Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਦੇਸ਼ ਭਰ ਦੇ ਵੱਖ-ਵੱਖ ਡਿਜੀਟਲ ਇੰਡੀਆ ਉਪਰਾਲਿਆਂ ਦੇ ਲਾਭਾਰਥੀਆਂ ਨਾਲ ਵੀਡੀਓ ਬ੍ਰਿੱਜ ਰਾਹੀਂ ਗੱਲਬਾਤ ਕੀਤੀ


ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ ਨੇ ਅੱਜ ਦੇਸ਼ ਭਰ ਦੇ ਵੱਖ-ਵੱਖ ਡਿਜੀਟਲ ਇੰਡੀਆ ਮਿਸ਼ਨ ਉਪਰਾਲਿਆਂ ਦੇ ਲਾਭਾਰਥੀਆਂ  ਨਾਲ ਵੀਡੀਓ ਬ੍ਰਿੱਜ ਰਾਹੀਂ ਗੱਲਬਾਤ ਕੀਤੀ। ਇਸ ਵੀਡੀਓ ਬ੍ਰਿੱਜ ਨੇ 50 ਲੱਖ ਤੋਂ ਵੱਧ ਲਾਭਾਰਥੀਆਂ , ਜਿਨ੍ਹਾਂ ਵਿਚ ਕਾਮਨ ਸਰਵਿਸ ਸੈਂਟਰਾਂ, ਐੱਨਆਈਸੀ ਕੇਂਦਰਾਂ, ਨੈਸ਼ਨਲ ਨਾਲੇਜ ਨੈੱਟਵਰਕ, ਬੀਪੀਓ, ਮੋਬਾਈਲ ਨਿਰਮਾਤਾ ਯੂਨਿਟ, ਅਤੇ ਮਾਈ ਗੌਵ ਵਾਲੰਟੀਅਰਸ ਵੀ ਸ਼ਾਮਲ ਹਨ, ਨੂੰ  ਕਨੈਕਟ ਕੀਤਾ।  ਪ੍ਰਧਾਨ ਮੰਤਰੀ ਵਲੋਂ ਵੀਡੀਓ ਬ੍ਰਿੱਜ ਰਾਹੀਂ ਵੱਖ-ਵੱਖ ਸਰਕਾਰੀ ਸਕੀਮਾਂ ਦੇ ਲਾਭਾਰਥੀਆਂ  ਨਾਲ ਸ਼ੁਰੂ ਕੀਤੀ ਗਈ ਗੱਲਬਾਤ ਦੀ ਲੜੀ ਵਿੱਚ ਇਹ ਛੇਵੀਂ ਗੱਲਬਾਤ ਸੀ। 

ਲਾਭਾਰਥੀਆਂ  ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨੇ  ਕਿਹਾ ਕਿ ਡਿਜੀਟਲ ਇੰਡੀਆ ਦੀ ਸ਼ੁਰੂਆਤ ਇਹ ਯਕੀਨੀ ਬਣਾਉਣ ਲਈ ਕੀਤੀ ਗਈ ਸੀ ਕਿ ਸਭ ਵਰਗਾਂ ਦੇ ਲੋਕ, ਵਿਸ਼ੇਸ਼ ਤੌਰ ‘ਤੇ ਗ੍ਰਾਮੀਣ ਖੇਤਰਾਂ ਦੇ ਲੋਕ ਡਿਜੀਟਲੀ ਸ਼ਕਤੀਸ਼ਾਲੀ ਬਣਨ । ਉਨ੍ਹਾਂ ਹੋਰ ਕਿਹਾ ਕਿ ਇਸ ਨੂੰ ਸੰਭਵ ਬਣਾਉਣ ਲਈ ਸਰਕਾਰ ਨੇ ਇਕ ਸਮੁੱਚੀ ਨੀਤੀ ਤਿਆਰ ਕੀਤੀ ਜਿਸ ਵਿਚ ਪਿੰਡਾਂ ਨੂੰ ਆਪਟਿਕ ਫਾਈਬਰ ਨਾਲ ਜੋੜਨਾ, ਸ਼ਹਿਰੀਆਂ ਨੂੰ ਡਿਜੀਟਲੀ ਸਿੱਖਿਅਤ ਕਰਨਾ, ਮੋਬਾਈਲ ਰਾਹੀਂ ਸੇਵਾ ਡਲਿਵਰੀ ਪ੍ਰਦਾਨ ਕਰਨਾ ਅਤੇ ਇਲੈਕਟ੍ਰੌਨਿਕ  ਨਿਰਮਾਣ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਸੀ। 

ਟੈਕਨੋਲੋਜੀ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਟੈਕਨੋਲੋਜੀ ਨੇ ਈਜ਼ ਆਵ੍ ਲਿਵਿੰਗ ਲਿਆਂਦੀ ਹੈ ਅਤੇ ਸਰਕਾਰ ਦੇ ਯਤਨ ਹਨ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਟੈਕਨੋਲੋਜੀ ਦੇ ਲਾਭ ਸਮਾਜ ਦੇ ਸਭ ਵਰਗਾਂ ਤੱਕ ਪਹੁੰਚਣ। ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਵੱਖ-ਵੱਖ ਪ੍ਰਬੰਧਾਂ, ਜਿਵੇਂ ਕਿ ਬਿਲਾਂ ਦਾ ਆਨਲਾਈਨ ਭੁਗਤਾਨ ਜਿਸ ਵਿੱਚ ਭੀਮ ਐਪ ਵੀ ਸ਼ਾਮਲ ਹੈ, ਰੇਲਵੇ ਟਿਕਟਾਂ ਦੀ ਆਨਲਾਈਨ ਬੁਕਿੰਗ ਅਤੇ ਵਜ਼ੀਫਿਆਂ ਅਤੇ ਪੈਨਸ਼ਨਾਂ ਦਾ ਬੈਂਕ ਦੇ ਖਾਤਿਆਂ ਵਿੱਚ ਭੁਗਤਾਨ ਕੀਤੇ ਜਾਣ ਨਾਲ ਆਮ ਵਿਅਕਤੀ ‘ਤੇ ਲੱਦਿਆ ਬੋਝ ਘਟਿਆ ਹੈ।

ਕਾਮਨ ਸਰਵਿਸ ਸੈਂਟਰਾਂ (ਸੀਐੱਸਸੀ) ਦੀ ਅਹਿਮੀਅਤ ਬਾਰੇ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕੇਂਦਰ ਦੇਸ਼ ਭਰ ਦੇ ਗ੍ਰਾਮੀਣ ਖੇਤਰਾਂ ਵਿੱਚ ਡਿਜੀਟਲ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਸੀਐੱਸਸੀ ਨੇ ਸਫਲਤਾ ਨਾਲ ਪਿੰਡ ਪੱਧਰ ਦੇ ਉੱਦਮੀ (ਵੀਐੱਲਈ) ਗ੍ਰਾਮੀਣ ਖੇਤਰਾਂ ਵਿੱਚ ਤਿਆਰ ਕੀਤੇ ਹਨ ਅਤੇ 10 ਲੱਖ ਤੋਂ ਵੱਧ ਲੋਕਾਂ ਲਈ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਹਨ। ਗ੍ਰਾਮੀਣ ਖੇਤਰਾਂ ਵਿੱਚ 2.92 ਲੱਖ ਅਜਿਹੇ ਕੇਂਦਰ 2.15 ਲੱਖ ਗ੍ਰਾਮ  ਪੰਚਾਇਤਾਂ ਵਿੱਚ  ਵੱਖ-ਵੱਖ ਸਰਕਾਰੀ ਅਤੇ ਹੋਰ ਸੇਵਾਵਾਂ ਤੱਕ ਪਹੁੰਚ ਮੁਹੱਈਆ ਕਰਵਾ ਰਹੇ ਹਨ।

ਗੱਲਬਾਤ ਕਰਦਿਆਂ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਡਿਜੀਟਲ ਭੁਗਤਾਨਾਂ ਦੇ ਵੱਧ ਰਹੇ ਰੁਝਾਨ ਕਾਰਣ ਵਿਚੋਲਿਆਂ ਦਾ ਖਾਤਮਾ ਹੋ ਰਿਹਾ ਹੈ। ਭਾਰਤ ਵਿੱਚ ਡਿਜੀਟਲ ਭੁਗਤਾਨ ਵਿੱਚ  ਪਿਛਲੇ ਚਾਰ ਸਾਲਾਂ ਵਿੱਚ ਭਾਰੀ ਵਾਧਾ ਹੋਇਆ ਹੈ ਜਿਸ ਨਾਲ ਕਿ ਭਾਰਤੀ ਅਰਥਵਿਵਸਥਾ ਡਿਜੀਟਲ ਅਤੇ ਪਾਰਦਰਸ਼ੀ ਹੋ ਗਈ ਹੈ।

ਪ੍ਰਧਾਨ ਮੰਤਰੀ ਗ੍ਰਾਮੀਣ ਡਿਜੀਟਲ ਸਾਕਸ਼ਰਤਾ ਅਭਿਯਾਨ  (ਪੀਐੱਮਜੀਡੀਆਈਐੱਸਐੱਚਏ) ਬਾਰੇ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਕੀਮ ਨੇ ਪਹਿਲਾਂ ਹੀ 1.25 ਕਰੋੜ ਲੋਕਾਂ, ਜਿਨ੍ਹਾਂ ਵਿੱਚ 70% ਉਮੀਦਵਾਰ ਐੱਸਸੀ, ਐੱਸਟੀ ਅਤੇ ਹੋਰ ਓਬੀਸੀ ਭਾਈਚਾਰਿਆਂ ਨਾਲ ਸਬੰਧਤ ਹਨ,  ਡਿਜੀਟਲ ਸਿੱਖਿਆ ਅਤੇ ਟ੍ਰੇਨਿੰਗ ਪ੍ਰਦਾਨ ਕਰ ਦਿੱਤੀ ਹੈ। ਸਕੀਮ ਦਾ ਉਦੇਸ਼ 20 ਘੰਟੇ ਦੀ ਬੇਸਿਕ ਕੰਪਿਊਟਰ ਟ੍ਰੇਨਿੰਗ ਦੇ ਕੇ 6 ਕਰੋੜ ਲੋਕਾਂ ਨੂੰ  ਡਿਜੀਟਲ ਮੁਹਾਰਤ ਅਤੇ ਬੇਸਿਕ ਕੰਪਿਊਟਰ ਟ੍ਰੇਨਿੰਗ ਪ੍ਰਦਾਨ ਕਰਨਾ ਹੈ।

ਡਿਜੀਟਲ ਇੰਡੀਆ ਨੇ ਬੀਪੀਓ ਸੈਕਟਰ ਵਿੱਚ ਭਾਰੀ ਕਾਇਆਕਲਪ ਕੀਤੀ ਹੈ। ਪਹਿਲਾਂ ਬੀਪੀਓ ਸਿਰਫ਼ ਵੱਡੇ ਸ਼ਹਿਰਾਂ ਤੱਕ ਹੀ ਸੀਮਤ ਸਨ, ਹੁਣ ਇਹ ਛੋਟੇ ਕਸਬਿਆਂ ਅਤੇ ਪਿੰਡਾਂ ਤੱਕ ਵੀ ਫੈਲ ਗਏ ਹਨ ਜਿਸ ਨਾਲ ਰੋਜ਼ਗਾਰ ਦੇ ਮੌਕੇ ਪੈਦਾ ਹੋਏ ਹਨ। ਭਾਰਤ ਦੀ ਬੀਪੀਓ ਨੂੰ ਉਤਸ਼ਾਹਿਤ ਕਰਨ ਦੀ ਸਕੀਮ ਅਤੇ ਉੱਤਰ ਪੂਰਬ ਲਈ ਬੀਪੀਓ ਨੂੰ ਉਤਸ਼ਾਹਿਤ ਕਰਨ ਦੀ ਵੱਖਰੀ  ਸਕੀਮ ਨਾਲ ਉੱਤਰ ਪੂਰਬੀ ਭਾਰਤ ਅਤੇ ਗ੍ਰਾਮੀਣ ਖੇਤਰਾਂ ਵਿੱਚ 2 ਲੱਖ ਤੋਂ ਵੱਧ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਦੇਸ਼ ਭਰ ਵਿੱਚ ਬੀਪੀਓ ਯੂਨਿਟ ਖੁਲ੍ਹਣ ਨਾਲ ਭਾਰਤ ਦੇ ਨੌਜਵਾਨ ਘਰ ਦੇ ਨੇੜੇ ਹੀ ਰੋਜ਼ਗਾਰ ਹਾਸਲ ਕਰ ਰਹੇ ਹਨ।

ਵੱਖ-ਵੱਖ ਇਲੈਕਟ੍ਰੌਨਿਕ ਨਿਰਮਾਤਾ ਯੂਨਿਟਾਂ ਦੇ ਕਰਮਚਾਰੀਆਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਪਿਛਲੇ ਚਾਰ ਸਾਲਾਂ ਵਿੱਚ ਇਲੈਕਟ੍ਰੌਨਿਕ ਹਾਰਡਵੇਅਰ ਨਿਰਮਾਣ ਦੇ ਖੇਤਰ ਵਿੱਚ ਕਾਫੀ ਅੱਗੇ ਵਧਿਆ ਹੈ। ਭਾਰਤ ਵਿੱਚ ਇਲੈਕਟ੍ਰੌਨਿਕ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੇ ਇਲੈਕਟ੍ਰੋਨਿਕ ਮੈਨੂਫੈਕਚ੍ਰਿੰਗ ਕਲੱਸਟਰ (ਈਐੱਮਸੀ) ਸਕੀਮ ਦੀ ਸ਼ੁਰੂਆਤ ਕੀਤੀ ਹੈ ਜਿਸ ਰਾਹੀਂ 23 ਈਐੱਮਸੀ 15 ਰਾਜਾਂ ਵਿੱਚ ਖੋਲ੍ਹੇ ਜਾ ਰਹੇ ਹਨ। ਇਸ ਸਕੀਮ ਤਹਿਤ 6 ਲੱਖ ਲੋਕਾਂ ਨੂੰ ਰੋਜ਼ਗਾਰ ਮਿਲਣ ਦੀ ਆਸ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਨੋਟ ਕੀਤਾ ਕਿ ਭਾਰਤ ਵਿੱਚ ਇਸ ਵੇਲੇ 120 ਮੋਬਾਈਲ ਫੋਨ ਨਿਰਮਾਣ ਫੈਕਟਰੀਆਂ ਹਨ ਜਦ ਕਿ 2014 ਵਿੱਚ ਇਨ੍ਹਾਂ ਦੀ ਗਿਣਤੀ ਸਿਰਫ਼ 2 ਸੀ। ਇਨ੍ਹਾਂ ਯੂਨਿਟਾਂ ਨੇ 4.5 ਲੱਖ ਨਾਗਰਿਕਾਂ ਨੂੰ ਸਿੱਧੇ ਜਾਂ ਅਸਿੱਧੇ ਤੌਰ ‘ਤੇ ਰੋਜ਼ਗਾਰ ਪ੍ਰਦਾਨ ਕੀਤਾ ਹੈ। 

ਪ੍ਰਧਾਨ ਮੰਤਰੀ ਨੇ ਡਿਜੀਟਲ ਇੰਡੀਆ ਨੂੰ ਮਜ਼ਬੂਤ ਕਰਨ ਲਈ ਨੈਸ਼ਨਲ ਨਾਲੇਜ ਨੈੱਟਵਰਕ (ਐੱਨਕੇਐੱਨ) ਦੀ ਅਹਿਮੀਅਤ ਬਾਰੇ ਦੱਸਿਆ। ਐੱਨਕੇਐੱਨ ਨੇ ਦੇਸ਼ ਦੀਆਂ 1700  ਪ੍ਰਮੁੱਖ ਖੋਜ ਅਤੇ ਸਿੱਖਿਆ ਸੰਸਥਾਵਾਂ ਨੂੰ ਆਪਸ ਵਿੱਚ ਜੋੜਿਆ ਹੈ ਜਿਸ ਨਾਲ 5 ਕਰੋੜ ਵਿਦਿਆਰਥੀਆਂ, ਖੋਜੀ, ਸਿੱਖਿਆ ਮਾਹਰਾਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਨੇੜੇ ਆਉਣ ਲਈ ਇੱਕ ਮਜ਼ਬੂਤ ਮੰਚ ਮਿਲਿਆ ਹੈ।

ਪ੍ਰਧਾਨ ਮੰਤਰੀ ਨੇ ਮਾਈਗੌਵ ਮੰਚ ਦੇ ਵਾਲੰਟੀਅਰਾਂ ਨਾਲ ਵੀ ਗੱਲਬਾਤ ਕੀਤੀ। ਇਹ ਨਾਗਰਿਕਾਂ ਨੂੰ ਰੁੱਝਾ ਰੱਖਣ ਵਾਲਾ ਮੰਚ ਸਰਕਾਰ ਦੇ ਬਣਨ ਤੋਂ 2 ਮਹੀਨੇ ਦੇ ਅੰਦਰ ਹੋਂਦ ਵਿੱਚ ਆ ਗਿਆ ਸੀ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਮੰਚ ਨਾਲ 60 ਲੱਖ ਵਾਲੰਟੀਅਰ ਜੁੜੇ ਹੋਏ ਹਨ ਜੋ ਕਿ ਵੱਖ-ਵੱਖ ਵਿਚਾਰ ਅਤੇ ਸੁਝਾਅ ਦਿੰਦੇ ਹਨ ਅਤੇ ਵੱਖ ਵੱਖ ਵਾਲੰਟੀਅਰ ਸਰਗਰਮੀਆਂ ਰਾਹੀਂ ਨਿਊ ਇੰਡੀਆ ਬਣਾਉਣ ਵਿੱਚ ਅਹਿਮ ਰੋਲ ਅਦਾ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਹੋਰ ਕਿਹਾ ਕਿ ਡਿਜੀਟਲ ਇੰਡੀਆ ਰਾਹੀਂ 4’ਈ’ਜ਼ – ਐਜੂਕੇਸ਼ਨ (ਸਿੱਖਿਆ), ਇੰਪਲਾਇਮੈਂਟ (ਰੋਜ਼ਗਾਰ), ਐੰਟਰਪ੍ਰੀਨਿਓਰਸ਼ਿਪ (ਉੱਦਮਤਾ) ਅਤੇ ਇੰਪਾਵਰਮੈੱਟ (ਸਸ਼ਕਤੀਕਰਨ) ਹਾਸਲ ਕੀਤੇ ਜਾ ਰਹੇ ਹਨ।

ਪ੍ਰਧਾਨ ਮੰਤਰੀ ਨਾਲ ਸੰਵਾਦ ਦੌਰਾਨ ਡਿਜੀਟਲ ਇੰਡੀਆ ਦੀਆਂ ਵੱਖ-ਵੱਖ ਸਕੀਮਾਂ ਦੇ ਲਾਭਾਰਥੀਆਂ  ਨੇ ਸਪਸ਼ਟ ਕੀਤਾ ਕਿ ਕਿਵੇਂ ਇਨ੍ਹਾਂ ਸਕੀਮਾਂ ਨੇ ਉਨ੍ਹਾਂ ਦੇ ਜੀਵਨ ਦੇ ਕਾਇਆਕਲਪ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਵੱਖ-ਵੱਖ ਲਾਭਾਰਥੀਆਂ  ਨੇ ਦੱਸਿਆ ਕਿ ਕਿਵੇਂ ਕਾਮਨ ਸਰਵਿਸ ਸੈਂਟਰ (ਸੀਐੱਸਸੀ) ਨੇ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਹਨ ਅਤੇ ਇਨ੍ਹਾਂ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਵੱਖ-ਵੱਖ ਸੇਵਾਵਾਂ ਰਾਹੀਂ ਈਜ਼ ਆਵ੍ ਲਿਵਿੰਗ ਮੁਹੱਈਆ ਹੋਈ ਹੈ।

ਏਕੇਟੀ/ਕੇਪੀ/ਐੱਸਕੇ