Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਐੱਨਆਈਆਈਓ ( NIIO) ਸੈਮੀਨਾਰ ‘ਸਵਾਵਲੰਬਨ’ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਐੱਨਆਈਆਈਓ ( NIIO) ਸੈਮੀਨਾਰ ‘ਸਵਾਵਲੰਬਨ’ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਐੱਨਆਈਆਈਓ (NIIO-ਨੇਵਲ ਇਨੋਵੇਸ਼ਨ ਐਂਡ ਇੰਡੀਜਨਾਈਜ਼ੇਸ਼ਨ ਆਰਗੇਨਾਈਜ਼ੇਸ਼ਨ) ਸੈਮੀਨਾਰ ‘ਸਵਾਵਲੰਬਨ’ ਨੂੰ ਸੰਬੋਧਨ ਕੀਤਾ।

ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਰੱਖਿਆ ਬਲਾਂ ਵਿੱਚ ਆਤਮਨਿਰਭਰਤਾ ਦਾ ਲਕਸ਼ 21ਵੀਂ ਸਦੀ ਦੇ ਭਾਰਤ ਲਈ ਬਹੁਤ ਅਹਿਮ ਹੈ। ਆਤਮਨਿਰਭਰ ਜਲ ਸੈਨਾ ਲਈ ਪਹਿਲੇ ‘ਸਵਾਲੰਬਨ’ (ਆਤਮਨਿਰਭਰਤਾ) ਸੈਮੀਨਾਰ ਦਾ ਆਯੋਜਨ ਇਸ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਲਈ ਨਵੇਂ ਸੰਕਲਪ ਬਣਾਉਣ ਦੇ ਇਸ ਦੌਰ ਵਿੱਚ 75 ਸਵਦੇਸ਼ੀ ਤਕਨੀਕਾਂ ਬਣਾਉਣ ਦਾ ਸੰਕਲਪ ਆਪਣੇ ਆਪ ਵਿੱਚ ਪ੍ਰੇਰਨਾਦਾਇਕ ਹੈ ਅਤੇ ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਇਹ ਛੇਤੀ ਪੂਰਾ ਹੋਵੇਗਾ। ਉਨ੍ਹਾਂ ਕਿਹਾ ਕਿ ਫਿਰ ਵੀ ਇਹ ਪਹਿਲਾ ਕਦਮ ਹੈ. “ਸਾਨੂੰ ਸਵਦੇਸ਼ੀ ਤਕਨੀਕਾਂ ਦੀ ਗਿਣਤੀ ਨੂੰ ਲਗਾਤਾਰ ਵਧਾਉਣ ਲਈ ਕੰਮ ਕਰਨਾ ਹੋਵੇਗਾ। ਤੁਹਾਡਾ ਟੀਚਾ ਇਹ ਹੋਣਾ ਚਾਹੀਦਾ ਹੈ ਕਿ ਜਦੋਂ ਭਾਰਤ ਆਪਣੀ ਆਜ਼ਾਦੀ ਦੇ 100 ਸਾਲ ਦਾ ਜਸ਼ਨ ਮਨਾ ਰਿਹਾ ਹੋਵੇ, ਉਸ ਸਮੇਂ ਸਾਡੀ ਜਲ ਸੈਨਾ ਬੇਮਿਸਾਲ ਉਚਾਈ ‘ਤੇ ਹੋਣੀ ਚਾਹੀਦੀ ਹੈ।

ਭਾਰਤ ਦੀ ਅਰਥਵਿਵਸਥਾ ਵਿੱਚ ਸਮੁੰਦਰਾਂ ਅਤੇ ਤਟਾਂ ਦੇ ਮਹੱਤਵ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਜਲ ਸੈਨਾ ਦੀ ਭੂਮਿਕਾ ਲਗਾਤਾਰ ਵੱਧ ਰਹੀ ਹੈ ਅਤੇ ਇਸ ਲਈ ਜਲ ਸੈਨਾ ਦੀ ਆਤਮਨਿਰਭਰਤਾ ਬਹੁਤ ਅਹਿਮ ਹੈ।

ਦੇਸ਼ ਦੀ ਸ਼ਾਨਦਾਰ ਸਮੁੰਦਰੀ ਪਰੰਪਰਾ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦਾ ਰੱਖਿਆ ਖੇਤਰ ਆਜ਼ਾਦੀ ਤੋਂ ਪਹਿਲਾਂ ਵੀ ਬਹੁਤ ਮਜ਼ਬੂਤ ​​ਹੁੰਦਾ ਸੀ। ਆਜ਼ਾਦੀ ਦੇ ਸਮੇਂ ਦੇਸ਼ ਵਿੱਚ 18 ਅਸਲਾ ਫੈਕਟਰੀਆਂ ਸਨ, ਜਿੱਥੇ ਦੇਸ਼ ਵਿੱਚ ਤੋਪਖਾਨੇ ਸਮੇਤ ਕਈ ਤਰ੍ਹਾਂ ਦੇ ਫੌਜੀ ਸਾਜ਼ੋ-ਸਮਾਨ ਬਣਦੇ ਸਨ। ਦੂਜੇ ਵਿਸ਼ਵ ਯੁੱਧ ਵਿੱਚ ਭਾਰਤ ਰੱਖਿਆ ਉਪਕਰਣਾਂ ਦਾ ਇੱਕ ਅਹਿਮ ਸਪਲਾਇਰ ਸੀ। ਉਨ੍ਹਾਂ ਸੁਆਲ ਕੀਤਾ,“ਸਾਡੇ ਹਾਵਿਟਜ਼ਰ, ਈਸ਼ਾਪੁਰ ਰਾਈਫਲ ਫੈਕਟਰੀ ਵਿਚ ਬਣੀਆਂ ਮਸ਼ੀਨਗੰਨਾਂ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਸੀ। ਅਸੀਂ ਬਹੁਤ ਬਰਾਮਦ ਕਰਦੇ ਸੀ। ਪਰ ਫਿਰ ਕੀ ਹੋਇਆ ਕਿ ਇੱਕ ਸਮੇਂ ਵਿੱਚ ਅਸੀਂ ਇਸ ਖੇਤਰ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਦਰਾਮਦਕਾਰ ਬਣ ਗਏ?” ਉਨ੍ਹਾਂ ਕਿਹਾ ਕਿ ਵਿਸ਼ਵ ਯੁੱਧ ਦੀ ਚੁਣੌਤੀ ਦਾ ਪੂੰਜੀ ਲਾ ਕੇ ਹਥਿਆਰਾਂ ਦੇ ਵੱਡੇ ਦਰਾਮਦਕਾਰ ਵਜੋਂ ਉਭਰਨ ਵਾਲੇ ਦੇਸ਼ਾਂ ਵਾਂਗ ਭਾਰਤ ਨੇ ਵੀ ਕੋਰੋਨਾ ਦੇ ਦੌਰ ਦੌਰਾਨ ਮੁਸੀਬਤਾਂ ਨੂੰ ਮੌਕੇ ਵਿੱਚ ਬਦਲ ਦਿੱਤਾ ਅਤੇ ਆਰਥਿਕਤਾ, ਨਿਰਮਾਣ ਅਤੇ ਵਿਗਿਆਨ ਵਿੱਚ ਤਰੱਕੀ ਕੀਤੀ। ਉਨ੍ਹਾਂ ਇਸ ਗੱਲ ‘ਤੇ ਅਫਸੋਸ ਜ਼ਾਹਰ ਕੀਤਾ ਕਿ ਆਜ਼ਾਦੀ ਦੇ ਸ਼ੁਰੂਆਤੀ ਦਹਾਕਿਆਂ ਦੌਰਾਨ ਰੱਖਿਆ ਉਤਪਾਦਨ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਸੀ ਅਤੇ ਖੋਜ ਤੇ ਵਿਕਾਸ ਨੂੰ ਸਰਕਾਰੀ ਖੇਤਰ ਤੱਕ ਹੀ ਸੀਮਿਤ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ,“ਨਵੀਨਤਾ ਅਹਿਮ ਹੈ ਅਤੇ ਇਹ ਸਵਦੇਸ਼ੀ ਹੋਣੀ ਚਾਹੀਦੀ ਹੈ। ਆਯਾਤ ਕੀਤੀਆਂ ਚੀਜ਼ਾਂ ਨਵੀਨਤਾ ਦਾ ਸਰੋਤ ਨਹੀਂ ਹੋ ਸਕਦੀਆਂ।” ਉਨ੍ਹਾਂ ਨੇ ਦਰਾਮਦ ਵਸਤਾਂ ਪ੍ਰਤੀ ਖਿੱਚ ਦੀ ਮਾਨਸਿਕਤਾ ਵਿੱਚ ਤਬਦੀਲੀ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਤਮਨਿਰਭਰ ਰੱਖਿਆ ਪ੍ਰਣਾਲੀ ਅਰਥਵਿਵਸਥਾ ਪੱਖੋਂ ਵੀ ਅਹਿਮ ਹੈ ਅਤੇ ਰਣਨੀਤਕ ਦ੍ਰਿਸ਼ਟੀਕੋਣ ਤੋਂ ਵੀ। ਉਨ੍ਹਾਂ ਕਿਹਾ ਕਿ ਦੇਸ਼ ਨੇ 2014 ਤੋਂ ਬਾਅਦ ਇਸ ਨਿਰਭਰਤਾ ਨੂੰ ਘਟਾਉਣ ਲਈ ਮਿਸ਼ਨ ਮੋਡ ਵਿੱਚ ਕੰਮ ਕੀਤਾ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਸਰਕਾਰ ਨੇ ਸਾਡੀਆਂ ਜਨਤਕ ਖੇਤਰ ਦੀਆਂ ਰੱਖਿਆ ਕੰਪਨੀਆਂ ਨੂੰ ਵੱਖ-ਵੱਖ ਖੇਤਰਾਂ ਵਿੱਚ ਸੰਗਠਿਤ ਕਰਕੇ ਨਵੀਂ ਤਾਕਤ ਦਿੱਤੀ ਹੈ। ਅੱਜ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਅਸੀਂ ਆਪਣੇ ਪ੍ਰਮੁੱਖ ਅਦਾਰਿਆਂ ਜਿਵੇਂ ਕਿ ਆਈਆਈਟੀ ਨੂੰ ਰੱਖਿਆ ਖੋਜ ਅਤੇ ਨਵੀਨਤਾ ਨਾਲ ਜੋੜੀਏ। ਉਨ੍ਹਾਂ ਅੱਗੇ ਕਿਹਾ,“ਪਿਛਲੇ ਦਹਾਕਿਆਂ ਦੇ ਦ੍ਰਿਸ਼ਟੀਕੋਣ ਤੋਂ ਸਿੱਖਦਿਆਂ ਅੱਜ ਅਸੀਂ ਸਾਰਿਆਂ ਦੇ ਯਤਨਾਂ ਦੀ ਤਾਕਤ ਨਾਲ ਇੱਕ ਨਵਾਂ ਰੱਖਿਆ ਵਾਤਾਵਰਣ ਵਿਕਸਿਤ ਕਰ ਰਹੇ ਹਾਂ। ਅੱਜ ਰੱਖਿਆ ਖੋਜ ਅਤੇ ਵਿਕਾਸ ਨੂੰ ਪ੍ਰਾਈਵੇਟ ਸੈਕਟਰ, ਅਕਾਦਮਿਕ, ਐੱਮਐੱਸਐੱਮਈ (MSME) ਅਤੇ ਸਟਾਰਟ-ਅੱਪ ਲਈ ਖੋਲ੍ਹਿਆ ਗਿਆ ਹੈ।” । ਇਸ ਨਾਲ ਲੰਬੇ ਸਮੇਂ ਤੋਂ ਲਟਕਦੇ ਰੱਖਿਆ ਪ੍ਰਾਜੈਕਟਾਂ ਵਿੱਚ ਨਵੀਂ ਰਫ਼ਤਾਰ ਆਈ ਹੈ ਅਤੇ ਪ੍ਰਧਾਨ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਪਹਿਲੇ ਸਵਦੇਸ਼ੀ ਜਹਾਜ਼ ਕੈਰੀਅਰ ਦੇ ਚਾਲੂ ਹੋਣ ਦੀ ਉਡੀਕ ਜਲਦੀ ਹੀ ਖ਼ਤਮ ਹੋ ਜਾਵੇਗੀ।

ਪਿਛਲੇ 8 ਸਾਲਾਂ ਵਿੱਚ, ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਸਰਕਾਰ ਨੇ ਨਾ ਸਿਰਫ਼ ਰੱਖਿਆ ਬਜਟ ਵਿੱਚ ਵਾਧਾ ਕੀਤਾ ਹੈ,“ਅਸੀਂ ਇਹ ਵੀ ਯਕੀਨੀ ਬਣਾਇਆ ਹੈ ਕਿ ਇਹ ਬਜਟ ਦੇਸ਼ ਵਿੱਚ ਹੀ ਰੱਖਿਆ ਨਿਰਮਾਣ ਵਾਤਾਵਰਣ ਦੇ ਵਿਕਾਸ ਵਿੱਚ ਉਪਯੋਗੀ ਹੈ। ਅੱਜ, ਰੱਖਿਆ ਉਪਕਰਣਾਂ ਦੀ ਖਰੀਦ ਲਈ ਰੱਖੇ ਗਏ ਬਜਟ ਦਾ ਵੱਡਾ ਹਿੱਸਾ ਭਾਰਤੀ ਕੰਪਨੀਆਂ ਤੋਂ ਖਰੀਦ ‘ਤੇ ਖਰਚ ਕੀਤਾ ਜਾ ਰਿਹਾ ਹੈ।’’ ਉਨ੍ਹਾਂ ਰੱਖਿਆ ਬਲਾਂ ਨੂੰ 300 ਵਸਤੂਆਂ ਦੀ ਸੂਚੀ ਤਿਆਰ ਕਰਨ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ, ਜਿਨ੍ਹਾਂ ਨੂੰ ਦਰਾਮਦ ਨਹੀਂ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 4-5 ਸਾਲਾਂ ਵਿੱਚ ਰੱਖਿਆ ਦਰਾਮਦ ਵਿੱਚ ਲਗਭਗ 21 ਪ੍ਰਤੀਸ਼ਤ ਦੀ ਕਮੀ ਆਈ ਹੈ। ਅੱਜ ਅਸੀਂ ਸਭ ਤੋਂ ਵੱਡੇ ਰੱਖਿਆ ਦਰਾਮਦਕਾਰ ਤੋਂ ਵੱਡੇ ਬਰਾਮਦਕਾਰ ਬਣਨ ਵੱਲ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ। ਉਨ੍ਹਾਂ ਕਿਹਾ ਕਿ ਪਿਛਲੇ ਸਾਲ 13 ਹਜ਼ਾਰ ਕਰੋੜ ਰੁਪਏ ਦੀ ਰੱਖਿਆ ਬਰਾਮਦ ਕੀਤੀ ਗਈ ਸੀ, ਜਿਸ ਦਾ 70 ਫੀਸਦੀ ਤੋਂ ਵੱਧ ਹਿੱਸਾ ਨਿਜੀ ਖੇਤਰ ਦਾ ਸੀ।

ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਹੁਣ ਰਾਸ਼ਟਰੀ ਸੁਰੱਖਿਆ ਲਈ ਖਤਰੇ ਵੀ ਵਿਆਪਕ ਹੋ ਗਏ ਹਨ, ਜੰਗ ਦੇ ਢੰਗ ਵੀ ਬਦਲ ਰਹੇ ਹਨ। ਪਹਿਲਾਂ ਅਸੀਂ ਜ਼ਮੀਨ, ਸਮੁੰਦਰ ਅਤੇ ਅਸਮਾਨ ਤੱਕ ਹੀ ਆਪਣੀ ਰੱਖਿਆ ਦੀ ਕਲਪਨਾ ਕਰਦੇ ਸਾਂ। ਹੁਣ ਸਰਕਲ ਪੁਲਾੜ ਵੱਲ ਵਧ ਰਿਹਾ ਹੈ, ਸਾਈਬਰ ਸਪੇਸ ਵੱਲ ਵਧ ਰਿਹਾ ਹੈ, ਆਰਥਿਕ, ਸਮਾਜਿਕ ਸਪੇਸ ਵੱਲ ਵਧ ਰਿਹਾ ਹੈ। ਅਜਿਹੇ ‘ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਭਵਿੱਖ ਦੀਆਂ ਚੁਣੌਤੀਆਂ ਦਾ ਅੰਦਾਜ਼ਾ ਲਾ ਕੇ ਅੱਗੇ ਵਧਣਾ ਹੋਵੇਗਾ ਅਤੇ ਉਸ ਮੁਤਾਬਕ ਖ਼ੁਦ ਨੂੰ ਬਦਲਣਾ ਹੋਵੇਗਾ। ਉਨ੍ਹਾਂ ਕਿਹਾ ਕਿ ਆਤਮਨਿਰਭਰਤਾ ਇਸ ਸਬੰਧ ਵਿੱਚ ਦੇਸ਼ ਦੀ ਬਹੁਤ ਮਦਦ ਕਰੇਗੀ।

ਪ੍ਰਧਾਨ ਮੰਤਰੀ ਨੇ ਨਵੇਂ ਖ਼ਤਰੇ ਵਿਰੁੱਧ ਚੇਤਾਵਨੀ ਦਿੱਤੀ। ਉਨ੍ਹਾਂ ਕਿਹਾ,“ਸਾਨੂੰ ਭਾਰਤ ਦੇ ਆਤਮਵਿਸ਼ਵਾਸ, ਸਾਡੀ ਆਤਮਨਿਰਭਰਤਾ ਨੂੰ ਚੁਣੌਤੀ ਦੇਣ ਵਾਲੀਆਂ ਤਾਕਤਾਂ ਵਿਰੁੱਧ ਆਪਣੀ ਜੰਗ ਨੂੰ ਤੇਜ਼ ਕਰਨਾ ਹੋਵੇਗਾ। ਜਿਵੇਂ-ਜਿਵੇਂ ਭਾਰਤ ਆਲਮੀ ਮੰਚ ‘ਤੇ ਆਪਣੇ ਆਪ ਨੂੰ ਸਥਾਪਿਤ ਕਰ ਰਿਹਾ ਹੈ, ਉਸ ‘ਤੇ ਲਗਾਤਾਰ ਗਲਤ ਸੂਚਨਾ, ਅਤੇ ਝੂਠੇ ਪ੍ਰਚਾਰ ਆਦਿ ਰਾਹੀਂ ਹਮਲੇ ਹੋ ਰਹੇ ਹਨ, ਵਿਸ਼ਵਾਸ ਨੂੰ ਕਾਇਮ ਰੱਖਦਿਆਂ ਭਾਰਤ ਦੇ ਹਿਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਤਾਕਤਾਂ ਭਾਵੇਂ ਦੇਸ਼ ਵਿੱਚ ਹੋਣ ਜਾਂ ਵਿਦੇਸ਼ ਵਿੱਚ, ਉਨ੍ਹਾਂ ਨੂੰ ਹਰ ਕੋਸ਼ਿਸ਼ ਵਿੱਚ ਨਾਕਾਮ ਕਰਨਾ ਹੋਵੇਗਾ। ਰਾਸ਼ਟਰੀ ਰੱਖਿਆ ਹੁਣ ਸਰਹੱਦਾਂ ਤੱਕ ਸੀਮਿਤ ਨਹੀਂ ਹੈ, ਬਲਕਿ ਬਹੁਤ ਜ਼ਿਆਦਾ ਵਿਆਪਕ ਹੈ। ਇਸ ਲਈ ਹਰੇਕ ਨਾਗਰਿਕ ਨੂੰ ਇਸ ਬਾਰੇ ਜਾਗਰੂਕ ਕਰਨਾ ਵੀ ਬਰਾਬਰ ਦੀ ਜ਼ਰੂਰਤ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਲਈ “ਜਿਵੇਂ ਕਿ ਅਸੀਂ ਆਤਮਨਿਰਭਰ ਭਾਰਤ ਲਈ ‘ਸਮੁੱਚੀ ਸਰਕਾਰ’ ਪਹੁੰਚ ਨਾਲ ਅੱਗੇ ਵਧ ਰਹੇ ਹਾਂ, ਉਸੇ ਤਰ੍ਹਾਂ, ਰਾਸ਼ਟਰ ਦੀ ਰੱਖਿਆ ਲਈ ‘ਸਮੁੱਚੇ ਰਾਸ਼ਟਰ’ ਦੀ ਪਹੁੰਚ ਸਮੇਂ ਦੀ ਜ਼ਰੂਰਤ ਹੈ।” ਪ੍ਰਧਾਨ ਮੰਤਰੀ ਨੇ ਸਿੱਟਾ ਕੱਢਿਆ,”ਭਾਰਤ ਦੇ ਵੱਖ-ਵੱਖ ਲੋਕਾਂ ਦੀ ਇਹ ਸਮੂਹਿਕ ਰਾਸ਼ਟਰੀ ਚੇਤਨਾ ਸੁਰੱਖਿਆ ਅਤੇ ਖੁਸ਼ਹਾਲੀ ਦਾ ਮਜ਼ਬੂਤ ​​ਆਧਾਰ ਹੈ।”

ਐੱਨਆਈਆਈਓ (NIIO) ਸੈਮੀਨਾਰ ‘ਸਵਾਲੰਬਨ’

ਆਤਮਨਿਰਭਰ ਭਾਰਤ ਦਾ ਇੱਕ ਮੁੱਖ ਥੰਮ੍ਹ ਰੱਖਿਆ ਖੇਤਰ ਵਿੱਚ ਆਤਮਨਿਰਭਰਤਾ ਪ੍ਰਾਪਤ ਕਰ ਰਿਹਾ ਹੈ। ਇਸ ਕੋਸ਼ਿਸ਼ ਨੂੰ ਅੱਗੇ ਵਧਾਉਣ ਲਈ, ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ ‘ਸਪ੍ਰਿੰਟ ਚੁਣੌਤੀਆਂ’ ਦਾ ਉਦਘਾਟਨ ਕੀਤਾ, ਜਿਸ ਦਾ ਉਦੇਸ਼ ਭਾਰਤੀ ਜਲ ਸੈਨਾ ਵਿੱਚ ਸਵਦੇਸ਼ੀ ਟੈਕਨੋਲੋਜੀ ਦੀ ਵਰਤੋਂ ਨੂੰ ਹੁਲਾਰਾ ਦੇਣਾ ਹੈ। ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਹਿੱਸੇ ਵਜੋਂ, ਐੱਨਆਈਆਈਓ (NIIO), ਡਿਫੈਂਸ ਇਨੋਵੇਸ਼ਨ ਆਰਗੇਨਾਈਜ਼ੇਸ਼ਨ (DIO) ਦੇ ਨਾਲ ਮਿਲ ਕੇ, ਭਾਰਤੀ ਜਲ ਸੈਨਾ ਵਿੱਚ ਘੱਟੋ-ਘੱਟ 75 ਨਵੀਆਂ ਸਵਦੇਸ਼ੀ ਟੈਕਨੋਲੋਜੀਆਂ/ਉਤਪਾਦਾਂ ਨੂੰ ਸ਼ਾਮਲ ਕਰਨ ਦਾ ਲਕਸ਼ ਰੱਖਦਾ ਹੈ। ਇਸ ਸਹਿਯੋਗੀ ਪ੍ਰੋਜੈਕਟ ਦਾ ਨਾਮ ਸਪ੍ਰਿੰਟ (SPRINT- iDEX, NIIO ਅਤੇ TDAC ਤੇ ਜ਼ਰੀਏ R&D ਵਿੱਚ ਸਪੋਰਟਿੰਗ ਪੋਲ-ਵਾਲਟਿੰਗ) ਰੱਖਿਆ ਗਿਆ ਹੈ।

ਸੈਮੀਨਾਰ ਦਾ ਉਦੇਸ਼ ਰੱਖਿਆ ਖੇਤਰ ਵਿੱਚ ਆਤਮਨਿਰਭਰਤਾ ਪ੍ਰਾਪਤ ਕਰਨ ਲਈ ਭਾਰਤੀ ਉਦਯੋਗ ਅਤੇ ਅਕਾਦਮਿਕਤਾ ਨੂੰ ਸ਼ਾਮਲ ਕਰਨਾ ਹੈ। ਦੋ ਦਿਨਾ ਸੈਮੀਨਾਰ (18-19 ਜੁਲਾਈ) ਉਦਯੋਗ, ਅਕਾਦਮਿਕ, ਸੇਵਾਵਾਂ ਅਤੇ ਸਰਕਾਰ ਦੇ ਨੇਤਾਵਾਂ ਨੂੰ ਰੱਖਿਆ ਖੇਤਰ ਲਈ ਵਿਚਾਰ ਕਰਨ ਅਤੇ ਸਿਫ਼ਾਰਸ਼ਾਂ ਦੇ ਨਾਲ ਆਉਣ ਹਿਤ ਇੱਕ ਸਾਂਝੇ ਪਲੈਟਫਾਰਮ ‘ਤੇ ਇਕੱਠੇ ਹੋਣ ਲਈ ਇੱਕ ਪਲੈਟਫਾਰਮ ਪ੍ਰਦਾਨ ਕਰੇਗਾ। ਨਵੀਨਤਾ, ਸਵਦੇਸ਼ੀਕਰਣ, ਸਸ਼ਤਰੀਕਰਣ ਅਤੇ ਹਵਾਬਾਜ਼ੀ ਨੂੰ ਸਮਰਪਿਤ ਸੈਸ਼ਨ ਆਯੋਜਿਤ ਕੀਤੇ ਜਾਣਗੇ। ਸੈਮੀਨਾਰ ਦੇ ਦੂਸਰੇ ਦਿਨ ਸਾਗਰ (ਖੇਤਰ ਵਿੱਚ ਸਭ ਲਈ ਸੁਰੱਖਿਆ ਅਤੇ ਵਿਕਾਸ) ਦੇ ਸਰਕਾਰ ਦੇ ਦ੍ਰਿਸ਼ਟੀਕੋਣ ਅਨੁਸਾਰ, ਹਿੰਦ ਮਹਾਸਾਗਰ ਖੇਤਰ ਤੱਕ ਪਹੁੰਚ ਦਾ ਗਵਾਹ ਬਣੇਗਾ। 

******

ਡੀਐੱਸ/ਏਕੇ