Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਨੀਤੀ ਆਯੋਗ ਵੱਲੋਂ ਆਯੋਜਿਤ ਪਹਿਲਕਦਮੀ “ਚੈਂਪੀਅਨਜ਼ ਆਵ੍ ਚੇਂਜ” ਵਿੱਚ ਨੌਜਵਾਨ ਮੁੱਖ ਕਾਰਜਕਾਰੀ ਅਧਿਕਾਰੀਆਂ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਨੇ ਅੱਜ ‘ਚੈਂਪੀਅਨਜ਼ ਆਵ੍ ਚੇਂਜ- ਜੀ 2 ਬੀ ਭਾਈਵਾਲੀ ਰਾਹੀਂ ਭਾਰਤ ਨੂੰ ਬਦਲਣਾ’ ਪਹਿਲਕਦਮੀ ਵਿੱਚ ਨੌਜਵਾਨ ਮੁੱਖ ਕਾਰਜਕਾਰੀ ਅਧਿਕਾਰੀਆਂ ਨੂੰ ਸੰਬੋਧਨ ਕੀਤਾ। ਇਸ ਪਹਿਲਕਦਮੀ ਦਾ ਆਯੋਜਨ ਨੀਤੀ ਆਯੋਗ ਵੱਲੋਂ ਪ੍ਰਵਾਸੀ ਭਾਰਤੀ ਕੇਂਦਰ ਵਿਖੇ ਕੀਤਾ ਗਿਆ ਸੀ। ਇਸ ਲੜੀ ਵਿੱਚ ਪ੍ਰਧਾਨ ਮੰਤਰੀ ਦਾ ਅੱਜ ਦੂਜਾ ਭਾਸ਼ਣ ਸੀ। ਪਿਛਲੇ ਹਫਤੇ ਵੀ ਪ੍ਰਧਾਨ ਮੰਤਰੀ ਨੇ ਨੌਜਵਾਨ ਉੱਦਮੀਆਂ ਨਾਲ ਗੱਲਬਾਤ ਕੀਤੀ ਸੀ।

ਨੌਜਵਾਨ ਮੁੱਖ ਕਾਰਜਕਾਰੀ ਅਧਿਕਾਰੀਆਂ ਦੇ ਛੇ ਗਰੁੱਪਾਂ ਨੇ ‘ਮੇਕ ਇਨ ਇੰਡੀਆ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨ, ਵਿਸ਼ਵ ਪੱਧਰੀ ਬੁਨਿਆਦੀ ਢਾਂਚੇ; ਕੱਲ੍ਹ ਦੇ ਸ਼ਹਿਰ; ਵਿੱਤੀ ਖੇਤਰ ਨੂੰ ਸੁਧਾਰਨ ਅਤੇ 2022 ਤੱਕ ਨਿਊ ਇੰਡੀਆ-ਨਵਾਂ ਭਾਰਤ’ ਵਿਸ਼ਿਆਂ ਉੱਤੇ ਪ੍ਰਧਾਨ ਮੰਤਰੀ ਸਾਹਮਣੇ ਛੇ ਪੇਸ਼ਕਾਰੀਆਂ ਰੱਖੀਆਂ।

ਮੁੱਖ ਕਾਰਜਕਾਰੀ ਅਧਿਕਾਰੀਆਂ ਵੱਲੋਂ ਦਿੱਤੀਆਂ ਇਨ੍ਹਾਂ ਪੇਸ਼ਕਾਰੀਆਂ ਵਿੱਚ ਪ੍ਰਗਟਾਏ ਗਏ ਨਵੇਂ ਵਿਚਾਰਾਂ ਅਤੇ ਖੋਜਾਂ ਦਾ ਪ੍ਰਧਾਨ ਮੰਤਰੀ ਨੇ ਸਵਾਗਤ ਕਰਦੇ ਹੋਏ ਦੇਸ਼ ਦੇ ਲਾਭ ਲਈ ਆਪਣਾ ਸਮਾਂ ਦੇਣ ਅਤੇ ਏਨੇ ਕੀਮਤੀ ਵਿਚਾਰ ਰੱਖਣ ਉੱਤੇ ਉਨ੍ਹਾਂ ਦਾ ਧੰਨਵਾਦ ਕੀਤਾ।

ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੀ ਪ੍ਰਮੁੱਖ ਫੈਸਲੇ ਲੈਣ ਵਾਲੀ ਟੀਮ ਨੇ ਇਨ੍ਹਾਂ ਵਿਚਾਰਾਂ ਨੂੰ ਪੂਰੇ ਧਿਆਨ ਨਾਲ ਸੁਣਿਆ ਅਤੇ ਯਕੀਨੀ ਤੌਰ ‘ਤੇ ਜੋ ਵਿਸ਼ੇ ਪੇਸ਼ ਕੀਤੇ ਗਏ ਹਨ, ਇਹ ਵਿਚਾਰ ਉਨ੍ਹਾਂ ਸਬੰਧੀ ਨੀਤੀ ਘੜਨ ਵਿੱਚ ਲਾਹੇਵੰਦ ਸਿੱਧ ਹੋਣਗੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਸ਼ਾਸਨ ਵਿੱਚ ਲੋਕਾਂ ਦੀ ਭਾਈਵਾਲੀ ਇੱਕ ਅਹਿਮ ਤੱਤ ਹੈ। ਇਸੇ ਤਰ੍ਹਾਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਵਿੱਚ ਮੁੱਖ ਕਾਰਜਕਾਰੀ ਅਧਿਕਾਰੀਆਂ ਦੀ ਭਾਈਵਾਲੀ ਦਾ ਉਦੇਸ਼ ਲੋਕਾਂ ਅਤੇ ਦੇਸ਼ ਦੀ ਭਲਾਈ ਵਿੱਚ ਵਾਧਾ ਕਰਨਾ ਹੈ।

ਭਾਰਤ ਦੀ ਅਜ਼ਾਦੀ ਦੀ ਜੰਗ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਸਾਰੇ ਭਾਰਤੀਆਂ ਨੂੰ ਅਜ਼ਾਦੀ ਦੇ ਸਿਪਾਹੀ ਬਣਾ ਦਿੱਤਾ ਭਾਵੇਂ ਕਿ ਉਹ ਆਪਣਾ ਕੰਮ ਵੀ ਨਾਲ ਕਰਦੇ ਰਹੇ। ਇਸ ਤਰ੍ਹਾਂ ਉਨ੍ਹਾਂ ਨੇ ਅਜ਼ਾਦੀ ਦੀ ਜੰਗ ਨੂੰ ਇੱਕ ਜਨ ਅੰਦੋਲਨ ਬਣਾਉਣ ਵਿੱਚ ਮਦਦ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਵਿਕਾਸ ਨੂੰ ਵੀ ਇੱਕ ਜਨ ਅੰਦੋਲਨ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਭਾਵਨਾ ਪੈਦਾ ਕੀਤੀ ਜਾਣੀ ਚਾਹੀਦੀ ਹੈ ਜਿਸ ਵਿੱਚ ਅਸੀਂ ਸਾਰੇ 2022 ਤੱਕ ਭਾਰਤ ਵਿੱਚ ਆਪਣਾ ਹਿੱਸਾ ਪਾਉਣ ਲਈ ਟੀਚਾ ਮਿੱਥ ਸਕੀਏ। ਪ੍ਰਧਾਨ ਮੰਤਰੀ ਨੇ ਮੁੱਖ ਕਾਰਜਕਾਰੀ ਅਧਿਕਾਰੀਆਂ ਨੂੰ ਕਿਹਾ ਕਿ ਤੁਸੀਂ ਮੇਰੀ ਟੀਮ ਹੋ ਅਤੇ ਦੇਸ਼ ਨੂੰ ਅੱਗੇ ਲਿਜਾਣ ਲਈ ਸਾਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ।

ਖੇਤੀ ਵਿੱਚ ‘ਵੈਲਿਊ ਐਡੀਸ਼ਨ’, ਦੀ ਉਦਾਹਰਣ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋੜੀਂਦੇ ਟੀਚੇ ਹਾਸਲ ਕਰਨ ਲਈ, ਜਿਵੇਂ ਕਿ ਖੇਤੀ ਆਮਦਨ ਨੂੰ ਦੁੱਗਣਾ ਕਰਨ ਲਈ ਇੱਕ ਬਹੁ -ਪੜਾਵੀ ਨੀਤੀ ਅਪਣਾਉਣ ਦੀ ਲੋੜ ਹੈ। ਖੁਰਾਕ ਪ੍ਰੋਸੈੱਸਿੰਗ ਦੀ ਅਹਿਮੀਅਤ ਉੱਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀ ਖੇਤਰ ਵਿੱਚ ਢਾਂਚੇ ਦੀ ਘਾਟ ਕਾਰਨ ਭਾਰੀ ਨੁਕਸਾਨ ਸਹਿਣਾ ਪੈ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਹੋਰ ਕਿਹਾ ਕਿ ਕੇਂਦਰ ਸਰਕਾਰ ਨੇ ਕਈ ਫੈਸਲੇ ਲਏ ਹਨ ਜਿਨ੍ਹਾਂ ਨਾਲ ਬੁਨਿਆਦੀ ਤਬਦੀਲੀ ਆਈ ਹੈ। ਉਨ੍ਹਾਂ ਇਸ ਸਬੰਧ ਵਿੱਚ ਯੂਰੀਆ ਮੁਹੱਈਆ ਕਰਵਾਉਣ ਅਤੇ ਉਤਪਾਦਨ , ਜਿਵੇਂ ਕਿ ਗੈਸ ਪ੍ਰਾਈਸ ਪੂਲਿੰਗ, ਵਾਧੂ ਉਤਪਾਦਨ ਲਈ ਸੇਵਾ ਫਲ ਦੇਣਾ ਵਗੈਰਾ ਸਬੰਧੀ ਲਏ ਗਏ ਫੈਸਲਿਆਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ 20 ਲੱਖ ਟਨ ਯੂਰੀਆ ਦਾ ਵਾਧੂ ਉਤਪਾਦਨ ਹੋਇਆ ਹੈ। ਉਨ੍ਹਾਂ ਕਿਹਾ ਕਿ ਯੂਰੀਆ ਉੱਤੇ ਨਿੰਮ ਚੜ੍ਹਾਉਣ ਨਾਲ ਵੱਡੇ ਪੱਧਰ ‘ਤੇ ਫਰਕ ਪਿਆ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਭਾਰਤ ਦੇਸ਼ ਨੂੰ ਘੱਟ ਨਕਦੀ ਵਾਲੇ ਸਮਾਜ ਵਿੱਚ ਤਬਦੀਲ ਕਰਨਾ ਚਾਹੁੰਦੀ ਹੈ। ਉਨ੍ਹਾਂ ਮੁੱਖ ਕਾਰਜਕਾਰੀ ਅਧਿਕਾਰੀਆਂ ਨੂੰ ਕਿਹਾ ਕਿ ਇਸ ਦਿਸ਼ਾ ਵਿੱਚ ਤੇਜ਼ੀ ਲਿਆਉਣ ਲਈ ਸਰਕਾਰ ਦੇ ਭਾਈਵਾਲ ਬਣਨ।

ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਤਿਉਹਾਰਾਂ ਵਗੈਰਾ ਦੇ ਮੌਕਿਆਂ ਉੱਤੇ ਖਾਦੀ ਦਾ ਪ੍ਰਚਾਰ ਇਸ ਨੂੰ ਤੋਹਫੇ ਵਜੋਂ ਦੇ ਕੇ ਕੀਤਾ ਜਾ ਸਕਦਾ ਹੈ ਅਤੇ ਇਸ ਨਾਲ ਗ਼ਰੀਬਾਂ ਦੀ ਕਾਫੀ ਮਦਦ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਮਾਹੌਲ ਕਾਇਮ ਕੀਤਾ ਜਾਣਾ ਚਾਹੀਦਾ ਹੈ ਕਿ ਹਰ ਖੇਤਰ ਵਿੱਚ ਗ਼ਰੀਬ ਨੂੰ ਨਾਲ ਲੈ ਕੇ ਚਲਿਆ ਜਾਵੇ।

ਪ੍ਰਧਾਨ ਮੰਤਰੀ ਨੇ ਸਰਕਾਰ ਦੀ ਈ-ਮਾਰਕੀਟਪਲੇਸ (ਜੀਈਐੱਮ-ਜੈੱਮ) ਦੀ ਉਦਾਹਰਣ ਇਹ ਦਿਖਾਉਣ ਲਈ ਦਿੱਤੀ ਕਿ ਕਿਵੇਂ ਛੋਟੇ ਵਪਾਰੀ ਸਰਕਾਰ ਨੂੰ ਮਾਲ ਸਪਲਾਈ ਕਰਨ ਵਿੱਚ ਸਫਲਤਾ ਨਾਲ ਮੁਕਾਬਲੇਬਾਜ਼ੀ ਵਿੱਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਜੀਈਐੱਮ-ਜੈੱਮ ਰਾਹੀਂ ਹੁਣ ਤੱਕ 1,000 ਕਰੋੜ ਰੁਪਏ ਦਾ ਆਦਾਨ-ਪ੍ਰਦਾਨ ਹੋ ਚੁੱਕਾ ਹੈ ਅਤੇ ਇਸ ਪਲੇਟਫਾਰਮ ਉੱਤੇ 28,000 ਸਪਲਾਇਰਾਂ ਨੇ ਆਪਣਾ ਯੋਗਦਾਨ ਪਾਇਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀਆਂ ਨੂੰ ਆਪਣੇ ਦੇਸ਼ ਉੱਤੇ ਮਾਣ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਅਜਿਹਾ ਵਤੀਰਾ ਬਣਾਉਣਾ ਚਾਹੀਦਾ ਹੈ ਕਿ ਜਿਸ ਨਾਲ ਉਹ ਆਪਣੇ ਸੰਪਰਕ ਵਾਲੇ ਲੋਕਾਂ ਵਿੱਚ ਲਗਾਤਾਰ ਭਾਰਤ ਅੰਦਰਲੇ ਸੈਲਾਨੀ ਟਿਕਾਣਿਆਂ ਨੂੰ ਉਤਸ਼ਾਹਿਤ ਕਰ ਸਕਣ।

ਪ੍ਰਧਾਨ ਮੰਤਰੀ ਨੇ ਉੱਦਮੀਆਂ ਨੂੰ ”ਵੇਸਟ ਟੂ ਵੈਲਥ” ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਇਸ ਨਾਲ ਸਵੱਛ ਭਾਰਤ ਅਤੇ ਸਾਫ ਵਾਤਾਵਰਣ ਦੇ ਟੀਚਿਆਂ ਨੂੰ ਹਾਸਲ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਉੱਦਮੀਆਂ ਅਤੇ ਵਪਾਰੀਆਂ ਦਾ ਉਦੇਸ਼ ਅਜਿਹੇ ਉਤਪਾਦ ਪੇਸ਼ ਕਰਨਾ ਹੋਣਾ ਚਾਹੀਦਾ ਹੈ ਜਿਨ੍ਹਾਂ ਨਾਲ ਦੇਸ਼ ਦੇ ਲੋਕਾਂ ਨੂੰ ਪੇਸ਼ ਆ ਰਹੀਆਂ ਸਾਧਾਰਨ ਸਮੱਸਿਆਵਾਂ ਵੀ ਹੱਲ ਹੋ ਸਕਣ।

ਇਸ ਮੌਕੇ ‘ਤੇ ਕਈ ਕੇਂਦਰੀ ਮੰਤਰੀ ਅਤੇ ਸੀਨੀਅਰ ਸਰਕਾਰੀ ਅਧਿਕਾਰੀ ਮੌਜੂਦ ਸਨ।

*****

AKT/HS