ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਦੇ ਨੌਜਵਾਨਾਂ ਨੂੰ ਸੁਆਮੀ ਵਿਵੇਕਾਨੰਦ ਦੀ ਲੀਡਰਸ਼ਿਪ ਬਾਰੇ ਨਸੀਹਤ ਅਨੁਸਾਰ ਚਲਣ ਲਈ ਕਿਹਾ ਹੈ ਅਤੇ ਵਿਅਕਤੀਆਂ ਤੇ ਸੰਸਥਾਨਾਂ ਨੂੰ ਵਿਕਸਿਤ ਕਰਨ ਵਿੱਚ ਪਾਏ ਯੋਗਦਾਨ ਲਈ ਇਸ ਸਤਿਕਾਰਯੋਗ ਸੰਤ ਦੀ ਸ਼ਲਾਘਾ ਕੀਤੀ। ਅੱਜ ਦੂਜੇ ‘ਰਾਸ਼ਟਰੀ ਯੁਵਾ ਸੰਸਦ ਮੇਲੇ’ ਦੇ ਸਮਾਪਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਵਿਅਕਤੀਗਤ ਵਿਕਾਸ ਤੋਂ ਸੰਸਥਾਨ–ਨਿਰਮਾਣ ਤੱਕ ਤੇ ਉਸ ਤੋਂ ਉਲਟ ਪ੍ਰਕਿਰਿਆ ਦਾ ਵਧੀਆ ਚੱਕਰ ਸ਼ੁਰੂ ਕਰਨ ਵਿੱਚ ਪਾਏ ਸੁਆਮੀ ਜੀ ਦੇ ਯੋਗਦਾਨ ਦੀ ਗੱਲ ਕੀਤੀ।
ਸ਼੍ਰੀ ਮੋਦੀ ਨੇ ਕਿਹਾ ਕਿ ਵਿਅਕਤੀ ਸੁਆਮੀ ਵਿਵੇਕਾਨੰਦ ਦੇ ਪ੍ਰਭਾਵ ਹੇਠ ਆ ਕੇ ਸੰਸਥਾਨਾਂ ਦੀ ਸਥਾਪਨਾ ਕਰਦੇ ਹਨ ਤੇ ਇਹ ਸੰਸਥਾਨ ਬਦਲੇ ਵਿੱਚ ਇੰਕ ਹੋਰ ਨਵਾਂ ਸੰਸਥਾਨ ਸਿਰਜਦੇ ਹਨ। ਇਸ ਤਰ੍ਹਾਂ ਵਿਅਕਤੀਗਤ ਵਿਕਾਸ ਤੋਂ ਸੰਸਥਾਨ–ਨਿਰਮਾਣ ਦਾ ਵਧੀਆ ਚੱਕਰ ਸ਼ੁਰੂ ਹੁੰਦਾ ਹੈ। ਇਹ ਭਾਰਤ ਦੀ ਵੱਡੀ ਤਾਕਤ ਹੈ ਤੇ ਪ੍ਰਧਾਨ ਮੰਤਰੀ ਨੇ ਇਸ ਦੀ ਵਿਆਖਿਆ ਉੱਦਮਤਾ ਦੀ ਉਦਾਹਰਣ ਨਾਲ ਕੀਤੀ। ਉਨ੍ਹਾਂ ਆਪਣੇ ਨੁਕਤੇ ਨੂੰ ਉਭਾਰਦਿਆਂ ਕਿਹਾ ਕਿ ਇੱਕ ਵਿਅਕਤੀ ਇੱਕ ਵੱਡੀ ਕੰਪਨੀ ਬਣਾਉਂਦਾ ਹੈ ਤੇ ਉਸ ਕੰਪਨੀ ਦਾ ਵਧੀਆ ਮਾਹੌਲ ਬਹੁਤ ਸਾਰੇ ਹੋਣਹਾਰ ਵਿਅਕਤੀਆਂ ਨੂੰ ਉਭਾਰਦਾ ਹੈ, ਜੋ ਆਪਣੇ ਸਮੇਂ ਦੌਰਾਨ ਨਵੀਆਂ ਕੰਪਨੀਆਂ ਦੀ ਸਥਾਪਨਾ ਕਰਦੇ ਹਨ।
ਉਨ੍ਹਾਂ ਨੌਜਵਾਨਾਂ ਨੂੰ ਹਾਲੀਆ ‘ਰਾਸ਼ਟਰੀ ਸਿੱਖਿਆ ਨੀਤੀ’ ਦੁਆਰਾ ਮੁਹੱਈਆ ਕਰਵਾਈ ਗਈ ਸਿੱਖਣ ਦੀ ਲਚਕਤਾ ਤੇ ਨਵਾਚਾਰਤਾ ਦਾ ਲਾਭ ਲੈਣ ਲਈ ਵੀ ਕਿਹਾ। ਇਸ ਨੀਤੀ ਦਾ ਉਦੇਸ਼ ਨੌਜਵਾਨਾਂ ਦੀਆਂ ਖ਼ਾਹਿਸ਼ਾਂ, ਹੁਨਰਾਂ, ਸਮਝ ਤੇ ਉਨ੍ਹਾਂ ਦੀ ਪਸੰਦ ਨੂੰ ਤਰਜੀਹ ਦੇ ਕੇ ਬਿਹਤਰ ਵਿਅਕਤੀਆਂ ਦੀ ਸਿਰਜਣਾ ਕਰਨਾ ਹੈ। ਉਨ੍ਹਾਂ ਦੇਸ਼ ਦੇ ਨੌਜਵਾਨਾਂ ਲਈ ਉਪਲਬਧ ਕਰਵਾਏ ਜਾ ਰਹੇ ਬਿਹਤਰ ਸਿੱਖਿਆ ਤੇ ਉੱਦਮਾਂ ਨਾਲ ਸਬੰਧਿਤ ਮੌਕਿਆਂ ਨੂੰ ਉਜਾਗਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, ‘ਅਸੀਂ ਦੇਸ਼ ਵਿੱਚ ਇੱਕ ਅਜਿਹਾ ਵਧੀਆ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਸ ਦੀ ਅਣਹੋਂਦ ਕਾਰਣ ਨੌਜਵਾਨ ਅਕਸਰ ਮਜਬੂਰਨ ਹੋਰਨਾਂ ਦੇਸ਼ਾਂ ’ਚ ਜਾਣ ਬਾਰੇ ਸੋਚਣ ਲਗਦੇ ਹਨ।’
ਪ੍ਰਧਾਨ ਮੰਤਰੀ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਉਹ ਸੁਆਮੀ ਵਿਵੇਕਾਨੰਦ ਹੀ ਸਨ, ਜਿਨ੍ਹਾਂ ਨੇ ਆਤਮ–ਵਿਸ਼ਵਾਸ ਨਾਲ ਭਰਪੂਰ, ਸਾਫ਼ ਹਿਰਦੇ ਵਾਲੇ, ਨਿਡਰ ਤੇ ਦਲੇਰ ਨੌਜਵਾਨਾਂ ਦੀ ਸ਼ਨਾਖ਼ਤ ਰਾਸ਼ਟਰ ਦੀ ਨੀਂਹ ਵਜੋਂ ਕੀਤੀ ਸੀ। ਸ਼੍ਰੀ ਮੋਦੀ ਨੇ ਨੌਜਵਾਨਾਂ ਨੂੰ ਸੁਆਮੀ ਵਿਵੇਕਾਨੰਦ ਦੇ ਮੰਤਰ ਦਿੱਤੇ। ਸਰੀਰਕ ਤੰਦਰੁਸਤੀ ਲਈ ਇਹ ਹੈ ‘ਲੋਹੇ ਦੇ ਪੱਠੇ ਅਤੇ ਇਸਪਾਤ ਦੀਆਂ ਨਸਾਂ’। ਸਰਕਾਰ ‘ਫ਼ਿੱਟ ਇੰਡੀਆ ਮੂਵਮੈਂਟ’, ਯੋਗ ਨੂੰ ਉਤਸ਼ਾਹਿਤ ਕਰ ਰਹੀ ਹੈ ਅਤੇ ਖੇਡਾਂ ਲਈ ਆਧੁਨਿਕ ਸੁਵਿਧਾਵਾਂ ਮੁਹੱਈਆ ਕਰਵਾ ਰਹੀ ਹੈ। ਸ਼ਖ਼ਸੀਅਤ ਦੇ ਵਿਕਾਸ ਲਈ, ਨਸੀਹਤ ਸੀ ‘ਆਪਣੇ–ਆਪ ’ਤੇ ਭਰੋਸਾ ਰੱਖੋ’; ਲੀਡਰਸ਼ਿਪ ਅਤੇ ਟੀਮ–ਵਰਕ ਲਈ ਸੁਆਮੀ ਜੀ ਨੇ ਕਿਹਾ ਸੀ ‘ਸਭ ’ਚ ਭਰੋਸਾ ਰੱਖੋ’।
****
ਡੀਐੱਸ