Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਪਹਿਲੇ ਨੈਸ਼ਨਲ ਟ੍ਰੇਨਿੰਗ ਕਨਕਲੇਵ ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਸਥਿਤ ਅੰਤਰਰਾਸ਼ਟਰੀ ਪ੍ਰਦਰਸ਼ਨੀ ਅਤੇ ਕਨਵੈਨਸ਼ਨ ਸੈਂਟਰ ਵਿੱਚ ਪਹਿਲੇ ਨੈਸ਼ਨਲ ਟ੍ਰੇਨਿੰਗ ਕਨਕਲੇਵ ਦਾ ਉਦਘਾਟਨ ਕੀਤਾ।

ਪ੍ਰਧਾਨ ਮੰਤਰੀ ਦਾ ਸੰਬੋਧਨ ਉਨ੍ਹਾਂ ਦੇ ਸਮ੍ਰਿੱਧ ਰਾਜਨੀਤਕ ਅਤੇ ਪ੍ਰਸ਼ਾਸਨਿਕ ਅਨੁਭਵ ਤੋਂ ਨਿਕਲੇ ਕਈ ਕਿੱਸਿਆਂ ਅਤੇ ਕਹਾਣੀਆਂ ਨਾਲ ਪਰਿਪੂਰਨ ਸੀ। ਆਪਣੇ ਸੰਬੋਧਨ ਵਿੱਚ ਅਜਿਹੀਆਂ ਉਦਾਹਰਣਾਂ ਦੇ ਕੇ, ਉਨ੍ਹਾਂ ਨੇ ਸਰਕਾਰੀ ਕੰਮਕਾਜ ਵਿੱਚ ਸਰਵਿਸ ਓਰਿਐੰਟੇਸ਼ਨ, ਆਮ ਆਦਮੀ ਦੀਆਂ ਆਕਾਂਖਿਆਵਾਂ ਨੂੰ ਸਾਕਾਰ ਕਰਨ ਵਿੱਚ ਮਲਕੀਅਤ ਦੀ ਭਾਵਨਾ, ਪਦਕ੍ਰਮ ਨੂੰ ਤੋੜਨ ਅਤੇ ਸੰਗਠਨ ਵਿੱਚ ਹਰ ਵਿਅਕਤੀ ਦੇ ਅਨੁਭਵ ਦਾ ਉਪਯੋਗ ਕਰਨ ਦੀ ਜ਼ਰੂਰਤ, ਜਨਭਾਗੀਦਾਰੀ ਦੇ ਮਹੱਤਵ, ਪ੍ਰਣਾਲੀ ਵਿੱਚ ਸੁਧਾਰ ਅਤੇ ਇਨੋਵੇਸ਼ਨ ਦੇ ਪ੍ਰਤੀ ਉਤਸ਼ਾਹ ਜਿਹੇ ਪਹਿਲੂਆਂ ਦੇ ਮਹੱਤਵ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਟ੍ਰੇਨਿੰਗ ਮਾਡਿਊਲ ਨੂੰ ਇਸ ਤਰ੍ਹਾਂ ਓਰਿਐਂਟ ਅਤੇ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ ਕਿ ਸਰਕਾਰੀ ਅਧਿਕਾਰੀਆਂ ਵਿੱਚ  ਇਨ੍ਹਾਂ ਪਹਿਲੂਆਂ ਦਾ ਸਮਾਵੇਸ਼ ਹੋ ਸਕੇ।

ਪਹਿਲਾਂ ਮੁੱਖ ਮੰਤਰੀ ਅਤੇ ਬਾਅਦ ਵਿੱਚ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਕੰਮ ਕਰਨ ਦੇ ਦੌਰਾਨ ਪ੍ਰਾਪਤ ਹੋਏ ਆਪਣੇ ਅਨੁਭਵਾਂ ਬਾਰੇ ਚਰਚਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਸਰਕਾਰ ਵਿੱਚ ਕਦੇ ਵੀ ਪ੍ਰਤਿਭਾਸ਼ਾਲੀ, ਸਮਰਪਿਤ ਅਤੇ ਪ੍ਰਤੀਬੱਧ ਅਧਿਕਾਰੀਆਂ ਦੀ ਕਮੀ ਨਹੀਂ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਫ਼ੌਜ ਦੀ ਸੰਸਥਾ ਨੇ ਜਨਤਾ ਦੀਆਂ ਨਜ਼ਰਾਂ ਵਿੱਚ ਬੇਦਾਗ ਭਰੋਸੇਯੋਗਤਾ ਦਾ ਨਿਰਮਾਣ ਕੀਤਾ ਹੈ, ਉਸੇ ਤਰ੍ਹਾਂ ਸਰਕਾਰੀ ਤੰਤਰ ਵਿੱਚ ਲੋਕਾਂ ਦੇ ਵਿਸ਼ਵਾਸ ਨੂੰ ਹੋਰ ਵਧਾਉਣਾ ਸਾਰੇ ਸਰਕਾਰੀ ਸੇਵਕਾਂ ਦੀ ਜ਼ਿੰਮੇਵਾਰੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਟ੍ਰੇਨਿੰਗ ਵਿੱਚ ਸੰਪੂਰਨ ਸਰਕਾਰ ਦੇ ਦ੍ਰਿਸ਼ਟੀਕੋਣ ਦਾ ਵੀ ਸਮਾਵੇਸ਼ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਧਿਕਾਰੀਆਂ ਦੀਆਂ ਸਮਰੱਥਾਵਾਂ ਨੂੰ ਨਿਖਾਰਨ ਦੇ ਲਈ ਸਾਰੇ ਪ੍ਰਯਾਸ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਨੇ ਇਸ ਬਾਤ ’ਤੇ ਵੀ ਜ਼ੋਰ ਦਿੱਤਾ ਕਿ ਟ੍ਰੇਨਿੰਗ ਸੰਸਥਾਵਾਂ ਵਿੱਚ ਪੋਸਟਿੰਗ ਨੂੰ ਸਜ਼ਾ ਦੇ ਤੌਰ ’ਤੇ ਦੇਖਣ ਦਾ ਪੁਰਾਣਾ ਦ੍ਰਿਸ਼ਟੀਕੋਣ ਹੁਣ ਬਦਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਟ੍ਰੇਨਿੰਗ ਸੰਸਥਾਵਾਂ ਸਭ ਤੋਂ ਮਹੱਤਵਪੂਰਨ ਸਥਾਨਾਂ ਵਿੱਚੋਂ ਇੱਕ ਹਨ ਕਿਉਂਕਿ ਉਹ ਸਰਕਾਰ ਵਿੱਚ ਕਈ ਦਹਾਕਿਆਂ ਤੱਕ ਕੰਮ ਕਰਨ ਵਾਲੇ ਕਰਮੀਆਂ ਦੀ ਪ੍ਰਤਿਭਾ ਨੂੰ ਨਿਖਾਰਦੀਆਂ ਹਨ।

ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਅਨੁਭਵੀ ਉਮੀਦਵਾਰਾਂ ਦੀ ਤਲਾਸ਼ ਕਰਦੇ ਹੋਏ ਪਦਕ੍ਰਮ ਦੀਆਂ  ਰੁਕਾਵਟਾਂ ਨੂੰ ਤੋੜਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਇਹ ਵੀ ਯਾਦ ਦਿਵਾਇਆ ਕਿ ਇਸ ਸਬੰਧ ਵਿੱਚ ਪਦਕ੍ਰਮ ’ਤੇ ਕਦੇ ਵਿਚਾਰ ਨਹੀਂ ਕੀਤਾ ਜਾਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਇਸ ਬਾਤ ’ਤੇ ਜ਼ੋਰ ਦਿੱਤਾ ਕਿ ਟ੍ਰੇਨਿੰਗ ਨੂੰ ਹਰੇਕ ਸਰਕਾਰੀ ਕਰਮਚਾਰੀ ਦੇ ਅੰਦਰ ਜਨਭਾਗੀਦਾਰੀ ਦੇ ਮਹੱਤਵ ਦਾ ਸਮਾਵੇਸ਼ ਕਰਨਾ ਚਾਹੀਦਾ ਹੈ। ਸਰੋਤਿਆਂ ਨੂੰ ਇਸ ਬਾਰੇ ਸਮਝਾਉਂਦੇ ਹੋਏ, ਉਨ੍ਹਾਂ ਨੇ ਸਵੱਛ ਭਾਰਤ ਮਿਸ਼ਨ, ਖ਼ਾਹਿਸ਼ੀ ਜ਼ਿਲ੍ਹਾ ਪ੍ਰੋਗਰਾਮ, ਅੰਮ੍ਰਿਤ ਸਰੋਵਰ ਅਤੇ ਦੁਨੀਆ ਦੇ ਡਿਜੀਟਲ ਭੁਗਤਾਨ ਵਿੱਚ ਭਾਰਤ ਦੀ ਮਹੱਤਵਪੂਰਨ ਹਿੱਸੇਦਾਰੀ ਦੀ ਸਫ਼ਲਤਾ ਦਾ ਕ੍ਰੈਡਿਟ ਜਨਭਾਗੀਦਾਰੀ ਨੂੰ ਦਿੱਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਟ੍ਰੇਨਿੰਗ ਹਰ ਪੱਧਰ ਅਤੇ ਸਾਰਿਆਂ ਦੇ ਲਈ ਹੈ ਅਤੇ ਇਸ ਅਰਥ ਵਿੱਚ, iGOT ਕਰਮਯੋਗੀ ਪਲੈਟਫਾਰਮ ਨੇ ਇੱਕ ਸਮਾਨ ਅਵਸਰ ਪ੍ਰਦਾਨ ਕੀਤਾ ਹੈ ਕਿਉਂਕਿ ਇਹ ਸਾਰਿਆਂ ਨੂੰ ਟ੍ਰੇਨਿੰਗ ਦਾ ਅਵਸਰ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ iGOT ਕਰਮਯੋਗੀ ’ਤੇ ਰਜਿਸਟ੍ਰੇਸ਼ਨ ਦਾ 10 ਲੱਖ ਯੂਜ਼ਰਸ ਦੇ ਅਧਾਰ ਬਿੰਦੂ ਨੂੰ ਪਾਰ ਕਰਨਾ ਇਹ ਦਰਸਾਉਂਦਾ ਹੈ ਕਿ ਇਸ ਪ੍ਰਣਾਲੀ ਵਿੱਚ ਲੋਕ ਸਿੱਖਣ ਦੇ ਇੱਛੁਕ ਹਨ। ਉਨ੍ਹਾਂ ਨੇ ਕਿਹਾ ਕਿ ਕਰਮਯੋਗੀ ਮਿਸ਼ਨ ਦਾ ਉਦੇਸ਼ ਸਰਕਾਰੀ ਕਰਮੀਆਂ ਦੀ ਓਰਿਐੰਟੇਸ਼ਨ, ਮਾਨਸਿਕਤਾ ਅਤੇ ਪਹੁੰਚ ਵਿੱਚ ਸੁਧਾਰ ਕਰਨਾ ਹੈ ਤਾਕਿ ਉਹ ਸੰਤੁਸ਼ਟ ਅਤੇ ਖੁਸ਼ ਮਹਿਸੂਸ ਕਰਨ, ਅਤੇ ਇਸ ਸੁਧਾਰ ਦੇ ਉਪ-ਉਤਪਾਦ ਦੇ ਰੂਪ ਵਿੱਚ, ਸ਼ਾਸਨ ਪ੍ਰਣਾਲੀ ਵਿੱਚ ਵਿਵਸਥਿਤ ਰੂਪ ਨਾਲ ਸੁਧਾਰ ਹੋਵੇਗਾ।

ਉਨ੍ਹਾਂ ਨੇ ਇਸ ਕਨਕਲੇਵ ਦੇ ਸਾਰੇ ਪ੍ਰਤੀਭਾਗੀਆਂ ਨੂੰ ਦਿਨ ਭਰ ਚਲਣ ਵਾਲੇ ਵਿਚਾਰ-ਵਟਾਂਦਰੇ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਲਾਗੂ ਕੀਤੀ ਜਾਣ ਯੋਗ ਜਾਣਕਾਰੀ ਦੇ ਨਾਲ ਅੱਗੇ ਆਉਣ ਦਾ ਸੁਝਾਅ ਦਿੱਤਾ, ਜੋ ਦੇਸ਼ ਵਿੱਚ ਟ੍ਰੇਨਿੰਗ ਨਾਲ ਜੁੜੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਵਿੱਚ ਮਦਦਗਾਰ ਸਾਬਤ ਹੋ ਸਕੇ। ਉਨ੍ਹਾਂ ਨੇ ਨਿਯਮਿਤ ਅੰਤਰਾਲ ’ਤੇ ਇਸ ਕਨਕਲੇਵ ਨੂੰ ਆਯੋਜਿਤ ਕਰਨ ਦੇ ਲਈ ਇੱਕ ਸੰਸਥਾਗਤ ਤੰਤਰ ਬਣਾਉਣ ਦਾ ਵੀ ਸੁਝਾਅ ਦਿੱਤਾ।

 *****

ਡੀਐੱਸ/ਐੱਸਕੇਐੱਸ