Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਸਟਾਰਟ-ਅੱਪ ਮਹਾਂਕੁੰਭ ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਸਟਾਰਟ-ਅੱਪ ਮਹਾਂਕੁੰਭ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨੇ ਆਯੋਜਿਤ ਪ੍ਰਦਰਸ਼ਨੀ ਦੀ ਸੰਖੇਪ ਜਾਣਕਾਰੀ ਵੀ ਲਈ। 

ਇਕੱਠ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਸਟਾਰਟ-ਅੱਪ ਮਹਾਂਕੁੰਭ ਦੀ ਮਹੱਤਤਾ ‘ਤੇ ਚਾਣਨਾਂ ਪਾਇਆ ਅਤੇ 2047 ਤੱਕ ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਦੇਸ਼ ਦੇ ਰੋਡਮੈਪ  ‘ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਪਿਛਲੇ ਕੁਝ ਦਹਾਕਿਆਂ ਵਿੱਚ ਸੂਚਨਾ ਟੈਕਨੋਲੋਜੀ (IT) ਅਤੇ ਸੌਫਟਵੇਅਰ ਸੈਕਟਰ ਵਿੱਚ ਭਾਰਤ ਦੀ ਛਾਪ ਛੱਡਣ ਦਾ ਜ਼ਿਕਰ ਕੀਤਾ ਅਤੇ ਇਨੋਵੇਸ਼ਨ ਅਤੇ ਸਟਾਰਟ-ਅੱਪ ਕਲਚਰ ਦੇ ਉੱਭਰਦੇ ਹੋਏ ਰੁਝਾਨਾਂ ਨੂੰ ਰੇਖਾਂਕਿਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਟਾਰਟ-ਅੱਪ ਜਗਤ ਦੇ ਲੋਕਾਂ ਦੀ ਮੌਜੂਦਗੀ ਅੱਜ ਦੇ ਅਵਸਰ ਦੇ ਮਹੱਤਵ ਨੂੰ ਦਰਸਾਉਂਦੀ ਹੈ। ਦੇਸ਼ ਵਿੱਚ ਸਟਾਰਟ-ਅੱਪ ਦੀ ਸਫਲਤਾ ਬਾਰੇ ਚਰਚਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਉਸ ਮੌਲਿਕ ਪ੍ਰਤਿਭਾਸ਼ਾਲੀ ਤੱਤ ਵੱਲ ਧਿਆਨ ਆਕਰਸ਼ਿਤ ਕੀਤਾ ਜੋ ਉਨ੍ਹਾਂ ਨੂੰ ਸਫਲ ਬਣਾਉਂਦੇ  ਹਨ।

ਉਨ੍ਹਾਂ ਨੇ ਇਨਵੈਸਟਰਸ, ਇਨਕਿਊਬੇਟਰਸ, ਅਕਾਦਮਿਕਾਂ, ਸੋਧਕਰਤਾਵਾਂ, ਉਦਯੋਗ ਦੇ ਮੋਹਰੀ ਮੈਂਬਰਾਂ ਅਤੇ ਮੌਜੂਦਾ ਅਤੇ ਭਵਿੱਖ ਦੇ ਉਦਮੀਆਂ ਦੀ ਮੌਜੂਦਗੀ ਨੂੰ ਸਵੀਕਾਰ ਕਰਦੇ ਹੋਏ ਕਿਹਾ ਕਿ ਅਸਲ ਵਿੱਚ ਇਹ ਮਹਾਂਕੁੰਭ ਬੇਮਿਸਾਲ ਊਰਜਾ ਅਤੇ ਜੀਵੰਤਤਾ ਦਾ ਨਿਰਮਾਣ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਉਹ ਖੇਡ ਅਤੇ ਪ੍ਰਦਰਸ਼ਨੀ ਸਟਾਲਾਂ ਦਾ ਦੌਰਾ ਕਰ ਰਹੇ ਹਨ, ਤਾਂ ਉਨ੍ਹਾਂ ਨੂੰ ਇਹੀ ਭਾਵ ਮਹਿਸੂਸ ਹੋਇਆ। ਇਨ੍ਹਾਂ ਸਟਾਲਾਂ ‘ਤੇ ਲੋਕਾਂ ਨੇ ਬੜੇ ਮਾਣ ਨਾਲ ਆਪਣੇ ਇਨੋਵੇਸ਼ਨਸ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਸਟਾਰਟ-ਅੱਪ ਮਹਾਂਕੁੰਭ ਵਿੱਚ ਆਉਣ ਵਾਲਾ ਕੋਈ ਵੀ ਭਾਰਤੀ ਭਵਿੱਖ ਦੇ ਯੂਨੀਕੌਰਨਸ ਅਤੇ ਡੇਕਾਕੌਰਨਸ ਦਾ ਗਵਾਹ ਬਣੇਗਾ।

 

ਪ੍ਰਧਾਨ ਮੰਤਰੀ ਨੇ ਸਹੀ ਨੀਤੀਆਂ ਦੇ ਕਾਰਣ ਦੇਸ਼ ਵਿੱਚ ਸਟਾਰਟਅੱਪ ਈਕੋਸਿਸਟਮ ਦੇ ਵਿਕਾਸ ਤੇ ਸੰਤੋਖ ਵਿਅਕਤ ਕੀਤਾ। ਸਮਾਜ ਵਿੱਚ ਸਟਾਰਟਅੱਪ ਦੀ ਧਾਰਨਾ ਦੇ ਪ੍ਰਤੀ ਸ਼ੁਰੂਆਤੀ ਝਿਜਕ ਅਤੇ ਉਦਾਸੀਨਤਾ ਨੂੰ ਯਾਦ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਟਾਰਟਅੱਪ ਇੰਡੀਆ ਦੇ ਤਹਿਤ ਸਮੇਂ ਦੇ ਨਾਲ ਇਨੋਵੇਟਿਵ ਵਿਚਾਰਾਂ ਨੂੰ ਪਲੇਟਫਾਰਮ ਮਿਲਿਆ। ਉਨ੍ਹਾਂ ਨੇ ਫੰਡਿੰਗ ਸੋਮਿਆਂ ਅਤੇ ਅਕਾਦਮਿਕ ਇੰਸਟੀਟਿਊਸ਼ਨਜ਼ ਵਿੱਚ ਇਨਕਿਊਬੇਟਰਸ ਦੇ ਨਾਲ ਵਿਚਾਰਾਂ ਨੂੰ ਜੋੜ ਕੇ ਈਕੋਸਿਸਟਮ ਦੇ ਵਿਕਾਸ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਇਸ ਨਾਲ ਟਿਯਰ-2 ਅਤੇ ਟਿਯਰ-3 ਸ਼ਹਿਰਾਂ ਦੇ ਨੌਜਵਾਨਾਂ ਨੂੰ ਸੁਵਿਧਾਵਾਂ ਪ੍ਰਦਾਨ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸਟਾਰਟਅੱਪਸ ਇੱਕ ਸਮਾਜਿਕ ਸੱਭਿਆਚਾਰ ਬਣ ਗਿਆ ਹੈ ਅਤੇ ਸਮਾਜਿਕ ਸੱਭਿਆਚਾਰ ਨੂੰ ਕੋਈ ਰੋਕ ਨਹੀਂ ਸਕਦਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਟਾਰਟਅੱਪ ਕ੍ਰਾਂਤੀ ਦੀ ਅਗਵਾਈ ਛੋਟੇ ਸ਼ਹਿਰਾਂ ਦੁਆਰਾ ਕੀਤੀ ਜਾ ਰਹੀ ਹੈ ਅਤੇ ਇਹ ਕ੍ਰਾਂਤੀ ਐਗਰੀਕਲਚਰ, ਟੈਕਸਟਾਇਲ, ਮੈਡੀਸਨ, ਟ੍ਰਾਂਸਪੋਰਟ, ਸਪੇਸ, ਯੋਗਾ ਅਤੇ ਆਯੁਰਵੇਦਾ ਸਹਿਤ ਕਈ ਖੇਤਰਾਂ ਵਿੱਚ ਪ੍ਰਤਿਬਿੰਬਤ ਹੋ ਰਹੀ ਹੈ। ਸਪੇਸ ਸਟਾਰਟਅੱਪ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੰਡੀਅਨ ਸਟਾਰਟਅੱਪ ਸਪੇਸ ਸੈਕਟਰ ਵਿੱਚ 50 ਤੋਂ ਵੱਧ ਖੇਤਰਾਂ ਵਿੱਚ ਕੰਮ ਕਰ ਰਹੇ ਹਨ, ਜਿਨ੍ਹਾਂ ਵਿੱਚ ਸਪੇਸ ਸ਼ਟਲ ਦਾ ਲਾਂਚ ਵੀ ਸ਼ਾਮਲ ਹੈ।

ਪ੍ਰਧਾਨ ਮੰਤਰੀ ਨੇ ਸਟਾਰਟਅੱਪਸ ਦੇ ਬਾਰੇ ਬਦਲਦੀ ਹੋਈ ਸੋਚ ‘ਤੇ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਸਟਾਰਟਅੱਪਸ ਨੇ ਇਹ ਮਾਨਸਿਕਤਾ ਬਦਲ ਦਿੱਤੀ ਹੈ ਕਿ ਕਾਰੋਬਾਰ ਸ਼ੁਰੂ ਕਰਨ ਲਈ ਬਹੁਤ ਜ਼ਿਆਦਾ ਪੈਸੇ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਨੇ ਨੌਕਰੀ ਮੰਗਣ ਵਾਲੇ ਦੀ ਬਜਾਏ ਨੌਕਰੀ ਦੇਣ ਵਾਲਾ ਬਣਨ ਦਾ ਰਾਹ ਚੁਣਨ ਲਈ ਦੇਸ਼ ਦੇ ਨੌਜਵਾਨਾਂ  ਦੀ ਸ਼ਲਾਘਾ ਕੀਤੀ।

ਉਨ੍ਹਾਂ ਕਿਹਾ ਕਿ ਭਾਰਤ ਵਿੱਚ 1.25 ਲੱਖ ਸਟਾਰਟਅੱਪਸ ਕੰਮ ਕਰ ਰਹੇ ਹਨ। ਇੱਥੇ ਤੀਸਰਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਹੈ, ਜਿਸ ਵਿੱਚ 12 ਲੱਖ ਯੁਵਾ ਸਿੱਧੇ ਤੌਰ ‘ਤੇ ਜੁੜੇ ਹੋਏ ਹਨ। ਪ੍ਰਧਾਨ ਮੰਤਰੀ ਨੇ ਉੱਦਮੀਆਂ ਨੂੰ ਆਪਣੇ ਪੇਟੈਂਟ ਛੇਤੀ ਤੋਂ ਛੇਤੀ ਦਾਖਲ ਕਰਨ ਪ੍ਰਤੀ ਸੁਚੇਤ ਰਹਿਣ ਲਈ ਕਿਹਾ। ਜੀਈਐੱਮ ਪੋਰਟਲ ਨੇ ਕਾਰੋਬਾਰਾਂ ਅਤੇ ਸਟਾਰਟਅੱਪਸ ਨੂੰ 20,000 ਕਰੋੜ ਰੁਪਏ ਤੋਂ ਵੀ ਵੱਧ ਪ੍ਰਦਾਨ ਕੀਤੇ ਹਨ। ਉਨ੍ਹਾਂ ਨੇ ਨਵੇਂ ਖੇਤਰਾਂ ਵਿੱਚ ਜਾਣ ਵਾਸਤੇ ਨੌਜਵਾਨਾਂ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨੀਤੀਗਤ ਮੰਚਾਂ ‘ਤੇ ਸ਼ੁਰੂ ਕੀਤੇ ਗਏ ਸਟਾਰਟਅੱਪ ਅੱਜ ਨਵੀਆਂ ਉਚਾਈਆਂ ਨੂੰ ਛੂਹ ਰਹੇ ਹਨ।

ਡਿਜੀਟਲ ਇੰਡੀਆ ਦੁਆਰਾ ਸਟਾਰਟਅੱਪ ਨੂੰ ਪ੍ਰਦਾਨ ਕੀਤੇ ਗਏ ਪ੍ਰੋਤਸਾਹਨ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਵੱਡਾ ਪ੍ਰੇਰਣਾ ਸਰੋਤ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਕਾਲਜ ਇਸ ਨੂੰ ਇੱਕ ਅਧਿਐਨ ਦੇ ਰੂਪ ਵਿੱਚ ਦੇਖਣ। ਉਨ੍ਹਾਂ ਕਿਹਾ ਕਿ ਯੂਪੀਆਈ ਫਿਨ-ਟੈੱਕ ਸਟਾਰਟ-ਅੱਪ ਲਈ ਸਮਰਥਨ ਦਾ ਇੱਕ ਥੰਮ੍ਹ ਬਣ ਗਿਆ ਹੈ ਜੋ ਦੇਸ਼ ਵਿੱਚ ਡਿਜੀਟਲ ਸਰਵਿਸਿਸ ਦੇ ਵਿਸਤਾਰ ਲਈ ਨਵੇਂ ਉਤਪਾਦਾਂ ਅਤੇ ਸੇਵਾਵਾਂ ਦੇ ਵਿਕਾਸ ਦੀ ਅਗਵਾਈ ਕਰਦਾ ਹੈ।

ਉਨ੍ਹਾਂ ਨੇ ਜੀ20 ਸਮਿਟ ਦੌਰਾਨ ਭਾਰਤ ਮੰਡਪਮ ਵਿੱਚ ਸਥਾਪਿਤ ਇੱਕ ਬੂਥ ‘ਤੇ ਇੰਡਸਟਰੀ ਅਤੇ ਗਲੋਬਲ ਲੀਡਰਾਂ ਦੀਆਂ ਲੰਬੀਆਂ ਲਾਈਨਾਂ ਨੂੰ ਯਾਦ ਕੀਤਾ, ਜਿਸ ਵਿੱਚ ਯੂਪੀਆਈ ਦੀ ਕਾਰਜਪ੍ਰਣਾਲੀ ਸਮਝਾਈ ਗਈ ਸੀ ਅਤੇ ਟ੍ਰਾਇਲ ਰਨ ਦੀ ਪੇਸ਼ਕਾਰੀ ਕੀਤੀ ਗਈ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਵਿੱਤੀ ਸਮਾਵੇਸ਼ਨ ਮਜ਼ਬੂਤ ਹੋਇਆ ਹੈ ਅਤੇ ਗ੍ਰਾਮੀਣ ਅਤੇ ਸ਼ਹਿਰੀ ਪੱਧਰ ‘ਤੇ ਪਾੜੇ ਵਿੱਚ ਕਮੀ ਆਈ ਹੈ। ਟੈਕਨੋਲੋਜੀ ਦਾ ਵਿਸਤਾਰ ਸ਼ਹਿਰਾਂ ਦੇ ਨਾਲ-ਨਾਲ ਗ੍ਰਾਮੀਣ ਖੇਤਰਾਂ ਤੱਕ ਹੋਇਆ ਹੈ। ਪ੍ਰਧਾਨ ਮੰਤਰੀ ਨੇ ਪ੍ਰਸੰਨਤਾ ਵਿਅਕਤ ਕੀਤੀ ਕਿ ਦੇਸ਼ ਵਿੱਚ 45 ਫੀਸਦੀ ਤੋਂ ਵੱਧ ਸਟਾਰਟ-ਅੱਪ ਮਹਿਲਾਵਾਂ ਦੀ ਅਗਵਾਈ ਵਾਲੇ ਹਨ, ਭਾਵੇਂ ਉਹ ਸਿੱਖਿਆ, ਖੇਤੀਬਾੜੀ ਜਾਂ ਸਿਹਤ ਹੋਵੇ।

ਪ੍ਰਧਾਨ ਮੰਤਰੀ ਨੇ ਨਾ ਸਿਰਫ ਵਿਕਸਿਤ ਭਾਰਤ ਦੇ ਲਈ ਸਗੋਂ ਮਾਨਵਤਾ ਦੇ ਲਈ ਇਨੋਵੇਸ਼ਨ ਦੇ ਕਲਚਰ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸਟਾਰਟਅੱਪ-20 ਦੇ ਤਹਿਤ ਗਲੋਬਲ ਸਟਾਰਟਅੱਪ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨ ਦੀ ਭਾਰਤ ਦੀ ਪਹਿਲ ਦਾ ਜ਼ਿਕਰ ਕੀਤਾ ਜੋ ਸਟਾਰਟਅੱਪ ਨੂੰ ਵਿਕਾਸ ਇੰਜਣ ਦੇ ਰੂਪ ਵਿੱਚ ਸਵੀਕਾਰ ਕਰਦਾ ਹੈ। ਉਨ੍ਹਾਂ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦੇ ਖੇਤਰ ਵਿੱਚ ਵੀ ਭਾਰਤ ਦਾ ਪਲੜਾ ਭਾਰਾ ਹੋਣ ਦੀ ਗੱਲ ਕਹੀ।

ਪ੍ਰਧਾਨ ਮੰਤਰੀ ਨੇ ਏਆਈ ਉਦਯੋਗ ਦੇ ਆਉਣ ਦੇ ਨਾਲ ਯੰਗ ਇਨੋਵੇਟਰਸ ਅਤੇ ਗਲੋਬਲ ਇਨਵੈਸਟਰਸ ਦੋਵਾਂ ਲਈ ਸਿਰਜੇ ਜਾ ਰਹੇ ਕਈ ਮੌਕਿਆਂ ਨੂੰ ਰੇਖਾਂਕਿਤ ਕੀਤਾ ਅਤੇ ਨੈਸ਼ਨਲ ਕਵਾਂਟਮ ਮਿਸ਼ਨ, ਭਾਰਤ ਏਆਈ ਮਿਸ਼ਨ ਅਤੇ ਸੈਮੀਕੰਡਕਟਰ ਮਿਸ਼ਨ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕੁਝ ਸਮਾਂ ਪਹਿਲਾਂ ਅਮਰੀਕਾ ਸੀਨੇਟ ਵਿੱਚ ਆਪਣੇ ਸੰਬੋਧਨ ਦੌਰਾਨ ਏਆਈ ਬਾਰੇ ਚਰਚਾ ਨੂੰ ਯਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਭਾਰਤ ਇਸ ਖੇਤਰ ਵਿੱਚ ਮੋਹਰੀ ਬਣਿਆ ਰਹੇਗਾ। ਉਨ੍ਹਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਗਲੋਬਲ ਐਪਲੀਕੇਸ਼ਨਾਂ ਦੇ ਲਈ ਭਾਰਤੀ ਸਮਾਧਾਨ ਦੁਨੀਆ ਦੇ ਕਈ ਦੇਸ਼ਾਂ ਲਈ ਮਦਦਗਾਰ ਬਣਨਗੇ।

ਪ੍ਰਧਾਨ ਮੰਤਰੀ ਨੇ ਹੈਕਥੌਨ ਆਦਿ ਦੇ ਜ਼ਰੀਏ ਭਾਰਤੀ ਨੌਜਵਾਨਾਂ ਨੂੰ ਸਿੱਖਣ ਦੀ ਆਲਮੀ ਇੱਛਾ ਨੂੰ ਸਵੀਕਾਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਸਥਿਤੀਆਂ ਵਿੱਚ ਪ੍ਰੀਖਣ ਕੀਤੇ ਗਏ ਸਮਾਧਾਨਾਂ ਨੂੰ ਆਲਮੀ ਮਨਜ਼ੂਰੀ ਮਿਲੀ ਹੈ। ਉਨ੍ਹਾਂ ਨੇ ਨੈਸ਼ਨਲ ਰਿਸਰਚ ਫਾਊਂਡੇਸ਼ਨ ਅਤੇ ਸਨਰਾਈਜ਼ ਸੈਕਟਰ ਏਰੀਆ ਵਿੱਚ ਭਵਿੱਖ ਦੀਆਂ ਜ਼ਰੂਰਤਾਂ ਲਈ ਖੋਜ ਅਤੇ ਯੋਜਨਾ ਲਈ ਇੱਕ ਲੱਖ ਕਰੋੜ ਰੁਪਏ ਦੇ  ਫੰਡ ਦਾ ਜ਼ਿਕਰ ਵੀ ਕੀਤਾ।

 ਪ੍ਰਧਾਨ ਮੰਤਰੀ ਨੇ ਸਟਾਰਟਅੱਪਸ ਨੂੰ ਕਿਹਾ ਕਿ ਲੋਕਾਂ ਦੀ ਸਹਾਇਤਾ ਕਰਨ ਅਤੇ ਜੋ ਉਨ੍ਹਾਂ ਨੂੰ ਸਮਾਜ ਤੋਂ ਹਾਸਲ ਕੀਤਾ ਹੈ ਉਹ ਉਸ ਸਹਾਇਤਾ ਦੇ ਜ਼ਰੀਏ ਵਾਪਸ ਦੇਣ। ਉਨ੍ਹਾਂ ਨੇ ਸੰਸਥਾਨਾਂ ਨੂੰ ਕਿਹਾ ਕਿ ਉਹ ਸਟਾਰਟਅੱਪਸ ਸੈਕਟਰਾਂ ਵਿੱਚ ਸ਼ਾਮਲ ਹੋਣ। ਉਨ੍ਹਾਂ ਨੇ ਉਨ੍ਹਾਂ ਨੂੰ ਇਨਕਿਊਬੇਸ਼ਨ ਸੈਂਟਰਸ, ਸਕੂਲਾਂ ਅਤੇ ਕਾਲਜਾਂ ਦਾ ਦੌਰਾ ਕਰਨ ਅਤੇ ਵਿਦਿਆਰਥੀਆਂ ਦੇ ਨਾਲ ਆਪਣੀ ਅੰਤਰਦ੍ਰਿਸ਼ਟੀ ਸਾਂਝੀ ਕਰਨ ਲਈ ਕਿਹਾ। ਉਨ੍ਹਾਂ ਨੇ ਹੈਕਥੌਨ ਜ਼ਰੀਏ ਸਰਕਾਰੀ ਸਮੱਸਿਆ ਵੇਰਵੇ ਦੇ ਸਮਾਧਾਨ ਵਿੱਚ ਨੌਜਵਾਨਾਂ ਨੂੰ ਸ਼ਾਮਲ ਕਰਨ ਦੇ ਆਪਣੇ ਤਜ਼ਰਬੇ ਸਾਂਝੇ ਕੀਤੇ। ਉਨ੍ਹਾਂ ਨੇ ਦੱਸਿਆ ਕਿ ਸ਼ਾਸਨ ਵਿੱਚ ਕਈ ਚੰਗੇ ਸਮਾਧਾਨ ਅਪਣਾਏ ਗਏ ਅਤੇ ਸਮਾਧਾਨ ਲੱਭਣ ਲਈ ਹੈਕਥੌਨ ਕਲਚਰ ਸਰਕਾਰ ਵਿੱਚ ਸਥਾਪਿਤ ਹੋਇਆ। ਉਨ੍ਹਾਂ ਨੇ ਕਾਰੋਬਾਰਾਂ ਅਤੇ  ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (MSMEs) ਵਿੱਚ ਇਸ ਦੀ ਪਾਲਨਾ ਕਰਨ ਲਈ ਕਿਹਾ। ਉਨ੍ਹਾਂ ਮਹਾਂਕੁੰਭ ਵਿੱਚ ਸ਼ਾਮਲ ਲੋਕਾਂ ਨੂੰ ਕਿਹਾ ਕਿ ਉਹ ਕਾਰਵਾਈ ਯੋਗ ਬਿੰਦੂਆਂ ਨੂੰ ਸਾਹਮਣੇ ਲਿਆਉਣ।

ਪ੍ਰਧਾਨ ਮੰਤਰੀ ਨੇ ਭਾਰਤ ਨੂੰ 11ਵੇਂ ਸਥਾਨ ਤੋਂ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣ ਵਿੱਚ ਨੌਜਵਾਨਾਂ ਦੇ ਯੋਗਦਾਨ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਤੀਸਰੇ ਕਾਰਜਕਾਲ ਵਿੱਚ ਭਾਰਤ ਨੂੰ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣ ਦੀ ਗਰੰਟੀ ਨੂੰ ਪੂਰਾ ਕਰਨ ਵਿਚ ਸਟਾਰਟਅੱਪ ਦੁਆਰਾ ਨਿਭਾਈ ਜਾਣ ਵਾਲੀ ਭੂਮਿਕਾ ‘ਤੇ ਵੀ ਚਾਨਣਾਂ ਪਾਇਆ। ਸੰਬੋਧਨ  ਦੀ ਸਮਾਪਤੀ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਦੇ ਨਾਲ ਗੱਲਬਾਤ ਕਰਨਾ ਉਨ੍ਹਾਂ ਨੂੰ ਨਵੀਂ ਊਰਜਾ ਨਾਲ ਭਰ ਦਿੰਦਾ ਹੈ। ਉਨ੍ਹਾਂ ਨੇ ਨੌਜਵਾਨਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਮੌਕੇ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ, ਕੇਂਦਰੀ ਰਾਜ ਮੰਤਰੀ ਸ਼੍ਰੀਮਤੀ ਅਨੁਪ੍ਰਿਯਾ ਪਟੇਲ ਅਤੇ ਸ਼੍ਰੀ ਸੋਮ ਪ੍ਰਕਾਸ਼ ਸਮੇਤ ਹੋਰ ਮੌਜੂਦ ਸਨ।  

*********

ਡੀਐੱਸ/ਟੀਐੱਸ