ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੇਸ਼ ਵਿੱਚ ਕੋਵਿਡ-19 ਦੀ ਸਥਿਤੀ, ਸਿਹਤ ਬੁਨਿਆਦੀ ਢਾਂਚੇ ਅਤੇ ਲੌਜਿਸਟਿਕਸ ਦੀ ਤਿਆਰੀ, ਦੇਸ਼ ਵਿੱਚ ਟੀਕਾਕਰਣ ਮੁਹਿੰਮ ਦੀ ਸਥਿਤੀ ਅਤੇ ਕੋਵਿਡ-19 ਦੇ ਨਵੇਂ ਰੂਪਾਂ ਦੇ ਉਭਰਨ ਅਤੇ ਦੇਸ਼ ਲਈ ਉਨ੍ਹਾਂ ਦੇ ਜਨਤਕ ਸਿਹਤ ਦੇ ਪ੍ਰਭਾਵ ਦਾ ਮੁੱਲਾਂਕਣ ਕਰਨ ਲਈ ਇੱਕ ਉੱਚ-ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ। ਇਹ ਉੱਚ-ਪੱਧਰੀ ਸਮੀਖਿਆ ਬੈਠਕ ਕੁਝ ਦੇਸ਼ਾਂ ਵਿੱਚ ਕੋਵਿਡ-19 ਮਾਮਲਿਆਂ ਵਿੱਚ ਵਾਧੇ ਦੇ ਪਿਛੋਕੜ ਵਿੱਚ ਹੋਈ ਹੈ।
ਸਕੱਤਰ, ਸਿਹਤ ਅਤੇ ਮੈਂਬਰ, ਨੀਤੀ ਆਯੋਗ ਦੁਆਰਾ ਕਈ ਦੇਸ਼ਾਂ ਵਿੱਚ ਵੱਧ ਰਹੇ ਕੇਸਾਂ ਸਮੇਤ ਗਲੋਬਲ ਕੋਵਿਡ -19 ਸਥਿਤੀ ਬਾਰੇ ਇੱਕ ਵਿਆਪਕ ਪੇਸ਼ਕਾਰੀ ਦਿੱਤੀ ਗਈ। ਪ੍ਰਧਾਨ ਮੰਤਰੀ ਨੂੰ ਸੂਚਿਤ ਕੀਤਾ ਗਿਆ ਕਿ ਭਾਰਤ ਵਿੱਚ 22 ਦਸੰਬਰ, 2022 ਨੂੰ ਖ਼ਤਮ ਹੋਏ ਹਫ਼ਤੇ ਵਿੱਚ ਮਾਮਲਿਆਂ ਵਿੱਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ, ਔਸਤ ਰੋਜ਼ਾਨਾ ਕੇਸ 153 ਤੱਕ ਅਤੇ ਹਫ਼ਤਾਵਾਰੀ ਪਾਜ਼ਿਟਿਵਿਟੀ ਦਰ ਘਟ ਕੇ 0.14% ਤੱਕ ਆ ਗਈ ਹੈ। ਹਾਲਾਂਕਿ, ਪਿਛਲੇ 6 ਹਫਤਿਆਂ ਤੋਂ, ਆਲਮੀ ਪੱਧਰ ‘ਤੇ ਰੋਜ਼ਾਨਾ ਔਸਤਨ 5.9 ਲੱਖ ਮਾਮਲੇ ਸਾਹਮਣੇ ਆਏ ਹਨ।
ਪ੍ਰਧਾਨ ਮੰਤਰੀ ਨੇ ਲਾਪਰਵਾਹੀ ਦੇ ਵਿਰੁੱਧ ਸਾਵਧਾਨ ਕੀਤਾ ਅਤੇ ਸਖ਼ਤ ਚੌਕਸੀ ਦੀ ਸਲਾਹ ਦਿੱਤੀ। ਉਨ੍ਹਾਂ ਦੁਹਰਾਇਆ ਕਿ ਕੋਵਿਡ ਅਜੇ ਖ਼ਤਮ ਨਹੀਂ ਹੋਇਆ ਹੈ ਅਤੇ ਅਧਿਕਾਰੀਆਂ ਨੂੰ ਵਿਸ਼ੇਸ਼ ਤੌਰ ‘ਤੇ ਅੰਤਰਰਾਸ਼ਟਰੀ ਹਵਾਈ ਅੱਡਿਆਂ ‘ਤੇ ਚਲ ਰਹੇ ਨਿਗਰਾਨੀ ਉਪਾਵਾਂ ਨੂੰ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ।
ਪ੍ਰਧਾਨ ਮੰਤਰੀ ਨੇ ਇਹ ਯਕੀਨੀ ਬਣਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਕਿ ਸਾਰੇ ਪੱਧਰਾਂ ‘ਤੇ ਕੋਵਿਡ ਬੁਨਿਆਦੀ ਢਾਂਚੇ ਨੂੰ ਸਾਜ਼ੋ-ਸਮਾਨ, ਪ੍ਰਕਿਰਿਆਵਾਂ ਅਤੇ ਮਾਨਵ ਸੰਸਾਧਨਾਂ ਦੇ ਮਾਮਲੇ ਵਿੱਚ ਉੱਚ ਪੱਧਰੀ ਤਿਆਰੀ ‘ਤੇ ਬਰਕਰਾਰ ਰੱਖਿਆ ਜਾਵੇ। ਉਨ੍ਹਾਂ ਰਾਜਾਂ ਨੂੰ ਸਲਾਹ ਦਿੱਤੀ ਕਿ ਉਹ ਆਕਸੀਜਨ ਸਿਲੰਡਰ, ਪੀਐੱਸਏ ਪਲਾਂਟ, ਵੈਂਟੀਲੇਟਰ ਅਤੇ ਮਾਨਵ ਸੰਸਾਧਨਾਂ ਸਮੇਤ ਹਸਪਤਾਲ ਵਿੱਚ ਬੁਨਿਆਦੀ ਢਾਂਚੇ ਦੀ ਕਾਰਜਸ਼ੀਲ ਤਿਆਰੀ ਨੂੰ ਯਕੀਨੀ ਬਣਾਉਣ ਲਈ ਕੋਵਿਡ ਵਿਸ਼ੇਸ਼ ਸੁਵਿਧਾਵਾਂ ਦਾ ਆਡਿਟ ਕਰਨ।
ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਟੈਸਟਿੰਗ ਅਤੇ ਜੀਨੋਮਿਕ ਸੀਕੁਐਂਸਿੰਗ ਦੇ ਪ੍ਰਯਤਨਾਂ ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ। ਰਾਜਾਂ ਨੂੰ ਰੋਜ਼ਾਨਾ ਅਧਾਰ ‘ਤੇ ਜੀਨੋਮ ਕ੍ਰਮ ਲਈ ਮਨੋਨੀਤ ਆਈਐੱਨਐੱਸਏਸੀਓਜੀ ਜੀਨੋਮ ਸੀਕੁਐਂਸਿੰਗ ਲੈਬਾਰਟਰੀਆਂ (ਆਈਜੀਐੱਸਐੱਲ’ਸ) ਨਾਲ ਵੱਡੀ ਸੰਖਿਆ ਵਿੱਚ ਨਮੂਨੇ ਸਾਂਝੇ ਕਰਨ ਲਈ ਕਿਹਾ ਗਿਆ ਹੈ। ਇਹ ਦੇਸ਼ ਵਿੱਚ ਘੁੰਮ ਰਹੇ ਨਵੇਂ ਰੂਪਾਂ, ਜੇਕਰ ਕੋਈ ਹੈ, ਦਾ ਸਮੇਂ ਸਿਰ ਪਤਾ ਲਗਾਉਣ ਵਿੱਚ ਸਹਾਇਤਾ ਕਰੇਗਾ ਅਤੇ ਲੋੜੀਂਦੇ ਪਬਲਿਕ ਹੈਲਥ ਉਪਾਅ ਕਰਨ ਵਿੱਚ ਸਹਾਇਤਾ ਕਰੇਗਾ।
ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਹਰ ਸਮੇਂ ਕੋਵਿਡ ਦੇ ਉਚਿਤ ਵਿਵਹਾਰ ਦੀ ਪਾਲਣਾ ਕਰਨ ਦੀ ਤਾਕੀਦ ਕੀਤੀ, ਖਾਸ ਕਰਕੇ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ, ਜਿਸ ਵਿੱਚ ਭੀੜ-ਭੜੱਕੇ ਵਾਲੀਆਂ ਜਨਤਕ ਥਾਵਾਂ ‘ਤੇ ਮਾਸਕ ਪਹਿਨਣਾ ਵੀ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਤਾਕੀਦ ਕੀਤੀ ਕਿ ਖਾਸ ਤੌਰ ‘ਤੇ ਕਮਜ਼ੋਰ ਅਤੇ ਬਜ਼ੁਰਗ ਸਮੂਹਾਂ ਲਈ ਪ੍ਰੀਕੌਸ਼ਨ ਡੋਜ਼ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ।
ਪ੍ਰਧਾਨ ਮੰਤਰੀ ਨੂੰ ਦੱਸਿਆ ਗਿਆ ਕਿ ਦਵਾਈਆਂ, ਟੀਕੇ ਅਤੇ ਹਸਪਤਾਲ ਦੇ ਬੈੱਡਾਂ ਦੇ ਸਬੰਧ ਵਿੱਚ ਲੋੜੀਂਦੀ ਉਪਲਬਧਤਾ ਹੈ। ਉਨ੍ਹਾਂ ਜ਼ਰੂਰੀ ਦਵਾਈਆਂ ਦੀ ਉਪਲਬਧਤਾ ਅਤੇ ਕੀਮਤਾਂ ‘ਤੇ ਨਿਯਮਿਤ ਤੌਰ ‘ਤੇ ਨਿਗਰਾਨੀ ਰੱਖਣ ਦੀ ਸਲਾਹ ਦਿੱਤੀ।
ਫ੍ਰੰਟਲਾਈਨ ਹੈਲਥਕੇਅਰ ਵਰਕਰਾਂ ਦੇ ਆਲਮੀ ਪੱਧਰ ‘ਤੇ ਸਰਾਹੇ ਗਏ ਕੰਮ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਉਸੇ ਤਰ੍ਹਾਂ ਨਿਰਸੁਆਰਥ ਅਤੇ ਸਮਰਪਿਤ ਤਰੀਕੇ ਨਾਲ ਕੰਮ ਕਰਦੇ ਰਹਿਣ ਲਈ ਕਿਹਾ।
ਇਸ ਬੈਠਕ ਵਿੱਚ ਸ਼੍ਰੀ ਅਮਿਤ ਸ਼ਾਹ, ਕੇਂਦਰੀ ਗ੍ਰਹਿ ਮੰਤਰੀ; ਡਾ. ਮਨਸੁਖ ਮਾਂਡਵੀਯਾ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ; ਸ਼੍ਰੀ ਜਯੋਤਿਰਾਦਿੱਤਿਆ ਸਿੰਧੀਆ, ਸ਼ਹਿਰੀ ਹਵਾਬਾਜ਼ੀ ਮੰਤਰੀ; ਡਾ. ਐੱਸ. ਜੈਸ਼ੰਕਰ; ਵਿਦੇਸ਼ ਮੰਤਰੀ; ਸ਼੍ਰੀ ਅਨੁਰਾਗ ਠਾਕੁਰ, ਸੂਚਨਾ ਤੇ ਪ੍ਰਸਾਰਣ ਮੰਤਰੀ; ਸ਼੍ਰੀਮਤੀ ਭਾਰਤੀ ਪ੍ਰਵੀਣ ਪਵਾਰ, ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ; ਸ਼੍ਰੀ ਪੀ ਕੇ ਮਿਸ਼ਰਾ, ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ, ਸ਼੍ਰੀ ਪਰਮੇਸ਼ਵਰਨ ਅਈਯਰ, ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਨੀਤੀ ਆਯੋਗ; ਡਾ. ਵੀ ਕੇ ਪਾਲ, ਮੈਂਬਰ (ਹੈਲਥ) ਨੀਤੀ ਆਯੋਗ; ਸ਼੍ਰੀ ਰਾਜੀਵ ਗਾਬਾ, ਕੈਬਨਿਟ ਸਕੱਤਰ; ਸ਼੍ਰੀ ਅਮਿਤ ਖਰੇ, ਸਲਾਹਕਾਰ, ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ); ਸ਼੍ਰੀ ਏਕੇ ਭੱਲਾ, ਗ੍ਰਹਿ ਸਕੱਤਰ; ਸ਼੍ਰੀ ਰਾਜੇਸ਼ ਭੂਸ਼ਣ, ਸਕੱਤਰ (ਐੱਚਐੱਫਡਬਲਿਊ); ਡਾ. ਰਾਜੀਵ ਬਹਿਲ, ਸਕੱਤਰ (ਡੀਐੱਚਆਰ); ਸ਼੍ਰੀ ਅਰੁਣ ਬਰੋਕਾ, ਸਕੱਤਰ, ਫਾਰਮਾਸਿਊਟੀਕਲ (ਸੁਤੰਤਰ ਚਾਰਜ); ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।
*******
ਡੀਐੱਸ/ਐੱਲਪੀ/ਏਕੇ
Chaired a meeting to review the public health response to COVID-19. Stressed on ramping up testing, genome sequencing and to ensure operational readiness of COVID infrastructure. Also emphasised on the need to follow COVID appropriate behaviour. https://t.co/RJpUT9XLiq
— Narendra Modi (@narendramodi) December 22, 2022