Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਗੁਹਾਟੀ ਵਿੱਚ ਉੱਚ ਪੱਧਰੀ ਮੀਟਿੰਗਾਂ ਵਿੱਚ ਉੱਤਰੀ-ਪੂਰਬੀ ਰਾਜਾਂ ਦੇ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲਿਆ; 2000 ਕਰੋੜ ਰੁਪਏ ਤੋਂ ਵੱਧ ਦੀ ਸਹਾਇਤਾ ਰਾਸ਼ੀ ਦਾ ਐਲਾਨ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹੜ੍ਹ ਪ੍ਰਭਾਵਿਤ ਉੱਤਰੀ-ਪੂਰਬੀ ਰਾਜਾਂ ਨੂੰ ਰਾਹਤ ਦੇਣ, ਪੁਨਰਵਾਸ, ਪੁਨਰ-ਨਿਰਮਾਣ ਅਤੇ ਹੜ੍ਹਾਂ ਨੂੰ ਰੋਕਣ ਦੇ ਉਪਾਵਾਂ ਲਈ 2000 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਹਤ ਰਾਸ਼ੀ ਦੇਣ ਦਾ ਐਲਾਨ ਕੀਤਾ। ਇਹ ਐਲਾਨ ਉੱਚ ਪੱਧਰੀ ਮੀਟਿੰਗਾਂ ਦੀ ਲੜੀ ਖਤਮ ਹੋਣ ਮੌਕੇ ਕੀਤਾ, ਜਿੱਥੇ ਪ੍ਰਧਾਨ ਮੰਤਰੀ ਨੇ ਹੜ੍ਹਾਂ ਦੀ ਸਥਿਤੀ ਅਤੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ।

ਪ੍ਰਧਾਨ ਮੰਤਰੀ ਨੇ ਦਿਨ ਦੌਰਾਨ ਅਸਾਮ, ਅਰੁਣਾਚਲ ਪ੍ਰਦੇਸ਼, ਮਣੀਪੁਰ ਅਤੇ ਨਾਗਾਲੈਂਡ ਦੀ ਸਥਿਤੀ ਸਬੰਧੀ ਵੱਖ-ਵੱਖ ਮੀਟਿੰਗਾਂ ਕਰਕੇ ਵਿਸਤ੍ਰਿਤ ਸਮੀਖਿਆ ਕੀਤੀ। ਮੀਟਿੰਗਾਂ ਵਿੱਚ ਸਬੰਧਤ ਰਾਜਾਂ ਦੇ ਮੁੱਖ ਮੰਤਰੀ ਅਤੇ ਸੀਨੀਅਰ ਅਧਿਕਾਰੀ ਮੌਜੂਦ ਸਨ। ਮਿਜ਼ੋਰਮ ਦੇ ਮੁੱਖ ਮੰਤਰੀ ਤੋਂ ਇੱਕ ਮੈਮੋਰੰਡਮ ਪ੍ਰਾਪਤ ਹੋਇਆ ਜਿਹੜੇ ਵਿਅਕਤੀਗਤ ਤੌਰ ‘ਤੇ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕੇ।
ਕੇਂਦਰ ਸਰਕਾਰ ਇਕੱਲੇ ਬੁਨਿਆਦੀ ਢਾਂਚਾ ਖੇਤਰ ਲਈ ਹੀ 1200 ਕਰੋੜ ਰੁਪਏ ਤੋਂ ਜ਼ਿਆਦਾ ਦੇਵੇਗੀ। ਇਸ ਰਾਸ਼ੀ ਨੂੰ ਸੜਕਾਂ, ਰਾਸ਼ਟਰੀ ਰਾਜ ਮਾਰਗਾਂ, ਪੁਲਾਂ ਅਤੇ ਹੋਰ ਨੁਕਸਾਨਗ੍ਰਸਤ ਬੁਨਿਆਦੀ ਢਾਂਚੇ ਦੀ ਮੁਰੰਮਤ, ਰੱਖ-ਰਖਾਅ ਅਤੇ ਮਜ਼ਬੂਤੀਕਰਨ ਲਈ ਵਰਤਿਆ ਜਾਵੇਗਾ।

ਚਾਰ ਸੌ ਕਰੋੜ ਰੁਪਏ ਬ੍ਰਹਮਪੁੱਤਰ ਨਦੀ ਦੀ ਜਲ ਸਮਰੱਥਾ ਨੂੰ ਸੁਧਾਰਨ ਲਈ ਮੁਹੱਈਆ ਕਰਾਏ ਜਾਣਗੇ ਜਿਹੜਾ ਹੜ੍ਹ ਰੋਕਣ ਵਿੱਚ ਸਹਾਈ ਹੋਵੇਗਾ।

ਮੌਜੂਦਾ ਵਿੱਤੀ ਸਾਲ ਵਿੱਚ ਕੇਂਦਰ ਸਰਕਾਰ ਨੇ ਐੱਸਡੀਆਰਐੱਫ ਵਿੱਚ ਕੇਂਦਰੀ ਹਿੱਸੇ ਵਜੋਂ 600 ਕਰੋੜ ਰੁਪਏ ਪ੍ਰਵਾਨ ਕੀਤੇ ਹਨ। ਇਸ ਵਿੱਚੋਂ 345 ਕਰੋੜ ਰੁਪਏ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਬਾਕੀ ਰਾਸ਼ੀ ਰਾਜਾਂ ਨੂੰ ਰਾਹਤ ਅਤੇ ਪੁਨਰਵਾਸ ਕਾਰਜਾਂ ਦੀ ਸਹਾਇਤਾ ਲਈ ਤੁਰੰਤ ਜਾਰੀ ਕੀਤੀ ਜਾਵੇਗੀ।

ਕੇਂਦਰ ਸਰਕਾਰ ਇਸ ਖੇਤਰ ਵਿੱਚ ਵਾਰ-ਵਾਰ ਆਏ ਹੜ੍ਹਾਂ ਦੀ ਰੋਕਥਾਮ ਲਈ ਸਮਾਂਬੱਧ ਲੰਬੇ ਸਮੇਂ ਦੇ ਹੱਲ ਲਈ ਅਧਿਐਨ ਕਰਨ ਲਈ 100 ਕਰੋੜ ਰੁਪਏ ਮੁਹੱਈਆ ਕਰੇਗੀ।

ਉੱਤਰੀ-ਪੂਰਬੀ ਖੇਤਰ ਭਾਰਤ ਦੇ ਜ਼ਮੀਨੀ ਖੇਤਰ ਦਾ ਅੱਠ ਫ਼ੀਸਦੀ ਹਿੱਸਾ ਹੈ, ਵਿੱਚ ਦੇਸ਼ ਦੇ ਇੱਕ-ਤਿਹਾਈ ਪਾਣੀ ਦੇ ਸੰਸਾਧਨ ਹਨ। ਕੇਂਦਰ ਸਰਕਾਰ ਖੇਤਰ ਵਿੱਚ ਪਾਣੀ ਦੇ ਵਿਸ਼ਾਲ ਸੰਸਾਧਨਾਂ ਦੇ ਢੁਕਵੇਂ ਪ੍ਰਬੰਧ ਲਈ ਭਾਰਤ ਸਰਕਾਰ ਦੇ ਮੰਤਰਾਲਿਆਂ ਅਤੇ ਰਾਜਾਂ ਦੇ ਪ੍ਰਤੀਨਿਧਾਂ ਦੀ ਉੱਚ ਪੱਧਰੀ ਕਮੇਟੀ ਦਾ ਗਠਨ ਕਰੇਗੀ।

ਪ੍ਰਧਾਨ ਮੰਤਰੀ ਰਾਹਤ ਕੋਸ਼ (ਪੀਐੱਮਐੱਨਆਰਐੱਫ) ਅਧੀਨ ਹੜ੍ਹਾਂ ਕਾਰਨ ਮਰਨ ਵਾਲਿਆਂ ਦੇ ਵਾਰਸਾਂ ਨੂੰ 2 ਲੱਖ ਰੁਪਏ ਅਤੇ ਗੰਭੀਰ ਜ਼ਖ਼ਮੀਆਂ ਨੂੰ 50,000 ਰੁਪਏ ਦੀ ਅਨੁਗ੍ਰਹਿ ਰਾਸ਼ੀ (ਐਕਸ-ਗ੍ਰੇਸ਼ੀਆ) ਦੇਣ ਦੀ ਮਨਜ਼ੂਰੀ ਦਿੱਤੀ ਗਈ।

****

AKT/HS