Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਪੱਛਮ ਬੰਗਾਲ ਦੇ ਸਿਲੀਗੁੜੀ ਵਿੱਚ ‘ਵਿਕਸਿਤ ਭਾਰਤ ਵਿਕਸਿਤ ਪੱਛਮ ਬੰਗਾਲ’ ਪ੍ਰੋਗਰਾਮ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਪੱਛਮ ਬੰਗਾਲ ਦੇ ਸਿਲੀਗੁੜੀ ਵਿੱਚ ‘ਵਿਕਸਿਤ ਭਾਰਤ ਵਿਕਸਿਤ ਪੱਛਮ ਬੰਗਾਲ’ ਪ੍ਰੋਗਰਾਮ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੱਛਮ ਬੰਗਾਲ ਦੇ ਸਿਲੀਗੁੜੀ ਵਿੱਚ ‘ਵਿਕਸਿਤ ਭਾਰਤ ਵਿਕਸਿਤ ਪੱਛਮ ਬੰਗਾਲ’ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਉਨ੍ਹਾਂ ਪੱਛਮ ਬੰਗਾਲ ਵਿੱਚ 4500 ਕਰੋੜ ਰੁਪਏ ਤੋਂ ਵੱਧ ਦੇ ਰੇਲ ਅਤੇ ਰੋਡ ਸੈਕਟਰ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ।

ਇਸ ਮੌਕੇ ‘ਤੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਚਾਹ ਦੀ ਖੂਬਸੂਰਤ ਧਰਤੀ ‘ਤੇ ਮੌਜੂਦ ਹੋਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਅੱਜ ਦੇ ਪ੍ਰੋਜੈਕਟਾਂ ਨੂੰ ਵਿਕਸਿਤ ਪੱਛਮ ਬੰਗਾਲ ਵੱਲ ਇੱਕ ਹੋਰ ਕਦਮ ਦੱਸਿਆ।

ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਪੱਛਮ ਬੰਗਾਲ ਦਾ ਉੱਤਰੀ ਹਿੱਸਾ ਉੱਤਰ-ਪੂਰਬ ਦਾ ਗੇਟਵੇਅ ਹੈ ਅਤੇ ਗੁਆਂਢੀ ਦੇਸ਼ਾਂ ਨਾਲ ਵਪਾਰਕ ਚੈਨਲ ਵੀ ਪ੍ਰਦਾਨ ਕਰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਇਸ ਲਈ ਰਾਜ ਦੇ ਉੱਤਰੀ ਹਿੱਸੇ ਦੇ ਨਾਲ-ਨਾਲ ਪੱਛਮ ਬੰਗਾਲ ਦਾ ਵਿਕਾਸ ਸਰਕਾਰ ਦੀ ਪ੍ਰਾਥਮਿਕਤਾ ਰਹੀ ਹੈ। ਉਨ੍ਹਾਂ ਨੇ ਆਧੁਨਿਕ ਰੇਲ ਅਤੇ ਸੜਕੀ ਬੁਨਿਆਦੀ ਢਾਂਚੇ ਦੀ ਲੋੜ ‘ਤੇ ਜ਼ੋਰ ਦਿੱਤਾ ਅਤੇ ਏਕਲਖੀ – ਬਲੂਰਘਾਟ, ਰਾਣੀਨਗਰ ਜਲਪਾਈਗੁੜੀ – ਹਲਦੀਬਾੜੀ ਅਤੇ ਸਿਲੀਗੁੜੀ – ਅਲੂਬਾੜੀ ਸੈਕਸ਼ਨਾਂ ‘ਤੇ ਰੇਲ ਲਾਇਨਾਂ ਦੇ ਬਿਜਲੀਕਰਣ ਦੇ ਕੰਮ ਨੂੰ ਪੂਰਾ ਕਰਨ ਦਾ ਜ਼ਿਕਰ ਕੀਤਾ, ਜਿਸ ਨਾਲ ਉੱਤਰੀ ਅਤੇ ਦੱਖਣੀ ਦਿਨਾਜਪੁਰ, ਕੂਚ ਬਿਹਾਰ ਅਤੇ ਜਲਪਾਈਗੁੜੀ ਦੇ ਖੇਤਰਾਂ ਵਿੱਚ ਟ੍ਰੇਨਾਂ ਦੀ ਰਫ਼ਤਾਰ ਵਧੇਗੀ ਜਦਕਿ ਸਿਲੀਗੁੜੀ-ਸਮੁਕਤਲਾ ਮਾਰਗ ਨੇੜਲੇ ਜੰਗਲੀ ਖੇਤਰਾਂ ਵਿੱਚ ਪ੍ਰਦੂਸ਼ਣ ਨੂੰ ਘਟਾਏਗਾ। ਉਨ੍ਹਾਂ ਨੇ ਕਿਹਾ ਕਿ ਬਰਸੋਈ – ਰਾਧਿਕਾਪੁਰ ਸੈਕਸ਼ਨ ਦੇ ਬਿਜਲੀਕਰਣ ਨਾਲ ਬਿਹਾਰ ਅਤੇ ਪੱਛਮ ਬੰਗਾਲ ਦੋਵਾਂ ਨੂੰ ਲਾਭ ਹੋਵੇਗਾ। ਰਾਧਿਕਾਪੁਰ ਅਤੇ ਸਿਲੀਗੁੜੀ ਦੇ ਦਰਮਿਆਨ ਨਵੀਂ ਰੇਲ ਸੇਵਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪੱਛਮ ਬੰਗਾਲ ਵਿੱਚ ਰੇਲਵੇ ਦੀ ਮਜ਼ਬੂਤੀ ਨਾਲ ਵਿਕਾਸ ਦੀਆਂ ਨਵੀਆਂ ਸੰਭਾਵਨਾਵਾਂ ਨੂੰ ਗਤੀ ਮਿਲੇਗੀ ਅਤੇ ਆਮ ਲੋਕਾਂ ਲਈ ਜੀਵਨ ਅਸਾਨ ਹੋ ਜਾਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਇਸ ਖੇਤਰ ਵਿੱਚ ਰੇਲ ਗੱਡੀਆਂ ਦੀ ਰਫ਼ਤਾਰ ਬਾਕੀ ਭਾਰਤ ਵਾਂਗ ਬਰਕਰਾਰ ਰੱਖਣ ਲਈ ਪ੍ਰਤੀਬੱਧ ਹੈ ਅਤੇ ਆਧੁਨਿਕ ਤੇਜ਼ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਬੰਗਲਾਦੇਸ਼ ਨਾਲ ਰੇਲ ਸੰਪਰਕ ਦਾ ਜ਼ਿਕਰ ਕੀਤਾ ਕਿਉਂਕਿ ਮਿਤਾਲੀ ਐਕਸਪ੍ਰੈੱਸ ਨਿਊ ਜਲਪਾਈਗੁੜੀ ਤੋਂ ਢਾਕਾ ਕੈਂਟ ਤੱਕ ਚਲ ਰਹੀ ਹੈ ਅਤੇ ਬੰਗਲਾਦੇਸ਼ ਸਰਕਾਰ ਦੇ ਸਹਿਯੋਗ ਨਾਲ ਰਾਧਿਕਾਪੁਰ ਸਟੇਸ਼ਨ ਤੱਕ ਸੰਪਰਕ ਵਧਾਇਆ ਜਾ ਰਿਹਾ ਹੈ।

ਆਜ਼ਾਦੀ ਤੋਂ ਬਾਅਦ ਦੇ ਦਹਾਕਿਆਂ ਵਿੱਚ ਪੂਰਬੀ ਭਾਰਤ ਦੇ ਹਿੱਤਾਂ ਦੀ ਅਣਦੇਖੀ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਮੌਜੂਦਾ ਸਰਕਾਰ ਪੂਰਬੀ ਭਾਰਤ ਨੂੰ ਰਾਸ਼ਟਰ ਦਾ ਵਿਕਾਸ ਇੰਜਣ ਮੰਨਦੀ ਹੈ। ਇਸ ਲਈ ਖੇਤਰ ਵਿੱਚ ਸੰਪਰਕ ਨੂੰ ਬਿਹਤਰ ਬਣਾਉਣ ਲਈ ਬੇਮਿਸਾਲ ਨਿਵੇਸ਼ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੱਛਮ ਬੰਗਾਲ ਦਾ ਸਾਲਾਨਾ ਔਸਤ ਰੇਲ ਬਜਟ ਜੋ ਸਿਰਫ਼ 4,000 ਕਰੋੜ ਰੁਪਏ ਸੀ, ਹੁਣ ਵਧ ਕੇ 14,000 ਕਰੋੜ ਰੁਪਏ ਹੋ ਗਿਆ ਹੈ। ਪ੍ਰਧਾਨ ਮੰਤਰੀ ਨੇ ਉੱਤਰੀ ਬੰਗਾਲ ਤੋਂ ਗੁਵਾਹਾਟੀ ਅਤੇ ਹਾਵੜਾ ਤੱਕ ਸੈਮੀ ਹਾਈ-ਸਪੀਡ ਵੰਦੇ ਭਾਰਤ ਰੇਲਗੱਡੀ ਅਤੇ 500 ਅੰਮ੍ਰਿਤ ਭਾਰਤ ਸਟੇਸ਼ਨਾਂ ਵਿੱਚ ਸਿਲੀਗੁੜੀ ਸਟੇਸ਼ਨ ਨੂੰ ਸ਼ਾਮਲ ਕਰਨ ਬਾਰੇ ਗੱਲ ਕੀਤੀ, ਜਿਨ੍ਹਾਂ ਨੂੰ ਅੱਪਗ੍ਰੇਡ ਕਰਨ ਲਈ ਸ਼ਾਮਲ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਇਨ੍ਹਾਂ 10 ਵਰ੍ਹਿਆਂ ਵਿੱਚ, ਅਸੀਂ ਰੇਲਵੇ ਦੇ ਵਿਕਾਸ ਨੂੰ ਪੈਸੰਜਰ ਤੋਂ ਐਕਸਪ੍ਰੈੱਸ ਸਪੀਡ ਤੱਕ ਲਿਆਂਦਾ ਹੈ। ਸਾਡੇ ਤੀਜੇ ਕਾਰਜਕਾਲ ਵਿੱਚ ਇਹ ਸੁਪਰਫਾਸਟ ਰਫ਼ਤਾਰ ਨਾਲ ਅੱਗੇ ਵਧੇਗਾ।”

ਪ੍ਰਧਾਨ ਮੰਤਰੀ ਨੇ ਉੱਤਰੀ ਪੱਛਮ ਬੰਗਾਲ ਵਿੱਚ 3,000 ਕਰੋੜ ਰੁਪਏ ਤੋਂ ਵੱਧ ਦੇ ਦੋ ਸੜਕੀ ਪ੍ਰੋਜੈਕਟਾਂ ਦੇ ਉਦਘਾਟਨ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਘੋਸ਼ਪੁਕੁਰ-ਧੂਪਗੁੜੀ ਸੈਕਸ਼ਨ ਨੂੰ ਚਾਰ ਮਾਰਗੀ ਕਰਨ ਨਾਲ ਐੱਨਐੱਚ 27 ਅਤੇ ਇਸਲਾਮਪੁਰ ਬਾਈਪਾਸ ਨੂੰ ਚਾਰ ਮਾਰਗੀ ਕਰਨ ਨਾਲ ਜਲਪਾਈਗੁੜੀ, ਸਿਲੀਗੁੜੀ ਅਤੇ ਮੈਨਾਗੁੜੀ ਸ਼ਹਿਰਾਂ ਵਿੱਚ ਟ੍ਰੈਫਿਕ ਜਾਮ ਘਟੇਗਾ ਜਦਕਿ ਸਿਲੀਗੁੜੀ, ਜਲਪਾਈਗੁੜੀ ਅਤੇ ਅਲੀਪੁਰਦੁਆਰ ਖੇਤਰਾਂ ਨੂੰ ਵੀ ਬਿਹਤਰ ਸੰਪਰਕ ਮਿਲੇਗਾ। “ਦੁਆਰ, ਦਾਰਜੀਲਿੰਗ, ਗੰਗਟੋਕ ਅਤੇ ਮਿਰਿਕ ਜਿਹੇ ਟੂਰਿਜ਼ਮ ਸਥਾਨਾਂ ਤੱਕ ਪਹੁੰਚਣਾ ਆਸਾਨ ਹੋ ਜਾਵੇਗਾ।” ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਵਪਾਰ, ਉਦਯੋਗ ਅਤੇ ਖੇਤਰ ਦੇ ਚਾਹ ਦੇ ਬਾਗ਼ਾਂ ਨੂੰ ਵੀ ਉਤਸ਼ਾਹਿਤ ਕਰੇਗਾ।

ਸੰਬੋਧਨ ਦੀ ਸਮਾਪਤੀ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਪੱਛਮ ਬੰਗਾਲ ਦੇ ਵਿਕਾਸ ਲਈ ਸਾਰੇ ਯਤਨ ਕਰ ਰਹੀ ਹੈ ਅਤੇ ਅੱਜ ਦੇ ਵਿਕਾਸ ਪ੍ਰੋਜੈਕਟਾਂ ਲਈ ਨਾਗਰਿਕਾਂ ਨੂੰ ਵਧਾਈ ਦਿੱਤੀ।

ਇਸ ਮੌਕੇ ‘ਤੇ ਪੱਛਮ ਬੰਗਾਲ ਦੇ ਰਾਜਪਾਲ ਸ਼੍ਰੀ ਸੀ ਵੀ ਆਨੰਦ ਬੋਸ, ਕੇਂਦਰੀ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਮਾਣਿਕ ਅਤੇ ਸਾਂਸਦ ਸ਼੍ਰੀ ਰਾਜੂ ਬਿਸਟਾ, ਸੰਸਦ ਅਤੇ ਵਿਧਾਨ ਸਭਾ ਦੇ ਹੋਰ ਮੈਂਬਰ ਮੌਜੂਦ ਸਨ।

ਪਿਛੋਕੜ

ਪ੍ਰਧਾਨ ਮੰਤਰੀ ਨੇ ਉੱਤਰੀ ਬੰਗਾਲ ਅਤੇ ਨੇੜਲੇ ਖੇਤਰਾਂ ਦੇ ਲੋਕਾਂ ਨੂੰ ਲਾਭ ਪਹੁੰਚਾਉਣ ਵਾਲੀਆਂ ਰੇਲ ਲਾਇਨਾਂ ਦੇ ਬਿਜਲੀਕਰਣ ਦੇ ਕਈ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ। ਪ੍ਰੋਜੈਕਟਾਂ ਵਿੱਚ ਏਕਲਾਖੀ – ਬਲੂਰਘਾਟ ਸੈਕਸ਼ਨ; ਬਰਸੋਈ – ਰਾਧਿਕਾਪੁਰ ਭਾਗ; ਰਾਣੀਨਗਰ ਜਲਪਾਈਗੁੜੀ – ਹਲਦੀਬਾੜੀ ਸੈਕਸ਼ਨ; ਸਿਲੀਗੁੜੀ – ਬਾਗਡੋਗਰਾ ਰਾਹੀਂ ਅਲੂਆਬਾੜੀ ਸੈਕਸ਼ਨ ਅਤੇ ਸਿਲੀਗੁੜੀ – ਸਿਵੋਕ – ਅਲੀਪੁਰਦੁਆਰ ਜੰਕਸ਼ਨ – ਸਮੁਕਤਾਲਾ (ਅਲੀਪੁਰਦੁਆਰ ਜੰਕਸ਼ਨ – ਨਿਊ ਕੂਚ ਬਿਹਾਰ ਸਮੇਤ) ਸੈਕਸ਼ਨ ਸ਼ਾਮਲ ਹਨ।

ਪ੍ਰਧਾਨ ਮੰਤਰੀ ਨੇ ਮਨੀਗ੍ਰਾਮ – ਨਿਮਿਤਤਾ ਸੈਕਸ਼ਨ ਵਿੱਚ ਰੇਲਵੇ ਲਾਈਨ ਨੂੰ ਡਬਲ ਕਰਨ ਦੇ ਪ੍ਰੋਜੈਕਟ ਸਮੇਤ ਹੋਰ ਮਹੱਤਵਪੂਰਨ ਰੇਲਵੇ ਪ੍ਰੋਜੈਕਟਾਂ; ਅਤੇ ਨਿਊ ਜਲਪਾਈਗੁੜੀ ਵਿੱਚ ਇਲੈਕਟ੍ਰਾਨਿਕ ਇੰਟਰਲਾਕਿੰਗ ਸਮੇਤ ਅੰਬਾਰੀ ਫਲਕਾਟਾ – ਅਲੁਆਬਾੜੀ ਵਿੱਚ ਆਟੋਮੈਟਿਕ ਬਲਾਕ ਸਿਗਨਲਿੰਗ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ। ਪ੍ਰਧਾਨ ਮੰਤਰੀ ਨੇ ਸਿਲੀਗੁੜੀ ਅਤੇ ਰਾਧਿਕਾਪੁਰ ਦੇ ਦਰਮਿਆਨ ਨਵੀਂ ਯਾਤਰੀ ਰੇਲ ਸੇਵਾ ਨੂੰ ਵੀ ਹਰੀ ਝੰਡੀ ਦਿਖਾਈ। ਇਹ ਰੇਲ ਪ੍ਰੋਜੈਕਟ ਰੇਲ ਸੰਪਰਕ ਵਿੱਚ ਸੁਧਾਰ ਕਰਨਗੇ, ਮਾਲ ਢੋਆ-ਢੁਆਈ ਦੀ ਸਹੂਲਤ ਪ੍ਰਦਾਨ ਕਰਨਗੇ ਅਤੇ ਖੇਤਰ ਵਿੱਚ ਰੋਜ਼ਗਾਰ ਪੈਦਾ ਕਰਨ ਅਤੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਾਉਣਗੇ।

ਪ੍ਰਧਾਨ ਮੰਤਰੀ ਨੇ ਪੱਛਮ ਬੰਗਾਲ ਵਿੱਚ 3,100 ਕਰੋੜ ਰੁਪਏ ਦੇ ਦੋ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਪ੍ਰੋਜੈਕਟਾਂ ਵਿੱਚ ਰਾਸ਼ਟਰੀ ਰਾਜਮਾਰਗ 27 ਦੇ ਚਾਰ-ਮਾਰਗੀ ਘੋਸ਼ਪੁਕੁਰ – ਧੂਪਗੁੜੀ ਸੈਕਸ਼ਨ ਅਤੇ ਰਾਸ਼ਟਰੀ ਰਾਜਮਾਰਗ 27 ‘ਤੇ ਚਾਰ-ਮਾਰਗੀ ਇਸਲਾਮਪੁਰ ਬਾਈਪਾਸ ਸ਼ਾਮਲ ਹਨ। ਘੋਸ਼ਪੁਕੁਰ – ਧੂਪਗੁੜੀ ਸੈਕਸ਼ਨ ਪੂਰਬੀ ਭਾਰਤ ਨੂੰ ਦੇਸ਼ ਦੇ ਬਾਕੀ ਹਿੱਸੇ ਨਾਲ ਜੋੜਨ ਵਾਲੇ ਉੱਤਰ-ਦੱਖਣੀ ਟਰਾਂਸਪੋਰਟ ਕੋਰੀਡੋਰ ਦਾ ਹਿੱਸਾ ਹੈ। ਇਸ ਸੈਕਸ਼ਨ ਦੇ ਚਾਰ ਮਾਰਗੀ ਹੋਣ ਨਾਲ ਉੱਤਰੀ ਬੰਗਾਲ ਅਤੇ ਉੱਤਰ-ਪੂਰਬੀ ਖੇਤਰਾਂ ਦਰਮਿਆਨ ਸਹਿਜ ਸੰਪਰਕ ਵਧੇਗਾ। ਚਾਰ ਮਾਰਗੀ ਇਸਲਾਮਪੁਰ ਬਾਈਪਾਸ ਇਸਲਾਮਪੁਰ ਸ਼ਹਿਰ ਵਿੱਚ ਆਵਾਜਾਈ ਦੀ ਭੀੜ ਨੂੰ ਘਟਾਉਣ ਵਿੱਚ ਮਦਦ ਕਰੇਗਾ। ਰੋਡ ਪ੍ਰੋਜੈਕਟ ਸੈਕਟਰ ਵਿੱਚ ਉਦਯੋਗਿਕ ਅਤੇ ਆਰਥਿਕ ਵਿਕਾਸ ਨੂੰ ਵੀ ਹੁਲਾਰਾ ਪ੍ਰਦਾਨ ਕਰਨਗੇ।

 

**** 

ਡੀਐੱਸ/ਟੀਐੱਸ