Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਕੋਵਿਡ-19 ਦੀ ਸਥਿਤੀ ਅਤੇ ਟੀਕਾਕਰਣ ਮੁਹਿੰਮ ‘ਤੇ ਗਵਰਨਰਾਂ ਨਾਲ ਗੱਲਬਾਤ ਕੀਤੀ

ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਕੋਵਿਡ-19 ਦੀ ਸਥਿਤੀ ਅਤੇ ਟੀਕਾਕਰਣ ਮੁਹਿੰਮ ‘ਤੇ ਗਵਰਨਰਾਂ ਨਾਲ ਗੱਲਬਾਤ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਦੇਸ਼ ਵਿੱਚ ਕੋਵਿਡ-19 ਦੀ ਸਥਿਤੀ ਅਤੇ ਚਲ ਰਹੀ ਟੀਕਾਕਰਣ ਮੁਹਿੰਮ ਦੇ ਬਾਰੇ ਰਾਜਾਂ ਦੇ ਗਵਰਨਰਾਂ ਨਾਲ ਗੱਲਬਾਤ ਕੀਤੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ ਖ਼ਿਲਾਫ਼ ਲੜਾਈ ਵਿੱਚ ਟੀਕਿਆਂ ਦੇ ਨਾਲ-ਨਾਲ ਸਾਡੀਆਂ ਕਦਰਾਂ-ਕੀਮਤਾਂ ਅਤੇ ਡਿਊਟੀ ਦੀ ਭਾਵਨਾ ਸਾਡੀ ਸਭ ਤੋਂ ਵੱਡੀ ਤਾਕਤ ਹੈ। ਪਿਛਲੇ ਸਾਲ ਇਸ ਲੜਾਈ ਨੂੰ ਆਪਣੀ ਡਿਊਟੀ ਸਮਝ ਕੇ ਇਸ ਵਿੱਚ ਹਿੱਸਾ ਲੈਣ ਵਾਲੇ ਨਾਗਰਿਕਾਂ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਵੀ ਜਨਭਾਗੀਦਰੀ ਦੀ ਇਸੇ ਭਾਵਨਾ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਦੀ ਪ੍ਰਾਪਤੀ ਲਈ ਗਵਰਨਰਾਂ ਦੀ ਸਮਾਜਿਕ ਸਮਰੱਥਾ ਦੇ ਉਚਿਤ ਉਪਯੋਗ ਰਾਹੀਂ ਉਨ੍ਹਾਂ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਬਣ ਜਾਂਦੀ ਹੈ। ਰਾਜ ਸਰਕਾਰਾਂ ਅਤੇ ਸਮਾਜ ਦੇ ਦਰਮਿਆਨ ਬਿਹਤਰ ਤਾਲਮੇਲ ਨੂੰ ਯਕੀਨੀ ਬਣਾਉਣ ਲਈ ਗਵਰਨਰ ਇਕ ਮਹੱਤਵਪੂਰਨ ਕੜੀ ਹਨ। ਉਨ੍ਹਾਂ ਕਿਹਾ ਕਿ ਸਾਰੇ ਭਾਈਚਾਰਕ ਸੰਗਠਨਾਂ, ਰਾਜਨੀਤਕ ਪਾਰਟੀਆਂ, ਗ਼ੈਰ-ਸਰਕਾਰੀ ਸੰਗਠਨਾਂ ਅਤੇ ਸਮਾਜਿਕ ਸੰਸਥਾਵਾਂ ਦੀ ਸਾਂਝੀ ਤਾਕਤ ਦਾ ਉਪਯੋਗ ਕੀਤੇ ਜਾਣ  ਦੀ ਜ਼ਰੂਰਤ ਹੈ। 

 

ਪ੍ਰਧਾਨ ਮੰਤਰੀ ਨੇ ਸੁਝਾਅ ਦਿੱਤਾ ਕਿ ਗਵਰਨਰ ਇਹ ਸੁਨਿਸ਼ਚਿਤ ਕਰਨ ਲਈ ਸਰਗਰਮੀ ਨਾਲ ਕੰਮ ਕਰ ਸਕਦੇ ਹਨ ਕਿ ਸਮਾਜਿਕ ਸੰਸਥਾਵਾਂ ਸੂਖਮ ਪੱਧਰ ’ਤੇ ਕੋਰੋਨਾ ਕੰਟਰੋਲ ਲਈ ਰਾਜ ਸਰਕਾਰਾਂ ਦੇ ਨਾਲ ਨਿਰਵਿਘਨ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੋਸ਼ਲ ਨੈੱਟਵਰਕ ਹਸਪਤਾਲਾਂ ਵਿੱਚ ਐਂਬੂਲੈਂਸਾਂ, ਵੈਂਟੀਲੇਟਰਾਂ ਅਤੇ ਆਕਸੀਜਨ ਆਦਿ ਦੀ ਸਮਰੱਥਾ ਵਿੱਚ ਵਾਧੇ ਨੂੰ ਯਕੀਨੀ ਬਣਾਉਣ ਵਿੱਚ ਸਹਾਇਤਾ ਕਰ ਸਕਦਾ ਹੈ। ਟੀਕਾਕਰਣ ਅਤੇ ਇਲਾਜ ਬਾਰੇ ਸੰਦੇਸ਼ ਫੈਲਾਉਣ ਦੇ ਨਾਲ, ਗਵਰਨਰ ਆਯੁਸ਼ ਨਾਲ ਸਬੰਧਤ ਉਪਚਾਰਾਂ ਬਾਰੇ ਵੀ ਜਾਗਰੂਕਤਾ  ਫੈਲਾ ਸਕਦੇ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਯੁਵਾ, ਸਾਡਾ ਕਾਰਜ-ਬਲ ਸਾਡੀ ਅਰਥਵਿਵਸਥਾ ਦਾ ਇੱਕ  ਮਹੱਤਵਪੂਰਨ ਹਿੱਸਾ ਹਨ। ਇਸ ਲਈ, ਇਹ ਸੁਨਿਸ਼ਚਿਤ ਕਰਨਾ ਅਹਿਮ ਹੈ ਕਿ ਸਾਡੇ ਯੁਵਾ ਸਾਰੇ ਕੋਵਿਡ ਨਾਲ ਸਬੰਧਿਤ ਪ੍ਰੋਟੋਕੋਲ ਅਤੇ ਸਾਵਧਾਨੀਆਂ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ  ਇਸ ਜਨਭਾਗੀਦਰੀ ਪ੍ਰਤੀ ਯੂਨੀਵਰਸਿਟੀ ਪਰਿਸਰਾਂ ਵਿੱਚ ਸਾਡੇ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਵਿੱਚ ਵੀ ਗਵਰਨਰਾਂ ਦੀ ਭੂਮਿਕਾ ਮਹੱਤਵਪੂਰਨ ਹੈ। ਸਾਨੂੰ ਯੂਨੀਵਰਸਿਟੀ ਅਤੇ ਕਾਲਜ ਕੈਂਪਸ ਦੀਆਂ ਸੁਵਿਧਾਵਾਂ ਦੀ ਬਿਹਤਰ ਵਰਤੋਂ ‘ਤੇ ਵੀ ਧਿਆਨ ਕੇਂਦ੍ਰਿਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਐੱਨਸੀਸੀ ਅਤੇ ਐੱਨਐੱਸਐੱਸ ਨੇ ਅਹਿਮ ਭੂਮਿਕਾ ਨਿਭਾਉਣੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗਵਰਨਰ ਇਸ ਲੜਾਈ ਵਿੱਚ ਜਨਭਾਗੀਦਰੀ ਦਾ ਇੱਕ ਮਹੱਤਵਪੂਰਨ ਥੰਮ੍ਹ ਹਨ ਅਤੇ ਰਾਜ ਸਰਕਾਰਾਂ ਨਾਲ ਉਨ੍ਹਾਂ ਦਾ ਤਾਲਮੇਲ ਅਤੇ ਰਾਜ ਦੇ ਸੰਸਥਾਨਾਂ ਦਾ ਮਾਰਗ ਦਰਸ਼ਨ ਦੇਸ਼ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰੇਗਾ।

 

ਕੋਵਿਡ ਮਾਮਲਿਆਂ ਦੀ ਗਿਣਤੀ ਵਿੱਚ ਵਾਧੇ ਦੀ ਚਰਚਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਾਇਰਸ ਵਿਰੁੱਧ ਲੜਾਈ ਦੇ ਇਸ ਪੜਾਅ ਵਿੱਚ ਦੇਸ਼ ਪਿਛਲੇ ਸਾਲ ਦੇ ਅਨੁਭਵ ਅਤੇ ਸੁਧਰੀ ਹੋਈ ਸਿਹਤ ਸਮਰੱਥਾ ਤੋਂ ਲਾਹਾ ਲੈਣ ਦੀ ਸਥਿਤੀ ਵਿੱਚ ਹੈ। ਉਨ੍ਹਾਂ ਆਰਟੀਪੀਸੀਆਰ ਦੀ ਟੈਸਟਿੰਗ ਸਮਰੱਥਾ ਵਧਾਉਣ ਬਾਰੇ ਚਰਚਾ ਕਰਦਿਆਂ ਕਿਹਾ ਕਿ ਕਿੱਟਾਂ ਅਤੇ ਟੈਸਟਿੰਗ ਨਾਲ ਜੁੜੀਆਂ ਹੋਰ ਸਮੱਗਰੀਆਂ ਦੇ ਸਬੰਧ ਵਿੱਚ ਦੇਸ਼ ਆਤਮਨਿਰਭਰ ਬਣ ਗਿਆ ਹੈ। ਇਸ ਸਭ ਦੇ ਕਾਰਨ ਆਰਟੀਪੀਸੀਆਰ ਟੈਸਟਾਂ ਦੀ ਕੀਮਤ ਵਿੱਚ ਵੀ ਕਮੀ ਆਈ ਹੈ। ਉਨ੍ਹਾਂ ਅੱਗੇ ਕਿਹਾ ਕਿ ਟੈਸਟਿੰਗ ਨਾਲ ਜੁੜੇ ਜ਼ਿਆਦਾਤਰ ਉਤਪਾਦ ਜੀਈਐੱਮ ਪੋਰਟਲ ‘ਤੇ ਵੀ ਉਪਲਬਧ ਹਨ। ਪ੍ਰਧਾਨ ਮੰਤਰੀ ਨੇ ਵਧ ਰਹੀ ਟਰੈਕਿੰਗ, ਟ੍ਰੇਸਿੰਗ ਅਤੇ ਟੈਸਟਿੰਗ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਆਰਟੀਪੀਸੀਆਰ ਟੈਸਟਿੰਗ ਨੂੰ 60% ਤੋਂ ਵਧਾ ਕੇ 70% ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਸੁਨਿਸ਼ਚਿਤ ਕਰਨਾ ਜ਼ਰੂਰੀ ਹੈ ਕਿ ਵੱਧ ਤੋਂ ਵੱਧ ਲੋਕਾਂ ਦੀ ਜਾਂਚ ਕੀਤੀ ਜਾਵੇ।

 

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਟੀਕਿਆਂ ਦੀ ਲੋੜੀਂਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਪ੍ਰਤੀਬੱਧ ਹੈ। ਉਨ੍ਹਾਂ ਉੱਲੇਖ ਕੀਤਾ ਕਿ ਭਾਰਤ 10 ਕਰੋੜ ਵੈਕਸੀਨੇਸ਼ਨਸ ਕਰਨ ਤੱਕ ਸਭ ਤੋਂ ਤੇਜ਼ੀ ਨਾਲ ਪਹੁੰਚਣ ਵਾਲਾ ਰਾਸ਼ਟਰ ਬਣ ਗਿਆ ਹੈ। ਪਿਛਲੇ ਚਾਰ ਦਿਨ ਵਿੱਚ ਸੰਚਾਲਿਤ ਟੀਕਾ ਉਤਸਵ ਦੇ ਸਕਾਰਾਤਮਕ ਪ੍ਰਭਾਵ ਨੂੰ ਦੇਖਦਿਆਂ, ਉਨ੍ਹਾਂ ਕਿਹਾ ਕਿ ਇਸ  ਅਵਧੀ ਵਿੱਚ, ਟੀਕਾਕਰਣ ਮੁਹਿੰਮ ਨੂੰ ਵਿਸਤਾਰ ਮਿਲਿਆ ਗਿਆ ਅਤੇ ਨਵੇਂ ਟੀਕਾਕਰਣ ਕੇਂਦਰ ਵੀ ਖੋਲ੍ਹੇ ਗਏ।

 

ਗੱਲਬਾਤ 

 

ਭਾਰਤ ਦੇ ਉਪ ਰਾਸ਼ਟਰਪਤੀ, ਕੇਂਦਰੀ ਗ੍ਰਹਿ ਮੰਤਰੀ ਅਤੇ ਕੇਂਦਰੀ ਸਿਹਤ ਮੰਤਰੀ ਵੀ ਗੱਲਬਾਤ ਵਿੱਚ ਸ਼ਾਮਲ ਹੋਏ।

 

ਉਪ ਰਾਸ਼ਟਰਪਤੀ ਨੇ ਕੋਵਿਡ ਖ਼ਿਲਾਫ਼ ਲੜਾਈ ਦੀ ਅਗਵਾਈ ਕਰਨ ਅਤੇ ਮਹਾਮਾਰੀ ਨਾਲ ਨਿਪਟਣ ਲਈ ਲੋੜੀਂਦੇ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਲਈ ਕੀਤੇ ਗਏ ਉਨ੍ਹਾਂ ਦੇ ਪ੍ਰੋਐਕਟਿਵ ਉਪਰਾਲਿਆਂ  ਲਈ ਪ੍ਰਧਾਨ ਮੰਤਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਭਾਰਤ ਅਤੇ ਪੂਰੀ ਦੁਨੀਆ ਨੂੰ ਟੀਕਾ ਦੇਣ ਵਿੱਚ ਵਿਗਿਆਨਿਕ ਭਾਈਚਾਰੇ ਦੇ ਯੋਗਦਾਨ ਨੂੰ ਵੀ ਉਜਾਗਰ ਕੀਤਾ। ਉਨ੍ਹਾਂ ਸਿਹਤ ਦੇਖਭਾਲ਼ ਕਰਮਚਾਰੀਆਂ, ਸੈਨੀਟੇਸ਼ਨ ਕਰਮਚਾਰੀਆਂ ਅਤੇ ਹੋਰ ਫ੍ਰੰਟਲਾਈਨ ਵਰਕਰਾਂ ਦੇ ਯੋਗਦਾਨ ਬਾਰੇ ਵੀ ਗੱਲ ਕੀਤੀ ਜਿਨ੍ਹਾਂ ਨੇ ਮਹਾਮਾਰੀ ਦੌਰਾਨ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

 

ਉਪ ਰਾਸ਼ਟਰਪਤੀ ਨੇ ਗਵਰਨਰਾਂ ਨੂੰ ਸੱਦਾ ਦਿੱਤਾ ਕਿ ਉਹ ਕੋਵਿਡ ਕੰਟਰੋਲ ਲਈ ਜ਼ਰੂਰੀ ਉਚਿਤ ਵਿਵਹਾਰ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਆਪਣੇ ਆਪਣੇ ਰਾਜਾਂ ਵਿੱਚ ਸਰਬ ਪਾਰਟੀ ਮੀਟਿੰਗਾਂ ਕਰਕੇ ਸਿਵਲ ਸੁਸਾਇਟੀ ਸੰਗਠਨਾਂ ਨਾਲ ਮਿਲ ਕੇ ਇੱਕ ਤਾਲਮੇਲ ਅਧਾਰਿਤ ਮੋਰਚਾ ਤਿਆਰ ਕਰਨ। ਉਪ-ਰਾਸ਼ਟਰਪਤੀ ਨੇ ਕਿਹਾ ਕਿ ਨੀਤੀਗਤ ਲੀਹਾਂ ਤੋਂ ਹਟ ਕੇ ‘ਟੀਮ ਇੰਡੀਆ ਦੀ ਭਾਵਨਾ’ ਨੂੰ ਅਪਣਾਇਆ ਜਾਣਾ ਚਾਹੀਦਾ ਹੈ ਅਤੇ ਇਸ ਸਬੰਧ ਵਿੱਚ, ਰਾਜ ਦੇ ਸਰਪ੍ਰਸਤ ਵਜੋਂ ਗਵਰਨਰ ਰਾਜ ਸਰਕਾਰਾਂ ਦਾ ਮਾਰਗਦਰਸ਼ਨ ਕਰ ਸਕਦੇ ਹਨ।

 

ਕੇਂਦਰੀ ਗ੍ਰਹਿ ਮੰਤਰੀ ਨੇ ਹਰੇਕ ਦੀ ਜਾਨ ਬਚਾਉਣ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਯੂਨੀਅਨ ਹੈਲਥ ਸੈਕਟਰੀ ਨੇ ਕੋਵਿਡ ਕੇਸਾਂ ਅਤੇ ਟੀਕਾਕਰਣ ਮੁਹਿੰਮ ਬਾਰੇ ਪੇਸ਼ਕਾਰੀ ਦਿੱਤੀ। ਉਨ੍ਹਾਂ ਇਹ ਵੀ ਦੱਸਿਆ ਕਿ ਕਿਵੇਂ ਭਾਰਤ ਨੇ ਇਸ ਪ੍ਰਯਤਨ ਵਿੱਚ ਇੱਕ ਪ੍ਰੋਐਕਟਿਵ ਅਤੇ ਪੂਰਵ-ਨਿਯੋਜਿਤ ਦ੍ਰਿਸ਼ਟੀਕੋਣ ਦਾ ਪਾਲਣ ਕੀਤਾ ਹੈ।

 

ਗਵਰਨਰਾਂ ਨੇ ਇਸ ਬਾਰੇ ਵੇਰਵੇ ਸਾਂਝੇ ਕੀਤੇ ਕਿ ਕਿਵੇਂ ਉਨ੍ਹਾਂ ਦੇ ਰਾਜ  ਵਾਇਰਸ ਦਾ ਫੈਲਾਅ ਰੋਕਣ ਵਿੱਚ ਲੱਗੇ ਹੋਏ ਹਨ ਅਤੇ ਨਿਰਵਿਘਨ ਟੀਕਾਕਰਣ ਮੁਹਿੰਮ ਨੂੰ ਸੁਨਿਸ਼ਚਿਤ ਕਰਨ ਲਈ ਗਤੀਵਿਧੀਆਂ ਵਿੱਚ ਤਾਲਮੇਲ ਰੱਖ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ  ਰਾਜਾਂ ਵਿੱਚ ਸਿਹਤ ਸੁਵਿਧਾਵਾਂ ਦੀਆਂ ਕਮੀਆਂ ਦਾ ਵੀ ਜ਼ਿਕਰ ਕੀਤਾ।

 

ਉਨ੍ਹਾਂ ਨੇ ਕੋਸ਼ਿਸ਼ਾਂ ਵਿੱਚ ਹੋਰ ਸੁਧਾਰ ਲਿਆਉਣ ਲਈ ਸੁਝਾਅ ਦਿੱਤੇ ਅਤੇ ਯੋਜਨਾਵਾਂ ਸਾਂਝੀਆ ਕਰਦੇ ਹੋਏ ਦੱਸਿਆ ਕਿ  ਕਿਵੇਂ ਵੱਖ-ਵੱਖ ਸਮੂਹਾਂ ਦੀ ਸਰਗਰਮ ਸਮਾਜਿਕ ਸ਼ਮੂਲੀਅਤ ਦੇ ਜ਼ਰੀਏ  ਜਨਭਾਗੀਦਰੀ ਨੂੰ ਵਧਾਇਆ ਜਾ ਸਕਦਾ ਹੈ।

 

*****

 

ਡੀਐੱਸ / ਏਕੇਜੇ