ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਟੋਕੀਓ ਵਿੱਚ ਇੰਡੋ-ਪੈਸਿਫਿਕ ਇਕਨੌਮਿਕ ਫਰੇਮਵਰਕ ਫੌਰ ਪ੍ਰੋਸਪੇਰਿਟੀ (ਆਈਪੀਈਐੱਫ) ਲਾਂਚ ਕਰਨ ਦੇ ਲਈ ਆਯੋਜਿਤ ਇੱਕ ਸਮਾਗਮ ਵਿੱਚ ਹਿੱਸਾ ਲਿਆ। ਇਸ ਸਮਾਗਮ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਮਿਸਟਰ ਜੋਸੇਫ ਆਰ ਬਾਇਡਨ ਅਤੇ ਜਪਾਨ ਦੇ ਪ੍ਰਧਾਨ ਮੰਤਰੀ ਮਿਸਟਰ ਫੁਮਿਓ ਕਿਸ਼ਿਦਾ ਅਤੇ ਨਾਲ ਹੀ ਦੂਸਰੇ ਭਾਈਵਾਲ ਦੇਸ਼ਾਂ ਜਿਵੇਂ ਕਿ ਆਸਟ੍ਰੇਲੀਆ, ਬਰੂਨੇਈ, ਇੰਡੋਨੇਸ਼ੀਆ, ਕੋਰੀਆ ਗਣਰਾਜ, ਮਲੇਸ਼ੀਆ, ਨਿਊਜ਼ੀਲੈਂਡ, ਫਿਲੀਪੀਨਜ਼, ਸਿੰਗਾਪੁਰ, ਥਾਈਲੈਂਡ ਅਤੇ ਵੀਅਤਨਾਮ ਦੇ ਨੇਤਾਵਾਂ ਨੇ ਵਰਚੁਅਲ ਮਾਧਿਅਮ ਨਾਲ ਸ਼ਿਰਕਤ ਕੀਤੀ।
ਇੱਕ ਸੰਯੁਕਤ ਬਿਆਨ ਜਾਰੀ ਕੀਤਾ ਗਿਆ ਸੀ, ਜੋ ਕਿ ਆਈਪੀਈਐੱਫ ਦੇ ਅੰਦਰ ਕਲਪਿਤ ਮੁੱਖ ਤੱਤਾਂ ਨੂੰ ਉਜਾਗਰ ਕਰਦਾ ਹੈ।
ਆਈਪੀਈਐੱਫ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਲਚਕਤਾ, ਸਥਿਰਤਾ, ਸਮਾਵੇਸ਼ਤਾ, ਆਰਥਿਕ ਵਿਕਾਸ, ਨਿਰਪੱਖਤਾ ਅਤੇ ਮੁਕਾਬਲੇਬਾਜ਼ੀ ਨੂੰ ਵਧਾਉਣ ਦੇ ਉਦੇਸ਼ ਨਾਲ ਭਾਗ ਲੈਣ ਵਾਲੇ ਦੇਸ਼ਾਂ ਵਿੱਚ ਆਰਥਿਕ ਭਾਈਵਾਲੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦਾ ਹੈ।
ਸ਼ੁਰੂਆਤੀ ਸਮਾਰੋਹ ਦੌਰਾਨ ਆਪਣੀਆਂ ਟਿੱਪਣੀਆਂ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਕਿ ਆਈਪੀਈਐੱਫ ਦਾ ਐਲਾਨ ਇੰਡੋ-ਪ੍ਰਸ਼ਾਂਤ ਖੇਤਰ ਨੂੰ ਵਿਸ਼ਵ ਆਰਥਿਕ ਵਿਕਾਸ ਦਾ ਇੰਜਣ ਬਣਾਉਣ ਦੀ ਸਮੂਹਿਕ ਇੱਛਾ ਦਾ ਐਲਾਨਨਾਮਾ ਹੈ। ਭਾਰਤ ਇਤਿਹਾਸਿਕ ਤੌਰ ‘ਤੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਵਪਾਰਕ ਪ੍ਰਵਾਹ ਦੇ ਕੇਂਦਰ ਵਿੱਚ ਰਿਹਾ ਹੈ, ਜਿਸ ਪਾਸ ਗੁਜਰਾਤ ਦੇ ਲੋਥਲ ਵਿੱਚ ਦੁਨੀਆ ਦੀ ਸਭ ਤੋਂ ਪੁਰਾਣੀ ਵਪਾਰਕ ਬੰਦਰਗਾਹ ਹੈ। ਪ੍ਰਧਾਨ ਮੰਤਰੀ ਨੇ ਹਿੰਦ-ਪ੍ਰਸ਼ਾਂਤ ਖੇਤਰ ਦੀਆਂ ਆਰਥਿਕ ਚੁਣੌਤੀਆਂ ਨਾਲ ਨਜਿੱਠਣ ਲਈ ਸਾਂਝੇ ਅਤੇ ਰਚਨਾਤਮਕ ਹੱਲ ਲੱਭਣ ਦਾ ਸੱਦਾ ਦਿੱਤਾ।
ਉਨ੍ਹਾਂ ਇੱਕ ਆਈਪੀਈਐੱਫ ਲਈ ਸਾਰੇ ਹਿੰਦ-ਪ੍ਰਸ਼ਾਂਤ ਦੇਸ਼ਾਂ ਨਾਲ ਕੰਮ ਕਰਨ ਪ੍ਰਤੀ ਭਾਰਤ ਦੀ ਵਚਨਬੱਧਤਾ ਪ੍ਰਗਟਾਈ ਜੋ ਕਿ ਸਮਾਵੇਸ਼ੀ ਅਤੇ ਲਚਕਦਾਰ ਹੈ। ਉਨ੍ਹਾਂ ਰੇਖਾਂਕਿਤ ਕੀਤਾ ਕਿ ਲਚਕੀਲੀ ਸਪਲਾਈ ਚੇਨ ਦੀ ਬੁਨਿਆਦ 3ਟੀ ਦੀ ਹੋਣੀ ਚਾਹੀਦੀ ਹੈ – ਟਰੱਸਟ, ਪਾਰਦਰਸ਼ਤਾ ਅਤੇ ਸਮਾਂਬੱਧਤਾ (Trust, Transparency and Timeliness)।
ਭਾਰਤ ਇੱਕ ਮੁਕਤ, ਖੁੱਲ੍ਹੇ ਅਤੇ ਸੰਮਲਿਤ ਹਿੰਦ-ਪ੍ਰਸ਼ਾਂਤ ਖੇਤਰ ਲਈ ਪ੍ਰਤੀਬੱਧ ਹੈ ਅਤੇ ਵਿਸ਼ਵਾਸ ਕਰਦਾ ਹੈ ਕਿ ਨਿਰੰਤਰ ਵਿਕਾਸ, ਸ਼ਾਂਤੀ ਅਤੇ ਖੁਸ਼ਹਾਲੀ ਲਈ ਭਾਈਵਾਲਾਂ ਵਿਚਕਾਰ ਆਰਥਿਕ ਸਬੰਧਾਂ ਨੂੰ ਡੂੰਘਾ ਕਰਨਾ ਮਹੱਤਵਪੂਰਨ ਹੈ। ਭਾਰਤ ਆਈਪੀਈਐੱਫ ਦੇ ਤਹਿਤ ਭਾਈਵਾਲ ਦੇਸ਼ਾਂ ਨਾਲ ਸਹਿਯੋਗ ਕਰਨ ਅਤੇ ਖੇਤਰੀ ਆਰਥਿਕ ਸੰਪਰਕ, ਏਕੀਕਰਣ ਅਤੇ ਖੇਤਰ ਦੇ ਅੰਦਰ ਵਪਾਰ ਅਤੇ ਨਿਵੇਸ਼ ਨੂੰ ਵਧਾਉਣ ਲਈ ਕੰਮ ਕਰਨ ਲਈ ਉਤਸੁਕ ਹੈ।
ਆਈਪੀਈਐੱਫ ਦੀ ਸਥਾਪਨਾ ਲਈ ਅੱਜ ਪ੍ਰਕਿਰਿਆ ਦੀ ਸ਼ੁਰੂਆਤ ਦੇ ਨਾਲ, ਭਾਈਵਾਲ ਦੇਸ਼ ਆਰਥਿਕ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਸਾਂਝੇ ਲਕਸ਼ਾਂ ਨੂੰ ਪ੍ਰਾਪਤ ਕਰਨ ‘ਤੇ ਧਿਆਨ ਕੇਂਦ੍ਰਤ ਕਰਦੇ ਹੋਏ ਚਰਚਾ ਸ਼ੁਰੂ ਕਰਨਗੇ।
************
ਡੀਐੱਸ/ਏਕੇ