Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਉੱਤਰਾਖੰਡ ਦੇ ਮਾਣਾ ਵਿੱਚ 3400 ਕਰੋੜ ਰੁਪਏ ਤੋਂ ਵੱਧ ਦੇ ਸੜਕ ਅਤੇ ਰੋਪਵੇਅ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਨੇ ਉੱਤਰਾਖੰਡ ਦੇ ਮਾਣਾ ਵਿੱਚ 3400 ਕਰੋੜ ਰੁਪਏ ਤੋਂ ਵੱਧ ਦੇ ਸੜਕ ਅਤੇ ਰੋਪਵੇਅ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ


“ਮੇਰੇ ਲਈ ਸਰਹੱਦ ‘ਤੇ ਵਸਿਆ ਹਰ ਪਿੰਡ ਦੇਸ਼ ਦਾ ਪਹਿਲਾ ਪਿੰਡ ਹੈ।”

 

“ਆਪਣੀ ਵਿਰਾਸਤ ਵਿੱਚ ਮਾਣ ਅਤੇ ਵਿਕਾਸ ਲਈ ਹਰ ਸੰਭਵ ਕੋਸ਼ਿਸ਼ 21ਵੀਂ ਸਦੀ ਦੇ ਵਿਕਸਿਤ ਭਾਰਤ ਲਈ ਦੋ ਪ੍ਰਮੁੱਖ ਥੰਮ੍ਹ ਹਨ”

 

“ਦੁਨੀਆ ਭਰ ਦੇ ਭਗਤ ਇਨ੍ਹਾਂ ਵਿਕਾਸ ਪ੍ਰੋਜੈਕਟਾਂ ਦੇ ਪੂਰਾ ਹੋਣ ‘ਤੇ ਖੁਸ਼ ਹੋਣਗੇ”

 

“ਸ਼ਰਮਜੀਵੀ ਰੱਬ ਦਾ ਕੰਮ ਕਰ ਰਹੇ ਹਨ, ਤੁਸੀਂ ਉਨ੍ਹਾਂ ਦੀ ਦੇਖਭਾਲ਼ ਕਰੋ, ਉਨ੍ਹਾਂ ਨੂੰ ਕਦੇ ਵੀ ਤਨਖ਼ਾਹ ਵਾਲੇ ਕਾਮੇ ਨਾ ਸਮਝੋ”

 

ਇਨ੍ਹਾਂ ਧਾਰਮਿਕ ਅਸਥਾਨਾਂ ਦੀ ਖਸਤਾ ਹਾਲਤ ਗ਼ੁਲਾਮੀ ਦੀ ਮਾਨਸਿਕਤਾ ਦਾ ਸਪਸ਼ਟ ਸੰਕੇਤ ਸੀ”

 

“ਅੱਜ ਕਾਸ਼ੀ, ਉਜੈਨ, ਅਯੁੱਧਿਆ ਅਤੇ ਕਈ ਹੋਰ ਅਧਿਆਤਮਿਕ ਕੇਂਦਰ ਆਪਣੀ ਗੁਆਚੀ ਸ਼ਾਨ ਅਤੇ ਵਿਰਾਸਤ ਨੂੰ ਦੁਬਾਰਾ ਪ੍ਰਾਪਤ ਕਰ ਰਹੇ ਹਨ”

 

“ਸਥਾਨਕ ਉਤਪਾਦ ਖਰੀਦਣ ਲਈ ਆਪਣੇ ਯਾਤਰਾ ਬਜਟ ਦਾ 5 ਪ੍ਰਤੀਸ਼ਤ ਕੱਢੋ”

 

“ਪਹਾੜੀ ਲੋਕਾਂ ਦੀ ਤਾਕਤ ਨੂੰ ਉਨ੍ਹਾਂ ਦੇ ਖ਼ਿਲਾਫ਼ ਬਹਾਨੇ ਵਜੋਂ ਵਰਤਿਆ ਗਿਆ”

 

“ਅਸੀਂ ਇਨ੍ਹਾਂ ਸਰਹੱਦੀ ਖੇਤਰਾਂ ਤੋਂ ਕੰਮ ਕਰਨਾ ਸ਼ੁਰੂ ਕੀਤਾ, ਅਸੀਂ ਸਮ੍ਰਿੱਧੀ ਦੀ ਸ਼ੁਰੂਆਤ ਵਜੋਂ ਉੱਥੋਂ ਕੰਮ ਕਰਨਾ ਸ਼ੁਰੂ ਕੀਤਾ”

 

“ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਰਹੱਦੀ ਖੇਤਰਾਂ ਵਿੱਚ ਇੱਕ ਜੀਵੰਤ ਜੀਵਨ ਹੋਵੇ ਜਿੱਥੇ ਵਿਕਾਸ ਦਾ ਜਸ਼ਨ ਮਨਾਇਆ ਜਾ ਸਕੇ”

 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰਾਖੰਡ ਦੇ ਮਾਣਾ ਵਿੱਚ 3400 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਸੜਕ ਅਤੇ ਰੋਪਵੇਅ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਸ ਤੋਂ ਪਹਿਲਾਂ ਦਿਨ ਵਿੱਚ, ਪ੍ਰਧਾਨ ਮੰਤਰੀ ਨੇ ਕੇਦਾਰਨਾਥ ਦਾ ਦੌਰਾ ਕੀਤਾ ਅਤੇ ਸ਼੍ਰੀ ਕੇਦਾਰਨਾਥ ਮੰਦਿਰ ਵਿੱਚ ਦਰਸ਼ਨ ਅਤੇ ਪੂਜਾ ਕੀਤੀ। ਉਨ੍ਹਾਂ ਆਦਿ ਗੁਰੂ ਸ਼ੰਕਰਾਚਾਰੀਆ ਸਮਾਧੀ ਸਥਲ ਦਾ ਵੀ ਦੌਰਾ ਕੀਤਾ ਅਤੇ ਮੰਦਾਕਿਨੀ ਅਸਥਾਪਥ ਅਤੇ ਸਰਸਵਤੀ ਅਸਥਾਪਥ ਦੇ ਨਾਲ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ।  ਪ੍ਰਧਾਨ ਮੰਤਰੀ ਨੇ ਬਦਰੀਨਾਥ ਦਾ ਵੀ ਦੌਰਾ ਕੀਤਾ ਅਤੇ ਸ਼੍ਰੀ ਬਦਰੀਨਾਥ ਮੰਦਿਰ ਵਿੱਚ ਦਰਸ਼ਨ ਅਤੇ ਪੂਜਾ ਅਰਚਨਾ ਕੀਤੀ। ਫਿਰ ਉਨ੍ਹਾਂ ਅਲਕਨੰਦਾ ਰਿਵਰਫ੍ਰੰਟ ਦੇ ਨਾਲ ਚੱਲ ਰਹੇ ਕੰਮ ਦੀ ਸਮੀਖਿਆ ਕੀਤੀ।

 

ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਧਾਰਮਿਕ ਅਸਥਾਨਾਂ ‘ਤੇ ਦਰਸ਼ਨ ਅਤੇ ਪੂਜਾ ਅਰਚਨਾ ਕਰਨ ਤੋਂ ਬਾਅਦ ਖੁਸ਼ੀ ਦੀ ਭਾਵਨਾ ਜ਼ਾਹਿਰ ਕੀਤੀ। ਉਨ੍ਹਾਂ ਨੇ ਕਿਹਾ “ਮੇਰੀ ਜ਼ਿੰਦਗੀ ਧੰਨ ਹੋ ਗਈ, ਮਨ ਖੁਸ਼ ਹੋ ਗਿਆ ਅਤੇ ਇਹ ਪਲ ਜੀਵੰਤ ਹੋ ਗਏ।”  ਆਪਣੀ ਪਹਿਲੀ ਫੇਰੀ ਦੌਰਾਨ ਕਹੇ ਗਏ ਸ਼ਬਦਾਂ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦਹਾਕਾ ਉੱਤਰਾਖੰਡ ਦਾ ਹੋਵੇਗਾ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਬਾਬਾ ਕੇਦਾਰ ਅਤੇ ਬਦਰੀ ਵਿਸ਼ਾਲ ਉਨ੍ਹਾਂ ਸ਼ਬਦਾਂ ਨੂੰ ਅਸ਼ੀਰਵਾਦ ਦੇਣਗੇ। ਉਨ੍ਹਾਂ ਨੇ ਕਿਹਾ “ਅੱਜ, ਮੈਂ ਇਨ੍ਹਾਂ ਨਵੇਂ ਪ੍ਰੋਜੈਕਟਾਂ ਦੇ ਨਾਲ ਉਸੇ ਸੰਕਲਪ ਨੂੰ ਦੁਹਰਾਉਣ ਲਈ ਤੁਹਾਡੇ ਦਰਮਿਆਨ ਹਾਂ।”

 

ਇਹ ਨੋਟ ਕਰਦੇ ਹੋਏ ਕਿ ਮਾਣਾ ਪਿੰਡ ਨੂੰ ਭਾਰਤ ਦੀਆਂ ਸਰਹੱਦਾਂ ‘ਤੇ ਆਖਰੀ ਪਿੰਡ ਵਜੋਂ ਜਾਣਿਆ ਜਾਂਦਾ ਹੈ, ਪ੍ਰਧਾਨ ਮੰਤਰੀ ਨੇ ਕਿਹਾ, “ਮੇਰੇ ਲਈ, ਸਰਹੱਦ ‘ਤੇ ਵਸਿਆ ਹਰ ਪਿੰਡ ਦੇਸ਼ ਦਾ ਪਹਿਲਾ ਪਿੰਡ ਹੈ ਅਤੇ ਸਰਹੱਦ ਦੇ ਨਜ਼ਦੀਕ ਰਹਿਣ ਵਾਲੇ ਲੋਕ ਦੇਸ਼ ਦੀ ਮਜ਼ਬੂਤ ਪਹਿਰੇਦਾਰੀ ਕਰਦੇ ਹਨ।  ਪ੍ਰਧਾਨ ਮੰਤਰੀ ਨੇ ਇਸ ਖੇਤਰ ਦੇ ਨਾਲ ਆਪਣੇ ਲੰਬੇ ਸਬੰਧਾਂ ਅਤੇ ਇਸਦੀ ਮਹੱਤਤਾ ਦੇ ਬਾਰੇ ਆਪਣੇ ਨਿਰੰਤਰ ਸਮਰਥਨ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਸਮਰਥਨ ਅਤੇ ਵਿਸ਼ਵਾਸ ਨੂੰ ਵੀ ਨੋਟ ਕੀਤਾ। ਉਨ੍ਹਾਂ ਮਾਣਾ ਦੇ ਲੋਕਾਂ ਦੇ ਲਗਾਤਾਰ ਪਿਆਰ ਅਤੇ ਸਹਿਯੋਗ ਲਈ ਧੰਨਵਾਦ ਕੀਤਾ।

 

ਪ੍ਰਧਾਨ ਮੰਤਰੀ ਨੇ 21ਵੀਂ ਸਦੀ ਦੇ ਵਿਕਸਿਤ ਭਾਰਤ ਦੇ ਦੋ ਪ੍ਰਮੁੱਖ ਥੰਮ੍ਹਾਂ ਬਾਰੇ ਗੱਲ ਕੀਤੀ। ਉਨ੍ਹਾਂ ਨੇ ਕਿਹਾ “ਪਹਿਲਾ, ਆਪਣੀ ਵਿਰਾਸਤ ਵਿੱਚ ਮਾਣ ਅਤੇ ਦੂਸਰਾ, ਵਿਕਾਸ ਲਈ ਹਰ ਸੰਭਵ ਪ੍ਰਯਤਨ। ਅੱਜ ਉੱਤਰਾਖੰਡ ਇਨ੍ਹਾਂ ਦੋਵਾਂ ਥੰਮ੍ਹਾਂ ਨੂੰ ਮਜ਼ਬੂਤ ਕਰ ਰਿਹਾ ਹੈ।” ਉਨ੍ਹਾਂ ਦੱਸਿਆ ਕਿ ਜਿੱਥੇ ਉਨ੍ਹਾਂ ਨੇ ਕੇਦਾਰਨਾਥ ਅਤੇ ਬਦਰੀ ਵਿਸ਼ਾਲ ਦੇ ਦਰਸ਼ਨ ਕਰਕੇ ਵਡਭਾਗਾ ਮਹਿਸੂਸ ਕੀਤਾ, ਉੱਥੇ ਉਨ੍ਹਾਂ ਨੇ ਵਿਕਾਸ ਪ੍ਰੋਜੈਕਟਾਂ ਦੀ ਸਮੀਖਿਆ ਵੀ ਕੀਤੀ ਕਿਉਂਕਿ “130 ਕਰੋੜ ਲੋਕ ਵੀ ਮੇਰੇ ਲਈ ਭਗਵਾਨ ਦਾ ਹੀ ਰੂਪ ਹਨ।”

 

ਕੇਦਾਰਨਾਥ ਤੋਂ ਗੌਰੀਕੁੰਡ ਅਤੇ ਹੇਮਕੁੰਡ ਰੋਪਵੇਅ ਦੇ ਦੋ ਰੋਪਵੇਅ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਪ੍ਰੇਰਨਾ ਅਤੇ ਪ੍ਰਗਤੀ ਦਾ ਕ੍ਰੈਡਿਟ ਬਾਬਾ ਕੇਦਾਰਨਾਥ, ਬਦਰੀ ਵਿਸ਼ਾਲ ਅਤੇ ਸਿੱਖ ਗੁਰੂਆਂ ਦੇ ਅਸ਼ੀਰਵਾਦ ਨੂੰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਭਰ ਦੇ ਸ਼ਰਧਾਲੂ ਇਸ ਬੇਮਿਸਾਲ ਪਹਿਲ ਤੋਂ ਖੁਸ਼ ਹੋਣਗੇ।

 

ਪ੍ਰਧਾਨ ਮੰਤਰੀ ਨੇ ਇਨ੍ਹਾਂ ਪ੍ਰੋਜੈਕਟਾਂ ਵਿੱਚ ਸ਼ਾਮਲ ਸ਼੍ਰਮਜੀਵੀਆਂ ਅਤੇ ਹੋਰ ਕਰਮਚਾਰੀਆਂ ਦੀ ਸੁਰੱਖਿਆ ਲਈ ਪ੍ਰਾਰਥਨਾ ਕੀਤੀ ਅਤੇ ਇਨ੍ਹਾਂ ਕਠਿਨ ਕੰਮਕਾਜੀ ਹਾਲਤਾਂ ਵਿੱਚ ਉਨ੍ਹਾਂ ਦੇ ਸਮਰਪਣ ਨੂੰ ਸਵੀਕਾਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, “ਉਹ ਪ੍ਰਮਾਤਮਾ ਦਾ ਕੰਮ ਕਰ ਰਹੇ ਹਨ, ਤੁਸੀਂ ਉਨ੍ਹਾਂ ਦੀ ਦੇਖਭਾਲ਼ ਕਰੋ, ਕਦੇ ਵੀ ਉਨ੍ਹਾਂ ਨੂੰ ਸਿਰਫ਼ ਤਨਖ਼ਾਹ ਵਾਲੇ ਕਰਮਚਾਰੀ ਨਾ ਸਮਝੋ, ਉਹ ਇੱਕ ਬ੍ਰਹਮ ਪ੍ਰੋਜੈਕਟ ਵਿੱਚ ਯੋਗਦਾਨ ਪਾ ਰਹੇ ਹਨ।”  ਕੇਦਾਰਨਾਥ ਵਿਖੇ ਸ਼੍ਰਮਜੀਵੀਆਂ ਨਾਲ ਆਪਣੀ ਗੱਲਬਾਤ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਬਹੁਤ ਵਧੀਆ ਅਨੁਭਵ ਸੀ ਜਦੋਂ ਵਰਕਰਾਂ ਅਤੇ ਇੰਜੀਨੀਅਰਾਂ ਨੇ ਆਪਣੇ ਕੰਮਾਂ ਦੀ ਤੁਲਨਾ ਬਾਬਾ ਕੇਦਾਰ ਦੀ ਪੂਜਾ ਨਾਲ ਕੀਤੀ।

 

ਬਸਤੀਵਾਦੀ ਮਾਨਸਿਕਤਾ ਤੋਂ ਮੁਕਤ ਹੋਣ ਲਈ ਲਾਲ ਕਿਲੇ ਦੀ ਫ਼ਸੀਲ ਤੋਂ ਰਾਸ਼ਟਰ ਨੂੰ ਆਪਣੀ ਅਪੀਲ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਆਜ਼ਾਦੀ ਦੇ 75 ਵਰ੍ਹਿਆਂ ਬਾਅਦ ਇਹ ਅਪੀਲ ਕਰਨ ਦੀ ਜ਼ਰੂਰਤ ਬਾਰੇ ਦੱਸਿਆ ਅਤੇ ਰੇਖਾਂਕਿਤ ਕੀਤਾ ਕਿ ਗ਼ੁਲਾਮੀ ਦੀ ਮਾਨਸਿਕਤਾ ਨੇ ਰਾਸ਼ਟਰ ਨੂੰ ਇੰਨੀ ਗਹਿਰਾਈ ਨਾਲ ਜਕੜ ਲਿਆ ਹੈ ਕਿ ਦੇਸ਼ ਦੇ ਕੁਝ ਲੋਕ ਦੇਸ਼ ਵਿੱਚ ਵਿਕਾਸ ਦੇ ਕੰਮ ਨੂੰ ਅਪਰਾਧ ਸਮਝਦੇ ਹਨ।  ਪ੍ਰਧਾਨ ਮੰਤਰੀ ਨੇ ਕਿਹਾ, “ਦੇਸ਼ ਦੇ ਵਿਕਾਸ ਵਿੱਚ ਹੋਈ ਤਰੱਕੀ ਨੂੰ ਗ਼ੁਲਾਮੀ ਦੇ ਪੈਮਾਨੇ ‘ਤੇ ਤੋਲਿਆ ਜਾਂਦਾ ਹੈ।” ਉਨ੍ਹਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਸਾਡੇ ਧਰਮ ਅਸਥਾਨਾਂ ਦੇ ਵਿਕਾਸ ਨੂੰ ਲੈ ਕੇ ਸਾਡੇ ਅੰਦਰ ਨਫ਼ਰਤ ਦੀ ਭਾਵਨਾ ਬਣੀ ਰਹੀ। ਉਨ੍ਹਾਂ ਅੱਗੇ ਕਿਹਾ “ਦੁਨੀਆਂ ਭਰ ਦੇ ਲੋਕ ਕਦੇ ਵੀ ਇਨ੍ਹਾਂ ਮੰਦਿਰਾਂ ਦੀ ਪ੍ਰਸ਼ੰਸਾ ਕਰਨਾ ਬੰਦ ਨਹੀਂ ਕਰਦੇ।” ਪਿਛਲੀਆਂ ਕੋਸ਼ਿਸ਼ਾਂ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੋਮਨਾਥ ਮੰਦਿਰ ਅਤੇ ਰਾਮ ਮੰਦਿਰ ਦੇ ਨਿਰਮਾਣ ਦੌਰਾਨ ਜੋ ਕੁਝ ਹੋਇਆ, ਉਹ ਸਭ ਨੂੰ ਯਾਦ ਹੈ।

 

ਸ਼੍ਰੀ ਮੋਦੀ ਨੇ ਕਿਹਾ, “ਇਨ੍ਹਾਂ ਮੰਦਿਰਾਂ ਦੀ ਖਸਤਾ ਹਾਲਤ ਗ਼ੁਲਾਮੀ ਦੀ ਮਾਨਸਿਕਤਾ ਦੀ ਸਪਸ਼ਟ ਨਿਸ਼ਾਨੀ ਹੈ।” ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਮੰਦਿਰਾਂ ਨੂੰ ਜਾਣ ਵਾਲੇ ਰਸਤੇ ਵੀ ਬਹੁਤ ਮਾੜੀ ਹਾਲਤ ਵਿੱਚ ਸਨ। ਉਨ੍ਹਾਂ ਅੱਗੇ ਕਿਹਾ “ਭਾਰਤ ਦੇ ਅਧਿਆਤਮਿਕ ਕੇਂਦਰ ਦਹਾਕਿਆਂ ਤੱਕ ਅਣਗੌਲੇ ਰਹੇ।”  ਉਨ੍ਹਾਂ ਨੇ ਕਿਹਾ “ਅਤੇ ਇਹ ਪਿਛਲੀਆਂ ਸਰਕਾਰਾਂ ਦੇ ਸੁਆਰਥ ਕਾਰਨ ਸੀ।”  ਉਨ੍ਹਾਂ ਨੇ ਕਿਹਾ ਕਿ ਇਹ ਲੋਕ ਭੁੱਲ ਗਏ ਹਨ ਕਿ ਕਰੋੜਾਂ ਭਾਰਤੀਆਂ ਲਈ ਇਨ੍ਹਾਂ ਅਧਿਆਤਮਕ ਕੇਂਦਰਾਂ ਦਾ ਕੀ ਅਰਥ ਹੈ। ਪ੍ਰਧਾਨ ਮੰਤਰੀ ਨੇ ਦਖਲ ਦਿੱਤਾ ਕਿ ਨਾ ਤਾਂ ਸਾਡੇ ਅਧਿਆਤਮਕ ਕੇਂਦਰਾਂ ਦੀ ਮਹੱਤਤਾ ਉਨ੍ਹਾਂ ਦੇ ਯਤਨਾਂ ਨਾਲ ਨਿਰਧਾਰਿਤ ਕੀਤੀ ਗਈ ਸੀ ਅਤੇ ਨਾ ਹੀ ਇਨ੍ਹਾਂ ਅਧਿਆਤਮਿਕ ਕੇਂਦਰਾਂ ਪ੍ਰਤੀ ਲੋਕਾਂ ਦੇ ਵਿਸ਼ਵਾਸ ਵਿੱਚ ਕੋਈ ਕਮੀ ਆਈ ਹੈ। ਉਨ੍ਹਾਂ ਨੇ ਕਿਹਾ “ਅੱਜ, ਕਾਸ਼ੀ, ਉਜੈਨ, ਅਯੁੱਧਿਆ ਅਤੇ ਹੋਰ ਬਹੁਤ ਸਾਰੇ ਅਧਿਆਤਮਿਕ ਕੇਂਦਰ ਆਪਣੇ ਗੁਆਚੇ ਹੋਏ ਗੌਰਵ ਅਤੇ ਵਿਰਾਸਤ ਨੂੰ ਦੁਬਾਰਾ ਪ੍ਰਾਪਤ ਕਰ ਰਹੇ ਹਨ। ਕੇਦਾਰਨਾਥ, ਬਦਰੀਨਾਥ ਅਤੇ ਹੇਮਕੁੰਟ ਸਾਹਿਬ ਸੇਵਾਵਾਂ ਨੂੰ ਟੈਕਨੋਲੋਜੀ ਨਾਲ ਜੋੜਦੇ ਹੋਏ ਆਸਥਾ ਬਰਕਰਾਰ ਰੱਖ ਰਹੇ ਹਨ”, ਉਨ੍ਹਾਂ ਰੇਖਾਂਕਿਤ ਕੀਤਾ, “ਅਯੁੱਧਿਆ ਵਿੱਚ ਰਾਮ ਮੰਦਿਰ ਤੋਂ ਲੈ ਕੇ ਪਾਵਾਗੜ, ਗੁਜਰਾਤ ਵਿੱਚ ਮਾਂ ਕਾਲਿਕਾ ਮੰਦਿਰ ਤੋਂ ਦੇਵੀ ਵਿੰਧਿਆਚਲ ਕੌਰੀਡੋਰ ਤੱਕ, ਭਾਰਤ ਆਪਣੇ ਸੱਭਿਆਚਾਰਕ ਅਤੇ ਪਰੰਪਰਾਗਤ ਵਿਕਾਸ ਦਾ ਐਲਾਨ ਕਰ ਰਿਹਾ ਹੈ।” ਉਨ੍ਹਾਂ ਨੇ ਅੱਗੇ ਕਿਹਾ ਕਿ ਸ਼ਰਧਾਲੂਆਂ ਨੂੰ ਇਨ੍ਹਾਂ ਆਸਥਾ ਦੇ ਕੇਂਦਰਾਂ ਤੱਕ ਪਹੁੰਚਣਾ ਅਸਾਨ ਹੋਵੇਗਾ ਅਤੇ ਜੋ ਸੇਵਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਨਾਲ ਬਜ਼ੁਰਗਾਂ ਦਾ ਜੀਵਨ ਅਸਾਨ ਹੋ ਜਾਵੇਗਾ।

 

ਪ੍ਰਧਾਨ ਮੰਤਰੀ ਨੇ ਇਨ੍ਹਾਂ ਆਸਥਾ ਦੇ ਸਥਾਨਾਂ ਨੂੰ ਪੁਨਰ ਸੁਰਜੀਤ ਕਰਨ ਦੇ ਇੱਕ ਹੋਰ ਪਹਿਲੂ ਨੂੰ ਰੇਖਾਂਕਿਤ ਕੀਤਾ ਯਾਨੀ ਪਹਾੜੀ ਖੇਤਰਾਂ ਵਿੱਚ ਲੋਕਾਂ ਦੇ ਰਹਿਣ ਸਹਿਣ ਦੇ ਪਹਿਲੂ ਅਤੇ ਇਨ੍ਹਾਂ ਖੇਤਰਾਂ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ।  “ਰੇਲ, ਸੜਕਾਂ ਅਤੇ ਰੋਪਵੇਅ ਆਪਣੇ ਨਾਲ ਰੋਜ਼ਗਾਰ ਲਿਆਉਂਦੇ ਹਨ ਅਤੇ ਜੀਵਨ ਨੂੰ ਅਸਾਨ ਅਤੇ ਸਸ਼ਕਤ ਬਣਾਉਂਦੇ ਹਨ। ਇਹ ਸੁਵਿਧਾਵਾਂ ਟੂਰਿਜ਼ਮ ਨੂੰ ਵਧਾਉਂਦੀਆਂ ਹਨ ਅਤੇ ਪਹਾੜੀ ਖੇਤਰ ਵਿੱਚ ਆਵਾਜਾਈ ਨੂੰ ਅਸਾਨ ਬਣਾਉਂਦੀਆਂ ਹਨ। ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਇਨ੍ਹਾਂ ਕਠਿਨ ਖੇਤਰਾਂ ਵਿੱਚ ਲੌਜਿਸਟਿਕਸ ਨੂੰ ਬਿਹਤਰ ਬਣਾਉਣ ਲਈ ਡ੍ਰੋਨਾਂ ਨੂੰ ਵੀ ਤੈਨਾਤ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।

 

ਸਥਾਨਕ ਉਤਪਾਦਾਂ ਅਤੇ ਸਥਾਨਕ ਸਵੈ-ਸਹਾਇਤਾ ਸਮੂਹਾਂ ਦੇ ਪ੍ਰਯਤਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਦੇਸ਼ ਦੇ ਲੋਕਾਂ ਨੂੰ ਇੱਕ ਅਪੀਲ ਕੀਤੀ। ਉਨ੍ਹਾਂ ਨੇ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਟੂਰਿਜ਼ਮ ਲਈ ਜਾਣ ਵਾਲੇ ਲੋਕਾਂ ਨੂੰ ਕਿਹਾ ਕਿ ਉਹ ਆਪਣੇ ਯਾਤਰਾ ਬਜਟ ਦਾ 5 ਪ੍ਰਤੀਸ਼ਤ ਸਥਾਨਕ ਉਤਪਾਦ ਖਰੀਦਣ ਲਈ ਕੱਢਣ। ਪ੍ਰਧਾਨ ਮੰਤਰੀ ਨੇ ਕਿਹਾ, “ਇਹ ਸਥਾਨਕ ਉਤਪਾਦਾਂ ਨੂੰ ਵੱਡਾ ਹੁਲਾਰਾ ਦੇਵੇਗਾ ਅਤੇ ਤੁਹਾਨੂੰ ਵੀ ਬਹੁਤ ਸੰਤੁਸ਼ਟੀ ਦੇਵੇਗਾ।”

 

ਪ੍ਰਧਾਨ ਮੰਤਰੀ ਨੇ ਇਸ ਤੱਥ ‘ਤੇ ਅਫ਼ਸੋਸ ਜਤਾਇਆ ਕਿ ਪਹਾੜੀ ਖੇਤਰਾਂ ਦੇ ਲੋਕਾਂ ਦੇ ਲਚੀਲੇਪਣ ਨੂੰ ਉਨ੍ਹਾਂ ਵਿਰੁੱਧ ਵਰਤਿਆ ਗਿਆ ਸੀ। ਉਨ੍ਹਾਂ ਦਾ ਮਿਹਨਤੀ ਸੁਭਾਅ ਅਤੇ ਤਾਕਤ ਉਨ੍ਹਾਂ ਨੂੰ ਕਿਸੇ ਵੀ ਸੁੱਖ-ਸੁਵਿਧਾ ਤੋਂ ਵਾਂਝੇ ਰੱਖਣ ਲਈ ਬਹਾਨੇ ਵਜੋਂ ਵਰਤੀ ਜਾਂਦੀ ਸੀ। ਉਹ ਸੁਵਿਧਾਵਾਂ ਅਤੇ ਲਾਭਾਂ ਲਈ ਤਰਜੀਹ ਵਿੱਚ ਆਖਰੀ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਇਸ ਨੂੰ ਬਦਲਣਾ ਪਿਆ। ਉਨ੍ਹਾਂ ਨੇ ਕਿਹਾ, “ਪਹਿਲਾਂ, ਜਿਨ੍ਹਾਂ ਖੇਤਰਾਂ ਨੂੰ ਦੇਸ਼ ਦੀਆਂ ਸਰਹੱਦਾਂ ਦੇ ਤੌਰ ‘ਤੇ ਨਜ਼ਰਅੰਦਾਜ਼ ਕੀਤਾ ਗਿਆ ਸੀ, ਅਸੀਂ ਉਨ੍ਹਾਂ ਨੂੰ ਸਮ੍ਰਿੱਧੀ ਦੀ ਸ਼ੁਰੂਆਤ ਵਜੋਂ ਦਰਸਾਉਂਦੇ ਹੋਏ ਉੱਥੋਂ ਕੰਮ ਕਰਨਾ ਸ਼ੁਰੂ ਕੀਤਾ।  ਅਸੀਂ ਪਹਾੜਾਂ ਦੀਆਂ ਇਨ੍ਹਾਂ ਚੁਣੌਤੀਆਂ ਦਾ ਹੱਲ ਢੂੰਡਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਸਥਾਨਕ ਲੋਕਾਂ ਦੀ ਬਹੁਤ ਸਾਰੀ ਊਰਜਾ ਬਰਬਾਦ ਹੁੰਦੀ ਸੀ।” ਉਨ੍ਹਾਂ ਈਜ਼ ਆਵ੍ ਲਿਵਿੰਗ ਨੂੰ ਅੱਗੇ ਵਧਾਉਣ ਅਤੇ ਲੋਕਾਂ ਨੂੰ ਮਾਣ-ਸਨਮਾਨ ਪ੍ਰਦਾਨ ਕਰਨ ਦੇ ਉਪਾਵਾਂ ਵਜੋਂ ਸਾਰੇ ਪਿੰਡਾਂ ਦਾ ਬਿਜਲੀਕਰਣ, ਹਰ ਘਰ ਜਲ, ਪੰਚਾਇਤਾਂ ਨੂੰ ਔਪਟੀਕਲ ਫਾਈਬਰ ਨਾਲ ਜੋੜਨ, ਹਰ ਪਿੰਡ ਵਿੱਚ ਸਿਹਤ ਅਤੇ ਤੰਦਰੁਸਤੀ ਕੇਂਦਰ, ਟੀਕਾਕਰਣ ਦੌਰਾਨ ਪਹਾੜੀ ਖੇਤਰਾਂ ਨੂੰ ਤਰਜੀਹ, ਮਹਾਮਾਰੀ ਦੌਰਾਨ ਗਰੀਬਾਂ ਨੂੰ ਮੁਫਤ ਰਾਸ਼ਨ ਜਿਹੀਆਂ ਪਹਿਲਾਂ ਨੂੰ ਸੂਚੀਬੱਧ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸੁਵਿਧਾਵਾਂ ਨੌਜਵਾਨਾਂ ਨੂੰ ਨਵੇਂ ਮੌਕੇ ਪ੍ਰਦਾਨ ਕਰਦੀਆਂ ਹਨ ਅਤੇ ਟੂਰਿਜ਼ਮ ਨੂੰ ਹੁਲਾਰਾ ਦਿੰਦੀਆਂ ਹਨ। ਉਨ੍ਹਾਂ ਨੇ ਕਿਹਾ “ਮੈਨੂੰ ਖੁਸ਼ੀ ਹੈ ਕਿ ਡਬਲ-ਇੰਜਣ ਸਰਕਾਰ ਨੌਜਵਾਨਾਂ ਦੇ ਕੌਸ਼ਲ ਵਿਕਾਸ ਲਈ ਹੋਮਸਟੇ ਦੀਆਂ ਸੁਵਿਧਾਵਾਂ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਵਿੱਤੀ ਮਦਦ ਦੇ ਰਹੀ ਹੈ। ਸਰਹੱਦੀ ਖੇਤਰਾਂ ਦੇ ਨੌਜਵਾਨਾਂ ਨੂੰ ਐੱਨਸੀਸੀ ਨਾਲ ਜੋੜਨ ਦੀ ਮੁਹਿੰਮ ਵੀ ਉਨ੍ਹਾਂ ਨੂੰ ਉੱਜਵਲ ਭਵਿੱਖ ਲਈ ਤਿਆਰ ਕਰ ਰਹੀ ਹੈ।”

 

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਆਧੁਨਿਕ ਕਨੈਕਟੀਵਿਟੀ ਰਾਸ਼ਟਰੀ ਰੱਖਿਆ ਦੀ ਗਾਰੰਟੀ ਹੈ।”  ਉਨ੍ਹਾਂ ਨੇ ਕਿਹਾ ਕਿ ਸਰਕਾਰ ਪਿਛਲੇ 8 ਵਰ੍ਹਿਆਂ ਤੋਂ ਇਸ ਦਿਸ਼ਾ ਵਿੱਚ ਇੱਕ ਤੋਂ ਬਾਅਦ ਇੱਕ ਕਦਮ ਚੁੱਕ ਰਹੀ ਹੈ। ਪ੍ਰਧਾਨ ਮੰਤਰੀ ਨੇ ਕੁਝ ਸਾਲ ਪਹਿਲਾਂ ਸ਼ੁਰੂ ਕੀਤੀਆਂ ਦੋ ਪ੍ਰਮੁੱਖ ਕਨੈਕਟੀਵਿਟੀ ਯੋਜਨਾਵਾਂ ਨੂੰ ਉਜਾਗਰ ਕਰਦੇ ਹੋਏ ਭਾਰਤਮਾਲਾ ਅਤੇ ਸਾਗਰਮਾਲਾ ਦੀਆਂ ਉਦਾਹਰਣਾਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਭਾਰਤਮਾਲਾ ਤਹਿਤ ਦੇਸ਼ ਦੇ ਸਰਹੱਦੀ ਖੇਤਰਾਂ ਨੂੰ ਵਧੀਆ ਅਤੇ ਚੌੜੇ ਹਾਈਵੇਅ ਨਾਲ ਜੋੜਿਆ ਜਾ ਰਿਹਾ ਹੈ ਅਤੇ ਸਾਗਰਮਾਲਾ ਨਾਲ ਭਾਰਤ ਦੇ ਸਮੁੰਦਰੀ ਤੱਟਾਂ ਨਾਲ ਸੰਪਰਕ ਮਜ਼ਬੂਤ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਦੱਸਿਆ ਕਿ ਸਰਕਾਰ ਨੇ ਪਿਛਲੇ 8 ਵਰ੍ਹਿਆਂ ਵਿੱਚ ਜੰਮੂ ਅਤੇ ਕਸ਼ਮੀਰ ਤੋਂ ਅਰੁਣਾਚਲ ਪ੍ਰਦੇਸ਼ ਤੱਕ ਸਰਹੱਦੀ ਕਨੈਕਟੀਵਿਟੀ ਦਾ ਬੇਮਿਸਾਲ ਵਿਸਤਾਰ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ  “2014 ਤੋਂ, ਬਾਰਡਰ ਰੋਡਸ ਓਰਗੇਨਾਈਜ਼ੇਸ਼ਨ ਨੇ ਲਗਭਗ 7,000 ਕਿਲੋਮੀਟਰ ਨਵੀਆਂ ਸੜਕਾਂ ਦਾ ਨਿਰਮਾਣ ਕੀਤਾ ਹੈ ਅਤੇ ਸੈਂਕੜੇ ਪੁਲ਼ ਬਣਾਏ ਹਨ। ਕਈ ਮਹੱਤਵਪੂਰਨ ਸੁਰੰਗਾਂ ਨੂੰ ਵੀ ਪੂਰਾ ਕਰ ਲਿਆ ਗਿਆ ਹੈ।”

 

ਪ੍ਰਧਾਨ ਮੰਤਰੀ ਨੇ ਪਰਵਤਮਾਲਾ ਯੋਜਨਾ ‘ਤੇ ਚਾਨਣਾ ਪਾਇਆ ਜੋ ਪਹਾੜੀ ਰਾਜਾਂ ਦੀ ਕਨੈਕਟੀਵਿਟੀ ਵਿੱਚ ਸੁਧਾਰ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਉੱਤਰਾਖੰਡ ਅਤੇ ਹਿਮਾਚਲ ਵਿੱਚ ਇਸ ਯੋਜਨਾ ਤਹਿਤ ਰੋਪਵੇਅ ਦੇ ਵਿਸ਼ਾਲ ਨੈੱਟਵਰਕ ਦਾ ਨਿਰਮਾਣ ਸ਼ੁਰੂ ਹੋ ਗਿਆ ਹੈ। ਪ੍ਰਧਾਨ ਮੰਤਰੀ ਨੇ ਸਰਹੱਦੀ ਖੇਤਰਾਂ ਦੀ ਧਾਰਨਾ ਨੂੰ ਉਸੇ ਤਰ੍ਹਾਂ ਬਦਲਣ ਦੀ ਲੋੜ ‘ਤੇ ਜ਼ੋਰ ਦਿੱਤਾ, ਜਿਸ ਤਰ੍ਹਾਂ ਫੌਜੀ ਅਦਾਰੇ (military establishment) ਨੇ ਕੀਤਾ ਸੀ। ਉਨ੍ਹਾਂ ਨੇ ਕਿਹਾ, “ਅਸੀਂ ਕੋਸ਼ਿਸ਼ ਕਰ ਰਹੇ ਹਾਂ ਤਾਂ ਜੋ ਇਨ੍ਹਾਂ ਖੇਤਰਾਂ ਵਿੱਚ ਇੱਕ ਜੀਵੰਤ ਜੀਵਨ ਹੋਵੇ ਜਿੱਥੇ ਵਿਕਾਸ ਦਾ ਜਸ਼ਨ ਮਨਾਇਆ ਜਾਂਦਾ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਣਾ ਤੋਂ ਮਾਣਾ ਦੱਰੇ ਤੱਕ ਬਣਨ ਵਾਲੀ ਸੜਕ ਦਾ ਇਸ ਖੇਤਰ ਨੂੰ ਬਹੁਤ ਫਾਇਦਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਜੋਸ਼ੀਮਠ ਤੋਂ ਮਲੇਰੀ ਸੜਕ ਨੂੰ ਚੌੜਾ ਕਰਨ ਨਾਲ ਆਮ ਲੋਕਾਂ ਦੇ ਨਾਲ-ਨਾਲ ਸਾਡੇ ਸੈਨਿਕਾਂ ਲਈ ਸਰਹੱਦ ਤੱਕ ਪਹੁੰਚਣਾ ਬਹੁਤ ਅਸਾਨ ਹੋ ਜਾਵੇਗਾ।

 

ਸੰਬੋਧਨ ਦੀ ਸਮਾਪਤੀ ਕਰਦਿਆਂ, ਪ੍ਰਧਾਨ ਮੰਤਰੀ ਨੇ ਉੱਤਰਾਖੰਡ ਨੂੰ ਭਰੋਸਾ ਦਿਵਾਇਆ ਕਿ ਸਖ਼ਤ ਮਿਹਨਤ ਅਤੇ ਸਮਰਪਣ ਹਮੇਸ਼ਾ ਰਾਜ ਦੀਆਂ ਉਮੀਦਾਂ ਅਤੇ ਇੱਛਾਵਾਂ ਨੂੰ ਪੂਰਾ ਕਰਨ ਲਈ ਕੰਮ ਕਰੇਗਾ। ਪ੍ਰਧਾਨ ਮੰਤਰੀ ਨੇ ਕਿਹਾ, “ਮੈਂ ਇੱਥੇ ਬਾਬਾ ਕੇਦਾਰ ਅਤੇ ਬਦਰੀ ਵਿਸ਼ਾਲ ਤੋਂ ਇਸ ਵਿਸ਼ਵਾਸ ਨੂੰ ਪੂਰਾ ਕਰਨ ਲਈ ਅਸ਼ੀਰਵਾਦ ਲੈਣ ਆਇਆ ਹਾਂ।”

 

ਇਸ ਮੌਕੇ ਹੋਰਨਾਂ ਤੋਂ ਇਲਾਵਾ, ਉੱਤਰਾਖੰਡ ਦੇ ਮੁੱਖ ਮੰਤਰੀ, ਸ਼੍ਰੀ ਪੁਸ਼ਕਰ ਸਿੰਘ ਧਾਮੀ, ਉੱਤਰਾਖੰਡ ਦੇ ਰਾਜਪਾਲ, ਸੇਵਾਮੁਕਤ ਜਨਰਲ ਗੁਰਮੀਤ ਸਿੰਘ, ਸੰਸਦ ਮੈਂਬਰ ਸ਼੍ਰੀ ਤੀਰਥ ਸਿੰਘ ਰਾਵਤ, ਉੱਤਰਾਖੰਡ ਸਰਕਾਰ ਦੇ ਮੰਤਰੀ ਸ਼੍ਰੀ ਧਨ ਸਿੰਘ ਰਾਵਤ ਅਤੇ ਭਾਜਪਾ ਦੇ ਰਾਜ ਪ੍ਰਧਾਨ ਸ਼੍ਰੀ ਮਹੇਂਦਰ ਭੱਟ ਹਾਜ਼ਰ ਸਨ।

 

ਪਿਛੋਕੜ

 

ਕੇਦਾਰਨਾਥ ਵਿੱਚ ਰੋਪਵੇਅ ਦੀ ਲੰਬਾਈ ਲਗਭਗ 9.7 ਕਿਲੋਮੀਟਰ ਹੋਵੇਗੀ ਅਤੇ ਇਹ ਗੌਰੀਕੁੰਡ ਨੂੰ ਕੇਦਾਰਨਾਥ ਨਾਲ ਜੋੜੇਗਾ, ਜਿਸ ਨਾਲ ਦੋਵਾਂ ਸਥਾਨਾਂ ਦਰਮਿਆਨ ਯਾਤਰਾ ਦਾ ਸਮਾਂ ਮੌਜੂਦਾ ਸਮੇਂ ਵਿੱਚ 6-7 ਘੰਟਿਆਂ ਤੋਂ ਘੱਟ ਕੇ ਸਿਰਫ਼ 30 ਮਿੰਟ ਰਹਿ ਜਾਵੇਗਾ। ਹੇਮਕੁੰਟ ਰੋਪਵੇਅ ਗੋਵਿੰਦਘਾਟ ਨੂੰ ਹੇਮਕੁੰਟ ਸਾਹਿਬ ਨਾਲ ਜੋੜੇਗਾ। ਇਸਦੀ ਲੰਬਾਈ ਲਗਭਗ 12.4 ਕਿਲੋਮੀਟਰ ਹੋਵੇਗੀ ਅਤੇ ਇਹ ਯਾਤਰਾ ਦੇ ਸਮੇਂ ਨੂੰ ਇੱਕ ਦਿਨ ਤੋਂ ਘਟਾ ਕੇ ਸਿਰਫ 45 ਮਿੰਟ ਕਰ ਦੇਵੇਗਾ। ਇਹ ਰੋਪਵੇਅ ਘਾਂਗਰੀਆ ਨੂੰ ਵੀ ਜੋੜੇਗਾ, ਜੋ ਕਿ ਵੈਲੀ ਆਵ੍ ਫਲਾਵਰਸ ਨੈਸ਼ਨਲ ਪਾਰਕ ਦਾ ਗੇਟਵੇ ਹੈ।

 

ਤਕਰੀਬਨ 2430 ਕਰੋੜ ਰੁਪਏ ਦੀ ਸੰਚਤ ਲਾਗਤ ਨਾਲ ਵਿਕਸਿਤ ਇਹ ਰੋਪਵੇਅ ਆਵਾਜਾਈ ਦਾ ਇੱਕ ਵਾਤਾਵਰਣ-ਅਨੁਕੂਲ ਢੰਗ ਹੋਣਗੇ ਜਿਸ ਨਾਲ ਯਾਤਰਾ ਨੂੰ ਸੁਰੱਖਿਅਤ ਅਤੇ ਸਥਿਰ ਬਣਾਇਆ ਜਾ ਸਕੇ। ਇਹ ਵੱਡਾ ਬੁਨਿਆਦੀ ਢਾਂਚਾਗਤ ਵਿਕਾਸ ਧਾਰਮਿਕ ਟੂਰਿਜ਼ਮ ਨੂੰ ਹੁਲਾਰਾ ਦੇਵੇਗਾ, ਜਿਸ ਨਾਲ ਇਸ ਖੇਤਰ ਵਿੱਚ ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ ਅਤੇ ਰੋਜ਼ਗਾਰ ਦੇ ਕਈ ਮੌਕੇ ਪੈਦਾ ਹੋਣਗੇ।

 

ਦੌਰੇ ਦੌਰਾਨ ਕਰੀਬ 1000 ਕਰੋੜ ਰੁਪਏ ਦੇ ਸੜਕ ਚੌੜੀ ਕਰਨ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ ਜਾਵੇਗਾ।  ਮਾਣਾ ਤੋਂ ਮਾਣਾ ਪਾਸ (ਐੱਨਐੱਚ07) ਅਤੇ ਜੋਸ਼ੀਮਠ ਤੋਂ ਮਲਾਰੀ (ਐੱਨਐੱਚ107B) ਤੱਕ ਸੜਕ ਨੂੰ ਚੌੜਾ ਕਰਨ ਦੇ ਦੋ ਪ੍ਰੋਜੈਕਟ – ਸਾਡੇ ਸਰਹੱਦੀ ਖੇਤਰਾਂ ਨੂੰ ਆਖਰੀ ਸਿਰੇ ਦੇ ਹਰ ਮੌਸਮ ਵਿੱਚ ਸੜਕ ਕਨੈਕਟੀਵਿਟੀ ਪ੍ਰਦਾਨ ਕਰਨ ਵੱਲ ਇੱਕ ਹੋਰ ਕਦਮ ਹੋਵੇਗਾ। ਕਨੈਕਟੀਵਿਟੀ ਨੂੰ ਹੁਲਾਰਾ ਦੇਣ ਤੋਂ ਇਲਾਵਾ, ਇਹ ਪ੍ਰੋਜੈਕਟ ਰਣਨੀਤਕ ਦ੍ਰਿਸ਼ਟੀਕੋਣ ਤੋਂ ਵੀ ਲਾਭਦਾਇਕ ਸਾਬਤ ਹੋਣਗੇ।

 

ਕੇਦਾਰਨਾਥ ਅਤੇ ਬਦਰੀਨਾਥ ਸਭ ਤੋਂ ਮਹੱਤਵਪੂਰਨ ਹਿੰਦੂ ਧਰਮ ਅਸਥਾਨਾਂ ਵਿੱਚੋਂ ਇੱਕ ਹਨ। ਇਹ ਖੇਤਰ ਸਿੱਖ ਤੀਰਥ ਅਸਥਾਨਾਂ ਵਿੱਚੋਂ ਇੱਕ – ਹੇਮਕੁੰਟ ਸਾਹਿਬ ਲਈ ਵੀ ਜਾਣਿਆ ਜਾਂਦਾ ਹੈ। ਸ਼ੁਰੂ ਕੀਤੇ ਜਾ ਰਹੇ ਕਨੈਕਟੀਵਿਟੀ ਪ੍ਰੋਜੈਕਟ ਧਾਰਮਿਕ ਮਹੱਤਤਾ ਵਾਲੇ ਅਸਥਾਨਾਂ ਤੱਕ ਪਹੁੰਚ ਨੂੰ ਅਸਾਨ ਬਣਾਉਣ ਅਤੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਪ੍ਰਧਾਨ ਮੰਤਰੀ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੇ ਹਨ।

 

https://twitter.com/narendramodi/status/1583047394920255488

https://twitter.com/PMOIndia/status/1583369706505134081

https://twitter.com/PMOIndia/status/1583370146043006977

https://twitter.com/PMOIndia/status/1583370792372670464

https://twitter.com/PMOIndia/status/1583372551828697088

https://twitter.com/PMOIndia/status/1583373128876822528

https://twitter.com/PMOIndia/status/1583374470215274496

https://twitter.com/PMOIndia/status/1583375851668017153

https://twitter.com/PMOIndia/status/1583376943982182400

https://twitter.com/PMOIndia/status/1583377334530625536

PM Modi lays foundation stone of various development works in Mana Village, Uttarakhand

 

 

                 

 

ਸਬੰਧਿਤ

 

PM performs darshan and pooja at Shri Kedarnath Dham in Uttarakhand

PM performs darshan and pooja at Badrinath Dham in Uttarakhand

 

 

ਪੀਆਈਬੀ ਆਰਕਾਈਵਜ਼ ਤੋਂ

 

English rendering of PM’s address at the laying of foundation stones & dedication of various development projects to the Nation in Kedarnath 

 

English rendering of PM’s speech at foundation stone laying ceremony of Kedarpuri Reconstruction Projects in Kedarnath, Uttarakhand 

 

 **********

 

ਡੀਐੱਸ/ਟੀਐੱਸ