Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਕਰਨਾਟਕ ਦੇ ਮੈਸੂਰ ਵਿੱਚ ‘ਪ੍ਰੋਜੈਕਟ ਟਾਈਗਰ ਦੇ 50 ਵਰ੍ਹੇ ਪੂਰੇ ਹੋਣ ਦੀ ਯਾਦ ਵਿੱਚ’ ਪ੍ਰੋਗਰਾਮ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਨੇ ਕਰਨਾਟਕ ਦੇ ਮੈਸੂਰ ਵਿੱਚ ‘ਪ੍ਰੋਜੈਕਟ ਟਾਈਗਰ ਦੇ 50 ਵਰ੍ਹੇ ਪੂਰੇ ਹੋਣ ਦੀ ਯਾਦ ਵਿੱਚ’ ਪ੍ਰੋਗਰਾਮ ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਰਨਾਟਕ ਦੇ ਮੈਸੂਰ ਵਿੱਚ ਮੈਸੂਰ ਯੂਨੀਵਰਸਿਟੀ ਵਿੱਚ ਆਯੋਜਿਤ ‘ਪ੍ਰੋਜੈਕਟ ਟਾਈਗਰ ਦੇ 50 ਵਰ੍ਹੇ ਪੂਰੇ ਹੋਣ ਦੀ ਯਾਦ ਵਿੱਚ’ ਪ੍ਰੋਗਰਾਮ ਦਾ ਉਦਘਾਟਨ ਕੀਤਾ। ਪ੍ਰਧਨ ਮੰਤਰੀ ਨੇ ਇੰਟਰਨੈਸ਼ਨਲ ਬਿਗ ਕੈਟ ਅਲਾਇੰਸ (ਆਈਬੀਸੀਏ) ਦੀ ਵੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ‘ਅੰਮ੍ਰਿਤ ਕਾਲ ਦਾ ਵਿਜ਼ਨ ਫਾਰ ਟਾਈਗਰ ਕੰਜ਼ਰਵੇਸ਼ਨ’ ਤੇ ਟਾਈਗਰ ਰਿਜ਼ਰਵ ਦੇ ਪ੍ਰਬੰਧਨ ਪ੍ਰਭਾਵਸ਼ੀਲਤਾ ਮੁਲਾਂਕਣ ਦੇ ਪੰਜਵੇ ਚਕ੍ਰ ਦੀ ਇੱਕ ਸਾਰਾਂਸ਼ ਰਿਪੋਰਟ ਦਾ ਲੋਕ ਅਰਪਣ ਕੀਤਾ, ਬਾਘਾਂ ਦੀ ਸੰਖਿਆ ਦਾ ਐਲਾਨ ਕੀਤਾ ਅਤੇ ਅਖਿਲ ਭਾਰਤੀ ਬਾਘ ਅਨੁਮਾਨ (ਪੰਜਵਾਂ ਚਕ੍ਰ) ਦੀ ਸਾਰਾਂਸ਼ ਰਿਪੋਰਟ ਜਾਰੀ ਕੀਤੀ। ਉਨ੍ਹਾਂ ਨੇ ਪ੍ਰੋਜੈਕਟ ਟਾਈਗਰ ਦੇ 50 ਸਾਲ ਪੂਰੇ ਹੋਣ ‘ਤੇ ਇੱਕ ਯਾਦਗਾਰੀ ਸਿੱਕਾ ਵੀ ਜਾਰੀ ਕੀਤਾ।

 

 

ਇਕੱਠ ਨੂੰ ਸੰਬੋਧਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਬਾਘਾਂ ਦੀ ਵਧਦੀ ਆਬਾਦੀ ਦੇ ਮਾਣ ਵਾਲੇ ਪਲ ਦੀ ਚਰਚਾ ਕੀਤੀ ਅਤੇ ਖੜੇ ਹੋ ਕੇ ਬਾਘਾਂ ਦੇ ਪ੍ਰਤੀ ਸਨਮਾਨ ਦਰਸਾਉਂਦੇ ਹੋਏ ਇਸ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਪ੍ਰੋਜੈਕਟ ਟਾਈਗਰ ਦੇ ਅੱਜ 50 ਸਾਲ ਪੂਰੇ ਹੋਣ ਦੀ ਇਤਿਹਾਸਿਕ ਘਟਨਾ ਦਾ ਹਰ ਕੋਈ ਗਵਾਹ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਦੀ ਸਫ਼ਲਤਾ ਨਾ ਸਿਰਫ਼ ਭਾਰਤ ਬਲਕਿ ਪੂਰੇ ਵਿਸ਼ਵ ਦੇ ਲਈ ਮਾਣ ਦਾ ਪਲ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਨਾ ਸਿਰਫ਼ ਬਾਘਾਂ ਦੀ ਆਬਾਦੀ ਨੂੰ ਘਟਨੇ ਤੋਂ ਬਚਾਇਆ ਹੈ ਬਲਕਿ ਬਾਘਾਂ ਨੂੰ ਫਲਣ-ਫੁੱਲਣ ਦੇ ਲਈ ਇੱਕ ਬਿਹਤਰੀਨ ਈਕੋਸਿਸਟਮ ਵੀ ਪ੍ਰਦਾਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਭਾਰਤ ਦੀ ਆਜ਼ਾਦੀ ਦੇ 75 ਵਰ੍ਹੇ ਵਿੱਚ ਦੁਨੀਆ ਦੀ 75 ਪ੍ਰਤੀਸ਼ਤ ਬਾਘਾਂ ਦੀ ਆਬਾਦੀ ਭਾਰਤ ਵਿੱਚ ਹੀ ਰਹਿੰਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਵੀ ਇੱਕ ਸੁਖ ਸੰਯੋਗ ਹੈ ਕਿ ਭਾਰਤ ਵਿੱਚ ਬਾਘ ਸਥਾਨ 75,000 ਵਰਗ ਕਿਲੋਮੀਟਰ ਭੂਮੀ ‘ਤੇ ਫੈਲੇ ਹਨ ਅਤੇ ਪਿਛਲੇ ਦਿਸ ਤੋਂ ਬਾਰ੍ਹਾਂ ਵਰ੍ਹਿਆਂ ਵਿੱਚ ਦੇਸ਼ ਵਿੱਚ ਬਾਘਾਂ ਦੀ ਆਬਾਦੀ ਵਿੱਚ 75 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।

 

ਦੁਨੀਆ ਭਰ ਦੇ ਵਣ ਜੀਵ ਪ੍ਰੇਮੀਆਂ ਦੇ ਮਨ ਵਿੱਚ ਹੋਰ ਦੇਸ਼ਾਂ, ਜਿੱਥੇ ਬਾਘਾਂ ਦੀ ਆਬਾਦੀ ਜਾਂ ਤਾਂ ਸਥਿਰ ਹੈ ਜਾਂ ਫਿਰ ਉਸ ਵਿੱਚ ਗਿਰਾਵਟ ਹੋ ਰਹੀ ਹੈ, ਦੀ ਤੁਲਨਾ ਵਿੱਚ ਭਾਰਤ ਵਿੱਚ ਬਾਘਾਂ ਦੀ ਵਧਦੀ ਆਬਾਦੀ ਬਾਰੇ ਉਠਣ ਵਾਲੇ ਸਵਾਲਾਂ ਨੂੰ ਦੋਹਰਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦਾ ਜਵਾਬ ਭਾਰਤ ਦੀਆਂ ਪਰੰਪਰਾਵਾਂ ਤੇ ਸੱਭਿਆਚਾਰ ਅਤੇ ਜੈਵ ਵਿਵਿਧਤਾ ਤੇ ਵਾਤਾਵਰਣ ਦੇ ਪ੍ਰਤੀ ਇਸ ਦੇ ਨੈਸਰਗਿਕ ਪ੍ਰੇਮ ਵਿੱਚ ਨਿਹਿਤ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਈਕੋਲੋਜੀ ਅਤੇ ਅਰਥਵਿਵਸਥਾ ਦਰਮਿਆਨ ਸੰਘਰਸ਼ ਵਿੱਚ ਵਿਸ਼ਵਾਸ ਨਹੀਂ ਕਰਦਾ ਬਲਕਿ ਉਹ ਦੋਨਾਂ ਦੇ ਸਹਿ-ਹੋਂਦ ਨੂੰ ਬਰਾਬਰ ਮਹੱਤਵ ਦਿੰਦਾ ਹੈ।” ਭਾਰਤ ਦੇ ਇਤਿਹਾਸ ਵਿੱਚ ਬਾਘਾਂ ਦੇ ਮਹੱਤਵ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਤੱਥ ਦਾ ਜ਼ਿਕਰ ਕੀਤਾ ਕਿ ਮੱਧ ਪ੍ਰਦੇਸ਼ ਵਿੱਚ ਦਸ ਹਜ਼ਾਰ ਸਾਲ ਪੁਰਾਣੀ ਰੌਕ ਕਲਾ ਵਿੱਚ ਬਾਘਾਂ ਦਾ ਗ੍ਰਾਫਿਕ ਪੇਸ਼ਕਾਰੀ ਪਾਈ ਗਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੱਧ ਪ੍ਰਦੇਸ਼ ਦੇ ਭਰੀਆ ਸਮੁਦਾਏ ਅਤੇ ਮਹਾਰਾਸ਼ਟਰ ਦੇ ਵਰਲੀ ਸਮੁਦਾਏ ਦੇ ਲੋਕ ਜਿੱਥੇ ਬਾਘ ਦੀ ਪੂਜਾ ਕਰਦੇ ਹਨ, ਉੱਥੇ ਭਾਰਤ ਦੇ ਕਈ ਹੋਰ ਸਮੁਦਾਏ ਬਾਘ ਨੂੰ ਦੋਸਤ ਅਤੇ ਭਾਈ ਮੰਨਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਮਾਂ ਦੁਰਗਾ ਅਤੇ ਭਗਵਾਨ ਅਯੱਪਾ ਦੀ ਸਵਾਰੀ ਬਾਘ ਹੈ।

 

ਵਣ ਜੀਵ ਸੁਰੱਖਿਆ ਦੇ ਖੇਤਰ ਵਿੱਚ ਭਾਰਤ ਦੀ ਅਨੂਠੀ ਉਪਲਬਧੀਆਂ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਕੁਦਰਤ ਦੀ ਰੱਖਿਆ ਕਰਨਾ ਸੱਭਿਆਚਾਰ ਦਾ ਇੱਕ ਹਿੱਸਾ ਹੈ।” ਉਨ੍ਹਾਂ ਨੇ ਇਸ ਤੱਥ ਦਾ ਜ਼ਿਕਰ ਕੀਤਾ ਕਿ ਭਾਰਤ ਦੇ ਕੋਲ ਦੁਨੀਆ ਦੀ ਕੁੱਲ ਭੂਮੀ ਦਾ ਸਿਰਫ 2.4 ਪ੍ਰਤੀਸ਼ਤ ਹਿੱਸਾ ਹੀ ਹੈ, ਲੇਕਿਨ ਇਹ ਜਾਣਿਆ ਜਾਂਦਾ ਹੈ ਕਿ ਵਿਸ਼ਵ ਜੈਵ ਵਿਵਿਧਤਾ ਵਿੱਚ ਅੱਠ ਪ੍ਰਤੀਸ਼ਤ ਦਾ ਯੋਗਦਾਨ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਟਾਈਗਰ ਰੇਂਜ ਵਾਲਾ ਦੇਸ਼ ਹੈ। ਲਗਭਗ ਤੀਹ ਹਜ਼ਾਰ ਹਾਥੀਆਂ ਦੇ ਨਾਲ ਇਹ ਦੁਨੀਆ ਦਾ ਸਭ ਤੋਂ ਵੱਡਾ ਏਸ਼ਿਆਈ ਐਲੀਫੈਂਟ ਰੇਂਜ ਵਾਲਾ ਦੇਸ਼ ਹੈ ਅਤੇ ਇਹ ਇੱਕ-ਸਿੰਗ ਵਾਲੇ ਗੈਂਡਿਆਂ ਦੀ ਸਭ ਤੋਂ ਵੱਡੀ ਆਬਾਦੀ ਵਾਲਾ ਸਭ ਤੋਂ ਵੱਡਾ ਦੇਸ਼ ਵੀ ਹੈ। ਇੱਕ-ਸਿੰਗ ਵਾਲੇ ਗੈਂਡਿਆਂ ਦੀ ਸੰਖਿਆ ਇੱਥੇ ਲਗਭਗ ਤਿੰਨ ਹਜ਼ਾਰ ਹੈ।

 

ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਏਸ਼ਿਆਈ ਸ਼ੇਰਾਂ ਵਾਲਾ ਦੁਨੀਆ ਦਾ ਇੱਕਮਾਤਰ ਦੇਸ਼ ਹੈ ਅਤੇ ਇਨ੍ਹਾਂ ਸ਼ੇਰਾਂ ਦੀ ਆਬਾਦੀ 2015 ਵਿੱਚ ਲਗਭਗ 525 ਤੋਂ ਵਧ ਕੇ 2020 ਵਿੱਚ ਲਗਭਗ 675 ਹੋ ਗਈ ਹੈ। ਉਨ੍ਹਾਂ ਨੇ ਭਾਰਤ ਦੀ ਤੇਂਦੁਏ ਦੀ ਆਬਾਦੀ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਚਾਰ ਵਰ੍ਹਿਆਂ ਵਿੱਚ ਇਸ ਵਿੱਚ 60 ਪ੍ਰਤੀਸ਼ਤ ਤੋਂ ਅਧਿਕ ਦਾ ਵਾਧਾ ਹੋਇਆ ਹੈ। ਗੰਗਾ ਜਿਹੀਆਂ ਨਦੀਆਂ ਨੂੰ ਸਾਫ਼ ਕਰਨ ਦੇ ਲਈ ਕੀਤੇ ਜਾ ਰਹੇ ਕਾਰਜਾਂ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਕੁਝ ਜਲ ਪ੍ਰਜਾਤੀਆਂ ਜਿਨ੍ਹਾਂ ਨੂੰ ਕਦੇ ਖਤਰੇ ਵਿੱਚ ਮੰਨਿਆ ਜਾਂਦਾ ਸੀ, ਉਨ੍ਹਾਂ ਦੀ ਸੰਖਿਆ ਵਿੱਚ ਸੁਧਾਰ ਹੋਇਆ ਹੈ। ਉਨ੍ਹਾਂ ਨੇ ਇਨ੍ਹਾਂ ਉਪਲਬਧੀਆਂ ਦਾ ਕ੍ਰੈਡਿਟ ਲੋਕਾਂ ਦੀ ਭਾਗੀਦਾਰੀ ਅਤੇ ਸੁਰੱਖਿਆ ਦੇ ਸੱਭਿਆਚਾਰ ਨੂੰ ਦਿੱਤਾ।

 

ਭਾਰਤ ਵਿੱਚ ਕੀਤੇ ਗਏ ਵਿਭਿੰਨ ਕਾਰਜਾਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਵਣ ਜੀਵਾਂ ਦੇ ਫਲਣ-ਫੁੱਲਣ ਦੇ ਲਈ ਈਕੋਲੋਜੀ ਦਾ ਫਲਣਾ-ਫੁੱਲਣਾ ਜ਼ਰੂਰੀ ਹੈ।” ਉਨ੍ਹਾਂ ਨੇ ਇਸ ਤੱਥ ਦਾ ਜ਼ਿਕਰ ਕੀਤਾ ਕਿ ਭਾਰਤ ਨੇ ਰਾਮਸਰ ਸਾਈਟਾਂ ਦੀ ਆਪਣੀ ਸੂਚੀ ਵਿੱਚ 11 ਵੈੱਟਲੈਂਡ ਨੂੰ ਜੋੜਿਆ ਹੈ, ਜਿਸ ਨਾਲ ਇੱਥੇ ਰਾਮਸਰ ਸਾਈਟਾਂ ਦੀ ਕੁੱਲ ਸੰਖਿਆ 75 ਹੋ ਗਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਨੇ 2019 ਦੀ ਤੁਲਨਾ ਵਿੱਚ 2021 ਤੱਕ 2200 ਵਰਗ ਕਿਲੋਮੀਟਰ ਤੋਂ ਵੱਧ ਭੂਮੀ ਨੂੰ ਵਣ ਤੇ ਰੁੱਖਾਂ ਨਾਲ ਢਕਿਆ (ਛਾਂ ਕੀਤੀ ਹੈ) ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਦਹਾਕੇ ਵਿੱਚ ਸਮੁਦਾਇਕ ਰਿਜ਼ਰਵ ਦੀ ਸੰਖਿਆ 43 ਤੋਂ ਵਧ ਕੇ 100 ਤੋਂ ਵੱਧ ਹੋ ਗਈ ਹੈ ਅਤੇ ਉਂਝ ਨੈਸ਼ਨਲ ਪਾਰਕਾਂ ਤੇ ਸੈਂਕਚੁਰੀਆਂ, ਜਿਨ੍ਹਾਂ ਦੇ ਆਸਪਾਸ ਈਕੋ-ਸੈਂਸੀਟਿਵ ਜ਼ੋਨ ਅਧਿਸੂਚਿਤ ਕੀਤੇ ਗਏ ਸਨ, ਦੀ ਸੰਖਿਆ 9 ਤੋਂ ਵਧ ਕੇ 468 ਹੋ ਗਈ ਹੈ ਅਤੇ ਅਜਿਹਾ ਸਿਰਫ਼ ਇੱਕ ਦਹਾਕੇ ਵਿੱਚ ਹੋਇਆ ਹੈ।

 

ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਵਣ ਜੀਵਾਂ ਦੀ ਸੁਰੱਖਿਆ ਨਾਲ ਜੁੜੇ ਆਪਣੇ ਅਨੁਭਵਾਂ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸ਼ੇਰਾਂ ਦੀ ਆਬਾਦੀ ਵਧਾਉਣ ਦੀ ਦਿਸ਼ਾ ਵਿੱਚ ਕੀਤੇ ਗਏ ਕਾਰਜਾਂ ਦਾ ਜ਼ਿਕਰ ਕੀਤਾ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇੱਕ ਭੁਗੌਲਿਕ ਖੇਤਰ ਤੱਕ ਸੀਮਿਤ ਰੱਖ ਕੇ ਇੱਕ ਜੰਗਲੀ ਜਾਨਵਾਰ ਨੂੰ ਨਹੀਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਨੇ ਸਥਾਨਕ ਲੋਕਾਂ ਅਤੇ ਵਣ ਜੀਵਾਂ ਦਰਮਿਆਨ ਭਾਵਨਾਵਾਂ ਦੇ ਨਾਲ-ਨਾਲ ਅਰਥਵਿਵਸਥਾ ਦਾ ਇੱਕ ਸਬੰਧ ਬਣਾਉਣ ਦੀ ਜ਼ਰੂਰਤ ‘ਤੇ ਬਲ ਦਿੱਤਾ।

ਪ੍ਰਧਾਨ ਮੰਤਰੀ ਨੇ ਗੁਜਰਾਤ ਵਿੱਚ ਵਣ ਜੀਵ ਮਿਤ੍ਰ ਪ੍ਰੋਗਰਾਮ ਸ਼ੁਰੂ ਕੀਤੇ ਜਾਣ ਬਾਰੇ ਚਾਨਣਾ ਪਾਇਆ ਜਿੱਥੇ ਸ਼ਿਕਾਰ ਜਿਹੀਆਂ ਗਤੀਵਿਧੀਆਂ ਦੀ ਨਿਗਰਾਨੀ ਦੇ ਲਈ ਨਕਦ ਇਨਾਮ ਦਾ ਪ੍ਰੋਤਸਾਹਨ ਦਿੱਤਾ ਗਿਆ। ਉਨ੍ਹਾਂ ਨੇ ਗਿਰ ਦੇ ਸ਼ੇਰਾਂ ਦੇ ਲਈ ਇੱਕ ਪੁਨਰਵਾਸ ਕੇਂਦਰ ਖੋਲ੍ਹਣ ਅਤੇ ਗਿਰ ਖੇਤਰ ਵਿੱਚ ਵਣ ਵਿਭਾਗ ਵਿੱਚ ਮਹਿਲਾ ਬੀਟ ਗਾਰਡ ਅਤੇ ਵਣ ਕਰਮਚਾਰੀਆਂ ਦੀ ਭਰਤੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਟੂਰਿਜ਼ਮ ਅਤੇ ਈਕੋਟੂਰਿਜ਼ਮ ਦੇ ਉਸ ਵਿਸ਼ਾਲ ਈਕੋਸਿਸਟਮ ‘ਤੇ ਵੀ ਚਾਨਣਾ ਪਾਇਆ ਜਿਸ ਨੂੰ ਹੁਣ ਗਿਰ ਵਿੱਚ ਸਥਾਪਿਤ ਕੀਤਾ ਜਾ ਚੁੱਕਿਆ ਹੈ।

 

ਪ੍ਰਧਾਨ ਮੰਤਰੀ ਨੇ ਇਸ ਤੱਥ ਨੂੰ ਦੋਹਰਾਇਆ ਹੈ ਕਿ ਪ੍ਰੋਜੈਕਟ ਟਾਈਗਰ ਦੀ ਸਫ਼ਲਤਾ ਦੇ ਕਈ ਆਯਾਮ ਹਨ ਅਤੇ ਇਸ ਨੇ ਟੂਰਿਸਟਾਂ ਦੀ ਗਤੀਵਿਧੀਆਂ ਤੇ ਜਾਗਰੂਕਤਾ ਪ੍ਰੋਗਰਾਮਾਂ ਵਿੱਚ ਵਾਧਾ ਕੀਤੀ ਹੈ ਅਤੇ ਟਾਈਗਰ ਰਿਜ਼ਰਵ ਦੇ ਅੰਦਰ ਮਾਨਵ-ਪਸ਼ੂ ਸੰਘਰਸ਼ ਵਿੱਚ ਕਮੀ ਲਿਆਂਦੀ ਹੈ। ਸ਼੍ਰੀ ਮੋਦੀ ਨੇ ਕਿਹਾ, “ਬਿਗ ਕੈਟ ਦੀ ਮੌਜੂਦਗੀ ਨੇ ਹਰ ਜਗ੍ਹਾ ਸਥਾਨਕ ਲੋਕਾਂ ਦੇ ਜੀਵਨ ਅਤੇ ਉੱਥੇ ਦੀ ਈਕੋਲੋਜੀ ‘ਤੇ ਸਕਾਰਾਤਮਕ ਅਸਰ ਪਾਇਆ ਹੈ।”

 

ਦਹਾਕਿਆਂ ਪਹਿਲਾਂ ਭਾਰਤ ਵਿੱਚ ਚੀਤੇ ਦੇ ਲੁਪਤ ਹੋ ਜਾਣ ਦੇ ਤੱਥ ‘ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਨਾਮੀਬੀਆ ਅਤੇ ਦੱਖਣ ਅਫਰੀਕਾ ਤੋਂ ਭਾਰਤ ਲਿਆਂਦੇ ਗਏ ਚੀਤਿਆਂ ਦਾ ਜ਼ਿਕਰ ਕਰਦੇ ਹੋਏ ਬਿਗ ਕੈਟ ਦੇ ਪਹਿਲੇ ਸਫ਼ਲ ਟ੍ਰਾਂਸ-ਕੌਨਟੀਨੈਂਟਲ ਟ੍ਰਾਂਸਲੋਕੇਸ਼ਨ ਦੀ ਚਰਚਾ ਕੀਤੀ। ਉਨ੍ਹਾਂ ਨੇ ਯਾਦ ਦਿਵਾਇਆ ਕਿ ਕੁਨੋ ਨੈਸ਼ਨਲ ਪਾਰਕ ਵਿੱਚ ਕੁਝ ਦਿਨ ਪਹਿਲਾਂ ਚਾਰ ਸੁੰਦਰ ਚੀਤੇ ਦੇ ਸ਼ਾਵਕਾਂ ਜਨਮ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਕਰੀਬ 75 ਸਾਲ ਪਹਿਲਾਂ ਲੁਪਤ ਹੋਣ ਦੇ ਬਾਅਦ ਚੀਤੇ ਨੇ ਭਾਰਤ ਦੀ ਧਰਤੀ ‘ਤੇ ਜਨਮ ਲਿਆ ਹੈ। ਉਨ੍ਹਾਂ ਨੇ ਜੀਵ ਵਿਵਿਧਤਾ ਦੀ ਸੁਰੱਖਿਆ ਅਤੇ ਸਮ੍ਰਿੱਧੀ ਦੇ ਲਈ ਅੰਤਰਰਾਸ਼ਟਰੀ ਸਹਿਯੋਗ ਦੇ ਮਹੱਤਵ ‘ਤੇ ਬਲ ਦਿੱਤਾ।

 

ਪ੍ਰਧਾਨ ਮੰਤਰੀ ਨੇ ਇੱਕ ਅੰਤਰਰਾਸ਼ਟਰੀ ਗਠਬੰਧਨ ਦੀ ਜ਼ਰੂਰਤ ‘ਤੇ ਬਲ ਦਿੰਦੇ ਹੋਏ ਕਿਹਾ, “ਵਣ ਜੀਵ ਸੁਰੱਖਿਆ ਕਿਸੇ ਇੱਕ ਦੇਸ਼ ਦਾ ਮੁੱਦਾ ਨਹੀਂ ਹੈ, ਬਲਕਿ ਇੱਕ ਸਰਵਭੌਮਿਕ ਮੁੱਦਾ ਹੈ।” ਉਨ੍ਹਾਂ ਨੇ ਦੱਸਿਆ ਕਿ ਵਰ੍ਹੇ 2019 ਵਿੱਚ, ਉਨ੍ਹਾਂ ਨੇ ਗਲੋਬਲ ਟਾਈਰ ਡੇਅ ਦੇ ਅਵਸਰ ‘ਤੇ ਏਸ਼ੀਆ ਵਿੱਚ ਅਵੈਧ ਵਣ ਜੀਵ ਵਪਾਰ ਅਤੇ ਅਵੈਧ ਸ਼ਿਕਾਰ ਦੇ ਖ਼ਿਲਾਫ਼ ਇੱਕ ਗਠਬੰਧਨ ਬਣਾਉਣ ਦਾ ਸੱਦਾ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਇੰਟਰਨੈਸ਼ਨਲ ਬਿਗ ਕੈਟ ਅਲਾਇੰਸ ਇਸੇ ਭਾਵਨਾ ਦਾ ਵਿਸਤਾਰ ਹੈ। ਇਸ ਦੇ ਲਾਭਾਂ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਹਿਤ ਵਿਭਿੰਨ ਦੇਸ਼ਾਂ ਦੇ ਅਨੁਭਵਾਂ ਨਾਲ ਉਭਰੇ ਸੰਭਾਲ਼ ਤੇ ਸੁਰੱਖਿਆ ਸਬੰਧੀ ਏਜੰਡੇ ਨੂੰ ਆਸਾਨੀ ਨਾਲ ਲਾਗੂ ਕਰਦੇ ਹੋਏ ਬਿਗ ਕੈਟ ਨਾਲ ਜੁੜੇ ਪੂਰੇ ਈਕੋਸਿਸਟਮ ਦੇ ਲਈ ਵਿੱਤੀ ਅਤੇ ਤਕਨੀਕੀ ਸੰਸਾਧਨ ਜੁਟਾਉਣਾ ਆਸਾਨ ਹੋਵੇਗਾ।

 

ਪ੍ਰਧਾਨ ਮੰਤਰੀ ਨੇ ਕਿਹਾ, “ਇੰਟਰਨੈਸ਼ਨਲ ਬਿਗ ਕੈਟ ਅਲਾਇੰਸ ਦਾ ਫੋਕਸ ਬਾਘ, ਸ਼ੇਰ, ਤੇਂਦੁਆ, ਹਿਮ ਤੇਂਦੁਆ, ਪਯੂਮਾ, ਜਗੁਆਰ ਅਤੇ ਚੀਤੇ ਸਮੇਤ ਦੁਨੀਆ ਦੇ ਸੱਤ ਪ੍ਰਮੁੱਖ ਬਿਗ ਕੈਟ ਦੀ ਸਰੁੱਖਿਆ ‘ਤੇ ਹੋਵੇਗਾ।” ਉਨ੍ਹਾਂ ਨੇ ਦੱਸਿਆ ਕਿ ਬਿਗ ਕੈਟ ਦੇ ਨਿਵਾਸ ਸਥਾਨ ਵਾਲੇ ਦੇਸ਼ ਇਸ ਗਠਬੰਧਨ ਦਾ ਹਿੱਸਾ ਹੋਣਗੇ। ਉਨ੍ਹਾਂ ਨੇ ਅੱਗੇ ਵਿਸਤਾਰ ਨਾਲ ਦੱਸਿਆ ਕਿ ਇਸ ਵਿੱਚ ਸਾਰੇ ਮੈਂਬਰ ਦੇਸ਼ ਆਪਣੇ ਅਨੁਭਵਾਂ ਨੂੰ ਸਾਂਝਾ ਕਰਨ ਵਿੱਚ ਸਮਰੱਥ ਹੋਣਗੇ, ਆਪਣੇ ਸਾਥੀ ਦੇਸ਼ ਦੀ ਅਧਿਕ ਤੇਜ਼ੀ ਨਾਲ ਮਦਦ ਕਰ ਸਕਣਗੇ ਅਤੇ ਰਿਸਰਚ, ਟ੍ਰੇਨਿੰਗ ਤੇ ਸਮਰੱਥਾ ਨਿਰਮਾਣ ‘ਤੇ ਜੋਰ ਦੇ ਸਕਣਗੇ। ਸ਼੍ਰੀ ਮੋਦੀ ਨੇ ਕਿਹਾ, “ਨਾਲ ਮਿਲ ਕੇ ਅਸੀਂ ਇਨ੍ਹਾਂ ਪ੍ਰਜਾਤੀਆਂ ਨੂੰ ਲੁਪਤ ਹੋਣ ਤੋਂ ਬਚਾਵਾਂਗੇ ਅਤੇ ਇੱਕ ਸੁਰੱਖਿਅਤ ਤੇ ਸਵਸਥ ਈਕੋਲੋਜੀ ਦਾ ਨਿਰਮਾਣ ਕਰਾਂਗੇ।”

ਜੀ20 ਦੀ ਭਾਰਤ ਦੀ ਪ੍ਰਧਾਨਗੀ ਦੇ ਲਈ ‘ਵੰਨ ਅਰਥ, ਵੰਨ ਫੈਮਿਲੀ, ਵੰਨ ਫਿਊਚਰ’ ਦੇ ਆਦਰਸ਼ ਵਾਕ ‘ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਇਸ ਸੰਦੇਸ਼ ਨੂੰ ਅੱਗੇ ਵਧਾਉਂਦਾ ਹੈ ਕਿ ਮਾਨਵਤਾ ਦਾ ਬਿਹਤਰ ਭਵਿੱਖ ਕਦੇ ਸੰਭਵ ਹੈ, ਜਦੋਂ ਸਾਡਾ ਵਤਾਵਾਰਣ ਸੁਰੱਖਿਅਤ ਰਹੇ ਅਤੇ ਸਾਡੀ ਜੈਵ ਵਿਵਿਧਤਾ ਦਾ ਵਿਸਤਾਰ ਹੁੰਦਾ ਰਹੇ। ਉਨ੍ਹਾਂ ਨੇ ਦੋਹਰਾਇਆ , “ਇਹ ਜ਼ਿੰਮੇਦਾਰੀ ਸਾਡੀ ਸਭ ਦੀ ਹੈ, ਇਹ ਜ਼ਿੰਮੇਦਾਰੀ ਪੂਰੀ ਦੁਨੀਆ ਦੀ ਹੈ।” ਕੌਪ-26 ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਵੱਡੇ ਤੇ ਮਹੱਤਵਕਾਂਖੀ ਲਕਸ਼ ਨਿਰਧਾਰਿਤ ਕੀਤੇ ਹਨ ਅਤੇ ਆਪਸੀ ਸਹਿਯੋਗ ਵਿੱਚ ਵਿਸ਼ਵਾਸ ਵਿਅਕਤ ਕੀਤਾ ਹੈ ਜੋ ਵਾਤਾਵਰਣ ਸੁਰੱਖਿਆ ਦੇ ਹਰ ਲਕਸ਼ ਨੂੰ ਪ੍ਰਾਪਤ ਕਰਨ ਵਿੱਚ ਮਦਦਗਾਰ ਸਾਬਿਤ ਹੋ ਸਕਦਾ ਹੈ।

 

ਇਸ ਅਵਸਰ ‘ਤੇ ਆਏ ਵਿਦੇਸ਼ੀ ਮਹਿਮਾਨਾਂ ਅਤੇ ਗਣਮਾਣ ਵਿਅਕਤੀਆਂ ਨੂੰ ਸੰਬੋਧਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਭਾਰਤ ਦੇ ਜਨਜਾਤੀ ਸਮਾਜ ਦੇ ਜੀਵਨ ਅਤੇ ਪਰੰਪਰਾਵਾਂ ਤੋਂ ਕੁਝ ਸਿੱਖਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਸਾਹਯਾਦ੍ਰੀ ਅਤੇ ਪੱਛਮੀ ਘਾਟ ਦੇ ਉਨ੍ਹਾਂ ਇਲਾਕਿਆਂ ‘ਤੇ ਚਾਨਣਾ ਪਾਇਆ ਜੋ ਜਨਜਾਤੀ ਲੋਕਾਂ ਦੇ ਨਿਵਾਸ ਸਥਾਨ ਰਹੇ ਹਨ ਅਤੇ ਕਿਹਾ ਕਿ ਉਹ ਸਦੀਆਂ ਤੋਂ ਬਾਘ ਸਮੇਤ ਹਰ ਜੈਵ ਵਿਵਿਧਤਾ ਨੂੰ ਸਮ੍ਰਿੱਧ ਕਰਨ ਵਿੱਚ ਲਗੇ ਹੋਏ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇੱਥੇ ਦੇ ਜਨਜਾਤੀ ਸਮਾਜ ਦੀ ਕੁਦਰਤ ਨਾਲ ਪਰੰਪਰਾਗਤ ਲੈਣ-ਦੇਣ ਦੀ ਸੰਤੁਲਨਕਾਰੀ ਪਰੰਪਰਾ ਨੂੰ ਅਪਣਾਇਆ ਜਾ ਸਕਦਾ ਹੈ। ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਔਸਕਰ ਪੁਰਸਕਾਰ ਪ੍ਰਾਪਤ ਡੋਕਿਊਮੈਂਟਰੀ ‘ਦ ਐਲੀਫੈਂਟ ਵਿਸਪਰਰਸ’ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ ਕੁਦਰਤ ਅਤੇ ਪ੍ਰਾਣੀ ਦਰਮਿਆਨ ਸ਼ਾਨਦਾਰ ਸਬੰਧਾਂ ਦੀ ਸਾਡੀ ਵਿਰਾਸਤ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਜਨਜਾਤੀ ਸਮਾਜ ਦੀ ਜੀਵਨ ਸ਼ੈਲੀ ਮਿਸ਼ਨ ਲਾਈਫ ਯਾਨੀ ਵਾਤਾਵਰਣ ਦੇ ਲਈ ਜੀਵਨ ਸ਼ੈਲੀ ਦੇ ਦ੍ਰਿਸ਼ਟੀਕੋਣ ਨੂੰ ਸਮਝਣ ਵਿੱਚ ਵੀ ਬਹੁਤ ਮਦਦ ਕਰਦੀ ਹੈ।”

 

ਕੇਂਦਰੀ ਵਾਤਾਵਰਣ, ਵਣ ਤੇ ਜਲਵਾਯੂ ਪਰਿਵਰਤਨ ਮੰਤਰੀ, ਸ਼੍ਰੀ ਭੂਪੇਂਦਰ ਯਾਦਵ ਅਤੇ ਕੇਂਦਰੀ ਵਾਤਾਵਰਣ, ਵਣ ਤੇ ਜਲਵਾਯੂ ਪਰਿਵਰਤਨ ਰਾਜ ਮੰਤਰੀ, ਸ਼੍ਰੀ ਅਸ਼ਵਿਨੀ ਕੁਮਾਰ ਚੌਬੇ ਸਮੇਤ ਹੋਰ ਗਣਮਾਣ ਲੋਕ ਇਸ ਅਵਸਰ ‘ਤੇ ਮੌਜੂਦ ਸਨ।

 

ਪਿਛੋਕੜ

ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਬਿਗ ਕੈਟ ਅਲਾਇੰਸ (ਆਈਬੀਸੀਏ) ਦੀ ਸ਼ੁਰੂਆਤ ਕੀਤੀ। ਜੁਲਾਈ 2019 ਵਿੱਚ, ਪ੍ਰਧਾਨ ਮੰਤਰੀ ਨੇ ਏਸ਼ੀਆ ਵਿੱਚ ਵਣ ਜੀਵਾਂ ਦੇ ਅਵੈਧ ਸ਼ਿਕਾਰ ਅਤੇ ਅਵੈਧ ਵਪਾਰ ਨਾਲ ਜੁੜੀ ਮੰਗ ਨੂੰ ਖ਼ਤਮ ਕਰਨ ਅਤੇ ਉਸ ‘ਤੇ ਦ੍ਰਿੜ੍ਹਤਾ ਨਾਲ ਰੋਕ ਲਗਾਉਣ ਦੇ ਲਈ ਆਲਮੀ ਨੇਤਾਵਾਂ ਦੇ ਗਠਬੰਧਨ ਦਾ ਸੱਦਾ ਦਿੱਤਾ ਸੀ। ਪ੍ਰਧਾਨ ਮੰਤਰੀ ਦੇ ਇਸ ਸੰਦੇਸ਼ ਨੂੰ ਅੱਗੇ ਵਧਾਉਂਦੇ ਹੋਏ, ਅੰਤਰਰਾਸ਼ਟਰੀ ਬਿਗ ਕੈਟ ਅਲਾਇੰਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜੋ ਦੁਨੀਆ ਦੇ ਸੱਤ ਪ੍ਰਮੁੱਖ ਬਿਗ ਕੈਟ ਯਾਨੀ ਬਾਘ, ਸ਼ੇਰ, ਤੇਂਦੁਆ, ਹਿਮ ਤੇਂਦੁਆ, ਪਯੂਮਾ, ਜਗੁਆਰ ਅਤੇ ਚੀਤੇ ਦੀ ਸੰਭਾਲ਼ ਅਤੇ ਸੁਰੱਖਿਆ ‘ਤੇ ਧਿਆਨ ਕੇਂਦ੍ਰਿਤ ਕਰੇਗਾ ਅਤੇ ਇਸ ਦੇ ਮੈਂਬਰਾਂ ਵਿੱਚ ਇਨ੍ਹਾਂ ਪ੍ਰਜਾਤੀਆਂ ਨੂੰ ਸ਼ਰਣ ਦੇਣ ਵਾਲੇ ਦੇਸ਼ ਸ਼ਾਮਲ ਹੋਣਗੇ।

 

 

 

************

ਡੀਐੱਸ/ਟੀਐੱਸ