Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਨਾਈਟ੍ਰੋਜਨ ਪਲਾਂਟਾਂ ਨੂੰ ਆਕਸੀਜਨ ਪਲਾਂਟਾਂ ਵਿੱਚ ਤਬਦੀਲ ਕਰਨ ਦੇ ਕੰਮ ਦੀ ਪ੍ਰਗਤੀ ਦੀ ਸਮੀਖਿਆ ਕੀਤੀ


ਕੋਵਿਡ-19 ਮਹਾਮਾਰੀ ਦੇ ਪ੍ਰਕੋਪ ਦੇ ਦਰਮਿਆਨ ਮੈਡੀਕਲ ਆਕਸੀਜਨ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਸਰਕਾਰ ਨੇ ਆਕਸੀਜਨ ਉਤਪਾਦਨ ਲਈ ਮੌਜੂਦਾ ਨਾਈਟ੍ਰੋਜਨ ਪਲਾਂਟਾਂ ਨੂੰ ਆਕਸੀਜਨ ਪਲਾਂਟਾਂ ਵਿੱਚ ਤਬਦੀਲ ਕਰਨ ਦੀ ਵਿਵਹਾਰਕਤਾ ਦਾ ਪਤਾ ਲਗਾਇਆ। ਅਜਿਹੇ ਵਿਭਿੰਨ ਸੰਭਾਵਿਤ ਉਦਯੋਗਾਂ ਦੀ ਪਹਿਚਾਣ ਕੀਤੀ ਗਈ ਹੈ ਜਿਸ ਵਿੱਚ ਮੌਜੂਦਾ ਨਾਈਟ੍ਰੋਜਨ ਪਲਾਂਟਾਂ ਨੂੰ ਆਕਸੀਜਨ ਦੇ ਉਤਪਾਦਨ ਲਈ ਤਬਦੀਲ ਕੀਤਾ ਜਾ ਸਕਦਾ ਹੈ।

 

ਮੌਜੂਦਾ ਪ੍ਰੈਸ਼ਰ ਸਵਿੰਗ ਅਧਿਸੋਖਣ (ਪੀਐੱਸਏ) ਨਾਈਟ੍ਰੋਜਨ ਪਲਾਂਟਾਂ ਨੂੰ ਆਕਸੀਜਨ ਦੇ ਉਤਪਾਦਨ ਲਈ ਤਬਦੀਲ ਕਰਨ ਦੀ ਪ੍ਰਕਿਰਿਆ ਤੇ ਚਰਚਾ ਕੀਤੀ ਗਈ। ਨਾਈਟ੍ਰੋਜਨ ਪਲਾਂਟਾਂ ਵਿੱਚ ਕਾਰਬਨ ਮੌਲੀਕਿਊਲਰ ਸੀਵ (ਸੀਐੱਮਐੱਸ) ਦਾ ਉਪਯੋਗ ਕੀਤਾ ਜਾਂਦਾ ਹੈ ਜਦਕਿ ਆਕਸੀਜਨ ਦੇ ਉਤਪਾਦਨ ਲਈ ਜ਼ਿਓਲਾਈਟ ਮੌਲੀਕਿਊਲਰ ਸੀਵ (ਜ਼ੈੱਡਐੱਮਐੱਸ) ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਸੀਐੱਮਐੱਸ ਨੂੰ ਜ਼ੈੱਡਐੱਮਐੱਸ ਨਾਲ ਬਦਲ ਕੇ ਅਤੇ ਕੁਝ ਹੋਰ ਤਬਦੀਲੀਆਂ ਜਿਵੇਂ ਆਕਸੀਜਨ ਐਨਾਲਾਈਜ਼ਰ, ਕੰਟਰੋਲ ਪੈਨਲ ਪ੍ਰਣਾਲੀ, ਪ੍ਰਵਾਹ ਵਾਲਵ ਆਦਿ ਨਾਲ ਮੌਜੂਦਾ ਨਾਈਟ੍ਰੋਜਨ ਪਲਾਂਟਾਂ ਵਿੱਚ ਆਕਸੀਜਨ ਦੇ ਉਤਪਾਦਨ ਲਈ ਤਬਦੀਲ ਕੀਤਾ ਜਾ ਸਕਦਾ ਹੈ।

 

ਉਦਯੋਗਾਂ ਨਾਲ ਵਿਚਾਰ-ਚਰਚਾ ਦੇ ਬਾਅਦ ਹੁਣ ਤੱਕ 14 ਉਦਯੋਗਾਂ ਦੀ ਪਹਿਚਾਣ ਕੀਤੀ ਗਈ ਹੈ ਜਿੱਥੇ ਨਾਈਟ੍ਰੋਜਨ ਪਲਾਂਟਾਂ ਦੇ ਰੂਪਾਂਤਰਣ ਦਾ ਕੰਮ ਪ੍ਰਗਤੀ ਤੇ ਹੈ। ਇਸ ਦੇ ਇਲਾਵਾ ਉਦਯੋਗ ਸੰਘਾਂ ਦੀ ਮਦਦ ਨਾਲ 37 ਨਾਈਟ੍ਰੋਜਨ ਪਲਾਂਟਾਂ ਦੀ ਇਸ ਕਾਰਜ ਲਈ ਪਹਿਚਾਣ ਕੀਤੀ ਗਈ ਹੈ।

 

ਆਕਸੀਜਨ ਦੇ ਉਤਪਾਦਨ ਲਈ ਸੋਧੇ ਨਾਈਟ੍ਰੋਜਨ ਪਲਾਂਟ ਨੂੰ ਜਾਂ ਤਾਂ ਨਜ਼ਦੀਕ ਦੇ ਹਸਪਤਾਲ ਵਿੱਚ ਟਰਾਂਸਫਰ ਕੀਤਾ ਜਾ ਸਕਦਾ ਹੈ ਅਤੇ ਜੇਕਰ ਇਸ ਪਲਾਂਟ ਨੂੰ ਟਰਾਂਸਫਰ ਕਰਨਾ ਸੰਭਵ ਨਹੀਂ ਹੈ ਤਾਂ ਇਸ ਦਾ ਉਪਯੋਗ ਆਕਸੀਜਨ ਦੇ ਔਨ ਸਾਈਟ ਉਤਪਾਦਨ ਲਈ ਕੀਤਾ ਜਾ ਸਕਦਾ ਹੈ ਜਿਸ ਨੂੰ ਵਿਸ਼ੇਸ਼ ਵੈਸਲ/ਸਿਲੰਡਰ ਨਾਲ ਹਸਪਤਾਲ ਵਿੱਚ ਪਹੁੰਚਾਇਆ ਜਾ ਸਕਦਾ ਹੈ।

 

ਮੀਟਿੰਗ ਵਿੱਚ ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ, ਕੈਬਨਿਟ ਸਕੱਤਰ, ਗ੍ਰਹਿ ਸਕੱਤਰ, ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੇ ਸਕੱਤਰ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।

 

***

 

ਡੀਐੱਸ/ਏਕੇ