Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਸਾਬਰਮਤੀ ਵਿੱਚ ਕੋਚਰਬ ਆਸ਼ਰਮ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਸਾਬਰਮਤੀ ਵਿੱਚ ਕੋਚਰਬ ਆਸ਼ਰਮ ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਾਬਰਮਤੀ ਆਸ਼ਰਮ ਦਾ ਦੌਰਾ ਕੀਤਾ ਅਤੇ ਕੋਚਰਬ ਆਸ਼ਰਮ ਦਾ ਉਦਘਾਟਨ ਕੀਤਾ ਅਤੇ ਗਾਂਧੀ ਆਸ਼ਰਮ ਮੈਮੋਰੀਅਲ ਦੀ ਮਾਸਟਰ ਪਲਾਨ ਲਾਂਚ ਕੀਤੀ। ਪ੍ਰਧਾਨ ਮੰਤਰੀ ਨੇ ਮਹਾਤਮਾ ਗਾਂਧੀ ਦੀ ਪ੍ਰਤਿਮਾ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਹਿਰਦੇ ਕੁੰਜ (Hriday Kunj) ਦਾ ਦੌਰਾ ਕੀਤਾ। ਉਨ੍ਹਾਂ ਨੇ ਪ੍ਰਦਰਸ਼ਨੀ ਦਾ ਜਾਇਜ਼ਾ ਲਿਆ ਅਤੇ ਇੱਕ ਪੌਦਾ ਭੀ ਲਗਾਇਆ। 

ਇਸ ਮੌਕੇ ‘ਤੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਬਰਮਤੀ ਆਸ਼ਰਮ ਹਮੇਸ਼ਾ ਤੋਂ ਹੀ ਬੇਮਿਸਾਲ ਊਰਜਾ ਦਾ ਇੱਕ ਜੀਵੰਤ ਕੇਂਦਰ ਰਿਹਾ ਹੈ ਅਤੇ ਅਸੀਂ ਆਪਣੇ ਅੰਦਰ ਬਾਪੂ ਦੀ ਪ੍ਰੇਰਣਾ ਮਹਿਸੂਸ ਕਰਦੇ ਹਾਂ। ਉਨ੍ਹਾਂ ਨੇ ਅੱਗੇ ਕਿਹਾ “ਸਾਬਰਮਤੀ ਆਸ਼ਰਮ ਨੇ ਬਾਪੂ ਦੇ ਸੱਚ ਅਤੇ ਅਹਿੰਸਾ, ਰਾਸ਼ਟਰ ਸੇਵਾ ਅਤੇ ਵੰਚਿਤ ਲੋਕਾਂ ਦੀ ਸੇਵਾ ਵਿੱਚ ਪ੍ਰਮਾਤਮਾ ਦੀ ਸੇਵਾ ਨੂੰ ਦੇਖਣ ਦੀਆਂ ਕਰਦਾਂ-ਕੀਮਤਾਂ ਨੂੰ ਜੀਵਿਤ ਰੱਖਿਆ ਹੈ।” ਪ੍ਰਧਾਨ ਮੰਤਰੀ ਨੇ ਕੋਚਰਬ ਆਸ਼ਰਮ ਵਿੱਚ ਗਾਂਧੀ ਜੀ ਦੇ ਸਮੇਂ ਦਾ ਜ਼ਿਕਰ ਕੀਤਾ ਜਿੱਥੇ ਗਾਂਧੀ ਜੀ ਸਾਬਰਮਤੀ ਜਾਣ ਤੋਂ ਪਹਿਲਾਂ ਠਹਿਰੇ ਸਨ। ਪੁਨਰ-ਵਿਕਸਿਤ ਕੋਚਰਬ ਆਸ਼ਰਮ ਅੱਜ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਪੂਜਯ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਅੱਜ ਦੇ ਮਹੱਤਵਪੂਰਨ ਅਤੇ ਪ੍ਰੇਰਣਾਦਾਇਕ ਪ੍ਰੋਜੈਕਟਾਂ ਦੇ ਲਈ ਨਾਗਰਿਕਾਂ ਨੂੰ ਵਧਾਈਆਂ ਦਿੱਤੀਆਂ। 

ਅੱਜ ਦੀ 12 ਮਾਰਚ ਦੀ ਤਾਰੀਖ ਨੂੰ ਨੋਟ ਕਰਦੇ ਹੋਏ ਜਦੋਂ ਪੂਜਯ ਬਾਪੂ ਨੇ ਦਾਂਡੀ ਮਾਰਚ ਦੀ ਸ਼ੁਰੂਆਤ ਕੀਤੀ ਅਤੇ ਭਾਰਤ ਦੇ ਸੁਤੰਤਰਤਾ ਸੰਗਰਾਮ ਦੀ ਤਾਰੀਖ ਨੂੰ ਸੁਨਹਿਰੀ ਅੱਖਰਾਂ ਵਿੱਚ ਲਿਖਿਆ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਇਤਿਹਾਸਕ ਦਿਨ ਆਜ਼ਾਦ ਭਾਰਤ ਵਿੱਚ ਇੱਕ ਨਵੇਂ ਯੁਗ ਦੀ ਸ਼ੁਰੂਆਤ ਦਾ ਗਵਾਹ ਹੈ। ਰਾਸ਼ਟਰ ਦੁਆਰਾ 12 ਮਾਰਚ ਨੂੰ ਸਾਬਰਮਤੀ ਆਸ਼ਰਮ ਤੋਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੀ ਸ਼ੁਰੂਆਤ ਕੀਤੇ ਜਾਣ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਸਮਾਗਮ ਨੇ ਇਸ ਭੂਮੀ ਦੇ ਬਲੀਦਾਨਾਂ ਨੂੰ ਯਾਦ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਕਿਹਾ “ਅੰਮ੍ਰਿਤ ਮਹੋਤਸਵ ਨੇ ਭਾਰਤ ਲਈ ਅੰਮ੍ਰਿਤ ਕਾਲ ਵਿੱਚ ਪ੍ਰਵੇਸ਼ ਕਰਨ ਦਾ ਇੱਕ ਪ੍ਰਵੇਸ਼ ਦੁਆਰ ਬਣਾਇਆ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨੇ ਨਾਗਰਿਕਾਂ ਵਿੱਚ ਏਕਤਾ ਦਾ ਮਾਹੌਲ ਪੈਦਾ ਕੀਤਾ ਹੈ ਜਿਵੇਂ ਕਿ ਭਾਰਤ ਦੀ ਆਜ਼ਾਦੀ ਦੌਰਾਨ ਦੇਖਿਆ ਗਿਆ ਸੀ। ਉਨ੍ਹਾਂ ਨੇ ਮਹਾਤਮਾ ਗਾਂਧੀ ਦੇ ਆਦਰਸ਼ਾਂ ਅਤੇ ਵਿਸ਼ਵਾਸਾਂ ਦੇ ਪ੍ਰਭਾਵ ਅਤੇ ਅੰਮ੍ਰਿਤ ਮਹੋਤਸਵ ਦੇ ਘੇਰੇ ਨੂੰ ਉਜਾਗਰ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ “ਆਜ਼ਾਦੀ ਕਾ ਅੰਮ੍ਰਿਤ ਕਾਲ ਪ੍ਰੋਗਰਾਮ ਦੌਰਾਨ 3 ਕਰੋੜ ਤੋਂ ਅਧਿਕ ਲੋਕਾਂ ਨੇ ਪਾਂਚ ਪ੍ਰਣ ਦੀ ਸਹੁੰ ਚੁੱਕੀ।” ਉਨ੍ਹਾਂ ਨੇ 2 ਲੱਖ ਤੋਂ ਅਧਿਕ ਅੰਮ੍ਰਿਤ ਵਾਟਿਕਾਵਾਂ ਦੇ ਵਿਕਾਸ, ਜਿੱਥੇ 2 ਕਰੋੜ ਤੋਂ ਅਧਿਕ ਬੂਟੇ ਲਗਾਏ, ਪਾਣੀ ਦੀ ਸੰਭਾਲ਼ ਲਈ 70,000 ਤੋਂ ਅਧਿਕ ਅੰਮ੍ਰਿਤ ਸਰੋਵਰਾਂ ਦੀ ਸਿਰਜਣਾ, ਹਰ ਘਰ ਤਿਰੰਗਾ ਮੁਹਿੰਮ ਜੋ ਕਿ ਰਾਸ਼ਟਰੀ ਸ਼ਰਧਾ ਦਾ ਪ੍ਰਗਟਾਵਾ ਬਣ ਗਈ, ਅਤੇ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਜਿੱਥੇ ਨਾਗਰਿਕਾਂ ਨੇ ਸੁਤੰਤਰਤਾ ਸੰਗ੍ਰਾਮੀਆਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ, ਬਾਰੇ ਭੀ ਦੱਸਿਆ। ਪ੍ਰਧਾਨ ਮੰਤਰੀ ਨੇ ਸਾਬਰਮਤੀ ਆਸ਼ਰਮ ਨੂੰ ਵਿਕਸਿਤ ਭਾਰਤ ਦੇ ਸੰਕਲਪਾਂ ਦਾ ਤੀਰਥ ਬਣਾਉਣ ਲਈ ਅੰਮ੍ਰਿਤ ਕਾਲ ਦੌਰਾਨ 2 ਲੱਖ ਤੋਂ ਅਧਿਕ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਦਾ ਵੀ ਜ਼ਿਕਰ ਕੀਤਾ। 

ਪ੍ਰਧਾਨ ਮੰਤਰੀ ਨੇ ਕਿਹਾ, “ਜਿਹੜਾ ਰਾਸ਼ਟਰ ਆਪਣੀ ਵਿਰਾਸਤ ਨੂੰ ਸੁਰੱਖਿਅਤ ਨਹੀਂ ਰੱਖ ਪਾਉਂਦਾ ਉਹ ਆਪਣਾ ਭਵਿੱਖ ਭੀ ਗੁਆ ਬੈਠਦਾ ਹੈ। ਬਾਪੂ ਦਾ ਸਾਬਰਮਤੀ ਆਸ਼ਰਮ ਸਿਰਫ਼ ਦੇਸ਼ ਦੀ ਨਹੀਂ ਬਲਕਿ ਮਾਨਵਤਾ ਦੀ ਵਿਰਾਸਤ ਹੈ। ਇਸ ਅਨਮੋਲ ਵਿਰਾਸਤ ਦੀ ਲੰਬੀ ਅਣਦੇਖੀ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਆਸ਼ਰਮ ਦਾ ਰਕਬਾ 120 ਏਕੜ ਤੋਂ ਘਟ ਕੇ 5 ਏਕੜ ਹੋਣ ਦਾ ਜ਼ਿਕਰ ਕਰਦਿਆਂ ਕਿਹਾ ਕਿ 63 ਇਮਾਰਤਾਂ ਵਿੱਚੋਂ ਸਿਰਫ਼ 36 ਇਮਾਰਤਾਂ ਹੀ ਰਹਿ ਗਈਆਂ ਹਨ, ਜਿਨ੍ਹਾਂ ਵਿੱਚੋਂ ਸਿਰਫ਼ 3 ਇਮਾਰਤਾਂ ਹੀ ਦਰਸ਼ਕਾਂ ਲਈ ਖੁੱਲ੍ਹੀਆਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੁਤੰਤਰਤਾ ਸੰਗ੍ਰਾਮ ਵਿੱਚ ਇਸ ਦੀ ਮਹੱਤਤਾ ਦੇ ਮੱਦੇਨਜ਼ਰ ਆਸ਼ਰਮ ਨੂੰ ਸੁਰੱਖਿਅਤ ਰੱਖਣਾ ਸਾਰੇ 140 ਕਰੋੜ ਭਾਰਤੀਆਂ ਦੀ ਜ਼ਿੰਮੇਵਾਰੀ ਹੈ। 

ਪ੍ਰਧਾਨ ਮੰਤਰੀ ਨੇ ਆਸ਼ਰਮ ਦੀ 55 ਏਕੜ ਜ਼ਮੀਨ ਵਾਪਸ ਲੈਣ ਵਿੱਚ ਆਸ਼ਰਮ ਵਾਸੀਆਂ ਦੇ ਸਹਿਯੋਗ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਆਸ਼ਰਮ ਦੀਆਂ ਸਾਰੀਆਂ ਇਮਾਰਤਾਂ ਨੂੰ ਉਨ੍ਹਾਂ ਦੇ ਅਸਲੀ ਰੂਪ ਵਿੱਚ ਸੁਰੱਖਿਅਤ ਰੱਖਣ ਦਾ ਇਰਾਦਾ ਪ੍ਰਗਟਾਇਆ। 

ਪ੍ਰਧਾਨ ਮੰਤਰੀ ਨੇ ਅਜਿਹੇ ਸਮਾਰਕਾਂ ਦੀ ਲੰਬੀ ਅਣਦੇਖੀ ਲਈ ਇੱਛਾ ਸ਼ਕਤੀ ਦੀ ਕਮੀ, ਬਸਤੀਵਾਦੀ ਮਾਨਸਿਕਤਾ ਅਤੇ ਤੁਸ਼ਟੀਕਰਨ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਨੇ ਕਾਸ਼ੀ ਵਿਸ਼ਵਨਾਥ ਧਾਮ ਦੀ ਉਦਾਹਰਣ ਦਿੱਤੀ ਜਿੱਥੇ ਲੋਕਾਂ ਨੇ ਸਹਿਯੋਗ ਦਿੱਤਾ ਅਤੇ ਸ਼ਰਧਾਲੂਆਂ ਲਈ ਸੁਵਿਧਾਵਾਂ ਪੈਦਾ ਕਰਨ ਦੇ ਇਸ ਪ੍ਰੋਜੈਕਟ ਲਈ 12 ਏਕੜ ਜ਼ਮੀਨ ਉਪਲਬਧ ਹੋਈ, ਜਿਸ ਦੇ ਨਤੀਜੇ ਵਜੋਂ ਕਾਸ਼ੀ ਵਿਸ਼ਵਨਾਥ ਧਾਮ ਦੇ ਪੁਨਰ ਵਿਕਾਸ ਤੋਂ ਬਾਅਦ 12 ਕਰੋੜ ਸ਼ਰਧਾਲੂ ਆਏ। ਇਸੇ ਤਰ੍ਹਾਂ ਅਯੁੱਧਿਆ ਵਿੱਚ ਸ਼੍ਰੀ ਰਾਮ ਜਨਮ ਭੂਮੀ ਦੇ ਵਿਸਤਾਰ ਲਈ 200 ਏਕੜ ਜ਼ਮੀਨ ਖਾਲੀ ਕਰਵਾਈ ਗਈ। ਉੱਥੇ ਭੀ ਪਿਛਲੇ 50 ਦਿਨਾਂ ‘ਚ 1 ਕਰੋੜ ਤੋਂ ਵੱਧ ਸ਼ਰਧਾਲੂ ਦਰਸ਼ਨਾਂ ਲਈ ਜਾ ਚੁੱਕੇ ਹਨ। 

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਗੁਜਰਾਤ ਨੇ ਪੂਰੇ ਦੇਸ਼ ਨੂੰ ਵਿਰਾਸਤ ਨੂੰ ਸੰਭਾਲਣ ਦਾ ਰਸਤਾ ਦਿਖਾਇਆ। ਉਨ੍ਹਾਂ ਨੇ ਸਰਦਾਰ ਪਟੇਲ ਦੀ ਅਗਵਾਈ ਵਿੱਚ ਸੋਮਨਾਥ ਦੀ ਪੁਨਰ-ਸੁਰਜੀਤੀ ਨੂੰ ਇਤਿਹਾਸਿਕ ਘਟਨਾ ਦੱਸਿਆ। ਉਨ੍ਹਾਂ ਨੇ ਕਿਹਾ ਕਿ ਸੰਭਾਲ਼ ਦੀਆਂ ਹੋਰ ਉਦਾਹਰਣਾਂ, ਵਿਸ਼ਵ ਵਿਰਾਸਤੀ ਸ਼ਹਿਰ ਵਜੋਂ ਅਹਿਮਦਾਬਾਦ ਸ਼ਹਿਰ ਦੇ ਨਾਲ-ਨਾਲ ਚੰਪਾਨੇਰ ਅਤੇ ਧੋਲਾਵੀਰਾ, ਲੋਥਲ, ਗਿਰਨਾਰ, ਪਾਵਾਗੜ੍ਹ, ਮੋਢੇਰਾ ਅਤੇ ਅੰਬਾਜੀ ਹਨ।

ਭਾਰਤ ਦੇ ਸੁਤੰਤਰਤਾ ਸੰਗਰਾਮ ਨਾਲ ਸਬੰਧਿਤ ਵਿਰਾਸਤ ਦੀ ਬਹਾਲੀ ਲਈ ਵਿਕਾਸ ਮੁਹਿੰਮ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਰਤਵਯ ਪਥ ਦੇ ਰੂਪ ਵਿੱਚ ਰਾਜਪਥ ਦੇ ਪੁਨਰ-ਵਿਕਾਸ ਅਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਪ੍ਰਤਿਮਾ ਦੀ ਸਥਾਪਨਾ, ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ‘ਤੇ ਆਜ਼ਾਦੀ ਨਾਲ ਸਬੰਧਿਤ ਸਥਾਨਾਂ ਦੇ ਵਿਕਾਸ, ਬੀਆਰ ਅੰਬੇਡਕਰ ਨਾਲ ਸਬੰਧਿਤ ਸਥਾਨਾਂ ਦਾ ‘ਪੰਚ ਤੀਰਥ’ ਦੇ ਰੂਪ ਵਿੱਚ ਵਿਕਾਸ, ਏਕਤਾਨਗਰ ਵਿੱਚ ਸਟੈਚੂ ਆਵ੍ ਯੂਨਿਟੀ ਦਾ ਉਦਘਾਟਨ ਅਤੇ ਦਾਂਡੀ ਦੇ ਪਰਿਵਰਤਨ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਸਾਬਰਮਤੀ ਆਸ਼ਰਮ ਦੀ ਬਹਾਲੀ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। 

“ਭਵਿੱਖ ਦੀਆਂ ਪੀੜ੍ਹੀਆਂ ਅਤੇ ਸਾਬਰਮਤੀ ਆਸ਼ਰਮ ਦਾ ਦੌਰਾ ਕਰਨ ਵਾਲਿਆਂ ਨੂੰ ਚਰਖੇ ਦੀ ਸ਼ਕਤੀ ਅਤੇ ਇੱਕ ਕ੍ਰਾਂਤੀ ਨੂੰ ਜਨਮ ਦੇਣ ਦੀ ਇਸ ਦੀ ਯੋਗਤਾ ਤੋਂ ਪ੍ਰੇਰਣਾ ਮਿਲੇਗੀ। ਉਨ੍ਹਾਂ ਨੇ ਕਿਹਾ “ਬਾਪੂ ਨੇ ਇੱਕ ਅਜਿਹੀ ਕੌਮ ਵਿੱਚ ਆਸ ਅਤੇ ਵਿਸ਼ਵਾਸ ਭਰਿਆ ਸੀ ਜੋ ਸਦੀਆਂ ਦੀ ਗ਼ੁਲਾਮੀ ਕਾਰਨ ਨਿਰਾਸ਼ਾ ਨਾਲ ਜੂਝ ਰਹੀ ਸੀ।” ਇਹ ਨੋਟ ਕਰਦੇ ਹੋਏ ਕਿ ਬਾਪੂ ਦੀ ਦੂਰਦ੍ਰਿਸ਼ਟੀ ਭਾਰਤ ਦੇ ਉੱਜਵਲ ਭਵਿੱਖ ਲਈ ਇੱਕ ਸਪਸ਼ਟ ਦਿਸ਼ਾ ਦਰਸਾਉਂਦੀ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਗ੍ਰਾਮੀਣ ਗ਼ਰੀਬਾਂ ਦੀ ਭਲਾਈ ਨੂੰ ਪਹਿਲ ਦੇ ਰਹੀ ਹੈ ਅਤੇ ਮਹਾਤਮਾ ਗਾਂਧੀ ਦੁਆਰਾ ਪ੍ਰਦਾਨ ਕੀਤੇ ਆਤਮਨਿਰਭਰਤਾ ਅਤੇ ਸਵਦੇਸ਼ੀ ਦੇ ਆਦਰਸ਼ਾਂ ਦੀ ਪਾਲਣਾ ਕਰਕੇ ਆਤਮਨਿਰਭਰ ਭਾਰਤ ਮੁਹਿੰਮ ਚਲਾ ਰਹੀ ਹੈ। ਪ੍ਰਧਾਨ ਮੰਤਰੀ ਨੇ ਕੁਦਰਤੀ ਖੇਤੀ ਦਾ ਵੀ ਜ਼ਿਕਰ ਕੀਤਾ ਅਤੇ ਦੱਸਿਆ ਕਿ ਗੁਜਰਾਤ ਵਿੱਚ 9 ਲੱਖ ਖੇਤੀਬਾੜੀ ਪਰਿਵਾਰਾਂ ਨੇ ਕੁਦਰਤੀ ਖੇਤੀ ਨੂੰ ਅਪਣਾਇਆ ਹੈ ਜਿਸ ਕਾਰਨ 3 ਲੱਖ ਮੀਟ੍ਰਿਕ ਟਨ ਯੂਰੀਆ ਦੀ ਵਰਤੋਂ ਵਿੱਚ ਕਮੀ ਆਈ ਹੈ। ਪ੍ਰਧਾਨ ਮੰਤਰੀ ਨੇ ਪੂਰਵਜਾਂ ਦੁਆਰਾ ਛੱਡੇ ਗਏ ਆਦਰਸ਼ਾਂ ਨੂੰ ਆਧੁਨਿਕ ਰੂਪ ਵਿੱਚ ਜਿਊਣ ‘ਤੇ ਜ਼ੋਰ ਦਿੱਤਾ ਅਤੇ ਗ੍ਰਾਮੀਣ ਗ਼ਰੀਬਾਂ ਦੀ ਰੋਜ਼ੀ-ਰੋਟੀ ਅਤੇ ਆਤਮਨਿਰਭਰ ਮੁਹਿੰਮ ਨੂੰ ਪ੍ਰਾਥਮਿਕਤਾ ਦੇਣ ਲਈ ਖਾਦੀ ਦੀ ਵਰਤੋਂ ਨੂੰ ਹੁਲਾਰਾ ਦੇਣ ‘ਤੇ ਜ਼ੋਰ ਦਿੱਤਾ।

ਪਿੰਡਾਂ ਦੇ ਸਸ਼ਕਤੀਕਰਣ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਾਪੂ ਦਾ ਗ੍ਰਾਮ ਸਵਰਾਜ ਦਾ ਵਿਜ਼ਨ ਜ਼ਿੰਦਾ ਹੋ ਰਿਹਾ ਹੈ। ਉਨ੍ਹਾਂ ਨੇ ਮਹਿਲਾਵਾਂ ਦੀ ਵਧ ਰਹੀ ਭੂਮਿਕਾ ਦਾ ਜ਼ਿਕਰ ਕਰਦਿਆਂ ਕਿਹਾ, “ਇਹ ਸਵੈ-ਸਹਾਇਤਾ ਸਮੂਹ ਹੋਣ, 1 ਕਰੋੜ ਤੋਂ ਵੱਧ ਲੱਖਪਤੀ ਦੀਦੀਆਂ ਹੋਣ, ਡ੍ਰੋਨ ਪਾਇਲਟ ਬਣਨ ਲਈ ਤਿਆਰ ਮਹਿਲਾਵਾਂ ਹੋਣ, ਇਹ ਬਦਲਾਅ ਇੱਕ ਮਜ਼ਬੂਤ ਭਾਰਤ ਦੀ ਉਦਾਹਰਣ ਹੈ ਅਤੇ ਇੱਕ ਸਰਬ ਸੰਮਲਿਤ ਭਾਰਤ ਦੀ ਤਸਵੀਰ ਵੀ ਹੈ।”

ਪ੍ਰਧਾਨ ਮੰਤਰੀ ਨੇ ਸਰਕਾਰ ਦੇ ਪ੍ਰਯਤਨਾਂ ਸਦਕਾ ਪਿਛਲੇ 10 ਵਰ੍ਹਿਆਂ ਵਿੱਚ 25 ਕਰੋੜ ਲੋਕਾਂ ਦੇ ਗ਼ਰੀਬੀ ਤੋਂ ਬਾਹਰ ਆਉਣ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਪੁਲਾੜ ਖੇਤਰਵਿੱਚ ਭਾਰਤ ਦੀ ਹਾਲੀਆ ਪ੍ਰਾਪਤੀ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ “ਅੱਜ, ਜਦੋਂ ਭਾਰਤ ਵਿਕਾਸ ਦੇ ਦ੍ਰਿੜ੍ਹ ਸੰਕਲਪ ਨਾਲ ਅੱਗੇ ਵਧ ਰਿਹਾ ਹੈ, ਮਹਾਤਮਾ ਗਾਂਧੀ ਦਾ ਇਹ ਅਸਥਾਨ ਸਾਡੇ ਸਭਨਾਂ ਲਈ ਇੱਕ ਮਹਾਨ ਪ੍ਰੇਰਣਾ ਹੈ। ਇਸ ਲਈ ਸਾਬਰਮਤੀ ਆਸ਼ਰਮ ਅਤੇ ਕੋਚਰਬ ਆਸ਼ਰਮ ਦਾ ਵਿਕਾਸ ਕੇਵਲ ਇਤਿਹਾਸਿਕ ਅਸਥਾਨਾਂ ਦਾ ਵਿਕਾਸ ਨਹੀਂ ਹੈ, ਇਹ ਵਿਕਸਿਤ ਭਾਰਤ ਦੇ ਸੰਕਲਪ ਅਤੇ ਪ੍ਰੇਰਨਾ ਵਿੱਚ ਸਾਡੇ ਵਿਸ਼ਵਾਸ ਨੂੰ ਭੀ ਮਜ਼ਬੂਤ ਕਰਦਾ ਹੈ।” ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਬਾਪੂ ਦੇ ਆਦਰਸ਼ ਅਤੇ ਉਨ੍ਹਾਂ ਨਾਲ ਜੁੜੇ ਪ੍ਰੇਰਣਾਦਾਇਕ ਅਸਥਾਨ ਰਾਸ਼ਟਰ ਨਿਰਮਾਣ ਦੀ ਸਾਡੀ ਯਾਤਰਾ ਵਿੱਚ ਸਾਡਾ ਮਾਰਗਦਰਸ਼ਨ ਕਰਦੇ ਰਹਿਣਗੇ। 

ਪ੍ਰਧਾਨ ਮੰਤਰੀ ਨੇ ਗੁਜਰਾਤ ਸਰਕਾਰ ਅਤੇ ਅਹਿਮਦਾਬਾਦ ਮਿਉਂਸਪਲ ਕਾਰਪੋਰੇਸ਼ਨ ਨੂੰ ਗਾਇਡਾਂ ਲਈ ਇੱਕ ਮੁਕਾਬਲਾ ਬਣਾਉਣ ਦਾ ਸੱਦਾ ਦਿੱਤਾ ਕਿਉਂਕਿ ਅਹਿਮਦਾਬਾਦ ਇੱਕ ਵਿਰਾਸਤੀ ਸ਼ਹਿਰ ਹੈ ਅਤੇ ਸਕੂਲਾਂ ਨੂੰ ਭੀ ਤਾਕੀਦ ਕੀਤੀ ਕਿ ਉਹ ਹਰ ਰੋਜ਼ ਘੱਟੋ-ਘੱਟ 1000 ਬੱਚਿਆਂ ਨੂੰ ਸਾਬਰਮਤੀ ਆਸ਼ਰਮ ਵਿੱਚ ਲੈ ਕੇ ਜਾਣ ਅਤੇ ਸਮਾਂ ਬਿਤਾਉਣ। ਉਨ੍ਹਾਂ ਨੇ ਕਿਹਾ “ਇਹ ਸਾਨੂੰ ਬਿਨਾ ਕਿਸੇ ਅਤਿਰਿਕਤ ਬਜਟ ਦੀ ਜ਼ਰੂਰਤਾਂ ਦੇ ਪਲਾਂ ਨੂੰ ਪੁਨਰ-ਜੀਵਿਤ ਕਰਨ ਦੀ ਇਜਾਜ਼ਤ ਦੇਵੇਗਾ।” ਸੰਬੋਧਨ ਦੀ ਸਮਾਪਤੀ ਕਰਦਿਆਂ, ਪ੍ਰਧਾਨ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਇੱਕ ਨਵਾਂ ਦ੍ਰਿਸ਼ਟੀਕੋਣ ਪ੍ਰਦਾਨ ਕਰਨ ਨਾਲ ਦੇਸ਼ ਦੀ ਵਿਕਾਸ ਯਾਤਰਾ ਨੂੰ ਬਲ ਮਿਲੇਗਾ।

ਇਸ ਮੌਕੇ ‘ਤੇ ਗੁਜਰਾਤ ਦੇ ਰਾਜਪਾਲ ਸ਼੍ਰੀ ਆਚਾਰੀਆ ਦੇਵਵ੍ਰਤ ਅਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਵੀ ਮੌਜੂਦ ਸਨ।

ਪਿਛੋਕੜ

ਪ੍ਰਧਾਨ ਮੰਤਰੀ ਨੇ ਪੁਨਰ-ਵਿਕਸਿਤ ਕੋਚਰਬ ਆਸ਼ਰਮ ਦਾ ਉਦਘਾਟਨ ਕੀਤਾ। ਇਹ 1915 ਵਿੱਚ ਦੱਖਣੀ ਅਫਰੀਕਾ ਤੋਂ ਭਾਰਤ ਆਉਣ ਤੋਂ ਬਾਅਦ ਮਹਾਤਮਾ ਗਾਂਧੀ ਦੁਆਰਾ ਸਥਾਪਿਤ ਕੀਤਾ ਗਿਆ ਪਹਿਲਾ ਆਸ਼ਰਮ ਸੀ। ਇਹ ਅਜੇ ਵੀ ਗੁਜਰਾਤ ਵਿਦਿਆਪੀਠ ਦੁਆਰਾ ਇੱਕ ਯਾਦਗਾਰ ਅਤੇ ਟੂਰਿਸਟ ਸਥਾਨ ਵਜੋਂ ਸੁਰੱਖਿਅਤ ਹੈ। ਪ੍ਰਧਾਨ ਮੰਤਰੀ ਨੇ ਗਾਂਧੀ ਆਸ਼ਰਮ ਮੈਮੋਰੀਅਲ ਦਾ ਮਾਸਟਰ ਪਲਾਨ ਵੀ ਲਾਂਚ ਕੀਤਾ। 

ਪ੍ਰਧਾਨ ਮੰਤਰੀ ਦੀ ਇਹ ਲਗਾਤਾਰ ਕੋਸ਼ਿਸ਼ ਰਹੀ ਹੈ ਕਿ ਮਹਾਤਮਾ ਗਾਂਧੀ ਦੇ ਆਦਰਸ਼ਾਂ ਨੂੰ ਕਾਇਮ ਰੱਖਿਆ ਜਾਵੇ ਅਤੇ ਉਨ੍ਹਾਂ ਨੂੰ ਸੰਜੋਇਆ ਜਾਵੇ ਅਤੇ ਉਨ੍ਹਾਂ ਦੇ ਆਦਰਸ਼ਾਂ ਨੂੰ ਪ੍ਰਦਰਸ਼ਿਤ ਕਰਨ ਅਤੇ ਉਨ੍ਹਾਂ ਨੂੰ ਲੋਕਾਂ ਦੇ ਨੇੜੇ ਲਿਆਉਣ ਦੇ ਰਾਹ ਵੀ ਵਿਕਸਿਤ ਕੀਤੇ ਜਾਣ। ਇਸ ਕੋਸ਼ਿਸ਼ ਵਿੱਚ ਇੱਕ ਹੋਰ ਪ੍ਰਯਤਨ ਵਿੱਚ, ਗਾਂਧੀ ਆਸ਼ਰਮ ਮੈਮੋਰੀਅਲ ਪ੍ਰੋਜੈਕਟ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ਅਤੇ ਫਲਸਫੇ ਨੂੰ ਮੁੜ ਸੁਰਜੀਤ ਕਰਨ ਵਿੱਚ ਮਦਦ ਕਰੇਗਾ। ਇਸ ਮਾਸਟਰ ਪਲਾਨ ਦੇ ਤਹਿਤ ਆਸ਼ਰਮ ਦੇ ਮੌਜੂਦਾ ਪੰਜ ਏਕੜ ਖੇਤਰ ਨੂੰ 55 ਏਕੜ ਤੱਕ ਵਧਾ ਦਿੱਤਾ ਜਾਵੇਗਾ। 36 ਮੌਜੂਦਾ ਇਮਾਰਤਾਂ ਦੀ ਮੁਰੰਮਤ ਕੀਤੀ ਜਾਵੇਗੀ, ਜਿਨ੍ਹਾਂ ਵਿੱਚੋਂ 20 ਇਮਾਰਤਾਂ ਜਿਸ ਵਿੱਚ ‘ਹਰਿਦਯ ਕੁੰਜ’ ਭੀ ਸ਼ਾਮਲ ਹੈ, ਜੋ ਕਿ ਗਾਂਧੀ  ਜੀ ਦੇ ਨਿਵਾਸ ਵਜੋਂ ਕੰਮ ਕਰਦੇ ਸਨ, ਨੂੰ ਸੁਰੱਖਿਅਤ ਕੀਤਾ ਜਾਵੇਗਾ, 13 ਦੀ ਮੁਰੰਮਤ ਕੀਤੀ ਜਾਵੇਗੀ, ਅਤੇ 3 ਨੂੰ ਦੁਬਾਰਾ ਤਿਆਰ ਕੀਤਾ ਜਾਵੇਗਾ। 

ਮਾਸਟਰ ਪਲਾਨ ਵਿੱਚ ਨਵੀਆਂ ਇਮਾਰਤਾਂ ਤੋਂ ਲੈ ਕੇ ਪ੍ਰਸ਼ਾਸਨਕ ਸੁਵਿਧਾਵਾਂ, ਵਿਜ਼ਟਰ ਸੁਵਿਧਾਵਾਂ ਜਿਵੇਂ ਕਿ ਓਰਿਐਂਟੇਸ਼ਨ ਸੈਂਟਰ, ਚਰਖਾ ਕਤਾਈ ‘ਤੇ ਇੰਟਰਐਕਟਿਵ ਵਰਕਸ਼ਾਪ, ਹੱਥ ਨਾਲ ਬਣੇ ਕਾਗਜ਼, ਸੂਤੀ ਬੁਣਾਈ ਅਤੇ ਚਮੜੇ ਦਾ ਕੰਮ ਅਤੇ ਜਨ ਸੁਵਿਧਾਵਾਂ ਸ਼ਾਮਲ ਹਨ। ਇਮਾਰਤਾਂ ਵਿੱਚ ਗਾਂਧੀ ਜੀ ਦੇ ਜੀਵਨ ਦੇ ਪਹਿਲੂਆਂ ਦੇ ਨਾਲ-ਨਾਲ ਆਸ਼ਰਮ ਦੀ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਲਈ ਇੰਟਰਐਕਟਿਵ ਪ੍ਰਦਰਸ਼ਨੀਆਂ ਅਤੇ ਗਤੀਵਿਧੀਆਂ ਸ਼ਾਮਲ ਹੋਣਗੀਆਂ। ਮਾਸਟਰ ਪਲਾਨ ਵਿੱਚ ਗਾਂਧੀ ਜੀ ਦੇ ਵਿਚਾਰਾਂ ਨੂੰ ਸੁਰੱਖਿਅਤ ਰੱਖਣ, ਸੁਰੱਖਿਅਤ ਕਰਨ ਅਤੇ ਪ੍ਰਸਾਰਿਤ ਕਰਨ ਲਈ ਇੱਕ ਲਾਇਬ੍ਰੇਰੀ ਅਤੇ ਆਰਕਾਈਵਜ਼ ਬਿਲਡਿੰਗ ਦੀ ਵੀ ਕਲਪਨਾ ਕੀਤੀ ਗਈ ਹੈ। ਇਹ ਆਸ਼ਰਮ ਦੀ ਲਾਇਬ੍ਰੇਰੀ ਅਤੇ ਆਰਕਾਇਵਜ਼ ਦੀ ਵਰਤੋਂ ਕਰਨ ਲਈ ਆਉਣ ਵਾਲੇ ਵਿਦਵਾਨਾਂ ਲਈ ਸੁਵਿਧਾਵਾਂ ਭੀ ਪੈਦਾ ਕਰੇਗਾ। 

ਇਹ ਪ੍ਰੋਜੈਕਟ ਇੱਕ ਵਿਆਖਿਆ ਕੇਂਦਰ ਦੀ ਸਿਰਜਣਾ ਨੂੰ ਵੀ ਸਮਰੱਥ ਕਰੇਗਾ ਜੋ ਵੱਖੋ-ਵੱਖਰੀਆਂ ਉਮੀਦਾਂ ਅਤੇ ਕਈ ਭਾਸ਼ਾਵਾਂ ਵਿੱਚ ਵਿਜ਼ਟਰਾਂ ਦਾ ਮਾਰਗਦਰਸ਼ਨ ਕਰ ਸਕਦਾ ਹੈ, ਉਨ੍ਹਾਂ ਦੇ ਅਨੁਭਵ ਨੂੰ ਸੱਭਿਆਚਾਰਕ ਅਤੇ ਬੌਧਿਕ ਤੌਰ ‘ਤੇ ਵਧੇਰੇ ਉਤਸ਼ਾਹਜਨਕ ਅਤੇ ਭਰਪੂਰ ਬਣਾਉਂਦਾ ਹੈ। 

ਇਹ ਯਾਦਗਾਰ ਭਵਿੱਖ ਦੀਆਂ ਪੀੜ੍ਹੀਆਂ ਲਈ ਇੱਕ ਪ੍ਰੇਰਣਾ ਦੇ ਤੌਰ ‘ਤੇ ਕੰਮ ਕਰੇਗੀ, ਗਾਂਧੀਵਾਦੀ ਵਿਚਾਰਾਂ ਨੂੰ ਉਤਸ਼ਾਹਿਤ ਕਰੇਗੀ ਅਤੇ ਟਰੱਸਟੀਸ਼ਿਪ ਦੇ ਸਿਧਾਂਤਾਂ ਦੁਆਰਾ ਸੂਚਿਤ ਪ੍ਰਕਿਰਿਆ ਦੁਆਰਾ, ਗਾਂਧੀਵਾਦੀ ਕਦਰਾਂ-ਕੀਮਤਾਂ ਦੇ ਤੱਤ ਨੂੰ ਜੀਵਤ ਕਰੇਗੀ। 

 

 *******

 

ਡੀਐੱਸ/ਟੀਐੱਸ