ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਚੱਕਰਵਾਤੀ ਤੁਫਾਨ ‘ਯਾਸ’ ਕਾਰਨ ਪੈਦਾ ਹੋਈ ਸਥਿਤੀ ਨਾਲ ਨਿਪਟਣ ਲਈ ਸਬੰਧਿਤ ਰਾਜਾਂ ਤੇ ਕੇਂਦਰੀ ਮੰਤਰਾਲਿਆਂ/ਏਜੰਸੀਆਂ ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਅੱਜ ਇੱਕ ਉੱਚ–ਪੱਧਰੀ ਮੀਟਿੰਗ ਕੀਤੀ।
ਭਾਰਤੀ ਮੌਸਮ ਵਿਭਾਗ (IMD) ਨੇ ਸੂਚਿਤ ਕੀਤਾ ਕਿ ਚੱਕਰਵਾਤੀ ਤੁਫਾਨ ‘ਯਾਸ’ ਦੇ 6 ਮਈ ਦੀ ਸ਼ਾਮ ਨੂੰ ਪੱਛਮੀ ਬੰਗਾਲ ਤੇ ਉੱਤਰੀ ਓਡੀਸ਼ਾ ਦੇ ਸਮੁੰਦਰੀ ਕੰਢਿਆਂ ਨਾਲ ਟਕਰਾਉਣ ਦੀ ਸੰਭਾਵਨਾ ਹੈ; ਜਿਸ ਕਾਰਨ 155–165 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਦਾ ਝੱਖੜ ਝੁੱਲ ਸਕਦਾ ਹੈ ਤੇ ਉਨ੍ਹਾਂ ਦੀ ਰਫ਼ਤਾਰ 185 ਕਿਲੋਮੀਟਰ ਪ੍ਰਤੀ ਘੰਟਾ ਤੱਕ ਵੀ ਹੋ ਸਕਦੀ ਹੈ। ਇਸ ਤੁਫਾਨ ਕਾਰਨ ਪੱਛਮੀ ਬੰਗਾਲ ਤੇ ਉੱਤਰੀ ਓਡੀਸ਼ਾ ਦੇ ਤਟਵਰਤੀ ਜ਼ਿਲ੍ਹਿਆਂ ਵਿੱਚ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਨੇ ਪੱਛਮੀ ਬੰਗਾਲ ਦੇ ਤਟਵਰਤੀ ਇਲਾਕਿਆਂ ਵਿੱਚ 2 ਤੋਂ 4 ਮੀਟਰ ਤੱਕ ਸਮੁੰਦਰੀ ਲਹਿਰਾਂ ਉੱਠਣ ਦੀ ਚੇਤਾਵਨੀ ਵੀ ਦਿੱਤੀ ਹੈ। ਭਾਰਤੀ ਮੌਸਮ ਵਿਭਾਗ ਸਾਰੇ ਸਬੰਧਿਤ ਰਾਜਾਂ ਲਈ ਤਾਜ਼ਾ ਅਨੁਮਾਨਾਂ ਨਾਲ ਸਬੰਧਿਤ ਨਿਯਮਿਤ ਬੁਲੇਟਿਨ ਜਾਰੀ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਨੂੰ ਇਹ ਸੂਚਿਤ ਕੀਤਾ ਗਿਆ ਕਿ ਕੈਬਨਿਟ ਸਕੱਤਰ ਨੇ 22 ਮਈ, 2021 ਨੂੰ ਸਾਰੇ ਸਬੰਧਿਤ ਤਟਵਰਤੀ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਅਤੇ ਕੇਂਦਰੀ ਮੰਤਰਾਲਿਆਂ/ਏਜੰਸੀਆਂ ਨਾਲ ‘ਨੈਸ਼ਨਲ ਕ੍ਰਾਇਸਿਸ ਮੈਨੇਜਮੈਂਟ ਕਮੇਟੀ’ (NCMC) ਦੀ ਇੱਕ ਬੈਠਕ ਕੀਤੀ ਹੈ।
ਗ੍ਰਹਿ ਮੰਤਰਾਲਾ 24*7 ਸਾਰੀ ਸਥਿਤੀ ਦੀ ਸਮੀਖਿਆ ਕਰ ਰਿਹਾ ਹੈ ਅਤੇ ਸਬੰਧਿਤ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ ਕੇਂਦਰੀ ਏਜੰਸੀਆਂ ਦੇ ਸੰਪਰਕ ਵਿੱਚ ਹੈ। ਗ੍ਰਹਿ ਮੰਤਰਾਲੇ ਨੇ ਪਹਿਲਾਂ ਹੀ ਸਾਰੇ ਰਾਜਾਂ ਨੂੰ ਪਹਿਲਾਂ ਹੀ ਐੱਸਡੀਆਰਐੱਫ (SDRF) ਦੀ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਹੈ। ਐੱਨਡੀਆਰਐੱਫ ਨੇ 5 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ 46 ਟੀਮਾਂ ਪੂਰੀ ਤਰ੍ਹਾਂ ਤਿਆਰ–ਬਰ–ਤਿਆਰ ਕਰਕੇ ਰੱਖੀਆਂ ਹਨ; ਜੋ ਕਿਸ਼ਤੀਆਂ, ਰੁੱਖਾਂ ਨੂੰ ਕੱਟਣ ਵਾਲੇ ਉਪਕਰਣਾਂ, ਦੂਰਸੰਚਾਰ ਦੇ ਉਪਕਰਣਾਂ ਆਦਿ ਨਾਲ ਲੈਸ ਹਨ। ਇਸ ਤੋਂ ਇਲਾਵਾ 13 ਟੀਮਾਂ ਅੱਜ ਹਵਾਈ ਜਹਾਜ਼ਾਂ ਰਾਹੀਂ ਭੇਜ ਕੇ ਤੈਨਾਤ ਕੀਤੀਆਂ ਜਾ ਰਹੀਆਂ ਹਨ ਤੇ 10 ਟੀਮਾਂ ਨੂੰ ਤਿਆਰ ਰੱਖਿਆ ਗਿਆ ਹੈ।
ਭਾਰਤੀ ਤਟ–ਰੱਖਿਅਕ ਤੇ ਸਮੁੰਦਰੀ ਫ਼ੌਜ ਨੇ ਰਾਹਤ, ਖੋਜ ਤੇ ਬਚਾਅ ਕਾਰਜਾਂ ਲਈ ਬੇੜੇ ਤੇ ਹੈਲੀਕੌਪਟਰ ਤੈਨਾਤ ਕੀਤੇ ਹਨ। ਹਵਾਈ ਫ਼ੌਜ ਤੇ ਥਲ ਸੈਨਾ ਦੀਆਂ ਇੰਜੀਨੀਅਰ ਟਾਸਕ ਫ਼ੋਰਸ ਇਕਾਈਆਂ, ਜੋ ਕਿਸ਼ਤੀਆਂ ਤੇ ਰਾਹਤ ਉਪਕਰਣਾਂ ਨਾਲ ਲੈਸ ਹਨ, ਤੈਨਾਤੀ ਲਈ ਪੂਰੀ ਤਰ੍ਹਾਂ ਤਿਆਰ ਹਨ। ਪੱਛਮੀ ਕੰਢਿਆਂ ਉੱਤੇ ਮਨੁੱਖੀ ਸਹਾਇਤਾ ਤੇ ਆਫ਼ਤ ਮੌਕੇ ਰਾਹਤ ਪਹੁੰਚਾਉਣ ਵਾਲੀਆਂ ਇਕਾਈਆਂ ਨਾਲ ਲੈਸ ਸੱਤ ਬੇੜੇ ਤਿਅਰ–ਬਰ–ਤਿਆਰ ਖੜ੍ਹੇ ਹਨ।
ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਨੇ ਸਮੁੰਦਰ ’ਚ ਮੌਜੂਦ ਆਪਣੇ ਸਾਰੇ ਤੇਲ ਟਿਕਾਣੇ ਸੁਰੱਖਿਅਤ ਬਣਾਉਣ ਅਤੇ ਤੇਲ ਲਿਆਉਣ–ਲਿਜਾਣ ਵਾਲੇ ਜਹਾਜ਼ ਸੁਰੱਖਿਅਤ ਬੰਦਰਗਾਹ ’ਤੇ ਵਾਪਸ ਸੱਦਣ ਲਈ ਕਦਮ ਚੁੱਕੇ ਹਨ। ਬਿਜਲੀ ਮੰਤਰਾਲੇ ਨੇ ਐਮਰਜੈਂਸੀ ਰਿਸਪਾਂਸ ਸਿਸਟਮਸ ਐਕਟੀਵੇਟ ਕਰ ਦਿੱਤੇ ਹਨ ਅਤੇ ਟ੍ਰਾਂਸਫ਼ਾਰਮਰਸ, ਡੀਜ਼ਲ ਜੈਨਰੇਟਿੰਗ ਸੈੱਟਸ ਤੇ ਉਪਕਰਣਾਂ ਨੂੰ ਤਿਆਰ ਰੱਖਿਆ ਗਿਆ ਹੈ, ਤਾਂ ਜੋ ਲੋੜ ਪੈਣ ਉੱਤੇ ਬਿਜਲੀ ਦੀ ਸਪਲਾਈ ਤੁਰੰਤ ਬਹਾਲ ਹੋ ਸਕੇ। ਦੂਰਸੰਚਾਰ ਮੰਤਰਾਲਾ ਸਾਰੇ ਦੂਰਸੰਚਾਰ ਟਾਵਰਸ ਤੇ ਐਕਸਚੇਂਜਾਂ ਉੱਤੇ ਨਿਰੰਤਰ ਨਜ਼ਰ ਰੱਖ ਰਿਹਾ ਹੈ ਤੇ ਲੋੜ ਪੈਣ ਉੱਤੇ ਦੂਰਸੰਚਾਰ ਦਾ ਨੈੱਟਵਰਕ ਤੁਰੰਤ ਬਹਾਲ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਪ੍ਰਭਾਵਿਤ ਹੋਣ ਵਾਲੇ ਸੰਭਾਵੀ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਿਹਤ ਖੇਤਰ ਵਿੱਚ ਤਿਆਰੀ ਤੇ ਪ੍ਰਭਾਵਿਤ ਇਲਾਕਿਆਂ ’ਚ ਕੋਵਿਡ ਲਈ ਰਿਸਪਾਂਸ ਸਬੰਧੀ ਅਡਵਾਈਜ਼ਰੀ (ਸਲਾਹ) ਜਾਰੀ ਕੀਤੀ ਹੈ। ਬੰਦਰਗਾਹ, ਜਹਾਜ਼ਰਾਨੀ ਤੇ ਜਲ–ਮਾਰਗ ਮੰਤਰਾਲੇ ਨੇ ਸ਼ਿਪਿੰਗ ਨਾਲ ਸਬੰਧਿਤ ਸਾਰੇ ਜਹਾਜ਼ਾਂ ਨੂੰ ਸੁਰੱਖਿਅਤ ਰੱਖਣ ਲਈ ਕਦਮ ਚੁੱਕੇ ਹਨ ਤੇ ਐਮਰਜੈਂਸੀ ਕਿਸ਼ਤੀਆਂ (ਟੱਗਸ) ਤੈਨਾਤ ਕੀਤੀਆਂ ਹਨ।
ਰਾਸ਼ਟਰੀ ਆਪਦਾ ਮੋਚਨ ਬਲ (ਐੱਨਡੀਆਰਐੱਫ) ਲੋਕਾਂ ਨੂੰ ਅਸੁਰੱਖਿਅਤ ਟਿਕਾਣਿਆਂ ਤੋਂ ਕੱਢ ਕੇ ਸੁਰੱਖਿਅਤ ਟਿਕਾਣਿਆਂ ਤੱਕ ਪਹੁੰਚਾਉਣ ਦੀਆਂ ਤਿਆਰੀਆਂ ਵਿੱਚ ਰਾਜਾਂ ਦੀਆਂ ਏਜੰਸੀਆਂ ਦੀ ਮਦਦ ਕਰ ਰਿਹਾ ਹੈ ਅਤੇ ਸਥਾਨਕ ਨਿਵਾਸੀਆਂ ’ਚ ਇਸ ਵਿਸ਼ੇ ਬਾਰੇ ਨਿਰੰਤਰ ਜਾਗਰੂਕਤਾ ਵੀ ਪੈਦਾ ਕਰ ਰਿਹਾ ਹੈ ਕਿ ਚੱਕਰਵਾਤੀ ਤੁਫਾਨ ਆਉਣ ਦੀ ਹਾਲਤ ਨਾਲ ਕਿਵੇਂ ਨਿਪਟਣਾ ਹੈ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੀਨੀਅਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਵਧੇਰੇ ਖ਼ਤਰੇ ਵਾਲੇ ਇਲਾਕਿਆਂ ਤੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣਾ ਯਕੀਨੀ ਬਣਾਉਣ ਲਈ ਰਾਜਾਂ ਨਾਲ ਮਿਲ ਕੇ ਕੰਮ ਕਰਨ। ਉਨ੍ਹਾਂ ਆੱਫ਼–ਸ਼ੋਰ ਗਤੀਵਿਧੀਆਂ ਵਿੱਚ ਸ਼ਾਮਲ ਲੋਕਾਂ ਨੂੰ ਯਕੀਨੀ ਤੌਰ ’ਤੇ ਸਮੇਂ–ਸਿਰ ਕੱਢ ਕੇ ਸੁਰੱਖਿਅਤ ਟਿਕਾਣਿਆਂ ਉੱਤੇ ਪਹੁੰਚਾਉਣ ਦੀ ਹਦਾਇਤ ਵੀ ਕੀਤੀ। ਉਨ੍ਹਾਂ ਇਹ ਯਕੀਨੀ ਬਣਾਉਣ ਦੀ ਗੱਲ ਕੀਤੀ ਕਿ ਤੁਫਾਨ ਕਾਰਨ ਬਿਜਲੀ ਸਪਲਾਈ ਤੇ ਦੂਰਸੰਚਾਰ ਨੈੱਟਵਰਕ ਬੰਦ ਰਹਿਣ ਦਾ ਸਮਾਂ ਘੱਟ ਤੋਂ ਘੱਟ ਹੋਵੇ ਤੇ ਉਨ੍ਹਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ। ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਰਾਜ ਸਰਕਾਰਾਂ ਦੇ ਵਾਜਬ ਤਾਲਮੇਲ ਤੇ ਯੋਜਨਾਬੰਦੀ ਨਾਲ ਇਹ ਯਕੀਨੀ ਬਣਾਉਣ ਕਿ ਹਸਪਤਾਲਾਂ ਵਿੱਚ ਕੋਵਿਡ ਦੇ ਇਲਾਜ ਤੇ ਟੀਕਾਕਰਣ ਵਿੱਚ ਕੋਈ ਵਿਘਨ ਨਾ ਪਵੇ। ਉਨ੍ਹਾਂ ਬਿਹਤਰੀਨ ਪਿਰਤਾਂ ਤੇ ਬੇਰੋਕ ਤਾਲਮੇਲ ਤੋਂ ਬਿਹਤਰ ਤਰੀਕੇ ਸਿੱਖਣ ਵਾਸਤੇ ਯੋਜਨਾਬੰਦੀ ਤੇ ਤਿਆਰੀਆਂ ਦੀ ਪ੍ਰਕਿਰਿਆ ਵਿੱਚ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਸ਼ਾਮਲ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਚੱਕਰਵਾਤੀ ਤੁਫਾਨ ਦੌਰਾਨ ਪ੍ਰਭਾਵਿਤ ਜ਼ਿਲ੍ਹਿਆਂ ਦੇ ਨਾਗਰਿਕਾਂ ਲਈ ‘ਕੀ ਕੁਝ ਕਰਨਾ ਹੈ’ ਅਤੇ ‘ਕੀ ਨਹੀਂ ਕਰਨਾ ਹੈ’ ਬਾਰੇ ਸਲਾਹਾਂ ਤੇ ਦਿਸ਼ਾ–ਨਿਰਦੇਸ਼ ਨਾਗਰਿਕਾਂ ਨੂੰ ਅਸਾਨੀ ਨਾਲ ਸਮਝ ਆਉਣ ਵਾਲੀ ਸਥਾਨਕ ਭਾਸ਼ਾ ਵਿੱਚ ਉਪਲਬਧ ਕਰਵਾਉਣ। ਪ੍ਰਧਾਨ ਮੰਤਰੀ ਨੇ ਸਮੁੰਦਰੀ ਕੰਢਿਆਂ ਦੇ ਨਿਵਾਸੀਆਂ, ਉਦਯੋਗਾਂ ਆਦਿ ਜਿਹੀਆਂ ਸਬੰਧਿਤ ਵਿਭਿੰਨ ਧਿਰਾਂ ਨੂੰ ਸ਼ਾਮਲ ਕਰਨ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਉਨ੍ਹਾਂ ਤੱਕ ਸਿੱਧੇ ਪੁੱਜਣ ਅਤੇ ਉਨ੍ਹਾਂ ਨੂੰ ਸੰਵੇਦਨਸ਼ੀਲ ਬਣਾਉਣਾ ਚਾਹੀਦਾ ਹੈ।
ਇਸ ਮੀਟਿੰਗ ’ਚ ਗ੍ਰਹਿ ਮੰਤਰੀ, ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ, ਗ੍ਰਹਿ ਰਾਜ ਮੰਤਰੀ, ਕੈਬਨਿਟ ਸਕੱਤਰ, ਗ੍ਰਹਿ, ਦੂਰਸੰਚਾਰ, ਮੱਛੀ–ਪਾਲਣ, ਸ਼ਹਿਰੀ ਹਵਾਬਾਜ਼ੀ, ਬਿਜਲੀ, ਬੰਦਰਗਾਹਾਂ, ਜਹਾਜ਼ਰਾਨੀ ਤੇ ਜਲ–ਮਾਰਗ, ਪ੍ਰਿਥਵੀ ਵਿਗਿਆਨ ਜਿਹੇ ਮੰਤਰਾਲਿਆਂ / ਵਿਭਾਗਾਂ ਦੇ ਸਕੱਤਰਾਂ, ਰੇਲਵੇ ਬੋਰਡ ਦੇ ਚੇਅਰਮੈਨ, ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਿਟੀ (ਐੱਨਡੀਐੱਮਏ-NDMA) ਦੇ ਮੈਂਬਰਾਂ ਤੇ ਮੈਂਬਰ ਸਕੱਤਰ, ਭਾਰਤੀ ਮੌਸਮ ਵਿਭਾਗ ਤੇ ਐੱਨਡੀਆਰਐੱਫ ਦੇ ਡਾਇਰੈਕਟਰ ਜਨਰਲਸ ਅਤੇ ਪ੍ਰਧਾਨ ਮੰਤਰੀ ਦਫ਼ਤਰ, ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।
*****
ਡੀਐੱਸ/ਏਕੇਜੇ
Reviewed the preparedness to tackle Cyclone Yaas.
— Narendra Modi (@narendramodi) May 23, 2021
Was briefed on the various efforts to assist people living in the affected areas. https://t.co/pnPTCYL2Fm
Emphasised on timely evacuation as well as ensuring power and communications networks are not disrupted. Also emphasised on ensuring COVID-19 treatment of patients in affected areas does not suffer due to the cyclone.
— Narendra Modi (@narendramodi) May 23, 2021
Praying for everyone’s safety and well-being.