Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਕਰਨਾਟਕ ਦੇ ਕਲਬੁਰਗੀ ਵਿੱਚ ਨਵੇਂ ਐਲਾਨੇ ਮਾਲੀਆ ਪਿੰਡਾਂ ਦੇ ਲਗਭਗ ਪੰਜਾਹ ਹਜ਼ਾਰ ਲਾਭਾਰਥੀਆਂ ਨੂੰ ਟਾਈਟਲ ਡੀਡ (ਮਾਲਕੀ ਦੇ ਦਸਤਾਵੇਜ਼ – ਹੱਕੂ ਪੱਤਰ) ਵੰਡੇ

ਪ੍ਰਧਾਨ ਮੰਤਰੀ ਨੇ ਕਰਨਾਟਕ ਦੇ ਕਲਬੁਰਗੀ ਵਿੱਚ ਨਵੇਂ ਐਲਾਨੇ ਮਾਲੀਆ ਪਿੰਡਾਂ ਦੇ ਲਗਭਗ ਪੰਜਾਹ ਹਜ਼ਾਰ ਲਾਭਾਰਥੀਆਂ ਨੂੰ ਟਾਈਟਲ ਡੀਡ  (ਮਾਲਕੀ ਦੇ ਦਸਤਾਵੇਜ਼ – ਹੱਕੂ ਪੱਤਰ) ਵੰਡੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਰਨਾਟਕ ਦੇ ਨਵੇਂ ਐਲਾਨੇ ਮਾਲੀਆ ਪਿੰਡਾਂ ਦੇ ਪਾਤਰ ਲਾਭਾਰਥੀਆਂ ਨੂੰ ਟਾਈਟਲ ਡੀਡ (ਹੱਕੂ ਪੱਤਰ) ਵੰਡੇ।

 

ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਭਾਰਤ ਦਾ ਸੰਵਿਧਾਨ ਜਨਵਰੀ ਮਹੀਨੇ ਵਿੱਚ ਲਾਗੂ ਹੋਇਆ ਸੀ ਅਤੇ ਆਜ਼ਾਦ ਭਾਰਤ ਵਿੱਚ ਨਾਗਰਿਕਾਂ ਦੇ ਅਧਿਕਾਰਾਂ ਨੂੰ ਯਕੀਨੀ ਬਣਾਇਆ ਗਿਆ ਸੀ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅੱਜ ਜਨਵਰੀ ਦੇ ਇਸ ਪਵਿੱਤਰ ਮਹੀਨੇ ਵਿੱਚ ਕਰਨਾਟਕ ਸਰਕਾਰ ਨੇ ਸਮਾਜਿਕ ਨਿਆਂ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਬੰਜਾਰਾ ਭਾਈਚਾਰੇ ਦੇ ਪੰਜਾਹ ਹਜ਼ਾਰ ਤੋਂ ਵੱਧ ਪਰਿਵਾਰਾਂ ਨੂੰ ਪਹਿਲੀ ਵਾਰ ਟਾਈਟਲ ਡੀਡ ਪ੍ਰਾਪਤ ਹੋਣ ਦੇ ਇਸ ਮਹੱਤਵਪੂਰਨ ਮੌਕੇ ‘ਤੇ ਟਿੱਪਣੀ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ‘ਟਾਂਡਾ’ ਬਸਤੀਆਂ ਵਿੱਚ ਰਹਿਣ ਵਾਲੇ ਅਜਿਹੇ ਪਰਿਵਾਰਾਂ ਦੇ ਬੇਟੇ ਅਤੇ ਬੇਟੀਆਂ ਦੇ ਉੱਜਵਲ ਭਵਿੱਖ ਨੂੰ ਯਕੀਨੀ ਬਣਾਏਗਾ ਅਤੇ ਇਸ ਮੌਕੇ ਉਨ੍ਹਾਂ ਪੰਜ ਜ਼ਿਲ੍ਹਿਆਂ ਕਲਬੁਰਗੀ, ਯਾਦਗਿਰੀ, ਰਾਇਚੂਰ, ਬਿਦਰ ਅਤੇ ਵਿਜੈਪੁਰਾ ਦੇ ਬੰਜਾਰਾ ਭਾਈਚਾਰੇ ਦੇ ਨਾਗਰਿਕਾਂ ਨੂੰ ਵਧਾਈਆਂ ਦਿੱਤੀਆਂ।

 

ਪ੍ਰਧਾਨ ਮੰਤਰੀ ਨੇ ਕਰਨਾਟਕ ਸਰਕਾਰ ਦੁਆਰਾ ਤਿੰਨ ਹਜ਼ਾਰ ਤੋਂ ਵੱਧ ਟਾਂਡਾ ਵਸੋਂ ਨੂੰ ਮਾਲੀਆ ਪਿੰਡ ਐਲਾਨਣ ਦੇ ਮਹੱਤਵਪੂਰਨ ਫ਼ੈਸਲੇ ਬਾਰੇ ਜਾਣਕਾਰੀ ਦਿੱਤੀ ਅਤੇ ਸ਼੍ਰੀ ਬਸਵਰਾਜ ਬੋਮਈ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਇਸ ਸ਼ਾਨਦਾਰ ਕਦਮ ਲਈ ਵਧਾਈਆਂ ਦਿੱਤੀਆਂ।

 

ਖੇਤਰ ਅਤੇ ਬੰਜਾਰਾ ਭਾਈਚਾਰੇ ਨਾਲ ਆਪਣੇ ਸਬੰਧਾਂ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਭਾਈਚਾਰੇ ਦੇ ਲੋਕਾਂ ਨੇ ਆਪਣੇ ਤਰੀਕੇ ਨਾਲ ਰਾਸ਼ਟਰੀ ਵਿਕਾਸ ਵਿੱਚ ਯੋਗਦਾਨ ਪਾਇਆ ਹੈ। ਉਨ੍ਹਾਂ ਉਸ ਅਭੁੱਲ ਪਲ ਨੂੰ ਯਾਦ ਕੀਤਾ ਜਦੋਂ ਲੱਖਾਂ ਬੰਜਾਰਾ ਪਰਿਵਾਰ ਇੱਕ ਰੈਲੀ ਲਈ ਆਏ ਸਨ ਜਿਸ ਵਿੱਚ ਪ੍ਰਧਾਨ ਮੰਤਰੀ ਨੇ 1994 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼ਿਰਕਤ ਕੀਤੀ ਸੀ, ਅਤੇ ਉਨ੍ਹਾਂ ਮਾਤਾਵਾਂ ਅਤੇ ਭੈਣਾਂ ਦਾ ਵੀ ਜ਼ਿਕਰ ਕੀਤਾ ਜਿਨ੍ਹਾਂ ਨੇ ਆਪਣੇ ਰਵਾਇਤੀ ਪਹਿਰਾਵੇ ਵਿੱਚ ਉੱਥੇ ਪਹੁੰਚ ਕੇ, ਉਨ੍ਹਾਂ ਨੂੰ ਆਪਣਾ ਆਸ਼ੀਰਵਾਦ ਦਿੱਤਾ ਸੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਡਬਲ ਇੰਜਣ ਵਾਲੀ ਸਰਕਾਰ ਭਗਵਾਨ ਬਸਵੇਸ਼ਵਰ ਦੁਆਰਾ ਦਿਖਾਏ ਗਏ ਸੁਸ਼ਾਸਨ ਅਤੇ ਸਦਭਾਵਨਾ ਦੇ ਮਾਰਗ ‘ਤੇ ਚਲ ਰਹੀ ਹੈ। ਉਨ੍ਹਾਂ ਕਿਹਾ, “ਭਗਵਾਨ ਬਸਵੇਸ਼ਵਰ ਦੇ ਆਦਰਸ਼ਾਂ ਤੋਂ ਪ੍ਰੇਰਿਤ ਹੋ ਕੇ ਅਸੀਂ ਸਭਨਾਂ ਦੀ ਭਲਾਈ ਲਈ ਕੰਮ ਕਰ ਰਹੇ ਹਾਂ।”  ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਕਿਵੇਂ ਅਨੁਭਵ ਮੰਡਪਮ ਜਿਹੇ ਪਲੈਟਫਾਰਮਾਂ ਦੇ ਜ਼ਰੀਏ ਭਗਵਾਨ ਬਸਵੇਸ਼ਵਰ ਨੇ ਲੋਕਤੰਤਰ ਅਤੇ ਸਮਾਜਿਕ ਨਿਆਂ ਦਾ ਮੋਡਲ ਦਿੱਤਾ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਸਭ ਦੇ ਸਸ਼ਕਤੀਕਰਣ ਲਈ ਹਰ ਤਰ੍ਹਾਂ ਦੇ ਵਿਤਕਰੇ ਤੋਂ ਉੱਪਰ ਉੱਠਣ ਦਾ ਰਸਤਾ ਦਿਖਾਇਆ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਬੰਜਾਰਾ ਭਾਈਚਾਰੇ ਨੇ ਕਠਿਨ ਦਿਨ ਦੇਖੇ ਹਨ, ਪਰ ਹੁਣ ਸਮਾਂ ਆ ਗਿਆ ਹੈ ਕਿ ਉਹ ਆਰਾਮ ਅਤੇ ਸਨਮਾਨ ਨਾਲ ਆਪਣਾ ਜੀਵਨ ਜਿਊਣ। ਉਨ੍ਹਾਂ ਨੇ ਬੰਜਾਰਾ ਭਾਈਚਾਰੇ ਦੇ ਨੌਜਵਾਨਾਂ ਲਈ ਵਜ਼ੀਫੇ ਅਤੇ ਆਜੀਵਿਕਾ, ਪੱਕਾ ਮਕਾਨ ਬਣਾਉਣ ਵਿੱਚ ਮਦਦ ਜਿਹੇ ਉਪਾਵਾਂ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਖਾਨਾਬਦੋਸ਼ ਜੀਵਨ ਸ਼ੈਲੀ ਕਾਰਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਨੂੰ ਵੀ ਹੱਲ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਚੁੱਕੇ ਗਏ ਕਦਮਾਂ ਦੀ ਸਿਫ਼ਾਰਿਸ਼ 1993 ਵਿੱਚ ਕੀਤੀ ਗਈ ਸੀ ਪਰ ਵੋਟ ਬੈਂਕ ਦੀ ਰਾਜਨੀਤੀ ਵਿੱਚ ਇਸ ਵਿੱਚ ਦੇਰੀ ਹੋਈ। ਪ੍ਰਧਾਨ ਮੰਤਰੀ ਨੇ ਕਿਹਾ “ਪਰ ਹੁਣ ਉਹ ਉਦਾਸੀਨ ਮਾਹੌਲ ਬਦਲ ਗਿਆ ਹੈ।”

 

ਬੰਜਾਰਾ ਭਾਈਚਾਰੇ ਦੀਆਂ ਮਾਤਾਵਾਂ ਨੂੰ ਅਪੀਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, “ਚਿੰਤਾ ਨਾ ਕਰੋ!  ਤੁਹਾਡਾ ਇੱਕ ਬੇਟਾ ਦਿੱਲੀ ਵਿੱਚ ਸਭ ਕੁਝ ਨੋਟ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਟਾਂਡਾ ਵਾਸੀਆਂ ਨੂੰ ਪਿੰਡਾਂ ਵਜੋਂ ਮਾਨਤਾ ਮਿਲਣ ਤੋਂ ਬਾਅਦ ਪਿੰਡਾਂ ਵਿੱਚ ਬੁਨਿਆਦੀ ਸੁਵਿਧਾਵਾਂ ਦੇ ਵਿਕਾਸ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਪਰਿਵਾਰ ਸੁਤੰਤਰ ਤੌਰ ‘ਤੇ ਰਹਿਣਗੇ ਅਤੇ ਉਨ੍ਹਾਂ ਦੇ ਟਾਈਟਲ ਡੀਡ ਪ੍ਰਾਪਤ ਕਰਨ ਤੋਂ ਬਾਅਦ ਬੈਂਕਾਂ ਤੋਂ ਕਰਜ਼ੇ ਪ੍ਰਾਪਤ ਕਰਨਾ ਬਹੁਤ ਅਸਾਨ ਹੋ ਜਾਵੇਗਾ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਸਵਾਮਿਤਵਾ ਯੋਜਨਾ ਜ਼ਰੀਏ ਦੇਸ਼ ਭਰ ਵਿੱਚ ਗ੍ਰਾਮੀਣ ਘਰਾਂ ਲਈ ਪ੍ਰਾਪਰਟੀ ਕਾਰਡ ਵੰਡ ਰਹੀ ਹੈ ਅਤੇ ਹੁਣ ਕਰਨਾਟਕ ਵਿੱਚ ਬੰਜਾਰਾ ਭਾਈਚਾਰਾ ਵੀ ਇਸ ਦਾ ਲਾਭ ਲੈ ਸਕਦਾ ਹੈ।

 

ਪ੍ਰਧਾਨ ਮੰਤਰੀ ਨੇ ਪੱਕਾ ਘਰ, ਟਾਇਲਟ, ਬਿਜਲੀ ਕਨੈਕਸ਼ਨ, ਪਾਈਪ ਵਾਲੇ ਪਾਣੀ ਦੇ ਕਨੈਕਸ਼ਨ ਅਤੇ ਗੈਸ ਕਨੈਕਸ਼ਨ ਦੇਣ ਵਾਲੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਬਾਰੇ ਚਾਨਣਾ ਪਾਇਆ ਅਤੇ ਕਿਹਾ ਕਿ ਬੰਜਾਰਾ ਭਾਈਚਾਰਾ ਹੁਣ ਡਬਲ ਇੰਜਣ ਵਾਲੀ ਸਰਕਾਰ ਦੀਆਂ ਇਨ੍ਹਾਂ ਸਾਰੀਆਂ ਭਲਾਈ ਸਕੀਮਾਂ ਦਾ ਲਾਭ ਉਠਾ ਸਕਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਝੌਂਪੜੀਆਂ ਵਿੱਚ ਰਹਿਣਾ ਹੁਣ ਬੀਤੇ ਦੀ ਗੱਲ ਹੈ।”

 

ਪ੍ਰਧਾਨ ਮੰਤਰੀ ਨੇ ਕਰਨਾਟਕ ਸਰਕਾਰ ਦੁਆਰਾ ਬੰਜਾਰਾ ਭਾਈਚਾਰੇ ਲਈ ਪੈਦਾ ਕੀਤੇ ਜਾ ਰਹੇ ਰੋਜ਼ਗਾਰ ਦੇ ਮੌਕਿਆਂ ਦਾ ਜ਼ਿਕਰ ਕੀਤਾ। ਭਾਵੇਂ ਇਹ ਜੰਗਲੀ ਉਪਜ, ਸੁੱਕੀ ਲੱਕੜ, ਸ਼ਹਿਦ, ਫਲ ਜਾਂ ਹੋਰ ਅਜਿਹੀਆਂ ਉਪਜਾਂ ਹੋਣ, ਇਹ ਹੁਣ ਆਮਦਨ ਦਾ ਸਾਧਨ ਬਣ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪਿਛਲੀਆਂ ਸਰਕਾਰਾਂ ਸਿਰਫ ਮੁੱਠੀ ਭਰ ਵਣ ਉਪਜ ‘ਤੇ ਐੱਮਐੱਸਪੀ ਦਿੰਦੀਆਂ ਸਨ ਪਰ ਅੱਜ ਇਹ ਗਿਣਤੀ 90 ਤੋਂ ਵੱਧ ਵਣ ਉਪਜ ‘ਤੇ ਪਹੁੰਚ ਗਈ ਹੈ ਅਤੇ ਕਰਨਾਟਕ ਸਰਕਾਰ ਦੇ ਫ਼ੈਸਲਿਆਂ ਨੂੰ ਦੁਹਰਾਇਆ ਜਿਸ ਨਾਲ ਬੰਜਾਰਾ ਭਾਈਚਾਰੇ ਨੂੰ ਫਾਇਦਾ ਹੋਵੇਗਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਦੇ ਕਈ ਦਹਾਕਿਆਂ ਬਾਅਦ ਵੀ ਆਬਾਦੀ ਦਾ ਇੱਕ ਵੱਡਾ ਹਿੱਸਾ ਵਿਕਾਸ ਦੇ ਫਲਾਂ ਤੋਂ ਵੰਚਿਤ ਸੀ ਅਤੇ ਸਰਕਾਰੀ ਸਹਾਇਤਾ ਦੇ ਦਾਇਰੇ ਤੋਂ ਬਾਹਰ ਸੀ।  ਦਲਿਤਾਂ, ਵੰਚਿਤਾਂ, ਪਿਛੜੇ ਲੋਕਾਂ, ਆਦਿਵਾਸੀਆਂ, ਦਿੱਵਯਾਂਗਾਂ, ਬੱਚਿਆਂ ਅਤੇ ਮਹਿਲਾਵਾਂ ਨੂੰ ਪਹਿਲੀ ਵਾਰ ਉਨ੍ਹਾਂ ਦਾ ਬਣਦਾ ਹੱਕ ਮਿਲ ਰਿਹਾ ਹੈ। ਉਨ੍ਹਾਂ ਨੂੰ ਮੁੱਢਲੀਆਂ ਸੁਵਿਧਾਵਾਂ ਤੇਜ਼ੀ ਨਾਲ ਮਿਲ ਰਹੀਆਂ ਹਨ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, “ਅਸੀਂ ਲੋਕਾਂ ਨੂੰ ਸਸ਼ਕਤ ਕਰਨ ਲਈ ਇੱਕ ਸਪਸ਼ਟ ਰਣਨੀਤੀ ਨਾਲ ਕੰਮ ਕਰ ਰਹੇ ਹਾਂ”।

 

ਆਯੁਸ਼ਮਾਨ ਭਾਰਤ ਅਤੇ ਮੁਫਤ ਰਾਸ਼ਨ ਜਿਹੀਆਂ ਯੋਜਨਾਵਾਂ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, “ਜਦੋਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਹੋ ਜਾਂਦੀਆਂ ਹਨ ਅਤੇ ਸਨਮਾਨ ਬਹਾਲ ਹੋ ਜਾਂਦਾ ਹੈ, ਤਾਂ ਨਵੀਆਂ ਇੱਛਾਵਾਂ ਜਨਮ ਲੈਂਦੀਆਂ ਹਨ ਕਿਉਂਕਿ ਲੋਕ ਰੋਜ਼ਾਨਾ ਜੀਵਨ ਦੀਆਂ ਕਠਿਨਾਈਆਂ ਤੋਂ ਉੱਪਰ ਉੱਠਦੇ ਹਨ ਅਤੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਕੰਮ ਕਰਦੇ ਹਨ।”

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨ ਧਨ ਖਾਤਿਆਂ ਨੇ ਇਸ ਅਣਗੌਲੇ ਵਰਗ ਨੂੰ ਵਿੱਤੀ ਮੁੱਖ ਧਾਰਾ ਵਿੱਚ ਲਿਆਂਦਾ ਹੈ। ਇਸੇ ਤਰ੍ਹਾਂ, ਮੁਦਰਾ ਯੋਜਨਾ ਨੇ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ, ਅਤੇ ਓਬੀਸੀ ਲਈ ਲਗਭਗ 20 ਕਰੋੜ ਦੇ ਕਰਜ਼ਿਆਂ ਨੂੰ ਯਕੀਨੀ ਬਣਾਇਆ ਜਿਸ ਨਾਲ ਇਨ੍ਹਾਂ ਵਰਗਾਂ ਦੇ ਨਵੇਂ ਉੱਦਮੀਆਂ ਨੂੰ ਉਭਾਰਿਆ ਗਿਆ। ਉਨ੍ਹਾਂ ਦੱਸਿਆ ਕਿ ਕੁੱਲ ਮੁਦਰਾ ਲਾਭਾਰਥੀਆਂ ਵਿੱਚੋਂ 70 ਫੀਸਦੀ ਮਹਿਲਾਵਾਂ ਹਨ। ਸਟ੍ਰੀਟ ਵਿਕਰੇਤਾਵਾਂ ਨੂੰ ਸਵਨਿਧੀ ਯੋਜਨਾ ਵਿੱਚ ਕੋਲੇਟਰਲ-ਫ੍ਰੀ ਲੋਨ ਮਿਲ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਅਸੀਂ ‘ਅਵਕਾਸ਼’ ਦੁਆਰਾ ਇੱਕ ਕਦਮ ਹੋਰ ਅੱਗੇ ਜਾ ਰਹੇ ਹਾਂ, ਜਿਸਦਾ ਮਤਲਬ ਹੈ ਨਵੇਂ ਮੌਕੇ ਪੈਦਾ ਕਰਨਾ ਅਤੇ ਵੰਚਿਤ ਵਰਗਾਂ ਦੇ ਨੌਜਵਾਨਾਂ ਨੂੰ ਨਵਾਂ ਵਿਸ਼ਵਾਸ ਦੇਣਾ।”

 

ਪ੍ਰਧਾਨ ਮੰਤਰੀ ਨੇ ਸਮਾਜ ਵਿੱਚ ਮਹਿਲਾਵਾਂ ਦੀ ਭਲਾਈ ਪ੍ਰਤੀ ਮੌਜੂਦਾ ਸਰਕਾਰ ਦੀ ਸੰਵੇਦਨਸ਼ੀਲਤਾ ਨੂੰ ਨੋਟ ਕੀਤਾ ਅਤੇ ਕਿਹਾ ਕਿ ਉਨ੍ਹਾਂ ਲਈ ਹਰ ਖੇਤਰ ਵਿੱਚ ਨਵੇਂ ਮੌਕੇ ਪੈਦਾ ਕੀਤੇ ਜਾ ਰਹੇ ਹਨ। ਆਦਿਵਾਸੀ ਭਾਈਚਾਰਿਆਂ ਦੀ ਭਲਾਈ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਰਾਸ਼ਟਰ ਨੂੰ ਕਬਾਇਲੀ ਸਮਾਜ ਦੇ ਗੌਰਵ ਤੋਂ ਜਾਣੂ ਕਰਵਾਉਣ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਦਿੱਵਯਾਂਗ ਭਾਈਚਾਰੇ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਪਿਛਲੇ ਅੱਠ ਵਰ੍ਹਿਆਂ ਵਿੱਚ ਕੀਤੇ ਗਏ ਪ੍ਰਯਤਨਾਂ ਦਾ ਵੀ ਜ਼ਿਕਰ ਕੀਤਾ ਅਤੇ ਦੱਸਿਆ ਕਿ ਦੇਸ਼ ਵਿੱਚ ਕਈ ਸੰਵਿਧਾਨਕ ਸੰਸਥਾਵਾਂ ਵਿੱਚ ਅਣਗੌਲੇ ਭਾਈਚਾਰਿਆਂ ਦੇ ਮਿੱਤਰ ਚੋਟੀ ਦੇ ਅਹੁਦਿਆਂ ‘ਤੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਹ ਮੌਜੂਦਾ ਸਰਕਾਰ ਹੀ ਸੀ ਜਿਸ ਨੇ ਪੱਛੜੀਆਂ ਸ਼੍ਰੇਣੀਆਂ ਲਈ ਰਾਸ਼ਟਰੀ ਕਮਿਸ਼ਨ ਨੂੰ ਸੰਵਿਧਾਨਕ ਦਰਜਾ ਦਿੱਤਾ, ਆਲ ਇੰਡੀਆ ਮੈਡੀਕਲ ਕੋਟੇ ਵਿੱਚ ਓਬੀਸੀ ਵਰਗ ਨੂੰ ਰਾਖਵਾਂਕਰਨ ਦਿੱਤਾ, ਕੇਂਦਰ ਸਰਕਾਰ ਦੇ ਗਰੁੱਪ ਸੀ ਅਤੇ ਗਰੁੱਪ ਡੀ ਵਿੱਚ ਇੰਟਰਵਿਊ ਦੀ ਜ਼ਰੂਰਤ ਨੂੰ ਖ਼ਤਮ ਕੀਤਾ ਅਤੇ  ਮੈਡੀਕਲ, ਇੰਜਨੀਅਰਿੰਗ ਅਤੇ ਟੈਕਨੀਕਲ ਵਿਸ਼ਿਆਂ ਲਈ ਸਥਾਨਕ ਭਾਰਤੀ ਭਾਸ਼ਾਵਾਂ ਵਿੱਚ ਪੜ੍ਹਾਏ ਜਾਣ ਦੀ ਵਿਵਸਥਾ ਕੀਤੀ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਇਨ੍ਹਾਂ ਕਦਮਾਂ ਦੇ ਸਭ ਤੋਂ ਵੱਧ ਲਾਭਾਰਥੀ ਸਾਡੇ ਪਿੰਡਾਂ ਦੇ ਨੌਜਵਾਨ ਅਤੇ ਐੱਸਸੀ, ਐੱਸਟੀ ਅਤੇ ਓਬੀਸੀ ਸਮੁਦਾਇਆਂ ਦੇ ਗਰੀਬ ਪਰਿਵਾਰ ਹਨ।

 

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਸ ਸਰਕਾਰ ਨੇ ਖਾਨਾਬਦੋਸ਼ ਅਤੇ ਅਰਧ-ਖਾਨਾਬਦੋਸ਼ ਭਾਈਚਾਰਿਆਂ ਲਈ ਇੱਕ ਵਿਸ਼ੇਸ਼ ਵਿਕਾਸ ਅਤੇ ਭਲਾਈ ਬੋਰਡ ਦੀ ਸਥਾਪਨਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਸਾਡੀ ਸਰਕਾਰ ਇਨ੍ਹਾਂ ਪਰਿਵਾਰਾਂ ਨੂੰ ਹਰ ਕਲਿਆਣਕਾਰੀ ਸਕੀਮ ਨਾਲ ਜੋੜਨ ਲਈ ਕੰਮ ਕਰ ਰਹੀ ਹੈ।”

 

ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਕਿ ਡਬਲ ਇੰਜਣ ਵਾਲੀ ਸਰਕਾਰ ਭਾਰਤ ਵਿਚ ਰਹਿਣ ਵਾਲੇ ਹਰੇਕ ਸਮਾਜ ਦੀ ਪਰੰਪਰਾ, ਸੰਸਕ੍ਰਿਤੀ, ਖਾਣ-ਪੀਣ ਦੀਆਂ ਆਦਤਾਂ ਅਤੇ ਪਹਿਰਾਵੇ ਨੂੰ ਆਪਣੀ ਤਾਕਤ ਮੰਨਦੀ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਇਸ ਤਾਕਤ ਨੂੰ ਬਚਾਉਣ, ਇਸ ਨੂੰ ਕਾਇਮ ਰੱਖਣ ਦੇ ਪੱਖ ਵਿਚ ਹਾਂ। ਪ੍ਰਧਾਨ ਮੰਤਰੀ ਨੇ ਕਿਹਾ “ਸੁਹਾਲੀ, ਲਾਂਬਾਣੀ, ਲਾਂਬੜਾ, ਲਬਾਣਾ ਅਤੇ ਬਾਜ਼ੀਗਰ, ਤੁਸੀਂ ਜੋ ਵੀ ਨਾਮ ਲਓ, ਤੁਸੀਂ ਸੱਭਿਆਚਾਰਕ ਤੌਰ ‘ਤੇ ਸਮ੍ਰਿਧ ਅਤੇ ਜੀਵੰਤ ਹੋ, ਦੇਸ਼ ਦਾ ਗੌਰਵ, ਦੇਸ਼ ਦੀ ਤਾਕਤ ਹੋ। ਤੁਹਾਡਾ ਹਜ਼ਾਰਾਂ ਵਰ੍ਹਿਆਂ ਦਾ ਇਤਿਹਾਸ ਹੈ। ਤੁਸੀਂ ਇਸ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਇਆ ਹੈ।” ਉਨ੍ਹਾਂ ਨੇ ਇਸ ਵਿਰਾਸਤ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰਨ ਅਤੇ ਸਾਰਿਆਂ ਨੂੰ ਨਾਲ ਲੈ ਕੇ ਸਭ ਦੇ ਵਿਕਾਸ ਲਈ ਕੰਮ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। 

 

ਅੰਤ ਵਿੱਚ, ਪ੍ਰਧਾਨ ਮੰਤਰੀ ਨੇ ਗੁਜਰਾਤ ਅਤੇ ਰਾਜਸਥਾਨ ਦੇ ਬੰਜਾਰਾ ਭਾਈਚਾਰਿਆਂ ਨੂੰ ਯਾਦ ਕਰਦਿਆਂ, ਜਲਘਰਾਂ ਦੇ ਨਿਰਮਾਣ ਵਿੱਚ ਲੱਖਾ ਬੰਜਾਰਾ ਦੀ ਭੂਮਿਕਾ ਨੂੰ ਯਾਦ ਕੀਤਾ। ਉਨ੍ਹਾਂ ਇਸੇ ਬੰਜਾਰਾ ਭਾਈਚਾਰੇ ਦੀ ਸੇਵਾ ਕਰਨ ਦੇ ਸਮਰੱਥ ਹੋਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।

 

ਇਸ ਮੌਕੇ ਹੋਰਨਾਂ ਤੋਂ ਇਲਾਵਾ, ਕਰਨਾਟਕ ਦੇ ਰਾਜਪਾਲ, ਸ਼੍ਰੀ ਥਾਵਰ ਚੰਦ ਗਹਿਲੋਤ, ਕਰਨਾਟਕ ਦੇ ਮੁੱਖ ਮੰਤਰੀ ਸ਼੍ਰੀ ਬਸਵਰਾਜ ਬੋਮਈ, ਕੇਂਦਰੀ ਰਾਜ ਮੰਤਰੀ ਸ਼੍ਰੀ ਭਗਵੰਤ ਖੁਬਾ ਅਤੇ ਕਰਨਾਟਕ ਸਰਕਾਰ ਦੇ ਕਈ ਮੰਤਰੀ ਵੀ ਮੌਜੂਦ ਸਨ।

 

ਪਿਛੋਕੜ

 

ਸਰਕਾਰੀ ਯੋਜਨਾਵਾਂ ਦੀ 100 ਪ੍ਰਤੀਸ਼ਤ ਸੰਤ੍ਰਿਪਤਾ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਅਨੁਸਾਰ, ਪੰਜ ਜ਼ਿਲ੍ਹਿਆਂ ਕਲਬੁਰਗੀ, ਯਾਦਗਿਰੀ, ਰਾਇਚੂਰ, ਬਿਦਰ ਅਤੇ ਵਿਜੈਪੁਰਾ ਵਿੱਚ ਲਗਭਗ 1475 ਗੈਰ-ਰਿਕਾਰਡ ਰਹਿਤ ਬਸਤੀਆਂ ਨੂੰ ਨਵੇਂ ਮਾਲੀਆ ਪਿੰਡਾਂ ਵਜੋਂ ਘੋਸ਼ਿਤ ਕੀਤਾ ਗਿਆ ਹੈ।  ਕਲਬੁਰਗੀ ਜ਼ਿਲ੍ਹੇ ਦੇ ਸੇਦਾਮ ਤਾਲੁਕਾ ਦੇ ਮਲਖੇਡ ਪਿੰਡ ਵਿਖੇ, ਪ੍ਰਧਾਨ ਮੰਤਰੀ ਨੇ ਇਨ੍ਹਾਂ ਨਵੇਂ ਘੋਸ਼ਿਤ ਮਾਲੀਆ ਪਿੰਡਾਂ ਦੇ ਪਾਤਰ ਲਾਭਾਰਥੀਆਂ ਨੂੰ ਟਾਈਟਲ ਡੀਡ (ਹੱਕੂ ਪੱਤਰ) ਵੰਡੇ। ਪੰਜਾਹ ਹਜ਼ਾਰ ਤੋਂ ਵੱਧ ਲਾਭਾਰਥੀਆਂ ਨੂੰ ਟਾਈਟਲ ਡੀਡ ਜਾਰੀ ਕਰਨਾ, ਜੋ ਮੁੱਖ ਤੌਰ ‘ਤੇ ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ ਅਤੇ ਓਬੀਸੀ ਦੇ ਹਾਸ਼ੀਏ ਅਤੇ ਕਮਜ਼ੋਰ ਭਾਈਚਾਰਿਆਂ ਤੋਂ ਹਨ, ਨੂੰ ਉਨ੍ਹਾਂ ਦੀ ਜ਼ਮੀਨ ਲਈ ਸਰਕਾਰ ਵੱਲੋਂ ਰਸਮੀ ਮਾਨਤਾ ਪ੍ਰਦਾਨ ਕਰਨ ਲਈ ਇੱਕ ਕਦਮ ਹੈ ਅਤੇ ਉਨ੍ਹਾਂ ਨੂੰ ਪੀਣ ਵਾਲੇ ਪਾਣੀ, ਬਿਜਲੀ, ਸੜਕਾਂ ਆਦਿ ਜਿਹੀਆਂ ਸਰਕਾਰੀ ਸੇਵਾਵਾਂ ਪ੍ਰਾਪਤ ਕਰਨ ਦੇ ਸਮਰੱਥ ਬਣਾਵੇਗਾ। 

 

ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ ਐੱਨਐੱਚ-150ਸੀ ਦੇ 71 ਕਿਲੋਮੀਟਰ ਸੈਕਸ਼ਨ ਦਾ ਨੀਂਹ ਪੱਥਰ ਵੀ ਰੱਖਿਆ। ਇਹ 6-ਲੇਨ ਗ੍ਰੀਨਫੀਲਡ ਰੋਡ ਪ੍ਰੋਜੈਕਟ ਵੀ ਸੂਰਤ – ਚੇਨਈ ਐਕਸਪ੍ਰੈੱਸਵੇ ਦਾ ਹਿੱਸਾ ਹੈ। ਇਸ ਨੂੰ 2100 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ। ਸੂਰਤ – ਚੇਨਈ ਐਕਸਪ੍ਰੈੱਸਵੇਅ ਛੇ ਰਾਜਾਂ- ਗੁਜਰਾਤ, ਮਹਾਰਾਸ਼ਟਰ, ਕਰਨਾਟਕ, ਤੇਲੰਗਾਨਾ, ਆਂਧਰ ਪ੍ਰਦੇਸ਼ ਅਤੇ ਤਮਿਲ ਨਾਡੂ ਵਿੱਚੋਂ ਲੰਘੇਗਾ। ਇਹ ਮੌਜੂਦਾ ਰੂਟ ਨੂੰ 1600 ਕਿਲੋਮੀਟਰ ਤੋਂ ਘਟਾ ਕੇ 1270 ਕਿਲੋਮੀਟਰ ਕਰ ਦੇਵੇਗਾ।

 

 

 

 

 

 

 

 

 ********

 

ਡੀਐੱਸ/ਟੀਐੱਸ