਾਂ ਨਾਲ ਛੋਟੇ ਤੇ ਹਾਸ਼ੀਏ ਉੱਤੇ ਜਾ ਚੁੱਕੇ ਕਿਸਾਨਾਂ ਨੂੰ ਵੀ ਲਾਭ ਹੋਵੇਗਾ ਤੇ ਸਮੁੱਚੇ ਦੇਸ਼ ਵਿੱਚ ਇਨ੍ਹਾਂ ਖੇਤੀ ਕਾਨੂੰਨਾਂ ਬਾਰੇ ਸਕਾਰਾਤਮਕ ਫ਼ੀਡਬੈਕ ਮਿਲ ਰਹੀ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਵਿਰੁੱਧ ਹਰ ਕਿਸਮ ਦੀ ਗ਼ਲਤ ਜਾਣਕਾਰੀ ਫੈਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਦੇਸ਼ ਵਿੱਚ ਵਿਦੇਸ਼ੀ ਕੰਪਨੀਆਂ ਨੂੰ ਸੱਦਣ ਲਈ ਕਾਨੂੰਨ ਲਾਗੂ ਕੀਤੇ ਸਨ, ਉਹੀ ਹੁਣ ਕਿਸਾਨਾਂ ਨੂੰ ਭਾਰਤੀ ਕੰਪਨੀਆਂ ਤੋਂ ਡਰਾ ਰਹੇ ਹਨ। ਉਨ੍ਹਾਂ ਦੇ ਝੂਠ ਤੇ ਪ੍ਰਚਾਰ ਦਾ ਪਰਦਾਫ਼ਾਸ਼ ਹੋ ਗਿਆ ਹੈ। ਨਵੇਂ ਕਾਨੂੰਨ ਲਾਗੂ ਹੋਣ ਤੋਂ ਬਾਅਦ ਪਿਛਲੇ ਸਾਲ ਦੇ ਮੁਕਾਬਲੇ ਉੱਤਰ ਪ੍ਰਦੇਸ਼ ਵਿੱਚ ਝੋਨੇ ਦੀ ਦੁੱਗਣੀ ਖ਼ਰੀਦ ਹੋਈ। ਯੋਗੀ ਸਰਕਾਰ ਨੇ ਗੰਨਾ ਉਤਪਾਦਕ ਕਿਸਾਨਾਂ ਨੂੰ ਪਹਿਲਾਂ 1 ਲੱਖ ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਕੇਂਦਰ ਨੇ ਵੀ ਰਾਜ ਸਰਕਾਰਾਂ ਨੂੰ ਹਜ਼ਾਰਾਂ ਕਰੋੜ ਰੁਪਏ ਦਿੱਤੇ ਹਨ, ਤਾਂ ਜੋ ਖੰਡ ਮਿੱਲਾਂ ਅੱਗੇ ਕਿਸਾਨਾਂ ਨੂੰ ਅਦਾਇਗੀ ਕਰ ਸਕਣ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਇਹ ਯਕੀਨੀ ਬਣਾਉਣ ਲਈ ਕੋਸ਼ਿਸ਼ ਜਾਰੀ ਰੱਖੇਗੀ ਕਿ ਗੰਨਾ ਉਤਪਾਦਕ ਕਿਸਾਨਾਂ ਨੂੰ ਸਮੇਂ–ਸਿਰ ਭੁਗਤਾਨ ਕੀਤਾ ਜਾਵੇ।

 

ਪ੍ਰਧਾਨ ਮੰਤਰੀ ਨੇ ਭਰੋਸਾ ਦਿਵਾਇਆ ਕਿ ਸਰਕਾਰ ਪਿੰਡ ਤੇ ਕਿਸਾਨ ਦੇ ਜੀਵਨ ਵਿੱਚ ਸੁਧਾਰ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਵਾਮਿਤਵ ਯੋਜਨਾ ਨਾਲ ਕਿਸੇ ਪਿੰਡ ਵਾਸੀ ਦੇ ਘਰ ਉੱਤੇ ਨਾਜਾਇਜ਼ ਕਬਜ਼ੇ ਦੀ ਸੰਭਾਵਨਾ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ। ਇਸ ਯੋਜਨਾ ਅਧੀਨ, ਇਨ੍ਹੀਂ ਦਿਨੀਂ ਉੱਤਰ ਪ੍ਰਦੇਸ਼ ਦੇ ਲਗਭਗ 50 ਜ਼ਿਲ੍ਹਿਆਂ ਵਿੱਚ ਡ੍ਰੋਨਸ ਰਾਹੀਂ ਸਰਵੇਖਣ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਡ੍ਰੋਨ ਰਾਹੀਂ ਸਰਵੇਖਣ ਦਾ ਕੰਮ ਲਗਭਗ 12 ਹਜ਼ਾਰ ਪਿੰਡਾਂ ਵਿੱਚ ਮੁਕੰਮਲ ਹੋ ਚੁੱਕਾ ਹੈ ਤੇ ਹੁਣ ਤੱਕ 2 ਲੱਖ ਤੋਂ ਵੱਧ ਪਰਿਵਾਰਾਂ ਨੂੰ ‘ਪ੍ਰਾਪਰਟੀ ਕਾਰਡ’ ਮਿਲ ਚੁੱਕਾ ਹੈ ਤੇ ਇਹ ਪਰਿਵਾਰ ਹੁਣ ਹਰ ਕਿਸਮ ਦੇ ਡਰ ਤੋਂ ਆਜ਼ਾਦ ਹਨ।

 

ਪ੍ਰਧਾਨ ਮੰਤਰੀ ਨੇ ਦ੍ਰਿੜ੍ਹਤਾਪੂਰਬਕ ਕਿਹਾ ਕਿ ਕੋਈ ਇਸ ਝੂਠੀ ਗੱਲ ਉੱਤੇ ਕਿਵੇਂ ਯਕੀਨ ਕਰ ਸਕਦਾ ਹੈ ਕਿ ਖੇਤੀ ਸੁਧਾਰ ਨਾਲ ਸਬੰਧਿਤ ਕਾਨੂੰਨਾਂ ਰਾਹੀਂ ਕਿਸਾਨ ਦੀ ਜ਼ਮੀਨ ਉੱਤੇ ਕਬਜ਼ਾ ਕੀਤਾ ਜਾ ਸਕਦੇਗਾ। ਸਾਡਾ ਨਿਸ਼ਾਨਾ ਹਰੇਕ ਨਾਗਰਿਕ ਨੂੰ ਸਸ਼ੱਕਤ ਬਣਾਉਣਾ ਹੈ, ਸਾਡਾ ਸੰਕਲਪ ਦੇਸ਼ ਨੂੰ ਆਤਮਨਿਰਭਰ ਬਣਾਉਣਾ ਹੈ। ਪ੍ਰਧਾਨ ਮੰਤਰੀ ਨੇ ਗੋਸਵਾਮੀ ਤੁਲਸੀਦਾਸ ਦੀ ‘ਰਾਮਚਰਿਤਮਾਨਸ’ ਦੀ ਇੱਕ ਚੌਪਈ ਨਾਲ ਆਪਣੇ ਸੰਬੋਧਨ ਦਾ ਅੰਤ ਕੀਤਾ, ਜਿਸ ਦਾ ਭਾਵ ਹੈ ਕਿ ਜੇ ਸਹੀ ਇਰਾਦੇ ਨਾਲ ਕੋਈ ਵੀ ਕੰਮ ਕੀਤਾ ਜਾਵੇ ਤੇ ਉਸ ਵਿਅਕਤੀ ਦੇ ਦਿਲ ਵਿੱਚ ਭਗਵਾਨ ਰਾਮ ਦਾ ਵਾਸ ਹੈ, ਤਾਂ ਉਹ ਜ਼ਰੂਰ ਸਫ਼ਲ ਹੋਵੇਗਾ।

***

ਡੀਐੱਸ/ਏਕੇ