Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ ਭਗਵਾਨ ਸ਼੍ਰੀ ਰਾਮ ਦੇ ਪ੍ਰਤੀਕ ਸਵਰੂਪ ਦਾ ਰਾਜਯਾਭਿਸ਼ੇਕ ਕੀਤਾ

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ ਭਗਵਾਨ ਸ਼੍ਰੀ ਰਾਮ ਦੇ ਪ੍ਰਤੀਕ ਸਵਰੂਪ ਦਾ ਰਾਜਯਾਭਿਸ਼ੇਕ ਕੀਤਾ


ਦੀਵਾਲੀ ਦੀ ਪੂਰਵ ਸੰਧਿਆ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ ਭਗਵਾਨ ਸ਼੍ਰੀ ਰਾਮ ਦੇ ਪ੍ਰਤੀਕ ਸਵਰੂਪ ਦਾ ਰਾਜਯਾਭਿਸ਼ੇਕ ਕੀਤਾ। ਪ੍ਰਧਾਨ ਮੰਤਰੀ ਨੇ ਨਵਾਂ ਘਾਟ, ਸਰਯੂ ਨਦੀ ਵਿਖੇ ਆਰਤੀ ਦੇਖੀ। ਸਮਾਗਮ ਵਾਲੀ ਥਾਂ ‘ਤੇ ਪਹੁੰਚ ਕੇ ਪ੍ਰਧਾਨ ਮੰਤਰੀ ਨੇ ਸੰਤਾਂ ਨਾਲ ਮੁਲਾਕਾਤ ਕੀਤੀ ਅਤੇ ਗੱਲਬਾਤ ਵੀ ਕੀਤੀ।

ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼੍ਰੀ ਰਾਮਲਲਾ ਦੇ ਦਰਸ਼ਨ ਅਤੇ ਰਾਜ ਅਭਿਸ਼ੇਕ ਦਾ ਸੁਭਾਗ ਭਗਵਾਨ ਸ਼੍ਰੀ ਰਾਮ ਦੇ ਆਸ਼ੀਰਵਾਦ ਨਾਲ ਹੀ ਸੰਭਵ ਹੋਇਆ ਹੈ। ਭਗਵਾਨ ਰਾਮ ਦਾ ਅਭਿਸ਼ੇਕ ਸਾਡੇ ਅੰਦਰ ਉਨ੍ਹਾਂ ਦੀਆਂ ਕਦਰਾਂ-ਕੀਮਤਾਂ ਅਤੇ ਆਦਰਸ਼ਾਂ ਨੂੰ ਹੋਰ ਵੀ ਮਜ਼ਬੂਤ ਕਰਦਾ ਹੈ। ਉਨ੍ਹਾਂ ਦੇ ਅਭਿਸ਼ੇਕ ਨਾਲ ਭਗਵਾਨ ਸ਼੍ਰੀ ਰਾਮ ਦੁਆਰਾ ਦਰਸਾਇਆ ਮਾਰਗ ਹੋਰ ਵੀ ਸਪੱਸ਼ਟ ਹੋ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਯੁੱਧਿਆ ਜੀ ਦੇ ਹਰ ਕਣ ਵਿੱਚ ਅਸੀਂ ਉਨ੍ਹਾਂ ਦਾ ਫਲਸਫਾ ਦੇਖਦੇ ਹਾਂ। ਸ਼੍ਰੀ ਮੋਦੀ ਨੇ ਅੱਗੇ ਕਿਹਾ, “ਇਹ ਫਲਸਫਾ ਅਯੁੱਧਿਆ ਦੀਆਂ ਰਾਮ ਲੀਲਾਵਾਂ, ਸਰਯੂ ਆਰਤੀ, ਦੀਪ ਉਤਸਵ ਅਤੇ ਰਾਮਾਇਣ ‘ਤੇ ਖੋਜ ਅਤੇ ਅਧਿਐਨ ਦੁਆਰਾ ਪੂਰੀ ਦੁਨੀਆ ਵਿੱਚ ਫੈਲ ਰਿਹਾ ਹੈ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦੀਵਾਲੀ ਅਜਿਹੇ ਸਮੇਂ ‘ਤੇ ਆਈ ਹੈ ਜਦੋਂ ਭਾਰਤ ਨੇ ਆਪਣੀ ਆਜ਼ਾਦੀ ਦੇ 75 ਸਾਲ ਪੂਰੇ ਕਰ ਲਏ ਹਨ ਅਤੇ ਅਸੀਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ। ਇਸ ਆਜ਼ਾਦੀ ਕਾ ਅੰਮ੍ਰਿਤ ਕਾਲ ਵਿੱਚ ਭਗਵਾਨ ਸ਼੍ਰੀ ਰਾਮ ਵਰਗਾ ਸੰਕਲਪ ਹੈ ਜੋ ਦੇਸ਼ ਨੂੰ ਨਵੇਂ ਸਿਖ਼ਰਾਂ ‘ਤੇ ਲੈ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਈ ਵੀ ਵਿਅਕਤੀ ਭਗਵਾਨ ਰਾਮ ਦੇ ਸ਼ਬਦਾਂ ਤੇ ਵਿਚਾਰਾਂ, ਉਨ੍ਹਾਂ ਦੇ ਸ਼ਾਸਨ ਅਤੇ ਪ੍ਰਸ਼ਾਸਨ ਵਿੱਚ ‘ਸਬਕਾ ਸਾਥ ਸਬਕਾ ਵਿਕਾਸ ਤੇ ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੇ ਸਿਧਾਂਤਾਂ ਦੀ ਪ੍ਰੇਰਣਾ ਪਾ ਸਕਦਾ ਹੈ। “ਹਰੇਕ ਭਾਰਤੀ ਲਈ”, ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਭਗਵਾਨ ਸ਼੍ਰੀ ਰਾਮ ਦੇ ਸਿਧਾਂਤ ਇੱਕ ਵਿਕਸਿਤ ਭਾਰਤ ਦੀਆਂ ਇੱਛਾਵਾਂ ਹਨ। ਇਹ ਇੱਕ ਚਾਨਣ–ਮੁਨਾਰੇ ਵਾਂਗ ਹੈ ਜੋ ਸਭ ਤੋਂ ਔਖੇ ਲਕਸ਼ਾਂ ਨੂੰ ਪ੍ਰਾਪਤ ਕਰਨ ਲਈ ਪ੍ਰੇਰਣਾ ਪ੍ਰਦਾਨ ਕਰਦਾ ਹੈ।”

‘ਪੰਚ ਪ੍ਰਾਣ’ ਬਾਰੇ ਇਸ ਸਾਲ ਲਾਲ ਕਿਲੇ ਤੋਂ ਦਿੱਤੇ ਆਪਣੇ ਉਪਦੇਸ਼ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, “‘ਪੰਚ ਪ੍ਰਾਣ’ ਦੀ ਊਰਜਾ ਨਾਗਰਿਕਾਂ ਦੇ ਫਰਜ਼ ਦੀ ਭਾਵਨਾ ਦੇ ਤੱਤ ਨਾਲ ਜੁੜੀ ਹੋਈ ਹੈ। ਉਨ੍ਹਾਂ ਕਿਹਾ ਕਿ ਅੱਜ ਪਵਿੱਤਰ ਨਗਰੀ ਅਯੁੱਧਿਆ ਵਿਚ ਇਸ ਸ਼ੁਭ ਮੌਕੇ ‘ਤੇ ਸਾਨੂੰ ਆਪਣੇ ਸੰਕਲਪ ਲਈ ਆਪਣੇ–ਆਪ ਨੂੰ ਸਮਰਪਿਤ ਕਰਨਾ ਹੋਵੇਗਾ ਅਤੇ ਭਗਵਾਨ ਰਾਮ ਤੋਂ ਸਿੱਖਣਾ ਹੋਵੇਗਾ। ‘ਮਰਯਾਦਾ ਪੁਰਸ਼ੋਤਮ’ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ਉਹ ‘ਮਰਯਾਦਾ’ ਸਾਨੂੰ ਮਰਿਆਦਾ ਸਿਖਾਉਂਦੀ ਹੈ ਅਤੇ ਸਤਿਕਾਰ ਦੇਣਾ ਵੀ ਸਿਖਾਉਂਦੀ ਹੈ ਅਤੇ ‘ਮਰਯਾਦਾ’ ਜਿਸ ਭਾਵਨਾ ’ਤੇ ਜ਼ੋਰ ਦਿੰਦੀ ਹੈ, ਉਹੀ ਕਰਤੱਵ ਹੈ। ਭਗਵਾਨ ਰਾਮ ਨੂੰ ਕਰਤੱਵਾਂ ਦਾ ਸਜੀਵ ਰੂਪ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਪਣੀਆਂ ਸਾਰੀਆਂ ਭੂਮਿਕਾਵਾਂ ਵਿੱਚ, ਸ਼੍ਰੀ ਰਾਮ ਨੇ ਹਮੇਸ਼ਾ ਆਪਣੇ ਫਰਜ਼ਾਂ ਨੂੰ ਪਹਿਲ ਦਿੱਤੀ। “ਰਾਮ ਕਿਸੇ ਨੂੰ ਪਿੱਛੇ ਨਹੀਂ ਛੱਡਦੇ, ਰਾਮ ਕਦੇ ਵੀ ਆਪਣੇ ਫਰਜ਼ਾਂ ਤੋਂ ਪਿੱਛੇ ਨਹੀਂ ਹਟਦੇ। ਇਸ ਤਰ੍ਹਾਂ ਰਾਮ ਉਸ ਭਾਰਤੀ ਧਾਰਨਾ ਦੀ ਨੁਮਾਇੰਦਗੀ ਕਰਦੇ ਹਨ, ਜੋ ਇਹ ਮੰਨਦੀ ਹੈ ਕਿ ਸਾਡੇ ਅਧਿਕਾਰ ਸਾਡੇ ਕਰਤੱਵਾਂ ਰਾਹੀਂ ਆਪਣੇ–ਆਪ ਪ੍ਰਾਪਤ ਹੋ ਜਾਂਦੇ ਹਨ”, ਪ੍ਰਧਾਨ ਮੰਤਰੀ ਨੇ ਵਿਸਤਾਰ ਨਾਲ ਦੱਸਿਆ। ਪ੍ਰਧਾਨ ਮੰਤਰੀ ਨੇ ਅੱਗੇ ਦੱਸਿਆ ਕਿ ਭਾਰਤ ਦੇ ਸੰਵਿਧਾਨ ਦੀ ਅਸਲ ਕਾਪੀ ਵਿੱਚ ਭਗਵਾਨ ਰਾਮ, ਮਾਂ ਸੀਤਾ ਅਤੇ ਲਕਸ਼ਮਣ ਦੀ ਤਸਵੀਰ ਹੈ। ਸੰਵਿਧਾਨ ਦਾ ਇਹੀ ਪੰਨਾ ਮੌਲਿਕ ਅਧਿਕਾਰਾਂ ਦੀ ਗੱਲ ਕਰਦਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਇੱਕ ਪਾਸੇ ਸੰਵਿਧਾਨ ਮੌਲਿਕ ਅਧਿਕਾਰਾਂ ਦੀ ਗਰੰਟੀ ਦਿੰਦਾ ਹੈ, ਉੱਥੇ ਹੀ ਭਗਵਾਨ ਸ਼੍ਰੀ ਰਾਮ ਦੇ ਰੂਪ ਵਿੱਚ ਫਰਜ਼ਾਂ ਦੀ ਸਦੀਵੀ ਸੱਭਿਆਚਾਰਕ ਸਮਝ ਵੀ ਮੌਜੂਦ ਹੈ।

ਆਪਣੀ ਵਿਰਾਸਤ ਵਿੱਚ ਮਾਣ ਅਤੇ ਗ਼ੁਲਾਮ ਮਾਨਸਿਕਤਾ ਨੂੰ ਦੂਰ ਕਰਨ ਦੇ ਸਬੰਧ ਵਿੱਚ ‘ਪੰਚ ਪ੍ਰਾਣਾਂ’ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼੍ਰੀ ਰਾਮ ਨੇ ਵੀ ਮਾਤਾ ਅਤੇ ਮਾਤ ਭੂਮੀ ਨੂੰ ਸਵਰਗ ਤੋਂ ਉੱਪਰ ਰੱਖ ਕੇ ਸਾਨੂੰ ਇਸ ਮਾਰਗ ‘ਤੇ ਚਲਾਇਆ। ਰਾਮ ਮੰਦਰ, ਕਾਸ਼ੀ ਵਿਸ਼ਵਨਾਥ, ਕੇਦਾਰਨਾਥ ਅਤੇ ਮਹਾਕਾਲ ਲੋਕ ਦੀਆਂ ਉਦਾਹਰਣਾਂ ਦਿੰਦਿਆਂ ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਸਰਕਾਰ ਨੇ ਉਨ੍ਹਾਂ ਪੂਜਾ–ਸਥਾਨਾਂ ਨੂੰ ਮੁੜ ਸੁਰਜੀਤ ਕੀਤਾ ਹੈ ਜੋ ਭਾਰਤ ਦੇ ਮਾਣ ਦਾ ਹਿੱਸਾ ਬਣਦੇ ਹਨ। ਪ੍ਰਧਾਨ ਮੰਤਰੀ ਨੇ ਉਸ ਸਮੇਂ ਨੂੰ ਯਾਦ ਕੀਤਾ ਜਦੋਂ ਲੋਕ ਭਗਵਾਨ ਸ਼੍ਰੀ ਰਾਮ ਦੀ ਹੋਂਦ ‘ਤੇ ਸਵਾਲ ਉਠਾਉਂਦੇ ਸਨ ਅਤੇ ਇਸ ਬਾਰੇ ਗੱਲ ਕਰਨ ਤੋਂ ਝਿਜਕਦੇ ਸਨ। “ਅਸੀਂ ਘਟੀਆਪਣ ਦੀ ਇਸ ਜ਼ੰਜੀਰ ਨੂੰ ਤੋੜਿਆ ਹੈ ਅਤੇ ਪਿਛਲੇ ਅੱਠ ਸਾਲਾਂ ਵਿੱਚ ਭਾਰਤ ਦੇ ਤੀਰਥ ਸਥਾਨਾਂ ਦੇ ਵਿਕਾਸ ਦਾ ਇੱਕ ਸੰਪੂਰਨ ਦ੍ਰਿਸ਼ਟੀਕੋਣ ਪੇਸ਼ ਕੀਤਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਅਯੁੱਧਿਆ ਵਿੱਚ ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟ ਚਲ ਰਹੇ ਹਨ। ਸੜਕਾਂ ਦੇ ਵਿਕਾਸ ਤੋਂ ਲੈ ਕੇ ਘਾਟਾਂ ਅਤੇ ਚੌਰਾਹੇ ਦੇ ਸੁੰਦਰੀਕਰਨ ਤੋਂ ਲੈ ਕੇ ਨਵੇਂ ਰੇਲਵੇ ਸਟੇਸ਼ਨ ਅਤੇ ਇੱਕ ਵਿਸ਼ਵ–ਪੱਧਰੀ ਹਵਾਈ ਅੱਡੇ ਵਰਗੇ ਬੁਨਿਆਦੀ ਢਾਂਚੇ ਦੇ ਸੁਧਾਰਾਂ ਤੱਕ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਵਧੇ ਸੰਪਰਕ ਅਤੇ ਅੰਤਰਰਾਸ਼ਟਰੀ ਟੂਰਿਜ਼ਮ ਤੋਂ ਪੂਰੇ ਖੇਤਰ ਨੂੰ ਬਹੁਤ ਲਾਭ ਮਿਲੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਰਾਮਾਇਣ ਸਰਕਟ ਦੇ ਵਿਕਾਸ ਲਈ ਕੰਮ ਚਲ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਸੱਭਿਆਚਾਰਕ ਪੁਨਰ-ਨਿਰਮਾਣ ਦੇ ਸਮਾਜਿਕ ਅਤੇ ਅੰਤਰਰਾਸ਼ਟਰੀ ਪੱਖਾਂ ਨੂੰ ਉਜਾਗਰ ਕੀਤਾ ਤੇ ਦੱਸਿਆ ਕਿ ਨਿਸ਼ਾਦ ਰਾਜ ਪਾਰਕ ਸ਼੍ਰਿੰਗਵਰਪੁਰ ਧਾਮ ਵਿੱਚ ਵਿਕਸਿਤ ਕੀਤਾ ਜਾ ਰਿਹਾ ਹੈ ਜਿਸ ਵਿੱਚ ਭਗਵਾਨ ਸ਼੍ਰੀ ਰਾਮ ਅਤੇ ਨਿਸ਼ਾਦ ਰਾਜ ਦੀ 51 ਫੁੱਟ ਉੱਚੀ ਕਾਂਸੀ ਦੀ ਮੂਰਤੀ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਇਹ ਮੂਰਤੀ ਰਾਮਾਇਣ ਦੇ ਸਰਬ-ਸਮੂਹਿਕਤਾ ਦੇ ਸੰਦੇਸ਼ ਦਾ ਪ੍ਰਚਾਰ ਕਰੇਗੀ ਜੋ ਸਾਨੂੰ ਸਮਾਨਤਾ ਅਤੇ ਸਦਭਾਵਨਾ ਦੇ ਸੰਕਲਪ ਨਾਲ ਜੋੜਦੀ ਹੈ। ਅਯੁੱਧਿਆ ਵਿੱਚ ‘ਕੁਈਨ ਹੀਓ ਮੈਮੋਰੀਅਲ ਪਾਰਕ’ ਦੇ ਵਿਕਾਸ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪਾਰਕ ਭਾਰਤ ਅਤੇ ਦੱਖਣੀ ਕੋਰੀਆ ਦੇ ਅੰਤਰਰਾਸ਼ਟਰੀ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਮਾਧਿਅਮ ਵਜੋਂ ਕੰਮ ਕਰੇਗਾ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਜਦੋਂ ਅਧਿਆਤਮਿਕ ਟੂਰਿਜ਼ਮ ਦੀ ਗੱਲ ਆਉਂਦੀ ਹੈ ਤਾਂ ਰਾਮਾਇਣ ਐਕਸਪ੍ਰੈੱਸ ਟ੍ਰੇਨ ਸਹੀ ਦਿਸ਼ਾ ਵਿੱਚ ਇੱਕ ਕਦਮ ਹੈ। “ਚਾਹੇ ਇਹ ਚਾਰਧਾਮ ਪ੍ਰੋਜੈਕਟ ਹੋਵੇ, ਬੁੱਧ ਸਰਕਟ ਹੋਵੇ ਜਾਂ ਪ੍ਰਸਾਦ ਸਕੀਮ ਅਧੀਨ ਵਿਕਾਸ ਪ੍ਰੋਜੈਕਟ”, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਇਹ ਸੱਭਿਆਚਾਰਕ ਪੁਨਰ-ਸੁਰਜੀਤੀ ਨਵੇਂ ਭਾਰਤ ਦੇ ਸਰਬਪੱਖੀ ਵਿਕਾਸ ਦਾ ਸ਼੍ਰੀਗਣੇਸ਼ ਹੈ।”

ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਅਯੁੱਧਿਆ ਭਾਰਤ ਦੀ ਮਹਾਨ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਬਿੰਬ ਹੈ। ਉਨ੍ਹਾਂ ਕਿਹਾ ਕਿ ਭਾਵੇਂ ਰਾਮ ਅਯੁੱਧਿਆ ਦੇ ਰਾਜਕੁਮਾਰ ਸਨ ਪਰ ਉਨ੍ਹਾਂ ਦੀ ਸ਼ਰਧਾ ਪੂਰੇ ਦੇਸ਼ ਦੀ ਹੈ। ਉਨ੍ਹਾਂ ਦੀ ਪ੍ਰੇਰਣਾ, ਉਨ੍ਹਾਂ ਦੀ ਤਪੱਸਿਆ, ਉਨ੍ਹਾਂ ਦਾ ਮਾਰਗ, ਹਰ ਦੇਸ਼ ਵਾਸੀ ਲਈ ਹੈ। ਭਗਵਾਨ ਰਾਮ ਦੇ ਆਦਰਸ਼ਾਂ ‘ਤੇ ਚਲਣਾ ਸਾਡੇ ਸਾਰੇ ਭਾਰਤੀਆਂ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਸਾਨੂੰ ਉਨ੍ਹਾਂ ਦੇ ਆਦਰਸ਼ਾਂ ਨੂੰ ਲਗਾਤਾਰ ਜਿਉਣਾ ਹੈ ਅਤੇ ਉਨ੍ਹਾਂ ਨੂੰ ਜੀਵਨ ਵਿੱਚ ਲਾਗੂ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਅਯੁੱਧਿਆ ਦੇ ਲੋਕਾਂ ਨੂੰ ਇਸ ਪਵਿੱਤਰ ਸ਼ਹਿਰ ਵਿੱਚ ਸਾਰਿਆਂ ਦਾ ਸੁਆਗਤ ਕਰਨ ਅਤੇ ਇਸ ਨੂੰ ਸਾਫ਼-ਸੁਥਰਾ ਰੱਖਣ ਦੇ ਉਨ੍ਹਾਂ ਦੇ ਦੋਹਰੇ ਫਰਜ਼ਾਂ ਬਾਰੇ ਯਾਦ ਦਿਵਾਉਂਦਿਆਂ ਸਮਾਪਤੀ ਕੀਤੀ। ਉਨ੍ਹਾਂ ਅੰਤ ’ਚ ਆਖਿਆ, ਅਯੁੱਧਿਆ ਦੀ ਪਹਿਚਾਣ ‘ਕਰਤਵਯਾ ਨਗਰੀ’ ਭਾਵ ਫਰਜ਼ ਦੀ ਨਗਰੀ ਵਜੋਂ ਵਿਕਸਿਤ ਹੋਣੀ ਚਾਹੀਦੀ ਹੈ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਭਗਵਾਨ ਸ਼੍ਰੀ ਰਾਮਲਲਾ ਵਿਰਾਜਮਾਨ ਦੇ ਦਰਸ਼ਨ ਅਤੇ ਪੂਜਾ ਅਰਚਨਾ ਕੀਤੀ ਅਤੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਦੇ ਸਥਾਨ ਦਾ ਨਿਰੀਖਣ ਕੀਤਾ।

ਇਸ ਮੌਕੇ ‘ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ, ਉੱਤਰ ਪ੍ਰਦੇਸ਼ ਦੇ ਰਾਜਪਾਲ ਸ਼੍ਰੀਮਤੀ ਆਨੰਦੀਬੇਨ ਪਟੇਲ ਅਤੇ ਮਹੰਤ ਨ੍ਰਿਤਿਆ ਗੋਪਾਲਦਾਸ ਜੀ ਮਹਾਰਾਜ ਵੀ ਮੌਜੂਦ ਸਨ।

 

 

ਪੀਆਈਬੀ ਆਰਕਾਈਵਜ਼ ਤੋਂ – ਅਯੁੱਧਿਆ ਵਿਖੇ ਰਾਮ ਜਨਮਭੂਮੀ ’ਤੇ ਰਾਮ ਮੰਦਿਰ ਦਾ ਨੀਂਹ–ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਵੱਲੋਂ ਦਿੱਤਾ ਅੰਗ੍ਰੇਜ਼ੀ ’ਚ ਭਾਸ਼ਣ  5 ਅਗਸਤ, 2020

 

****

ਡੀਐੱਸ/ਟੀਐੱਸ