Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਕਾਊਂਟਰ-ਟੈਰਰਿਜ਼ਮ ਫਾਈਨੈਂਸਿੰਗ ਬਾਰੇ ਨਵੀਂ ਦਿੱਲੀ ਵਿੱਚ ਆਯੋਜਿਤ ਤੀਸਰੀ ‘ਨੋ ਮਨੀ ਫੌਰ ਟੈਰਰ’ ਮੰਤਰੀ ਪੱਧਰੀ ਕਾਨਫਰੰਸ ਵਿੱਚ ਹਿੱਸਾ ਲਿਆ

ਪ੍ਰਧਾਨ ਮੰਤਰੀ ਨੇ ਕਾਊਂਟਰ-ਟੈਰਰਿਜ਼ਮ ਫਾਈਨੈਂਸਿੰਗ ਬਾਰੇ ਨਵੀਂ ਦਿੱਲੀ ਵਿੱਚ ਆਯੋਜਿਤ ਤੀਸਰੀ ‘ਨੋ ਮਨੀ ਫੌਰ ਟੈਰਰ’ ਮੰਤਰੀ ਪੱਧਰੀ ਕਾਨਫਰੰਸ ਵਿੱਚ ਹਿੱਸਾ ਲਿਆ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਤੰਕਵਾਦ ਨਾਲ ਨਜਿੱਠਣ ਵਿੱਚ ਕਿਸੇ ਵੀ ਅਸਪਸ਼ਟਤਾ ਤੋਂ ਬਚਣ ਲਈ ਜ਼ੋਰਦਾਰ ਸੱਦਾ ਦਿੱਤਾ ਹੈ ਅਤੇ ਉਨ੍ਹਾਂ ਦੇਸ਼ਾਂ ਨੂੰ ਚੇਤਾਵਨੀ ਦਿੱਤੀ ਹੈ ਜੋ ਅੱਤਵਾਦ ਨੂੰ ਵਿਦੇਸ਼ ਨੀਤੀ ਦੇ ਸਾਧਨ ਵਜੋਂ ਵਰਤਦੇ ਹਨ।

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਤੰਕਵਾਦ ਨਾਲ ਨਜਿੱਠਣ ਵਿੱਚ ਕਿਸੇ ਵੀ ਤਰ੍ਹਾਂ ਦੀ ਅਸਪਸ਼ਟਤਾ ਤੋਂ ਬਚਣ ਲਈ ਜ਼ੋਰਦਾਰ ਸੱਦਾ ਦਿੱਤਾ ਹੈ ਅਤੇ ਉਨ੍ਹਾਂ ਦੇਸ਼ਾਂ ਦੇ ਖਿਲਾਫ ਵੀ ਸਾਵਧਾਨ ਕੀਤਾ  ਜੋ ਆਤੰਕਵਾਦ ਨੂੰ ਵਿਦੇਸ਼ ਨੀਤੀ ਦੇ ਸਾਧਨ ਵਜੋਂ ਵਰਤਦੇ ਹਨ। ਉਹ ਅੱਜ ਨਵੀਂ ਦਿੱਲੀ ਵਿੱਚ ਕਾਊਂਟਰ-ਟੈਰਰਿਜ਼ਮ ਫਾਈਨੈਂਸਿੰਗ ਬਾਰੇ ਤੀਸਰੀ ‘ਨੋ ਮਨੀ ਫੌਰ ਟੈਰਰ’ (ਐੱਨਐੱਮਐੱਫਟੀ) ਮੰਤਰੀ ਪੱਧਰੀ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।

 

ਸਭਾ ਦਾ ਸੁਆਗਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਹੋ ਰਹੀ ਕਾਨਫਰੰਸ ਦੀ ਮਹੱਤਤਾ ਨੂੰ ਦਰਸਾਇਆ ਅਤੇ ਯਾਦ ਕੀਤਾ ਜਦੋਂ ਰਾਸ਼ਟਰ ਨੇ ਆਤੰਕਵਾਦ ਦਾ ਕਾਲਾ ਚਿਹਰਾ ਦੁਨੀਆ ਦੇ ਗੰਭੀਰ ਨੋਟਿਸ ਲੈਣ ਤੋਂ ਬਹੁਤ ਪਹਿਲਾਂ ਦੇਖਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ, “ਦਹਾਕਿਆਂ ਦੌਰਾਨ ਆਤੰਕਵਾਦ ਨੇ, ਵੱਖੋ-ਵੱਖ ਨਾਵਾਂ ਅਤੇ ਰੂਪਾਂ ਵਿੱਚ, ਭਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ।”  ਉਨ੍ਹਾਂ ਕਿਹਾ ਕਿ ਹਜ਼ਾਰਾਂ ਕੀਮਤੀ ਜਾਨਾਂ ਜਾਣ ਦੇ ਬਾਵਜੂਦ ਭਾਰਤ ਨੇ ਆਤੰਕਵਾਦ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ। ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਇਹ ਸਾਰੇ ਡੈਲੀਗੇਟਾਂ ਲਈ ਭਾਰਤ ਅਤੇ ਇਸ ਦੇ ਲੋਕਾਂ ਨਾਲ ਗੱਲਬਾਤ ਕਰਨ ਦਾ ਇੱਕ ਮੌਕਾ ਹੈ ਜੋ ਆਤੰਕਵਾਦ ਨਾਲ ਨਜਿੱਠਣ ਵਿੱਚ ਦ੍ਰਿੜ੍ਹ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ “ਅਸੀਂ ਮੰਨਦੇ ਹਾਂ ਕਿ ਇੱਕ ਵੀ ਹਮਲਾ, ਬਹੁਤ ਜ਼ਿਆਦਾ ਹੁੰਦਾ ਹੈ। ਇੱਥੋਂ ਤੱਕ ਕਿ ਇੱਕ ਵੀ ਜਾਨ ਗੁਆਉਣੀ, ਬਹੁਤ ਜ਼ਿਆਦਾ ਹੁੰਦੀ ਹੈ। ਇਸ ਲਈ, ਅਸੀਂ ਉਦੋਂ ਤੱਕ ਆਰਾਮ ਨਹੀਂ ਕਰਾਂਗੇ ਜਦੋਂ ਤੱਕ ਆਤੰਕਵਾਦ ਨੂੰ ਜੜ੍ਹੋਂ ਉਖਾੜ ਨਹੀਂ ਦਿੱਤਾ ਜਾਂਦਾ।”

 

ਇਸ ਕਾਨਫਰੰਸ ਦੇ ਮਹੱਤਵ ਨੂੰ ਉਜਾਗਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨੂੰ ਸਿਰਫ਼ ਮੰਤਰੀਆਂ ਦੇ ਇਕੱਠ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ ਕਿਉਂਕਿ ਆਤੰਕਵਾਦ ਪੂਰੀ ਮਾਨਵਤਾ ਨੂੰ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਆਤੰਕਵਾਦ ਦਾ ਲੰਮੇ ਸਮੇਂ ਦਾ ਪ੍ਰਭਾਵ ਗਰੀਬਾਂ ਅਤੇ ਸਥਾਨਕ ਅਰਥਵਿਵਸਥਾ ‘ਤੇ ਖਾਸ ਤੌਰ ‘ਤੇ ਕਠੋਰ ਹੈ। ਸ਼੍ਰੀ ਮੋਦੀ ਨੇ ਟਿੱਪਣੀ ਕੀਤੀ, “ਭਾਵੇਂ ਇਹ ਟੂਰਿਜ਼ਮ ਹੋਵੇ ਜਾਂ ਵਪਾਰ, ਕੋਈ ਵੀ ਅਜਿਹੇ ਖੇਤਰ ਨੂੰ ਪਸੰਦ ਨਹੀਂ ਕਰਦਾ ਜੋ ਲਗਾਤਾਰ ਖਤਰੇ ਵਿੱਚ ਹੋਵੇ।” ਉਨ੍ਹਾਂ ਅੱਗੇ ਕਿਹਾ ਕਿ ਆਤੰਕਵਾਦ ਦੇ ਨਤੀਜੇ ਵਜੋਂ ਲੋਕਾਂ ਦੀ ਆਜੀਵਿਕਾ ਖੋਹੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਭ ਤੋਂ ਵੱਧ ਮਹੱਤਵਪੂਰਨ ਹੈ ਕਿ ਅਸੀਂ ਆਤੰਕਵਾਦ ਦੇ ਵਿੱਤ ਪੋਸ਼ਣ ਦੀ ਜੜ੍ਹ ‘ਤੇ ਹਮਲਾ ਕਰੀਏ।

 

ਪ੍ਰਧਾਨ ਮੰਤਰੀ ਨੇ ਆਤੰਕਵਾਦ ਨਾਲ ਨਜਿੱਠਣ ਵਿੱਚ ਕਿਸੇ ਵੀ ਅਸਪਸ਼ਟਤਾ ਵਿਰੁੱਧ ਚੇਤਾਵਨੀ ਦਿੱਤੀ। ਉਨ੍ਹਾਂ ਆਤੰਕਵਾਦ ਦੀਆਂ ਗਲਤ ਧਾਰਨਾਵਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ “ਵੱਖੋ-ਵੱਖ ਹਮਲਿਆਂ ਦੀ ਪ੍ਰਤੀਕ੍ਰਿਆ ਦੀ ਤੀਬਰਤਾ ਇਸ ਗੱਲ ਦੇ ਅਧਾਰ ‘ਤੇ ਵੱਖਰੀ ਨਹੀਂ ਹੋ ਸਕਦੀ ਕਿ ਇਹ ਕਿੱਥੇ ਹੁੰਦਾ ਹੈ। ਸਾਰੇ ਆਤੰਕਵਾਦੀ ਹਮਲੇ ਇੱਕੋ ਜਿਹੇ ਗੁੱਸੇ ਅਤੇ ਕਾਰਵਾਈ ਦੇ ਹੱਕਦਾਰ ਹਨ। ਇਸ ਤੋਂ ਇਲਾਵਾ, ਕਈ ਵਾਰ, ਆਤੰਕਵਾਦੀਆਂ ਵਿਰੁੱਧ ਕਾਰਵਾਈ ਨੂੰ ਰੋਕਣ ਲਈ ਆਤੰਕਵਾਦ ਦੇ ਸਮਰਥਨ ਵਿੱਚ ਅਪ੍ਰਤੱਖ ਤੌਰ ‘ਤੇ ਦਲੀਲਾਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਰੇਖਾਂਕਿਤ ਕੀਤਾ ਕਿ ਆਲਮੀ ਖਤਰੇ ਨਾਲ ਨਜਿੱਠਣ ਦੌਰਾਨ ਅਸਪਸ਼ਟ ਪਹੁੰਚ ਲਈ ਕੋਈ ਥਾਂ ਨਹੀਂ ਹੈ। ਪ੍ਰਧਾਨ ਮੰਤਰੀ ਨੇ ਕਿਹਾ “ਕੋਈ ਚੰਗਾ ਆਤੰਕਵਾਦ ਅਤੇ ਮਾੜਾ ਆਤੰਕਵਾਦ ਨਹੀਂ ਹੈ। ਇਹ ਮਾਨਵਤਾ, ਆਜ਼ਾਦੀ ਅਤੇ ਸੱਭਿਅਤਾ ‘ਤੇ ਹਮਲਾ ਹੈ। ਇਹ ਕੋਈ ਸੀਮਾਵਾਂ ਨਹੀਂ ਜਾਣਦਾ”, ਉਨ੍ਹਾਂ ਜ਼ੋਰ ਦੇ ਕੇ ਕਿਹਾ, “ਸਿਰਫ ਇਕਸਾਰ, ਇਕਜੁੱਟ ਅਤੇ ਜ਼ੀਰੋ-ਟੌਲਰੈਂਸ ਪਹੁੰਚ ਹੀ ਅੱਤਵਾਦ ਨੂੰ ਹਰਾ ਸਕਦੀ ਹੈ।”

 

ਇੱਕ ਆਤੰਕਵਾਦੀ ਨਾਲ ਲੜਨ ਅਤੇ ਆਤੰਕਵਾਦ ਨਾਲ ਲੜਨ ਵਿੱਚ ਅੰਤਰ ‘ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਆਤੰਕਵਾਦੀ ਨੂੰ ਹਥਿਆਰਾਂ ਅਤੇ ਤਤਕਾਲ ਰਣਨੀਤਕ ਜਵਾਬਾਂ ਨਾਲ ਬੇਅਸਰ ਕੀਤਾ ਜਾ ਸਕਦਾ ਹੈ ਪਰ ਇਹ ਰਣਨੀਤਕ ਲਾਭ, ਉਨ੍ਹਾਂ ਦੇ ਵਿੱਤ ਨੂੰ ਨੁਕਸਾਨ ਪਹੁੰਚਾਉਣ ਦੇ ਉਦੇਸ਼ ਵਾਲੀ ਕਿਸੇ ਵੱਡੀ ਰਣਨੀਤੀ ਤੋਂ ਬਿਨਾਂ, ਜਲਦੀ ਹੀ ਗੁਆਚ ਜਾਣਗੇ। ਸ਼੍ਰੀ ਮੋਦੀ ਨੇ ਕਿਹਾ, “ਇੱਕ ਆਤੰਕਵਾਦੀ ਇੱਕ ਵਿਅਕਤੀ ਹੁੰਦਾ ਹੈ ਪਰ ਆਤੰਕਵਾਦ ਵਿਅਕਤੀਆਂ ਦੇ ਇੱਕ ਨੈੱਟਵਰਕ ਨਾਲ ਹੁੰਦਾ ਹੈ।” ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਹਮਲਾ ਰੱਖਿਆ ਦਾ ਸਭ ਤੋਂ ਵਧੀਆ ਰੂਪ ਹੈ ਅਤੇ ਆਤੰਕਵਾਦ ਨੂੰ ਜੜ੍ਹੋਂ ਪੁੱਟਣ ਲਈ ਵੱਡੇ, ਕਿਰਿਆਸ਼ੀਲ, ਪ੍ਰਣਾਲੀਗਤ ਜਵਾਬ ਦੀ ਜ਼ਰੂਰਤ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਡੇ ਨਾਗਰਿਕਾਂ ਦੇ ਸੁਰੱਖਿਅਤ ਰਹਿਣ ਲਈ ਸਾਨੂੰ ਆਤੰਕਵਾਦੀਆਂ ਦਾ ਪਿੱਛਾ ਕਰਨਾ ਚਾਹੀਦਾ ਹੈ, ਉਨ੍ਹਾਂ ਦੇ ਸਮਰਥਨ ਵਾਲੇ ਨੈੱਟਵਰਕ ਨੂੰ ਤੋੜਨਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਫੰਡਿੰਗ ਨੂੰ ਖ਼ਤਮ ਕਰਨਾ ਚਾਹੀਦਾ ਹੈ।

 

ਪ੍ਰਧਾਨ ਮੰਤਰੀ ਨੇ ਰਾਜਨੀਤਿਕ, ਵਿਚਾਰਧਾਰਕ ਅਤੇ ਵਿੱਤੀ ਸਹਾਇਤਾ ਦੇ ਪ੍ਰਮੁੱਖ ਸਰੋਤਾਂ ਵਿੱਚੋਂ ਇੱਕ ਵਜੋਂ ਆਤੰਕਵਾਦ ਨੂੰ ਰਾਜ ਦੇ ਸਮਰਥਨ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਕੁਝ ਦੇਸ਼ ਆਪਣੀ ਵਿਦੇਸ਼ ਨੀਤੀ ਦੇ ਹਿੱਸੇ ਵਜੋਂ ਆਤੰਕਵਾਦੀਆਂ ਦਾ ਸਮਰਥਨ ਕਰਦੇ ਹਨ। ਉਨ੍ਹਾਂ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਵੀ ਪ੍ਰੌਕਸੀ ਜੰਗਾਂ ਪ੍ਰਤੀ ਚੌਕਸ ਰਹਿਣ ਲਈ ਕਿਹਾ। ਉਨ੍ਹਾਂ ਕਿਹਾ “ਆਤੰਕਵਾਦ ਦਾ ਸਮਰਥਨ ਕਰਨ ਵਾਲੇ ਦੇਸ਼ਾਂ ‘ਤੇ ਇੱਕ ਲਾਗਤ ਥੋਪੀ ਜਾਣੀ ਚਾਹੀਦੀ ਹੈ। ਆਤੰਕਵਾਦੀਆਂ ਪ੍ਰਤੀ ਹਮਦਰਦੀ ਪੈਦਾ ਕਰਨ ਦੀ ਕੋਸ਼ਿਸ਼ ਕਰਨ ਵਾਲੀਆਂ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਵੀ ਅਲੱਗ-ਥਲੱਗ ਕੀਤਾ ਜਾਣਾ ਚਾਹੀਦਾ ਹੈ। ਅਜਿਹੇ ਮਾਮਲਿਆਂ ਵਿੱਚ ਕੋਈ ‘ਜੇ ਅਤੇ ਪਰ’ ਨਹੀਂ ਹੋ ਸਕਦਾ। ਦੁਨੀਆ ਨੂੰ ਅੱਤਵਾਦ ਦੀ ਹਰ ਤਰ੍ਹਾਂ ਦੀ ਖੁੱਲ੍ਹੀ ਅਤੇ ਲੁਕਵੀਂ ਹਮਾਇਤ ਵਿਰੁੱਧ ਇਕਜੁੱਟ ਹੋਣ ਦੀ ਜ਼ਰੂਰਤ ਹੈ।”

 

ਪ੍ਰਧਾਨ ਮੰਤਰੀ ਨੇ ਸੰਗਠਿਤ ਅਪਰਾਧ ਨੂੰ ਆਤੰਕ ਫੰਡਿੰਗ ਦੇ ਇੱਕ ਹੋਰ ਸਰੋਤ ਵਜੋਂ ਰੇਖਾਂਕਿਤ ਕੀਤਾ ਅਤੇ ਅਪਰਾਧਿਕ ਗਰੋਹਾਂ ਅਤੇ ਆਤੰਕਵਾਦੀ ਸੰਗਠਨਾਂ ਦਰਮਿਆਨ ਗਹਿਰੇ ਸਬੰਧਾਂ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ “ਆਤੰਕਵਾਦ ਦੇ ਵਿਰੁੱਧ ਲੜਾਈ ਵਿੱਚ ਸੰਗਠਿਤ ਅਪਰਾਧ ਵਿਰੁੱਧ ਕਾਰਵਾਈ ਬਹੁਤ ਮਹੱਤਵਪੂਰਨ ਹੈ। ਕਈ ਵਾਰ, ਮਨੀ ਲਾਂਡਰਿੰਗ ਅਤੇ ਵਿੱਤੀ ਅਪਰਾਧਾਂ ਜਿਹੀਆਂ ਗਤੀਵਿਧੀਆਂ ਨੂੰ ਵੀ ਅੱਤਵਾਦੀ ਫੰਡਿੰਗ ਵਿੱਚ ਮਦਦ ਕਰਨ ਲਈ ਜਾਣਿਆ ਗਿਆ ਹੈ। ਇਸ ਨਾਲ ਲੜਨ ਲਈ ਗਲੋਬਲ ਸਹਿਯੋਗ ਦੀ ਜ਼ਰੂਰਤ ਹੈ।”

 

ਗੁੰਝਲਦਾਰ ਮਾਹੌਲ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ, ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ, ਫਾਈਨੈਂਸ਼ੀਅਲ ਇੰਟੈਲੀਜੈਂਸ ਯੂਨਿਟਸ, ਅਤੇ ਐਗਮੌਂਟ ਗਰੁਪ, ਗੈਰ-ਕਾਨੂੰਨੀ ਫੰਡ ਦੇ ਪ੍ਰਵਾਹ ਦੀ ਰੋਕਥਾਮ, ਪਤਾ ਲਗਾਉਣ ਅਤੇ ਮੁਕੱਦਮਾ ਚਲਾਉਣ ਵਿੱਚ ਸਹਿਯੋਗ ਨੂੰ ਵਧਾ ਰਹੇ ਹਨ। ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਇਹ ਢਾਂਚਾ ਪਿਛਲੇ ਦੋ ਦਹਾਕਿਆਂ ਦੌਰਾਨ ਆਤੰਕਵਾਦ ਵਿਰੁੱਧ ਜੰਗ ਵਿੱਚ ਕਈ ਤਰੀਕਿਆਂ ਨਾਲ ਮਦਦ ਕਰ ਰਿਹਾ ਹੈ। ਉਨ੍ਹਾਂ ਅੱਗੇ ਕਿਹਾ “ਇਹ ਆਤੰਕਵਾਦੀ ਫੰਡਿੰਗ ਦੇ ਜੋਖਮਾਂ ਨੂੰ ਸਮਝਣ ਵਿੱਚ ਵੀ ਮਦਦ ਕਰਦਾ ਹੈ।”

 

ਉੱਨਤ ਟੈਕਨੋਲੋਜੀ ਦੀ ਰੋਸ਼ਨੀ ਵਿੱਚ ਆਤੰਕਵਾਦ ਦੀ ਬਦਲਦੀ ਗਤੀਸ਼ੀਲਤਾ ‘ਤੇ ਟਿੱਪਣੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, “ਆਤੰਕਵਾਦ ਦੇ ਵਿੱਤ ਪੋਸ਼ਣ ਅਤੇ ਭਰਤੀ ਲਈ ਨਵੀਂ ਕਿਸਮ ਦੀ ਟੈਕਨੋਲੋਜੀ ਦੀ ਵਰਤੋਂ ਕੀਤੀ ਜਾ ਰਹੀ ਹੈ। ਡਾਰਕ ਨੈੱਟ, ਪ੍ਰਾਈਵੇਟ ਕਰੰਸੀਆਂ ਅਤੇ ਕਈ ਹੋਰਾਂ ਤੋਂ ਚੁਣੌਤੀਆਂ ਉਭਰ ਰਹੀਆਂ ਹਨ। ਨਵੀਂਆਂ ਵਿੱਤ ਟੈਕਨੋਲੋਜੀਆਂ ਦੀ ਇਕਸਾਰ ਸਮਝ ਦੀ ਜ਼ਰੂਰਤ ਹੈ।  ਇਨ੍ਹਾਂ ਪ੍ਰਯਤਨਾਂ ਵਿੱਚ ਪ੍ਰਾਈਵੇਟ ਸੈਕਟਰ ਨੂੰ ਸ਼ਾਮਲ ਕਰਨਾ ਵੀ ਮਹੱਤਵਪੂਰਨ ਹੈ।” ਹਾਲਾਂਕਿ, ਉਨ੍ਹਾਂ ਦਹਿਸ਼ਤਗਰਦੀ ਨੂੰ ਟਰੈਕ ਕਰਨ, ਟਰੇਸ ਕਰਨ ਅਤੇ ਨਜਿੱਠਣ ਲਈ ਟੈਕਨੋਲੋਜੀ ਦੀ ਵਰਤੋਂ ਕਰਨ ਦੀ ਮੰਗ ਕਰਦੇ ਹੋਏ ਇਸਦੇ ਰਾਖਸ਼ਸੀਕਰਨ ਦੇ ਵਿਰੁੱਧ ਚੇਤਾਵਨੀ ਦਿੱਤੀ।

 

ਭੌਤਿਕ ਅਤੇ ਵਰਚੁਅਲ ਸਹਿਯੋਗ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਈਬਰ ਆਤੰਕਵਾਦ ਅਤੇ ਔਨਲਾਈਨ ਕੱਟੜਵਾਦ ਲਈ ਵਰਤਿਆ ਜਾਣ ਵਾਲਾ ਬੁਨਿਆਦੀ ਢਾਂਚਾ ਵੰਡਿਆ ਹੋਇਆ ਹੈ ਜਦੋਂ ਕਿ ਕੁਝ ਸੰਸਥਾਵਾਂ ਦੂਰ-ਦਰਾਜ਼ ਦੇ ਟਿਕਾਣਿਆਂ ਦੇ ਨਾਲ-ਨਾਲ ਔਨਲਾਈਨ ਸੰਸਾਧਨਾਂ ਤੋਂ ਵੀ ਆਤੰਕਵਾਦੀਆਂ ਨੂੰ ਹਥਿਆਰਾਂ ਦੀ ਟ੍ਰੇਨਿੰਗ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ “ਸੰਚਾਰ, ਯਾਤਰਾ, ਲੌਜਿਸਟਿਕਸ – ਵੱਖੋ-ਵੱਖ ਦੇਸ਼ਾਂ ਵਿੱਚ ਚੇਨ ਦੇ ਬਹੁਤ ਸਾਰੇ ਲਿੰਕ ਹਨ।” ਪ੍ਰਧਾਨ ਮੰਤਰੀ ਨੇ ਹਰੇਕ ਦੇਸ਼ ਨੂੰ ਚੇਨ ਦੇ ਉਨ੍ਹਾਂ ਹਿੱਸਿਆਂ ਵਿਰੁੱਧ ਕਾਰਵਾਈ ਕਰਨ ਦੀ ਤਾਕੀਦ ਕੀਤੀ ਜੋ ਉਨ੍ਹਾਂ ਦੀ ਪਹੁੰਚ ਵਿੱਚ ਹਨ।

 

ਪ੍ਰਧਾਨ ਮੰਤਰੀ ਨੇ ਸੁਚੇਤ ਕੀਤਾ ਕਿ ਆਤੰਕਵਾਦੀਆਂ ਨੂੰ ਵੱਖੋ-ਵੱਖ ਦੇਸ਼ਾਂ ਵਿੱਚ ਕਾਨੂੰਨੀ ਸਿਧਾਂਤਾਂ, ਪ੍ਰਕਿਰਿਆਵਾਂ ਅਤੇ ਕਾਰਜ-ਵਿਧੀਆਂ ਵਿੱਚ ਅੰਤਰ ਦੀ ਦੁਰਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਪ੍ਰਧਾਨ ਮੰਤਰੀ ਨੇ ਸੁਝਾਅ ਦਿੱਤਾ “ਇਸ ਨੂੰ ਸਰਕਾਰਾਂ ਦਰਮਿਆਨ ਗਹਿਰੇ ਤਾਲਮੇਲ ਅਤੇ ਸਮਝ ਦੁਆਰਾ ਰੋਕਿਆ ਜਾ ਸਕਦਾ ਹੈ। ਸੰਯੁਕਤ ਅਪ੍ਰੇਸ਼ਨ, ਇੰਟੈਲੀਜੈਂਸ ਤਾਲਮੇਲ ਅਤੇ ਹਵਾਲਗੀ ਆਤੰਕਵਾਦ ਵਿਰੁੱਧ ਲੜਾਈ ਵਿੱਚ ਮਦਦ ਕਰਦੀ ਹੈ।” ਪ੍ਰਧਾਨ ਮੰਤਰੀ ਨੇ ਕੱਟੜਵਾਦ ਅਤੇ ਅੱਤਵਾਦ (radicalisation and extremism) ਦੀ ਸਮੱਸਿਆ ਨੂੰ ਸਾਂਝੇ ਤੌਰ ‘ਤੇ ਹੱਲ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਅੱਗੇ ਕਿਹਾ “ਜੋ ਕੋਈ ਵੀ ਕੱਟੜਵਾਦ ਦਾ ਸਮਰਥਨ ਕਰਦਾ ਹੈ, ਉਸ ਦੀ ਕਿਸੇ ਵੀ ਦੇਸ਼ ਵਿੱਚ ਕੋਈ ਥਾਂ ਨਹੀਂ ਹੋਣੀ ਚਾਹੀਦੀ।”

 

ਪ੍ਰਧਾਨ ਮੰਤਰੀ ਨੇ ਆਤੰਕਵਾਦ ਦੇ ਖਿਲਾਫ ਅੰਤਰਰਾਸ਼ਟਰੀ ਸਹਿਯੋਗ ਨੂੰ ਹੁਲਾਰਾ ਦੇਣ ਲਈ ਭਾਰਤ ਦੁਆਰਾ ਹਾਲ ਹੀ ਵਿੱਚ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਜਾਣਕਾਰੀ ਦੇ ਕੇ ਸਮਾਪਤੀ ਕੀਤੀ।  ਸੁਰੱਖਿਆ ਦੇ ਵੱਖੋ-ਵੱਖ ਪਹਿਲੂਆਂ ‘ਤੇ ਵੱਖੋ-ਵੱਖਰੀਆਂ ਕਾਨਫਰੰਸਾਂ ਬਾਰੇ ਜਾਣਕਾਰੀ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਵਿੱਚ ਇੰਟਰਪੋਲ ਦੀ ਜਨਰਲ ਅਸੈਂਬਲੀ, ਮੁੰਬਈ ਵਿੱਚ ਹੋਏ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਆਤੰਕਵਾਦ ਵਿਰੋਧੀ ਕਮੇਟੀ ਦੇ ਇੱਕ ਵਿਸ਼ੇਸ਼ ਸੈਸ਼ਨ ਦਾ ਜ਼ਿਕਰ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਚੱਲ ਰਹੀ ‘ਨੋ ਮਨੀ ਫੌਰ ਟੈਰਰ’ ਕਾਨਫਰੰਸ ਰਾਹੀਂ ਆਤੰਕਵਾਦੀ ਫੰਡਿੰਗ ਦੇ ਖਿਲਾਫ ਗਲੋਬਲ ਗਤੀ ਵਧਾਉਣ ਵਿੱਚ ਮਦਦ ਕਰ ਰਿਹਾ ਹੈ।

 

ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ, ਕੇਂਦਰੀ ਗ੍ਰਹਿ ਮੰਤਰੀ, ਸ਼੍ਰੀ ਅਮਿਤ ਸ਼ਾਹ, ਗ੍ਰਹਿ ਰਾਜ ਮੰਤਰੀ, ਸ਼੍ਰੀ ਨਿਤਿਆਨੰਦ ਰਾਏ, ਗ੍ਰਹਿ ਸਕੱਤਰ ਸ਼੍ਰੀ ਅਜੈ ਕੁਮਾਰ ਭੱਲਾ ਅਤੇ ਰਾਸ਼ਟਰੀ ਜਾਂਚ ਏਜੰਸੀ (National Investigation Agency) ਦੇ ਡਾਇਰੈਕਟਰ ਜਨਰਲ, ਸ਼੍ਰੀ ਦਿਨਕਰ ਗੁਪਤਾ ਵੀ ਮੌਜੂਦ ਸਨ।

 

ਪਿਛੋਕੜ

 

18-19 ਨਵੰਬਰ ਨੂੰ ਆਯੋਜਿਤ ਦੋ ਦਿਨਾ ਕਾਨਫਰੰਸ, ਹਿੱਸਾ ਲੈਣ ਵਾਲੇ ਦੇਸ਼ਾਂ ਅਤੇ ਸੰਗਠਨਾਂ ਨੂੰ ਆਤੰਕਵਾਦ ਵਿਰੋਧੀ ਵਿੱਤੀ ਸਹਾਇਤਾ (ਕਾਊਂਟਰ ਟੈਰਰਿਜ਼ਮ ਫਾਈਨੈਂਸਿੰਗ) ‘ਤੇ ਮੌਜੂਦਾ ਅੰਤਰਰਾਸ਼ਟਰੀ ਸ਼ਾਸਨ ਦੀ ਪ੍ਰਭਾਵਸ਼ੀਲਤਾ ਅਤੇ ਉੱਭਰ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਲੋੜੀਂਦੇ ਕਦਮਾਂ ‘ਤੇ ਵਿਚਾਰ ਕਰਨ ਲਈ ਇੱਕ ਵਿਲੱਖਣ ਪਲੈਟਫਾਰਮ ਪੇਸ਼ ਕਰੇਗੀ। ਇਹ ਕਾਨਫਰੰਸ ਪਿਛਲੀਆਂ ਦੋ ਕਾਨਫਰੰਸਾਂ (ਅਪਰੈਲ 2018 ਵਿੱਚ ਪੈਰਿਸ ਵਿੱਚ ਅਤੇ ਨਵੰਬਰ 2019 ਵਿੱਚ ਮੈਲਬੌਰਨ ਵਿੱਚ ਆਯੋਜਿਤ) ਦੇ ਲਾਭਾਂ ਅਤੇ ਸਿੱਖਿਆਵਾਂ ‘ਤੇ ਅਧਾਰਿਤ ਹੋਵੇਗੀ ਅਤੇ ਆਤੰਕਵਾਦੀਆਂ ਨੂੰ ਵਿੱਤੀ ਸਹਾਇਤਾ ਅਤੇ ਸੰਚਾਲਨ ਲਈ ਅਧਿਕਾਰਤ ਅਧਿਕਾਰ ਖੇਤਰਾਂ (permissive jurisdictions) ਤੱਕ ਪਹੁੰਚ ਤੋਂ ਵੰਚਿਤ ਕਰਨ ਲਈ ਗਲੋਬਲ ਸਹਿਯੋਗ ਵਧਾਉਣ ਲਈ ਕੰਮ ਕਰੇਗੀ। ਇਸ ਵਿੱਚ ਦੁਨੀਆ ਭਰ ਦੇ ਲਗਭਗ 450 ਪ੍ਰਤੀਨਿਧ ਸ਼ਾਮਲ ਹੋਣਗੇ, ਜਿਨ੍ਹਾਂ ਵਿੱਚ ਮੰਤਰੀ, ਬਹੁਪੱਖੀ ਸੰਸਥਾਵਾਂ ਦੇ ਮੁਖੀ ਅਤੇ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫਏਟੀਐੱਫ) ਦੇ ਡੈਲੀਗੇਸ਼ਨ ਦੇ ਮੁਖੀ ਸ਼ਾਮਲ ਹਨ।

 

ਕਾਨਫਰੰਸ ਦੌਰਾਨ, ਚਾਰ ਸੈਸ਼ਨਾਂ ਵਿੱਚ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਜੋ ‘ਆਤੰਕਵਾਦ ਅਤੇ ਦਹਿਸ਼ਤਗਰਦੀ ਵਿੱਤ ਪੋਸ਼ਣ ਵਿੱਚ ਗਲੋਬਲ ਰੁਝਾਨ’, ‘ਆਤੰਕਵਾਦ ਲਈ ਫੰਡਾਂ ਦੇ ਰਸਮੀ ਅਤੇ ਗੈਰ-ਰਸਮੀ ਚੈਨਲਾਂ ਦੀ ਵਰਤੋਂ’, ‘ਉਭਰਦੀਆਂ ਟੈਕਨੋਲੋਜੀਆਂ ਅਤੇ ਆਤੰਕਵਾਦੀ ਵਿੱਤ ਪੋਸ਼ਣ’ ਅਤੇ ‘ਟੈਰਰਿਸਟ ਫਾਈਨੈਂਸਿੰਗ ਨਾਲ ਨਜਿੱਠਣ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਲਈ ਅੰਤਰਰਾਸ਼ਟਰੀ ਸਹਿਯੋਗ’ ‘ਤੇ ਕੇਂਦਰਿਤ ਹੋਣਗੇ।

 

 

 

 

 

 

 

 

 

 

 

 

 

 ********* 

 

ਡੀਐੱਸ/ਟੀਐੱਸ