Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ ਇੰਟਰਨੈਸ਼ਨਲ ਐਗਜ਼ੀਬਿਸ਼ਨ-ਕਮ-ਕਨਵੈਨਸ਼ਨ ਸੈਂਟਰ (ਆਈਈਸੀਸੀ) ਕੰਪਲੈਕਸ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ ਇੰਟਰਨੈਸ਼ਨਲ ਐਗਜ਼ੀਬਿਸ਼ਨ-ਕਮ-ਕਨਵੈਨਸ਼ਨ ਸੈਂਟਰ (ਆਈਈਸੀਸੀ) ਕੰਪਲੈਕਸ ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ ਇੰਟਰਨੈਸ਼ਨਲ ਐਗਜ਼ੀਬਿਸ਼ਨ-ਕਮ-ਕਨਵੈਨਸ਼ਨ ਸੈਂਟਰ (ਆਈਈਸੀਸੀ) ਕੰਪਲੈਕਸ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਜੀ20 ਦੇ ਸਿੱਕੇ ਅਤੇ ਜੀ20 ਦੀ ਡਾਕ ਟਿਕਟ (ਸਟੈਂਪ) ਤੋਂ ਵੀ ਪਰਦਾ ਹਟਾਇਆ। ਪ੍ਰਧਾਨ ਮੰਤਰੀ ਨੇ ਕਨਵੈਨਸ਼ਨ ਸੈਂਟਰ ਦੇ ‘ਭਾਰਤ ਮੰਡਪਮ’ ਵਜੋਂ ਡ੍ਰੋਨ ਰਾਹੀਂ ਕੀਤੇ ਗਏ ਨਾਮਕਰਣ ਸਮਾਰੋਹ ਅਤੇ ਇਸ ਮੌਕੇ ‘ਤੇ ਪ੍ਰਦਰਸ਼ਿਤ ਕੀਤੇ ਗਏ ਸੱਭਿਆਚਾਰਕ ਪ੍ਰੋਗਰਾਮ ਨੂੰ ਵੀ ਦੇਖਿਆ। ਪ੍ਰਧਾਨ ਮੰਤਰੀ ਦੁਆਰਾ ਕਲਪਨਾ ਕੀਤਾ ਗਿਆ ਅਤੇ ਲਗਭਗ 2700 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਰਾਸ਼ਟਰੀ ਪ੍ਰੋਜੈਕਟ ਦੇ ਰੂਪ ਵਿੱਚ ਵਿਕਸਿਤ ਕੀਤਾ ਗਿਆ, ਪ੍ਰਗਤੀ ਮੈਦਾਨ ਵਿੱਚ ਨਵਾਂ ਇੰਟਰਨੈਸ਼ਨਲ ਐਗਜ਼ੀਬਿਸ਼ਨ-ਕਮ-ਕਨਵੈਨਸ਼ਨ ਸੈਂਟਰ (ਆਈਈਸੀਸੀ) ਕੰਪਲੈਕਸ ਭਾਰਤ ਨੂੰ ਇੱਕ ਗਲੋਬਲ ਬਿਜ਼ਨਸ ਡੈਸਟੀਨੇਸ਼ਨ ਵਜੋਂ ਉਤਸ਼ਾਹਿਤ ਕਰਨ ਵਿੱਚ ਮਦਦ ਕਰੇਗਾ।

 

ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਰਾਸ਼ਟਰ ਦੇ ਨਵੇਂ ਉਤਸ਼ਾਹ ਅਤੇ ਮੂਡ ਨੂੰ ਦਰਸਾਉਣ ਲਈ ਇੱਕ ਕਵਿਤਾ ਨਾਲ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਕਿਹਾ, “ਭਾਰਤ ਮੰਡਪਮ ਭਾਰਤ ਦੀਆਂ ਸਮਰੱਥਾਵਾਂ ਅਤੇ ਰਾਸ਼ਟਰ ਦੀ ਨਵੀਂ ਊਰਜਾ ਦਾ ਸੱਦਾ ਹੈ, ਇਹ ਭਾਰਤ ਦੀ ਸ਼ਾਨ ਅਤੇ ਇੱਛਾ ਸ਼ਕਤੀ ਦਾ ਫ਼ਲਸਫ਼ਾ ਹੈ।”

 

ਪ੍ਰਧਾਨ ਮੰਤਰੀ ਨੇ ਅੱਜ ਸਵੇਰੇ ਸ਼੍ਰਮਿਕਾਂ ਨੂੰ ਸਨਮਾਨਿਤ ਕਰਦੇ ਹੋਏ ਯਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਨੂੰ ਦੇਖ ਕੇ ਪੂਰਾ ਦੇਸ਼ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਨੇ ਭਾਰਤ ਮੰਡਪਮ ਲਈ ਦਿੱਲੀ ਦੇ ਲੋਕਾਂ ਦੇ ਨਾਲ-ਨਾਲ ਹਰ ਭਾਰਤੀ ਨੂੰ ਵਧਾਈ ਦਿੱਤੀ। ਕਰਗਿਲ ਵਿਜੈ ਦਿਵਸ ਦੇ ਇਤਿਹਾਸਿਕ ਮੌਕੇ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਧਾਨ ਮੰਤਰੀ ਨੇ ਪੂਰੇ ਰਾਸ਼ਟਰ ਦੀ ਤਰਫ਼ੋਂ ਕਰਗਿਲ ਯੁੱਧ ਦੌਰਾਨ ਭਾਰਤ ਲਈ ਆਪਣੀਆਂ ਜਾਨਾਂ ਬਲਿਦਾਨ ਕਰਨ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।

 

ਪ੍ਰਧਾਨ ਮੰਤਰੀ ਨੇ ਦੱਸਿਆ ਕਿ ‘ਭਾਰਤ ਮੰਡਪਮ’ ਨਾਮ ਦੇ ਪਿੱਛੇ ਭਗਵਾਨ ਬਸਵੇਸ਼ਵਰ ਦੇ ‘ਅਨੁਭਵ ਮੰਡਪਮ’ ਦੀ ਪ੍ਰੇਰਣਾ ਹੈ। ਉਨ੍ਹਾਂ ਨੇ ਕਿਹਾ ਕਿ ਅਨੁਭਵ ਮੰਡਪਮ ਬਹਿਸ ਅਤੇ ਪ੍ਰਗਟਾਵੇ ਦੀ ਪਰੰਪਰਾ ਨੂੰ ਦਰਸਾਉਂਦਾ ਹੈ। ਉਨ੍ਹਾਂ ਯਾਦ ਦਿਵਾਇਆ ਕਿ ਭਾਰਤ ਨੂੰ ਲੋਕਤੰਤਰ ਦੀ ਜਨਨੀ ਮੰਨਿਆ ਜਾਂਦਾ ਹੈ। ਉਨ੍ਹਾਂ ਇਸ ਸਬੰਧੀ ਕਈ ਇਤਿਹਾਸਿਕ ਅਤੇ ਪੁਰਾਤੱਤਵ ਉਦਾਹਰਣਾਂ ਦਾ ਹਵਾਲਾ ਦਿੱਤਾ। ਉਨ੍ਹਾਂ ਨੇ ਅੱਗੇ ਕਿਹਾ “ਇਹ ਭਾਰਤ ਮੰਡਪਮ ਸਾਡੇ ਲੋਕਤੰਤਰ ਲਈ ਅਸੀਂ ਭਾਰਤੀਆਂ ਦੁਆਰਾ ਇੱਕ ਸੁੰਦਰ ਤੋਹਫ਼ਾ ਹੈ ਜਿਸ ਸਮੇਂ ਕਿ ਅਸੀਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹਾਂ।” ਉਨ੍ਹਾਂ ਨੇ ਕਿਹਾ ਕਿ ਜਦੋਂ ਕੁਝ ਹਫ਼ਤਿਆਂ ਬਾਅਦ ਇਸ ਸਥਾਨ ‘ਤੇ ਜੀ20 ਸੰਮੇਲਨ ਹੋਵੇਗਾ ਤਾਂ ਪੂਰੀ ਦੁਨੀਆ ਭਾਰਤ ਦੀ ਤਰੱਕੀ ਅਤੇ ਵਧਦੇ ਕੱਦ ਨੂੰ ਦੇਖੇਗੀ।

 

ਦਿੱਲੀ ਵਿੱਚ ਵਿਸ਼ਵ ਪੱਧਰੀ ਕਨਵੈਨਸ਼ਨ ਸੈਂਟਰ ਦੀ ਜ਼ਰੂਰਤ ਬਾਰੇ ਵਿਸਤਾਰ ਵਿੱਚ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ 21ਵੀਂ ਸਦੀ ਵਿੱਚ ਸਾਨੂੰ 21ਵੀਂ ਸਦੀ ਲਈ ਢੁਕਵੀਂ ਉਸਾਰੀ ਕਰਨੀ ਪਵੇਗੀ। ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਭਾਰਤ ਮੰਡਪਮ ਦੁਨੀਆ ਭਰ ਦੇ ਪ੍ਰਦਰਸ਼ਕਾਂ ਲਈ ਬਹੁਤ ਲਾਭਦਾਇਕ ਹੋਵੇਗਾ ਅਤੇ ਭਾਰਤ ਵਿੱਚ ਕਾਨਫਰੰਸ ਟੂਰਿਜ਼ਮ ਲਈ ਇੱਕ ਮਾਧਿਅਮ ਬਣ ਜਾਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਮੰਡਪਮ ਦੇਸ਼ ਦੇ ਸਟਾਰਟਅੱਪਸ ਦੀਆਂ ਸਮਰੱਥਾਵਾਂ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਪਲੈਟਫਾਰਮ ਵਜੋਂ ਕੰਮ ਕਰੇਗਾ, ਕਲਾਕਾਰਾਂ ਅਤੇ ਅਦਾਕਾਰਾਂ ਦੇ ਪ੍ਰਦਰਸ਼ਨ ਦਾ ਗਵਾਹ ਬਣੇਗਾ ਅਤੇ ਦਸਤਕਾਰੀ ਕਾਰੀਗਰਾਂ ਦੇ ਯਤਨਾਂ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਪਲੈਟਫਾਰਮ ਪ੍ਰਦਾਨ ਕਰੇਗਾ। ਪ੍ਰਧਾਨ ਮੰਤਰੀ ਨੇ ਕਿਹਾ “ਭਾਰਤ ਮੰਡਪਮ ਆਤਮਨਿਰਭਰ ਭਾਰਤ ਅਤੇ ਵੋਕਲ ਫੌਰ ਲੋਕਲ ਮੁਹਿੰਮ ਦਾ ਪ੍ਰਤੀਬਿੰਬ ਬਣ ਜਾਵੇਗਾ।” ਉਨ੍ਹਾਂ ਨੇ ਕਿਹਾ ਕਿ ਕਨਵੈਨਸ਼ਨ ਸੈਂਟਰ ਅਰਥਵਿਵਸਥਾ ਤੋਂ ਲੈ ਕੇ ਵਾਤਾਵਰਣ ਤੱਕ ਅਤੇ ਵਪਾਰ ਤੋਂ ਲੈ ਕੇ ਟੈਕਨੋਲੋਜੀ ਤੱਕ ਦੇ ਹਰ ਖੇਤਰ ਲਈ ਇੱਕ ਮੰਚ ਵਜੋਂ ਉੱਭਰੇਗਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਮੰਡਪਮ ਜਿਹਾ ਬੁਨਿਆਦੀ ਢਾਂਚਾ ਦਹਾਕਿਆਂ ਪਹਿਲਾਂ ਵਿਕਸਿਤ ਕੀਤਾ ਜਾਣਾ ਚਾਹੀਦਾ ਸੀ। ਉਨ੍ਹਾਂ ਨੇ ਸਵਾਰਥਾਂ ਦੇ ਵਿਰੋਧ ਦੇ ਬਾਵਜੂਦ ਬੁਨਿਆਦੀ ਢਾਂਚਾ ਤਿਆਰ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੋਈ ਵੀ ਸਮਾਜ ਖੰਡਿਤ ਹੋ ਕੇ ਕੰਮ ਕਰਕੇ ਤਰੱਕੀ ਨਹੀਂ ਕਰ ਸਕਦਾ। ਉਨ੍ਹਾਂ ਨੇ ਕਿਹਾ ਕਿ ਭਾਰਤ ਮੰਡਪਮ ਦੂਰਦਰਸ਼ੀ ਸੰਪੂਰਨ ਕਾਰਜਸ਼ੈਲੀ ਦੀ ਮਿਸਾਲ ਹੈ। ਉਨ੍ਹਾਂ ਨੇ 160 ਤੋਂ ਵੱਧ ਦੇਸ਼ਾਂ ਲਈ ਈ-ਕਾਨਫਰੰਸ ਵੀਜ਼ਾ ਸੁਵਿਧਾ ਜਿਹੇ ਕਦਮਾਂ ਬਾਰੇ ਜਾਣਕਾਰੀ ਦਿੰਦਿਆਂ ਇਸ ਦੀ ਵਿਆਖਿਆ ਕੀਤੀ। ਦਿੱਲੀ ਹਵਾਈ ਅੱਡੇ ਦੀ ਸਮਰੱਥਾ 2014 ਵਿੱਚ 5 ਕਰੋੜ ਤੋਂ ਵਧ ਕੇ ਅੱਜ 7.5 ਕਰੋੜ ਸਲਾਨਾ ਹੋ ਗਈ ਹੈ। ਜੇਵਰ ਹਵਾਈ ਅੱਡੇ ਦੇ ਚਾਲੂ ਹੋਣ ਤੋਂ ਬਾਅਦ ਇਸ ਨੂੰ ਹੋਰ ਮਜ਼ਬੂਤ ​​ਕੀਤਾ ਜਾਵੇਗਾ। ਦਿੱਲੀ ਐੱਨਸੀਆਰ ਵਿੱਚ ਪਰਾਹੁਣਚਾਰੀ ਉਦਯੋਗ ਦਾ ਵੀ ਬਹੁਤ ਵਿਸਤਾਰ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨੇ ਕਾਨਫਰੰਸ ਟੂਰਿਜ਼ਮ ਲਈ ਇੱਕ ਪੂਰੀ ਈਕੋਸਿਸਟਮ ਬਣਾਉਣ ਦੀ ਯੋਜਨਾਬੱਧ ਪਹੁੰਚ ਦਾ ਸੰਕੇਤ ਦਿੱਤਾ ਹੈ।

 

ਪਿਛਲੇ ਕੁਝ ਵਰ੍ਹਿਆਂ ਵਿੱਚ ਰਾਜਧਾਨੀ ਨਵੀਂ ਦਿੱਲੀ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਨਵੇਂ ਉਦਘਾਟਨ ਕੀਤੇ ਗਏ ਸੰਸਦ ਭਵਨ ਨੂੰ ਉਜਾਗਰ ਕੀਤਾ ਅਤੇ ਕਿਹਾ ਕਿ ਇਹ ਹਰ ਭਾਰਤੀ ਵਿੱਚ ਗੌਰਵ ਪੈਦਾ ਕਰਦਾ ਹੈ। ਉਨ੍ਹਾਂ ਨੇ ਨੈਸ਼ਨਲ ਵਾਰ ਮੈਮੋਰੀਅਲ, ਪੁਲਿਸ ਮੈਮੋਰੀਅਲ ਅਤੇ ਬਾਬਾ ਸਾਹੇਬ ਅੰਬੇਡਕਰ ਮੈਮੋਰੀਅਲ ਜਿਹੇ ਸਮਾਰਕਾਂ ਦੀਆਂ ਉਦਾਹਰਣਾਂ ਵੀ ਦਿੱਤੀਆਂ। ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਕਰਤਵਯ ਪਥ ਦੇ ਆਸ-ਪਾਸ ਦਫ਼ਤਰੀ ਇਮਾਰਤਾਂ ਦੇ ਵਿਕਾਸ ਦਾ ਕੰਮ ਪੂਰੇ ਜ਼ੋਰਾਂ ‘ਤੇ ਚਲ ਰਿਹਾ ਹੈ ਕਿਉਂਕਿ ਸਰਕਾਰ ਵਰਕ ਕਲਚਰ ਦੇ ਨਾਲ-ਨਾਲ ਕੰਮ ਦੇ ਮਾਹੌਲ ਨੂੰ ਬਦਲਣ ਲਈ ਹੁਲਾਰਾ ਦੇ ਰਹੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਸੰਗ੍ਰਹਾਲਯ ਦਾ ਵੀ ਜ਼ਿਕਰ ਕੀਤਾ ਜੋ ਭਾਰਤ ਦੇ ਹੁਣ ਤੱਕ ਦੇ ਹਰ ਪ੍ਰਧਾਨ ਮੰਤਰੀ ਦੇ ਜੀਵਨ ਦੀ ਝਲਕ ਪ੍ਰਦਾਨ ਕਰਦਾ ਹੈ। ਉਨ੍ਹਾਂ ਦੱਸਿਆ ਕਿ ਨਵੀਂ ਦਿੱਲੀ ਵਿਖੇ ਦੁਨੀਆ ਦਾ ਸਭ ਤੋਂ ਬੜਾ ਅਜਾਇਬ ਘਰ ‘ਯੁਗੇ-ਯੁਗੀਨ ਭਾਰਤ’ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਾਨੂੰ ਵਿਕਾਸ ਕਰਨ ਲਈ ਬੜਾ ਸੋਚਣਾ ਹੋਵੇਗਾ ਅਤੇ ਬੜੇ ਲਕਸ਼ਾਂ ਨੂੰ ਹਾਸਲ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਲਈ, “ਭਾਰਤ ‘ਥਿੰਕ ਬਿਗ, ਡ੍ਰੀਮ ਬਿਗ, ਐਕਟ ਬਿਗ’ ਦੇ ਸਿਧਾਂਤ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ, “ਅਸੀਂ ਬੜਾ, ਬਿਹਤਰ ਅਤੇ ਤੇਜ਼ ਗਤੀ ਨਾਲ ਬਣਾ ਰਹੇ ਹਾਂ।” ਉਨ੍ਹਾਂ ਦੁਨੀਆ ਦੇ ਸਭ ਤੋਂ ਬੜੇ ਸੋਲਰ-ਵਿੰਡ ਪਾਰਕ, ​​ਸਭ ਤੋਂ ਉੱਚੇ ਰੇਲਵੇ ਪੁਲ਼, ਸਭ ਤੋਂ ਲੰਬੀ ਸੁਰੰਗ, ਸਭ ਤੋਂ ਉੱਚੀ ਮੋਟਰ ਸੜਕ, ਸਭ ਤੋਂ ਬੜਾ ਕ੍ਰਿਕਟ ਸਟੇਡੀਅਮ, ਦੁਨੀਆ ਦੀ ਸਭ ਤੋਂ ਉੱਚੀ ਪ੍ਰਤਿਮਾ ਅਤੇ ਭਾਰਤ ਵਿੱਚ ਏਸ਼ੀਆ ਦੇ ਦੂਸਰੇ ਸਭ ਤੋਂ ਬੜੇ ਰੇਲਰੋਡ ਪੁਲ ਬਾਰੇ ਗੱਲ ਕੀਤੀ। ਉਨ੍ਹਾਂ ਗ੍ਰੀਨ ਹਾਈਡ੍ਰੋਜਨ ਵਿੱਚ ਤਰੱਕੀ ਦਾ ਜ਼ਿਕਰ ਕਰਦਿਆਂ ਕਿਹਾ “ਪੂਰਾ ਰਾਸ਼ਟਰ ਮੌਜੂਦਾ ਸਰਕਾਰ ਦੇ ਇਸ ਕਾਰਜਕਾਲ ਅਤੇ ਪਿਛਲੇ ਕਾਰਜਕਾਲ ਦੇ ਵਿਕਾਸ ਦੇ ਥੰਮ੍ਹਾਂ ਦਾ ਗਵਾਹ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਵਿਕਾਸ ਯਾਤਰਾ ਹੁਣ ਰੁਕਣ ਵਾਲੀ ਨਹੀਂ ਹੈ। ਸ਼੍ਰੀ ਮੋਦੀ ਨੇ ਰੇਖਾਂਕਿਤ ਕੀਤਾ ਕਿ ਮੌਜੂਦਾ ਸਰਕਾਰ 2014 ਵਿੱਚ ਜਦੋਂ ਸੱਤਾ ਵਿੱਚ ਆਈ ਸੀ, ਤਾਂ ਭਾਰਤ ਦੁਨੀਆ ਦੀ 10ਵੀਂ ਸਭ ਤੋਂ ਵੱਡੀ ਅਰਥਵਿਵਸਥਾ ਸੀ, ਪਰ ਅੱਜ ਭਾਰਤ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ। ਟ੍ਰੈਕ ਰਿਕਾਰਡ ਦੇ ਅਨੁਸਾਰ, ਪ੍ਰਧਾਨ ਮੰਤਰੀ ਨੇ ਭਰੋਸਾ ਦਿਵਾਇਆ ਕਿ ਤੀਸਰੇ ਕਾਰਜਕਾਲ ਵਿੱਚ ਭਾਰਤ ਦਾ ਨਾਮ ਦੁਨੀਆ ਦੀਆਂ ਚੋਟੀ ਦੀਆਂ 3 ਅਰਥਵਿਵਸਥਾਵਾਂ ਵਿੱਚ ਸ਼ਾਮਲ ਹੋਵੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ “ਇਹ ਮੋਦੀ ਦੀ ਗਰੰਟੀ ਹੈ।” ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਇਹ ਵੀ ਭਰੋਸਾ ਦਿੱਤਾ ਕਿ ਤੀਸਰੇ ਕਾਰਜਕਾਲ ਵਿੱਚ ਭਾਰਤ ਦੀ ਵਿਕਾਸ ਯਾਤਰਾ ਦੀ ਗਤੀ ਕਈ ਗੁਣਾ ਵਧ ਜਾਵੇਗੀ ਅਤੇ ਨਾਗਰਿਕ ਆਪਣੇ ਸੁਪਨੇ ਸਾਕਾਰ ਹੁੰਦੇ ਦੇਖਣਗੇ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਵੇਂਕਿ ਪਿਛਲੇ 9 ਵਰ੍ਹਿਆਂ ਵਿੱਚ ਬੁਨਿਆਦੀ ਢਾਂਚੇ ਦੇ ਨਿਰਮਾਣ ‘ਤੇ 34 ਲੱਖ ਕਰੋੜ ਰੁਪਏ ਖਰਚ ਕੀਤੇ ਗਏ ਹਨ, ਅੱਜ ਭਾਰਤ ਪੁਨਰ-ਨਿਰਮਾਣ ਦੀ ਕ੍ਰਾਂਤੀ ਦੇਖ ਰਿਹਾ ਹੈ। ਇਸ ਸਾਲ ਵੀ ਪੂੰਜੀਗਤ ਖਰਚ 10 ਲੱਖ ਕਰੋੜ ਰੱਖਿਆ ਗਿਆ ਹੈ। ਭਾਰਤ ਬੇਮਿਸਾਲ ਗਤੀ ਅਤੇ ਪੈਮਾਨੇ ‘ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ 9 ਵਰ੍ਹਿਆਂ ਵਿੱਚ 40 ਹਜ਼ਾਰ ਕਿਲੋਮੀਟਰ ਰੇਲਵੇ ਲਾਈਨਾਂ ਦਾ ਬਿਜਲੀਕਰਣ ਹੋਇਆ ਹੈ ਜਦੋਂ ਕਿ ਉਸ ਤੋਂ ਪਹਿਲਾਂ ਸੱਤ ਦਹਾਕਿਆਂ ਵਿੱਚ ਸਿਰਫ਼ 20 ਹਜ਼ਾਰ ਸੀ। 2014 ਤੋਂ ਪਹਿਲਾਂ 600 ਮੀਟਰ ਪ੍ਰਤੀ ਮਹੀਨਾ ਮੈਟਰੋ ਲਾਈਨ ਵਿਛਾਈ ਜਾਂਦੀ ਸੀ, ਅੱਜ ਹਰ ਮਹੀਨੇ 6 ਕਿਲੋਮੀਟਰ ਲੰਬੀ ਮੈਟਰੋ ਲਾਈਨ ਵਿਛਾਈ ਜਾ ਰਹੀ ਹੈ। ਅੱਜ, ਦੇਸ਼ ਵਿੱਚ 2014 ਵਿੱਚ ਸਿਰਫ਼ 4 ਲੱਖ ਕਿਲੋਮੀਟਰ ਦੇ ਮੁਕਾਬਲੇ 7.25 ਕਿਲੋਮੀਟਰ ਲੰਬੀਆਂ ਗ੍ਰਾਮੀਣ ਸੜਕਾਂ ਹਨ। ਹਵਾਈ ਅੱਡਿਆਂ ਦੀ ਸੰਖਿਆ 70 ਤੋਂ ਵੱਧ ਕੇ ਲਗਭਗ 150 ਹੋ ਗਈ ਹੈ। ਸਿਟੀ ਗੈਸ ਦੀ ਵੰਡ ਵੀ 2014 ਵਿੱਚ ਸਿਰਫ਼ 60 ਦੇ ਮੁਕਾਬਲੇ 600 ਸ਼ਹਿਰਾਂ ਤੱਕ ਪਹੁੰਚ ਗਈ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ, “ਨਵਾਂ ਭਾਰਤ ਅੱਗੇ ਵਧ ਰਿਹਾ ਹੈ ਅਤੇ ਰਾਹ ਵਿੱਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਨੂੰ ਪਾਰ ਕਰ ਰਿਹਾ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਸਮੱਸਿਆਵਾਂ ਦੇ ਸਥਾਈ ਹੱਲ ਲੱਭਣ ‘ਤੇ ਧਿਆਨ ਦੇ ਰਹੀ ਹੈ। ਪ੍ਰਧਾਨ ਮੰਤਰੀ ਗਤੀਸ਼ਕਤੀ ਮਾਸਟਰ ਪਲਾਨ ਦੀ ਉਦਾਹਰਣ ਦਿੰਦੇ ਹੋਏ ਜੋ ਸਮਾਜਿਕ ਬੁਨਿਆਦੀ ਢਾਂਚੇ ਲਈ ਇੱਕ ਗੇਮ-ਚੇਂਜਰ ਬਣ ਰਿਹਾ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਿੱਚ ਡੇਟਾ ਦੀਆਂ 1600 ਤੋਂ ਵੱਧ ਪਰਤਾਂ ਸ਼ਾਮਲ ਹਨ ਅਤੇ ਇਸਦਾ ਉਦੇਸ਼ ਦੇਸ਼ ਦਾ ਸਮਾਂ ਅਤੇ ਪੈਸਾ ਬਚਾਉਣਾ ਹੈ।

 

ਪ੍ਰਧਾਨ ਮੰਤਰੀ ਨੇ 1930 ਦੇ ਦਹਾਕੇ ਵੱਲ ਧਿਆਨ ਦਿਵਾਇਆ ਅਤੇ ਕਿਹਾ ਕਿ ਪਿਛਲੀ ਸਦੀ ਦਾ ਤੀਸਰਾ ਦਹਾਕਾ ਭਾਰਤ ਦੇ ਸੁਤੰਤਰਤਾ ਸੰਗਰਾਮ ਲਈ ਮਹੱਤਵਪੂਰਨ ਰਿਹਾ ਹੈ ਜਿੱਥੇ ਲਕਸ਼ ਸਵਰਾਜ ਸੀ। ਇਸੇ ਤਰ੍ਹਾਂ, ਪ੍ਰਧਾਨ ਮੰਤਰੀ ਨੇ ਕਿਹਾ, ਇਸ ਸਦੀ ਦਾ ਤੀਸਰਾ ਦਹਾਕਾ ਭਾਰਤ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਸਾਡਾ ਲਕਸ਼ ਇੱਕ ਸਮ੍ਰਿੱਧ ਭਾਰਤ, ਇੱਕ ‘ਵਿਕਸਿਤ ਭਾਰਤ’ ਹੈ। ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਇਹ ਸਵਰਾਜ ਅੰਦੋਲਨ ਦਾ ਨਤੀਜਾ ਸੀ ਕਿ ਭਾਰਤ ਨੂੰ ਆਜ਼ਾਦੀ ਮਿਲੀ। ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਹਰੇਕ ਆਜ਼ਾਦੀ ਸੰਗਰਾਮੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਸੱਦਾ ਦਿੰਦੇ ਹੋਏ ਕਿਹਾ “ਹੁਣ ਇਸ ਤੀਸਰੇ  ਦਹਾਕੇ ਵਿੱਚ, ਸਾਡੇ ਕੋਲ ਅਗਲੇ 25 ਵਰ੍ਹਿਆਂ ਲਈ ‘ਵਿਕਸਿਤ ਭਾਰਤ’ ਦਾ ਲਕਸ਼ ਹੈ।”

 

ਅਨੁਭਵ ਦੇ ਅਧਾਰ ‘ਤੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਸਾਹਮਣੇ ਬਹੁਤ ਸਾਰੀਆਂ ਪ੍ਰਾਪਤੀਆਂ ਵੇਖੀਆਂ ਹਨ ਅਤੇ ਉਹ ਦੇਸ਼ ਦੀਆਂ ਸ਼ਕਤੀਆਂ ਤੋਂ ਜਾਣੂ ਹਨ। ਪ੍ਰਧਾਨ ਮੰਤਰੀ ਨੇ ਕਿਹਾ “ਭਾਰਤ ਇੱਕ ਵਿਕਸਿਤ ਦੇਸ਼ ਬਣ ਸਕਦਾ ਹੈ! ਭਾਰਤ ਗ਼ਰੀਬੀ ਨੂੰ ਖ਼ਤਮ ਕਰ ਸਕਦਾ ਹੈ।” ਨੀਤੀ ਆਯੋਗ ਦੀ ਇੱਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ ਵਿੱਚ ਸਿਰਫ਼ 5 ਵਰ੍ਹਿਆਂ ਵਿੱਚ 13.5 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਆਏ ਹਨ। ਉਨ੍ਹਾਂ ਇਹ ਵੀ ਦੁਹਰਾਇਆ ਕਿ ਭਾਰਤ ਵਿੱਚ ਅਤਿ ਦੀ ਗ਼ਰੀਬੀ ਦੂਰ ਹੋ ਰਹੀ ਹੈ ਜਿਵੇਂ ਕਿ ਅੰਤਰਰਾਸ਼ਟਰੀ ਏਜੰਸੀਆਂ ਦੁਆਰਾ ਜ਼ਿਕਰ ਕੀਤਾ ਗਿਆ ਹੈ ਅਤੇ ਪਿਛਲੇ 9 ਵਰ੍ਹਿਆਂ ਵਿੱਚ ਸਰਕਾਰ ਦੁਆਰਾ ਬਣਾਈਆਂ ਗਈਆਂ ਨੀਤੀਆਂ ਅਤੇ ਫ਼ੈਸਲਿਆਂ ਨੂੰ ਕ੍ਰੈਡਿਟ ਦਿੱਤਾ। 

 

ਸਾਫ਼ ਇਰਾਦਿਆਂ ਅਤੇ ਸਹੀ ਨੀਤੀਆਂ ਦੀ ਜ਼ਰੂਰਤ ‘ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਜੀ20 ਦਾ ਉਦਾਹਰਣ ਦਿੱਤਾ। ਉਨ੍ਹਾਂ ਨੇ ਕਿਹਾ, “ਅਸੀਂ ਜੀ20 ਨੂੰ ਸਿਰਫ਼ ਇੱਕ ਸ਼ਹਿਰ ਜਾਂ ਇੱਕ ਥਾਂ ਤੱਕ ਸੀਮਿਤ ਨਹੀਂ ਕੀਤਾ। ਅਸੀਂ ਜੀ20 ਬੈਠਕਾਂ ਨੂੰ ਦੇਸ਼ ਦੇ 50 ਤੋਂ ਵੱਧ ਸ਼ਹਿਰਾਂ ਵਿੱਚ ਲੈ ਕੇ ਗਏ। ਅਸੀਂ ਇਸ ਜ਼ਰੀਏ ਭਾਰਤ ਦੀ ਵਿਵਿਧਤਾ ਦਾ ਪ੍ਰਦਰਸ਼ਨ ਕੀਤਾ। ਅਸੀਂ ਦੁਨੀਆ ਨੂੰ ਦਿਖਾਇਆ ਕਿ ਭਾਰਤ ਦੀ ਸੱਭਿਆਚਾਰਕ ਸ਼ਕਤੀ ਕੀ ਹੈ, ਭਾਰਤ ਦੀ ਵਿਰਾਸਤ ਕੀ ਹੈ।” ਜੀ20 ਪ੍ਰੈਜ਼ੀਡੈਂਸੀ ਦੇ ਤਰੀਕੇ ਬਾਰੇ ਹੋਰ ਵਿਸਤਾਰ ਵਿੱਚ ਦੱਸਦੇ ਹੋਏ, ਪ੍ਰਧਾਨ ਮੰਤਰੀ ਨੇ ਸਮਾਪਤੀ ਕੀਤੀ, “ਜੀ20 ਬੈਠਕਾਂ ਲਈ ਕਈ ਸ਼ਹਿਰਾਂ ਵਿੱਚ ਨਵੀਆਂ ਸੁਵਿਧਾਵਾਂ ਬਣਾਈਆਂ ਗਈਆਂ ਸਨ ਅਤੇ ਪੁਰਾਣੀਆਂ ਸੁਵਿਧਾਵਾਂ ਦਾ ਆਧੁਨਿਕੀਕਰਣ ਕੀਤਾ ਗਿਆ ਸੀ। ਇਸ ਨਾਲ ਦੇਸ਼ ਅਤੇ ਦੇਸ਼ ਦੇ ਲੋਕਾਂ ਨੂੰ ਫਾਇਦਾ ਹੋਇਆ। ਇਹ ਸੁਸ਼ਾਸਨ ਹੈ। ਅਸੀਂ ਨੇਸ਼ਨ ਫਸਟ, ਸਿਟੀਜ਼ਨ ਫਸਟ ਦੀ ਭਾਵਨਾ ‘ਤੇ ਚਲ ਕੇ ਭਾਰਤ ਨੂੰ ਵਿਕਸਿਤ ਕਰਨ ਜਾ ਰਹੇ ਹਾਂ।”

 

ਇਸ ਮੌਕੇ ‘ਤੇ ਕੇਂਦਰੀ ਵਪਾਰ ਤੇ ਵਣਜ ਮੰਤਰੀ, ਸ਼੍ਰੀ ਪੀਯੂਸ਼ ਗੋਇਲ, ਸਰਕਾਰ ਦੀ ਤਰਫ਼ੋਂ ਕਈ ਹੋਰ ਕੇਂਦਰੀ ਮੰਤਰੀ ਅਤੇ ਮੰਤਰੀ ਅਤੇ ਉਦਯੋਗ ਦੇ ਪ੍ਰਮੁੱਖ ਮਾਹਿਰ ਮੌਜੂਦ ਸਨ।

 

ਪਿਛੋਕੜ

 

ਦੇਸ਼ ਵਿੱਚ ਬੈਠਕਾਂ, ਕਾਨਫਰੰਸਾਂ ਅਤੇ ਪ੍ਰਦਰਸ਼ਨੀਆਂ ਦੀ ਮੇਜ਼ਬਾਨੀ ਲਈ ਇੱਕ ਆਲਮੀ ਪੱਧਰ ਦਾ ਬੁਨਿਆਦੀ ਢਾਂਚਾ ਰੱਖਣ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਨੇ ਪ੍ਰਗਤੀ ਮੈਦਾਨ ਵਿੱਚ ਇੰਟਰਨੈਸ਼ਨਲ ਐਗਜ਼ੀਬਿਸ਼ਨ-ਕਮ-ਕਨਵੈਨਸ਼ਨ ਸੈਂਟਰ (ਆਈਈਸੀਸੀ) ਦੇ ਸੰਕਲਪ ਨੂੰ ਜਨਮ ਦਿੱਤਾ। ਇਹ ਪ੍ਰੋਜੈਕਟ ਪ੍ਰਗਤੀ ਮੈਦਾਨ ਵਿੱਚ ਪੁਰਾਣੀਆਂ ਅਤੇ ਚਲਨ ਵਿੱਚ ਨਹੀਂ ਰਹੀਆਂ ਸੁਵਿਧਾਵਾਂ ਨੂੰ ਸੁਧਾਰਦਾ ਹੈ ਅਤੇ ਲਗਭਗ 2700 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਰਾਸ਼ਟਰੀ ਪ੍ਰੋਜੈਕਟ ਵਜੋਂ ਵਿਕਸਿਤ ਕੀਤਾ ਗਿਆ ਹੈ। ਲਗਭਗ 123 ਏਕੜ ਦੇ ਕੈਂਪਸ ਖੇਤਰ ਦੇ ਨਾਲ, ਆਈਈਸੀਸੀ ਕੰਪਲੈਕਸ ਨੂੰ ਭਾਰਤ ਦੇ ਸਭ ਤੋਂ ਬੜੇ ਐੱਮਆਈਸੀਈ (ਬੈਠਕਾਂ, ਪ੍ਰੋਤਸਾਹਨ, ਕਾਨਫਰੰਸਾਂ ਅਤੇ ਪ੍ਰਦਰਸ਼ਨੀਆਂ) ਦੇ ਸਥਾਨ ਵਜੋਂ ਵਿਕਸਿਤ ਕੀਤਾ ਗਿਆ ਹੈ। ਸਮਾਗਮਾਂ ਲਈ ਉਪਲਬਧ ਕਵਰਡ ਸਪੇਸ ਦੇ ਸੰਦਰਭ ਵਿੱਚ, ਆਈਈਸੀਸੀ ਕੰਪਲੈਕਸ ਦੁਨੀਆ ਦੇ ਚੋਟੀ ਦੇ ਪ੍ਰਦਰਸ਼ਨੀ ਅਤੇ ਸੰਮੇਲਨ ਕੰਪਲੈਕਸਾਂ ਵਿੱਚ ਆਪਣਾ ਸਥਾਨ ਲੱਭਦਾ ਹੈ। ਪ੍ਰਗਤੀ ਮੈਦਾਨ ਵਿਖੇ ਨਵੇਂ ਵਿਕਸਤ ਆਈਈਸੀਸੀ ਕੰਪਲੈਕਸ ਵਿੱਚ ਕਨਵੈਨਸ਼ਨ ਸੈਂਟਰ, ਪ੍ਰਦਰਸ਼ਨੀ ਹਾਲ ਅਤੇ ਐਂਫੀਥੀਏਟਰ ਆਦਿ ਸਮੇਤ ਬਹੁਤ ਸਾਰੀਆਂ ਅਤਿ-ਆਧੁਨਿਕ ਸੁਵਿਧਾਵਾਂ ਸ਼ਾਮਲ ਹਨ।

 

ਕਨਵੈਨਸ਼ਨ ਸੈਂਟਰ ਨੂੰ ਪ੍ਰਗਤੀ ਮੈਦਾਨ ਕੰਪਲੈਕਸ ਦੇ ਕੇਂਦਰ ਵਜੋਂ ਵਿਕਸਿਤ ਕੀਤਾ ਗਿਆ ਹੈ। ਇਹ ਇੱਕ ਸ਼ਾਨਦਾਰ ਆਰਕੀਟੈਕਚਰਲ ਅਜੂਬਾ ਹੈ, ਜੋ ਬੜੇ ਪੱਧਰ ‘ਤੇ ਇੰਟਰਨੈਸ਼ਨਲ ਐਗਜ਼ੀਬਿਸ਼ਨਆਂ, ਵਪਾਰ ਮੇਲਿਆਂ, ਸੰਮੇਲਨਾਂ, ਕਾਨਫਰੰਸਾਂ ਅਤੇ ਹੋਰ ਵੱਕਾਰੀ ਸਮਾਗਮਾਂ ਦੀ ਮੇਜ਼ਬਾਨੀ ਲਈ ਤਿਆਰ ਕੀਤਾ ਗਿਆ ਹੈ। ਇਹ ਮਲਟੀਪਲ ਮੀਟਿੰਗ ਰੂਮ, ਲੌਂਜ, ਆਡੀਟੋਰੀਅਮ, ਇੱਕ ਐਂਫੀਥੀਏਟਰ ਅਤੇ ਇੱਕ ਵਪਾਰਕ ਕੇਂਦਰ ਨਾਲ ਲੈਸ ਹੈ ਜੋ ਇਸਨੂੰ ਬਹੁਤ ਸਾਰੇ ਸਮਾਗਮਾਂ ਦੀ ਮੇਜ਼ਬਾਨੀ ਕਰਨ ਦੇ ਸਮਰੱਥ ਬਣਾਉਂਦਾ ਹੈ। ਇਸ ਦੇ ਸ਼ਾਨਦਾਰ ਬਹੁ-ਮੰਤਵੀ ਹਾਲ ਅਤੇ ਪਲੈਨਰੀ ਹਾਲ ਦੀ ਸੰਯੁਕਤ ਸਮਰੱਥਾ ਸੱਤ ਹਜ਼ਾਰ ਲੋਕਾਂ ਦੀ ਹੈ, ਜੋ ਕਿ ਆਸਟ੍ਰੇਲੀਆ ਦੇ ਮਕਬੂਲ ਸਿਡਨੀ ਓਪੇਰਾ ਹਾਊਸ ਦੀ ਬੈਠਣ ਦੀ ਸਮਰੱਥਾ ਤੋਂ ਵੱਧ ਹੈ। ਇਸ ਦਾ ਸ਼ਾਨਦਾਰ ਐਂਫੀਥੀਏਟਰ 3,000 ਵਿਅਕਤੀਆਂ ਦੇ ਬੈਠਣ ਦੀ ਸਮਰੱਥਾ ਨਾਲ ਲੈਸ ਹੈ।

 

ਕਨਵੈਨਸ਼ਨ ਸੈਂਟਰ ਦੀ ਇਮਾਰਤ ਦਾ ਆਰਕੀਟੈਕਚਰਲ ਡਿਜ਼ਾਇਨ ਭਾਰਤੀ ਪਰੰਪਰਾਵਾਂ ਤੋਂ ਪ੍ਰੇਰਿਤ ਹੈ ਅਤੇ ਆਧੁਨਿਕ ਸੁਵਿਧਾਵਾਂ ਅਤੇ ਜੀਵਨ ਢੰਗ ਨੂੰ ਅਪਣਾਉਂਦੇ ਹੋਏ ਇਸ ਦੇ ਅਤੀਤ ਵਿੱਚ ਭਾਰਤ ਦੇ ਭਰੋਸੇ ਅਤੇ ਵਿਸ਼ਵਾਸ ਨੂੰ ਦਰਸਾਉਂਦਾ ਹੈ। ਇਮਾਰਤ ਦੀ ਸ਼ਕਲ ਸ਼ੰਖ (ਸ਼ੰਖ ਸ਼ੈਲ) ਤੋਂ ਪ੍ਰੇਰਿਤ ਹੋ ਕੇ ਲਈ ਗਈ ਹੈ, ਅਤੇ ਕਨਵੈਨਸ਼ਨ ਸੈਂਟਰ ਦੀਆਂ ਵਿਭਿੰਨ ਕੰਧਾਂ ਅਤੇ ਚਿਹਰੇ ਭਾਰਤ ਦੀ ਰਵਾਇਤੀ ਕਲਾ ਅਤੇ ਸੱਭਿਆਚਾਰ ਦੇ ਕਈ ਤੱਤਾਂ ਨੂੰ ਦਰਸਾਉਂਦੇ ਹਨ, ਜਿਨ੍ਹਾਂ ਵਿੱਚ ‘ਸੂਰਯ ਸ਼ਕਤੀ’, ਸੌਰ ਊਰਜਾ ਦੀ ਵਰਤੋਂ ਵਿੱਚ ਭਾਰਤ ਦੇ ਯਤਨਾਂ ਨੂੰ ਉਜਾਗਰ ਕਰਨਾ, ‘ਜ਼ੀਰੋ ਟੂ ਇਸਰੋ’, ਪੁਲਾੜ ਵਿੱਚ ਸਾਡੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਣਾ, ਪੰਚ ਮਹਾਭੂਤ ਦੇ ਨਿਰਮਾਣ ਬਲਾਕਾਂ, ਯੂਨੀਵਰਸਲ ਬੇਸ – ਆਕਾਸ਼ (ਅਸਮਾਨ), ਵਾਯੂ (ਹਵਾ), ਅਗਨੀ (ਅੱਗ), ਜਲ (ਪਾਣੀ), ਪ੍ਰਿਥਵੀ (ਧਰਤੀ), ਅਤੇ ਹੋਰ ਨੂੰ ਦਰਸਾਉਂਦਾ ਹੈ। ਇਸ ਤੋਂ ਇਲਾਵਾ, ਦੇਸ਼ ਦੇ ਵਿਭਿੰਨ ਖੇਤਰਾਂ ਤੋਂ ਵਿਭਿੰਨ ਪੇਂਟਿੰਗਾਂ ਅਤੇ ਕਬਾਇਲੀ ਕਲਾ ਦੇ ਰੂਪ ਸੰਮੇਲਨ ਕੇਂਦਰ ਦੀ ਸ਼ੋਭਾ ਵਧਾਉਂਦੇ ਹਨ।

 

ਕਨਵੈਨਸ਼ਨ ਸੈਂਟਰ ਵਿੱਚ ਉਪਲਬਧ ਹੋਰ ਸੁਵਿਧਾਵਾਂ ਵਿੱਚ 5ਜੀ-ਸਮਰੱਥ ਪੂਰੀ ਤਰ੍ਹਾਂ ਵਾਈ-ਫਾਈ-ਕਵਰਡ ਕੈਂਪਸ, 10ਜੀ ਇੰਟਰਾਨੈੱਟ ਕਨੈਕਟੀਵਿਟੀ, 16 ਵਿਭਿੰਨ ਭਾਸ਼ਾਵਾਂ ਨੂੰ ਸਮਰਥਨ ਦੇਣ ਲਈ ਅਤਿ-ਆਧੁਨਿਕ ਟੈਕਨੋਲੋਜੀ ਨਾਲ ਲੈਸ ਦੁਭਾਸ਼ੀਏ ਰੂਮ, ਬੜੇ ਆਕਾਰ ਦੀਆਂ ਵੀਡੀਓ ਕੰਧਾਂ ਵਾਲੇ ਐਡਵਾਂਸਡ ਏਵੀ ਸਿਸਟਮ, ਸਰਵੋਤਮ ਕਾਰਜਸ਼ੀਲਤਾ ਅਤੇ ਊਰਜਾ ਕੁਸ਼ਲਤਾ ਨੂੰ ਯਕੀਨੀ ਬਣਾਉਣ ਵਾਲਾ ਬਿਲਡਿੰਗ ਮੈਨੇਜਮੈਂਟ ਸਿਸਟਮ, ਡਿਮਿੰਗ ਅਤੇ ਆਕੂਪੈਂਸੀ ਸੈਂਸਰਾਂ ਵਾਲੇ ਰੋਸ਼ਨੀ ਪ੍ਰਬੰਧਨ ਸਿਸਟਮ, ਅਤਿ-ਆਧੁਨਿਕ ਡੀਸੀਐੱਨ (ਡੇਟਾ ਸੰਚਾਰ ਨੈੱਟਵਰਕ) ਸਿਸਟਮ, ਏਕੀਕ੍ਰਿਤ ਨਿਗਰਾਨੀ ਪ੍ਰਣਾਲੀਆਂ ਅਤੇ ਊਰਜਾ-ਕੁਸ਼ਲ ਕੇਂਦਰੀਕ੍ਰਿਤ ਏਅਰ ਕੰਡੀਸ਼ਨਿੰਗ ਸਿਸਟਮ ਸ਼ਾਮਲ ਹਨ।

 

ਇਸ ਤੋਂ ਇਲਾਵਾ, ਆਈਈਸੀਸੀ ਕੰਪਲੈਕਸ ਵਿੱਚ ਸੱਤ ਪ੍ਰਦਰਸ਼ਨੀ ਹਾਲ ਹਨ ਅਤੇ ਹਰੇਕ ਹਾਲ ਪ੍ਰਦਰਸ਼ਨੀਆਂ, ਵਪਾਰ ਮੇਲਿਆਂ ਅਤੇ ਕਾਰੋਬਾਰ ਸਮਾਗਮਾਂ ਦੀ ਮੇਜ਼ਬਾਨੀ ਲਈ ਇੱਕ ਬਹੁਮੁਖੀ ਥਾਂ ਵਜੋਂ ਕੰਮ ਕਰਦਾ ਹੈ। ਪ੍ਰਦਰਸ਼ਨੀ ਹਾਲ ਉਦਯੋਗਾਂ ਦੀ ਵਿਭਿੰਨ ਸ਼੍ਰੇਣੀ ਦੇ ਅਨੁਕੂਲ ਹੋਣ ਅਤੇ ਦੁਨੀਆ ਭਰ ਦੇ ਉਤਪਾਦਾਂ ਅਤੇ ਸੇਵਾਵਾਂ ਨੂੰ ਪ੍ਰਦਰਸ਼ਿਤ ਕਰਨ ਲਈ ਤਿਆਰ ਕੀਤੇ ਗਏ ਹਨ। ਇਹ ਅਤਿ-ਆਧੁਨਿਕ ਢਾਂਚੇ ਆਧੁਨਿਕ ਇੰਜੀਨੀਅਰਿੰਗ ਅਤੇ ਆਰਕੀਟੈਕਚਰਲ ਕੌਸ਼ਲ ਦਾ ਪ੍ਰਮਾਣ ਹਨ।

 

ਆਈਈਸੀਸੀ ਤੋਂ ਬਾਹਰ ਦਾ ਖੇਤਰ ਵੀ ਸੋਚ-ਸਮਝ ਕੇ ਡਿਜ਼ਾਇਨ ਕੀਤਾ ਗਿਆ ਹੈ ਜੋ ਮੁੱਖ ਕੰਪਲੈਕਸ ਦੀ ਸੁੰਦਰਤਾ ਨੂੰ ਪੂਰਕ ਕਰਦਾ ਹੈ ਅਤੇ ਇਸ ਪ੍ਰੋਜੈਕਟ ਵਿੱਚ ਸਾਵਧਾਨੀਪੂਰਵਕ ਯੋਜਨਾਬੰਦੀ ਅਤੇ ਵਿਕਾਸ ਦਾ ਪ੍ਰਮਾਣ ਹੈ।ਪ੍ਰਤਿਮਾਵਾਂ, ਸਥਾਪਨਾਵਾਂ ਅਤੇ ਕੰਧ-ਚਿੱਤਰ ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦੇ ਹਨ; ਸੰਗੀਤਕ ਝਰਨੇ ਜਾਦੂ ਅਤੇ ਤਮਾਸ਼ੇ ਦਾ ਇੱਕ ਤੱਤ ਜੋੜਦੇ ਹਨ; ਤਲਾਬ, ਝੀਲਾਂ, ਅਤੇ ਨਕਲੀ ਨਦੀਆਂ ਜਿਹੇ ਜਲ ਸਰੋਤ ਖੇਤਰ ਦੀ ਸ਼ਾਂਤੀ ਅਤੇ ਸੁੰਦਰਤਾ ਨੂੰ ਵਧਾਉਂਦੇ ਹਨ।

 

ਆਈਈਸੀਸੀ ਵਿੱਚ ਵਿਜ਼ਟਰਾਂ ਦੀ ਸੁਵਿਧਾ ਇੱਕ ਪ੍ਰਾਥਮਿਕਤਾ ਹੈ, ਜੋ ਕਿ 5,500 ਤੋਂ ਵੱਧ ਵਾਹਨ ਪਾਰਕਿੰਗ ਸਥਾਨਾਂ ਦੇ ਪ੍ਰਬੰਧ ਵਿੱਚ ਝਲਕਦੀ ਹੈ। ਸਿਗਨਲ-ਮੁਕਤ ਸੜਕਾਂ ਰਾਹੀਂ ਪਹੁੰਚ ਦੀ ਅਸਾਨੀ ਇਹ ਯਕੀਨੀ ਬਣਾਉਂਦੀ ਹੈ ਕਿ ਸੈਲਾਨੀ ਬਿਨਾਂ ਕਿਸੇ ਪਰੇਸ਼ਾਨੀ ਦੇ ਸਥਾਨ ‘ਤੇ ਪਹੁੰਚ ਸਕਦੇ ਹਨ। ਨਾਲ ਹੀ, ਸਮੁੱਚਾ ਡਿਜ਼ਾਇਨ ਹਾਜ਼ਰੀਨ ਦੇ ਆਰਾਮ ਅਤੇ ਸੁਵਿਧਾ ਨੂੰ ਤਰਜੀਹ ਦਿੰਦਾ ਹੈ, ਜਿਸ ਨਾਲ ਆਈਈਸੀਸੀ ਕੰਪਲੈਕਸ ਦੇ ਅੰਦਰ ਸਹਿਜ ਆਵਾਜਾਈ ਦੀ ਸੁਵਿਧਾ ਮਿਲਦੀ ਹੈ। 

 

ਪ੍ਰਗਤੀ ਮੈਦਾਨ ਵਿਖੇ ਨਵੇਂ ਆਈਈਸੀਸੀ ਕੰਪਲੈਕਸ ਦਾ ਵਿਕਾਸ ਭਾਰਤ ਨੂੰ ਇੱਕ ਗਲੋਬਲ ਬਿਜ਼ਨਸ ਡੈਸਟੀਨੇਸ਼ਨ ਵਜੋਂ ਅੱਗੇ ਵਧਾਉਣ ਵਿੱਚ ਮਦਦ ਕਰੇਗਾ। ਇਹ ਵਪਾਰ ਅਤੇ ਵਣਜ ਨੂੰ ਹੁਲਾਰਾ ਦੇਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਏਗਾ, ਜਿਸ ਨਾਲ ਆਰਥਿਕ ਵਿਕਾਸ ਅਤੇ ਰੋਜ਼ਗਾਰ ਸਿਰਜਣ ਹੋਵੇਗਾ। ਇਹ ਛੋਟੇ ਅਤੇ ਮੱਧਮ ਉਦਯੋਗਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਆਪਣੇ ਉਤਪਾਦਾਂ ਅਤੇ ਸੇਵਾਵਾਂ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਪਲੈਟਫਾਰਮ ਪ੍ਰਦਾਨ ਕਰਕੇ ਉਨ੍ਹਾਂ ਦੇ ਵਿਕਾਸ ਵਿੱਚ ਸਹਾਇਤਾ ਕਰੇਗਾ। ਇਹ ਗਿਆਨ ਦੇ ਅਦਾਨ-ਪ੍ਰਦਾਨ ਦੀ ਸੁਵਿਧਾ ਵੀ ਦੇਵੇਗਾ ਅਤੇ ਸਰਬਸ੍ਰੇਸ਼ਠ ਵਿਵਹਾਰਾਂ, ਟੈਕਨੋਲੋਜੀਕਲ ਤਰੱਕੀ, ਅਤੇ ਉਦਯੋਗ ਦੇ ਰੁਝਾਨਾਂ ਦੇ ਪ੍ਰਸਾਰ ਨੂੰ ਉਤਸ਼ਾਹਿਤ ਕਰੇਗਾ। ਪ੍ਰਗਤੀ ਮੈਦਾਨ ਵਿਖੇ ਆਈਈਸੀਸੀ ਆਤਮਨਿਰਭਰ ਭਾਰਤ ਦੀ ਭਾਵਨਾ ਵਿੱਚ ਭਾਰਤ ਦੀ ਆਰਥਿਕ ਅਤੇ ਟੈਕਨੋਲੋਜੀਕਲ ਉਤਕ੍ਰਿਸ਼ਟਤਾ ਦੀ ਖੋਜ ਨੂੰ ਦਰਸਾਉਂਦਾ ਹੈ ਅਤੇ ਇੱਕ ਨਵੇਂ ਭਾਰਤ ਦੇ ਨਿਰਮਾਣ ਵੱਲ ਇੱਕ ਕਦਮ ਹੈ।

 

 

 

 

 

 

 

 

 

 

 

 ********

ਡੀਐੱਸ/ਟੀਐੱਸ