ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਰਾਹੀਂ ਪੁਣੇ ਵਿੱਚ ਆਯੋਜਿਤ ਜੀ-20 ਸਿੱਖਿਆ ਮੰਤਰੀਆਂ ਦੀ ਮੀਟਿੰਗ ਨੂੰ ਸੰਬੋਧਨ ਕੀਤਾ।
ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿੱਖਿਆ ਨਾ ਸਿਰਫ ਉਹ ਬੁਨਿਆਦ ਹੈ, ਜਿਸ ‘ਤੇ ਸਾਡੀ ਸੱਭਿਅਤਾ ਦਾ ਨਿਰਮਾਣ ਹੋਇਆ ਹੈ, ਬਲਕਿ ਇਹ ਮਨੁੱਖਤਾ ਦੇ ਭਵਿੱਖ ਦੀ ਵਾਸਤੂਕਾਰ ਵੀ ਹੈ। ਪ੍ਰਧਾਨ ਮੰਤਰੀ ਨੇ ਸਿੱਖਿਆ ਮੰਤਰੀਆਂ ਨੂੰ ਸ਼ੇਰਪਾ ਆਖਿਆ ਅਤੇ ਕਿਹਾ ਕਿ ਉਹ ਵਿਕਾਸ, ਸ਼ਾਂਤੀ ਅਤੇ ਸਾਰਿਆਂ ਲਈ ਖੁਸ਼ਹਾਲੀ ਲਈ ਮਨੁੱਖਤਾ ਦੇ ਯਤਨਾਂ ਦੀ ਅਗਵਾਈ ਕਰ ਰਹੇ ਹਨ। ਸ਼੍ਰੀ ਮੋਦੀ ਨੇ ਉਜਾਗਰ ਕੀਤਾ ਕਿ ਭਾਰਤੀ ਸ਼ਾਸਤਰ ਸਿੱਖਿਆ ਦੀ ਭੂਮਿਕਾ ਨੂੰ ਖੁਸ਼ਹਾਲੀ ਲਿਆਉਣ ਦੀ ਕੁੰਜੀ ਦੇ ਰੂਪ ਵਿੱਚ ਬਿਆਨ ਕਰਦੇ ਹਨ। ਇੱਕ ਸੰਸਕ੍ਰਿਤ ਸ਼ਲੋਕ ਦਾ ਪਾਠ ਕਰਦੇ ਹੋਏ, ਜਿਸ ਦਾ ਅਰਥ ਹੈ ਕਿ ‘ਸੱਚਾ ਗਿਆਨ ਨਿਮਰਤਾ ਦਿੰਦਾ ਹੈ, ਨਿਮਰਤਾ ਤੋਂ ਯੋਗਤਾ ਮਿਲਦੀ ਹੈ, ਯੋਗਤਾ ਤੋਂ ਵਿਅਕਤੀ ਨੂੰ ਧਨ ਮਿਲਦੀ ਹੈ, ਧਨ ਇੱਕ ਵਿਅਕਤੀ ਨੂੰ ਚੰਗੇ ਕੰਮ ਕਰਨ ਦੇ ਯੋਗ ਬਣਾਉਂਦੀ ਹੈ ਅਤੇ ਇਹ ਉਹ ਚੀਜ਼ ਹੈ ਜਿਸ ਨਾਲ ਖੁਸ਼ੀ ਮਿਲਦੀ ਹੈ’, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਇੱਕ ਸੰਪੂਰਨ ਅਤੇ ਵਿਆਪਕ ਯਾਤਰਾ ਦੀ ਸ਼ੁਰੂਆਤ ਕੀਤੀ ਹੈ। ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਬੁਨਿਆਦੀ ਸਾਖਰਤਾ ਨੌਜਵਾਨਾਂ ਲਈ ਮਜ਼ਬੂਤ ਅਧਾਰ ਬਣਦੀ ਹੈ ਅਤੇ ਭਾਰਤ ਇਸ ਨੂੰ ਟੈਕਨੋਲੋਜੀ ਨਾਲ ਜੋੜ ਰਿਹਾ ਹੈ। ਉਨ੍ਹਾਂ ਨੇ ਸਰਕਾਰ ਵਲੋਂ ‘ਨੈਸ਼ਨਲ ਇਨੀਸ਼ੀਏਟਿਵ ਫਾਰ ਪ੍ਰੋਫੀਸ਼ੈਂਸੀ ਇਨ ਰੀਡਿੰਗ ਵਿਦ ਅੰਡਰਸਟੈਂਡਿੰਗ ਐਂਡ ਨਿਊਮੇਰੇਸੀ’, ਜਾਂ ‘ਨਿਪੁੰਨ ਭਾਰਤ’ ਪਹਿਲਕਦਮੀ ‘ਤੇ ਚਾਨਣਾ ਪਾਇਆ ਅਤੇ ਖੁਸ਼ੀ ਜ਼ਾਹਰ ਕੀਤੀ ਕਿ ‘ਬੁਨਿਆਦੀ ਸਾਖਰਤਾ ਅਤੇ ਸੰਖਿਆਤਮਕਤਾ’ ਨੂੰ ਜੀ-20 ਵਲੋਂ ਵੀ ਤਰਜੀਹ ਵਜੋਂ ਚਿੰਨ੍ਹਤ ਕੀਤਾ ਗਿਆ ਹੈ। ਉਨ੍ਹਾਂ ਨੇ ਇਸ ‘ਤੇ 2030 ਤੱਕ ਸਮਾਂਬੱਧ ਢੰਗ ਨਾਲ ਕੰਮ ਕਰਨ ‘ਤੇ ਵੀ ਜ਼ੋਰ ਦਿੱਤਾ।
ਪ੍ਰਧਾਨ ਮੰਤਰੀ ਨੇ ਨਵੇਂ ਈ-ਲਰਨਿੰਗ ਨੂੰ ਇਨੋਵੇਟਿਵ ਢੰਗ ਨਾਲ ਢਾਲਣ ਅਤੇ ਵਰਤਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਸਾਡਾ ਉਦੇਸ਼ ਬਿਹਤਰ ਪ੍ਰਸ਼ਾਸਨ ਦੇ ਨਾਲ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਹੋਣਾ ਚਾਹੀਦਾ ਹੈ। ਉਨ੍ਹਾਂ ਇਸ ਦਿਸ਼ਾ ਵਿੱਚ ਸਰਕਾਰ ਵਲੋਂ ਕੀਤੀਆਂ ਗਈਆਂ ਕਈ ਪਹਿਲਕਦਮੀਆਂ ਦਾ ਜ਼ਿਕਰ ਕੀਤਾ ਅਤੇ ‘ਸਟੱਡੀ ਵੈਬਜ਼ ਆਵ੍ ਐਕਟਿਵ-ਲਰਨਿੰਗ ਫਾਰ ਯੰਗ ਅਸਪਾਇਰਿੰਗ ਮਾਈਂਡਸ’ ਜਾਂ ‘ਸਵੈਯਮ’, ਇੱਕ ਔਨਲਾਈਨ ਪਲੈਟਫਾਰਮ ਦਾ ਜ਼ਿਕਰ ਕੀਤਾ, ਜੋ 9ਵੀਂ ਜਮਾਤ ਤੋਂ ਪੋਸਟ-ਗ੍ਰੈਜੂਏਟ ਪੱਧਰ ਤੱਕ ਦੇ ਸਾਰੇ ਕੋਰਸ ਉਪਲਬੱਧ ਕਰਾਉਂਦਾ ਹੈ ਅਤੇ ਵਿਦਿਆਰਥੀਆਂ ਨੂੰ ਪਹੁੰਚ, ਸਮਾਨਤਾ ਅਤੇ ਗੁਣਵੱਤਾ ‘ਤੇ ਧਿਆਨ ਕੇਂਦਰਿਤ ਕਰਦੇ ਹੋਏ ਦੂਰ-ਦੁਰਾਡੇ ਤੋਂ ਸਿੱਖਣ ਦੇ ਯੋਗ ਬਣਾਉਂਦਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “34 ਮਿਲੀਅਨ ਤੋਂ ਵੱਧ ਦਾਖਲਿਆਂ ਅਤੇ 9000 ਤੋਂ ਵੱਧ ਕੋਰਸਾਂ ਦੇ ਨਾਲ, ਇਹ ਸਿੱਖਣ ਦਾ ਇੱਕ ਬਹੁਤ ਪ੍ਰਭਾਵਸ਼ਾਲੀ ਸਾਧਨ ਬਣ ਗਿਆ ਹੈ”। ਉਨ੍ਹਾਂ ‘ਗਿਆਨ ਸਾਂਝਾ ਕਰਨ ਲਈ ਡਿਜੀਟਲ ਬੁਨਿਆਦੀ ਢਾਂਚਾ’ ਜਾਂ ‘ਦੀਕਸ਼ਾ ਪੋਰਟਲ’ ਦਾ ਵੀ ਜ਼ਿਕਰ ਕੀਤਾ, ਜਿਸਦਾ ਉਦੇਸ਼ ਡਿਸਟੈਂਸ ਲਰਨਿੰਗ ਰਾਹੀਂ ਸਕੂਲੀ ਸਿੱਖਿਆ ਪ੍ਰਦਾਨ ਕਰਨਾ ਹੈ। ਸ਼੍ਰੀ ਮੋਦੀ ਨੇ ਦੱਸਿਆ ਕਿ ਇਹ 29 ਭਾਰਤੀ ਅਤੇ 7 ਵਿਦੇਸ਼ੀ ਭਾਸ਼ਾਵਾਂ ਵਿੱਚ ਸਿੱਖਣ ਲਈ ਸਹਿਯੋਗ ਕਰਦਾ ਹੈ ਅਤੇ ਹੁਣ ਤੱਕ 137 ਮਿਲੀਅਨ ਤੋਂ ਵੱਧ ਕੋਰਸ ਪੂਰੇ ਹੋ ਚੁੱਕੇ ਹਨ। ਸ਼੍ਰੀ ਮੋਦੀ ਨੇ ਇਹ ਵੀ ਚਿੰਨ੍ਹਤ ਕੀਤਾ ਕਿ ਭਾਰਤ ਇਨ੍ਹਾਂ ਤਜ਼ਰਬਿਆਂ ਅਤੇ ਸਰੋਤਾਂ ਨੂੰ ਖਾਸ ਤੌਰ ‘ਤੇ ਗਲੋਬਲ ਸਾਊਥ ਦੇ ਲੋਕਾਂ ਨਾਲ ਸਾਂਝਾ ਕਰਕੇ ਖੁਸ਼ੀ ਮਹਿਸੂਸ ਕਰੇਗਾ।
ਸਾਡੇ ਨੌਜਵਾਨਾਂ ਨੂੰ ਭਵਿੱਖ ਲਈ ਤਿਆਰ ਕਰਨ ਲਈ ਉਨ੍ਹਾਂ ਨੂੰ ਨਿਰੰਤਰ ਹੁਨਰਮੰਦ, ਮੁੜ-ਹੁਨਰਮੰਦ ਅਤੇ ਹੁਨਰ ਵਿੱਚ ਵਾਧਾ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਵਿਕਾਸਸ਼ੀਲ ਕਾਰਜ ਪ੍ਰੋਫਾਈਲਾਂ ਅਤੇ ਅਭਿਆਸਾਂ ਦੇ ਨਾਲ ਉਨ੍ਹਾਂ ਦੀਆਂ ਯੋਗਤਾਵਾਂ ਨੂੰ ਇਕਸਾਰ ਕਰਨ ‘ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, ‘ਭਾਰਤ ਵਿੱਚ ਅਸੀਂ ਸਕਿੱਲ ਮੈਪਿੰਗ ਕਰ ਰਹੇ ਹਾਂ, ਜਿੱਥੇ ਸਿੱਖਿਆ, ਹੁਨਰ ਅਤੇ ਕਿਰਤ ਮੰਤਰਾਲੇ ਇਸ ਪਹਿਲਕਦਮੀ ‘ਤੇ ਮਿਲ ਕੇ ਕੰਮ ਕਰ ਰਹੇ ਹਨ। ਸ਼੍ਰੀ ਮੋਦੀ ਨੇ ਇਹ ਵੀ ਸੁਝਾਅ ਦਿੱਤਾ ਕਿ ਜੀ-20 ਦੇਸ਼ ਆਲਮੀ ਪੱਧਰ ‘ਤੇ ਸਕਿੱਲ ਮੈਪਿੰਗ ਕਰ ਸਕਦੇ ਹਨ ਅਤੇ ਪਾੜੇ ਨੂੰ ਲੱਭ ਸਕਦੇ ਹਨ, ਜਿਨ੍ਹਾਂ ਨੂੰ ਪੂਰਾ ਕਰਨ ਦੀ ਜ਼ਰੂਰਤ ਹੈ।
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਡਿਜੀਟਲ ਟੈਕਨੋਲੋਜੀ ਬਰਾਬਰੀ ਦਾ ਕੰਮ ਕਰਦੀ ਹੈ ਅਤੇ ਸਮਾਵੇਸ਼ ਨੂੰ ਉਤਸ਼ਾਹਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਇਹ ਸਿੱਖਿਆ ਤੱਕ ਪਹੁੰਚ ਨੂੰ ਵਧਾਉਣ ਅਤੇ ਭਵਿੱਖ ਦੀਆਂ ਜ਼ਰੂਰਤਾਂ ਮੁਤਾਬਕ ਢਾਲਣ ਲਈ ਇੱਕ ਸ਼ਕਤੀ ਗੁਣਕ ਹੈ। ਉਨ੍ਹਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਸੰਭਾਵਨਾ ਦਾ ਵੀ ਜ਼ਿਕਰ ਕੀਤਾ, ਜੋ ਸਿੱਖਣ, ਹੁਨਰ ਅਤੇ ਸਿੱਖਿਆ ਦੇ ਖੇਤਰ ਵਿੱਚ ਬਹੁਤ ਸੰਭਾਵਨਾਵਾਂ ਪ੍ਰਦਾਨ ਕਰਦੀ ਹੈ। ਉਨ੍ਹਾਂ ਟੈਕਨੋਲੋਜੀ ਨਾਲ ਪੈਦਾ ਹੋਏ ਮੌਕਿਆਂ ਅਤੇ ਚੁਣੌਤੀਆਂ ਦਰਮਿਆਨ ਸਹੀ ਸੰਤੁਲਨ ਕਾਇਮ ਕਰਨ ਵਿੱਚ ਜੀ-20 ਦੀ ਭੂਮਿਕਾ ‘ਤੇ ਵੀ ਜ਼ੋਰ ਦਿੱਤਾ।
ਖੋਜ ਅਤੇ ਇਨੋਵੇਸ਼ਨ ‘ਤੇ ਦਿੱਤੇ ਗਏ ਜ਼ੋਰ ‘ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਭਾਰਤ ਨੇ ਦੇਸ਼ ਭਰ ਵਿੱਚ 10 ਹਜ਼ਾਰ ‘ਅਟਲ ਟਿੰਕਰਿੰਗ ਲੈਬ’ ਸਥਾਪਿਤ ਕੀਤੀਆਂ ਹਨ, ਜੋ ਸਾਡੇ ਸਕੂਲੀ ਬੱਚਿਆਂ ਲਈ ਖੋਜ ਅਤੇ ਨਵਾਚਾਰ ਦੀ ਨਰਸਰੀਆਂ ਵਜੋਂ ਕੰਮ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲੈਬਾਂ ਵਿੱਚ 7.5 ਮਿਲੀਅਨ ਤੋਂ ਵੱਧ ਵਿਦਿਆਰਥੀ 1.2 ਮਿਲੀਅਨ ਤੋਂ ਵੱਧ ਨਵਾਚਾਰ ਪ੍ਰੋਜੈਕਟਾਂ ‘ਤੇ ਕੰਮ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜੀ-20 ਦੇਸ਼ ਖਾਸ ਕਰਕੇ ਗਲੋਬਲ ਦੱਖਣ ਵਿੱਚ ਆਪਣੀ-ਆਪਣੀ ਤਾਕਤ ਦੇ ਨਾਲ ਖੋਜ ਅਤੇ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਨੇ ਪਤਵੰਤਿਆਂ ਨੂੰ ਖੋਜ ਵਿੱਚ ਸਹਿਯੋਗ ਵਧਾਉਣ ਲਈ ਰਾਹ ਤਿਆਰ ਕਰਨ ਦੀ ਅਪੀਲ ਕੀਤੀ।
ਬੱਚਿਆਂ ਅਤੇ ਨੌਜਵਾਨਾਂ ਦੇ ਭਵਿੱਖ ਲਈ ਜੀ-20 ਸਿੱਖਿਆ ਮੰਤਰੀਆਂ ਦੀ ਮੀਟਿੰਗ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਖੁਸ਼ੀ ਜ਼ਾਹਰ ਕੀਤੀ ਕਿ ਸਮੂਹ ਨੇ ਟਿਕਾਊ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਹਰਿਤ ਪਰਿਵਰਤਨ, ਡਿਜੀਟਲ ਪਰਿਵਰਤਨ ਅਤੇ ਮਹਿਲਾਵਾਂ ਦੇ ਸਸ਼ਕਤੀਕਰਨ ਨੂੰ ਚਿੰਨ੍ਹਤ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਸਿੱਖਿਆ ਇਨ੍ਹਾਂ ਸਾਰੇ ਯਤਨਾਂ ਦੀ ਜੜ੍ਹ ਵਿੱਚ ਹੈ।” ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਮੀਟਿੰਗ ਦਾ ਨਤੀਜਾ ਇੱਕ ਸਮਾਵੇਸ਼ੀ, ਕਾਰਜ-ਮੁਖੀ ਅਤੇ ਭਵਿੱਖ ਲਈ ਤਿਆਰ ਸਿੱਖਿਆ ਦਾ ਏਜੰਡਾ ਹੋਵੇਗਾ। ਪ੍ਰਧਾਨ ਮੰਤਰੀ ਨੇ ਅੰਤ ਵਿੱਚ ਕਿਹਾ, “ਇਸ ਨਾਲ ਵਸੁਧੈਵ ਕੁਟੁੰਬਕਮ – ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ” ਦੀ ਅਸਲ ਭਾਵਨਾ ਵਿੱਚ ਪੂਰੇ ਵਿਸ਼ਵ ਨੂੰ ਲਾਭ ਹੋਵੇਗਾ।
LIVE. PM @narendramodi‘s remarks at the G20 Education Ministers’ Meeting. @g20org https://t.co/vnIEULayWf
— PMO India (@PMOIndia) June 22, 2023
*****
ਡੀਐੱਸ/ਟੀਐੱਸ
LIVE. PM @narendramodi's remarks at the G20 Education Ministers' Meeting. @g20org https://t.co/vnIEULayWf
— PMO India (@PMOIndia) June 22, 2023