ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬੰਗਾਲ ਦੀ ਖਾੜੀ ਦੇ ਉੱਤਰੀ ਹਿੱਸੇ ਦੇ ਉੱਪਰ “ਰੇਮਲ” ਚਕ੍ਰਵਾਤ ਨਾਲ ਨਿਪਟਣ ਦੀਆਂ ਤਿਆਰੀਆਂ ਦੀ ਸਮੀਖਿਆ ਦੇ ਲਈ ਅੱਜ ਸਵੇਰੇ 7, ਲੋਕ ਕਲਿਆਣ ਮਾਰਗ ਸਥਿਤ ਆਪਣੇ ਆਵਾਸ ‘ਤੇ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ।
ਭਾਰਤੀ ਮੌਸਮ ਵਿਭਾਗ ਦੇ ਅਨੁਮਾਨ ਦੇ ਅਨੁਸਾਰ, ਚਕ੍ਰਵਾਤੀ ਤੂਫਾਨ ਦੇ ਅੱਜ ਅੱਧੀ ਰਾਤ ਤੱਕ ਮੋਂਗਲਾ (ਬੰਗਲਾਦੇਸ਼) ਦੇ ਦੱਖਣ-ਪੱਛਮ ਦੇ ਕਰੀਬ ਸਾਗਰ ਦ੍ਵੀਪ ਅਤੇ ਖੇਪੁਪਾਰਾ ਦਰਮਿਆਨ ਬੰਗਲਾਦੇਸ਼ ਅਤੇ ਆਸ-ਪਾਸ ਦੇ ਪੱਛਮ ਬੰਗਾਲ ਤਟਾਂ ਨੂੰ ਪਾਰ ਕਰਨ ਦੀ ਸੰਭਾਵਨਾ ਹੈ ਅਤੇ ਇਸ ਨਾਲ ਪੱਛਮ ਬੰਗਾਲ ਅਤੇ ਉੱਤਰ-ਪੂਰਬ ਰਾਜਾਂ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਪ੍ਰਧਾਨ ਮੰਤਰੀ ਨੂੰ ਦੱਸਿਆ ਗਿਆ ਕਿ ਰਾਸ਼ਟਰੀ ਸੰਕਟ ਪ੍ਰਬੰਧਨ ਕਮੇਟੀ ਪੱਛਮ ਬੰਗਾਲ ਸਰਕਾਰ ਦੇ ਨਾਲ ਨਿਯਮਿਤ ਸੰਪਰਕ ਵਿੱਚ ਹੈ। ਸਾਰੇ ਮਛੇਰਿਆਂ ਨੂੰ ਬੰਗਾਲ ਦੀ ਖਾੜੀ ਦੇ ਦੱਖਣ ਵਿੱਚ ਅਤੇ ਅੰਡਮਾਨ ਸਾਗਰ ਵਿੱਚ ਨਹੀਂ ਜਾਣ ਦੀ ਸਲਾਹ ਦਿੱਤੀ ਗਈ ਹੈ। ਕਰੀਬ ਇੱਕ ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਮੌਸਮ ਵਿਭਾਗ ਨਿਯਮਿਤ ਅਪਡੇਟ ਦੇ ਨਾਲ ਬੰਗਲਾਦੇਸ਼ ਨੂੰ ਸੂਚਨਾ ਸਬੰਧੀ ਸਹਾਇਤਾ ਵੀ ਪ੍ਰਦਾਨ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਨੇ ਰਾਜ ਸਰਕਾਰ ਨੂੰ ਪੂਰਾ ਸਮਰਥਨ ਦਿੱਤਾ ਹੈ ਅਤੇ ਅੱਗੇ ਵੀ ਦੇਣਾ ਜਾਰੀ ਰੱਖੇਗੀ। ਉਨ੍ਹਾਂ ਨੇ ਕਿਹਾ ਕਿ ਗ੍ਰਹਿ ਮੰਤਰਾਲਾ ਨੂੰ ਸਥਿਤੀ ਦੀ ਨਿਗਰਾਨੀ ਕਰਨੀ ਚਾਹੀਦੀ ਹੈ ਅਤੇ ਚਕ੍ਰਵਾਤ ਦੇ ਪਹੁੰਚਣ ਦੇ ਬਾਅਦ ਸਮੀਖਿਆ ਕਰਨੀ ਚਾਹੀਦੀ ਹੈ ਤਾਕਿ ਸਧਾਰਣ ਜੀਵਨ ਬਹਾਲ ਕਰਨ ਦੇ ਲਈ ਜ਼ਰੂਰੀ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ। ਪ੍ਰਧਾਨ ਮੰਤਰੀ ਨੇ ਪੱਛਮ ਬੰਗਾਲ ਵਿੱਚ ਪਹਿਲਾਂ ਤੋਂ ਹੀ ਤੈਨਾਤ ਐੱਨਡੀਆਰਐੱਫ ਦੀਆਂ 12 ਟੀਮਾਂ ਅਤੇ ਓਡੀਸ਼ਾ ਵਿੱਚ ਇੱਕ ਟੀਮ ਦੇ ਇਲਾਵਾ, ਅਧਿਕ ਟੀਮਾਂ ਨੂੰ ਤਿਆਰੀ ਰੱਖਣ ਦੇ ਨਿਰਦੇਸ਼ ਦਿੱਤੇ ਹਨ ਜੋ ਇੱਕ ਘੰਟੇ ਦੇ ਅੰਦਰ ਅੱਗੇ ਵਧ ਸਕਣ। ਭਾਰਤੀ ਤਟਰੱਖਿਅਕ ਕਿਸੇ ਵੀ ਐਮਰਜੈਂਸੀ ਨਾਲ ਨਿਪਟਣ ਦੇ ਲਈ ਆਪਣੀ ਐਸੇਟਸ ਤੈਨਾਤ ਕਰੇਗਾ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਅਪ੍ਰਿਯ ਘਟਨਾ ਤੋਂ ਬਚਣ ਦੇ ਲਈ ਬੰਦਰਗਾਹਾਂ, ਰੇਲਵੇ ਅਤੇ ਰਾਜਮਾਰਗਾਂ ‘ਤੇ ਕੜੀ ਚੌਕਸੀ ਵਰਤੀ ਜਾ ਰਹੀ ਹੈ।
ਸਮੀਖਿਆ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਦੇ ਪ੍ਰਧਾਨ ਸਕੱਤਰ, ਕੈਬਨਿਟ ਸਕੱਤਰ, ਗ੍ਰਹਿ ਸਕੱਤਰ, ਐੱਨਡੀਆਰਐੱਫ ਦੇ ਡਾਇਰੈਕਟਰ ਜਨਰਲ, ਆਈਐੱਮਡੀ ਦੇ ਡਾਇਰੈਕਟਰ ਜਨਰਲ ਅਤੇ ਐੱਨਡੀਐੱਮਏ ਦੇ ਮੈਂਬਰ ਸਕੱਤਰ ਵੀ ਮੌਜੂਦ ਸਨ।
***
ਡੀਐੱਸ/ਐੱਸਟੀ