Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਆਸਟ੍ਰੀਆ-ਭਾਰਤ ਸੀਈਓਸ ਮੀਟਿੰਗ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਆਸਟ੍ਰੀਆ-ਭਾਰਤ ਸੀਈਓਸ ਮੀਟਿੰਗ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅਤੇ ਆਸਟ੍ਰੀਆ ਦੇ ਚਾਂਸਲਰ ਮਹਾਮਹਿਮ ਸ਼੍ਰੀ ਕਾਰਲ ਨੇਹਮਰ ਨੇ ਅੱਜ ਇਨਫ੍ਰਾਸਟ੍ਰਕਚਰ, ਆਟੋਮੋਬਾਇਲ ਐਨਰਜੀ, ਇੰਜੀਨਿਅਰਿੰਗ ਅਤੇ ਸਟਾਰਟ-ਅੱਪਸ ਸਮੇਤ ਵੱਖ-ਵੱਖ ਖੇਤਰਾਂ ਦੇ ਪ੍ਰਮੁੱਖ ਆਸਟ੍ਰਿਆਈ ਅਤੇ ਭਾਰਤੀ ਮੁੱਖ ਕਾਰਜਕਾਰੀ ਅਧਿਕਾਰੀਆਂ (CEOs) ਦੇ ਇੱਕ ਸਮੂਹ ਨੂੰ ਸੰਯੁਕਤ ਤੌਰ ‘ਤੇ ਸੰਬੋਧਨ ਕੀਤਾ।

ਦੋਵਾਂ ਰਾਜਨੇਤਾਵਾਂ ਨੇ ਭਾਰਤ ਅਤੇ ਆਸਟ੍ਰੀਆ ਦੇ ਦਰਮਿਆਨ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਆਰਥਿਕ ਸਹਿਯੋਗ ਨੂੰ ਹੁਲਾਰਾ ਦੇਣ ਵਿੱਚ ਉਦਯੋਗ ਜਗਤ ਦੇ ਮੋਹਰੀ ਵਿਅਕਤੀਆਂ ਦੁਆਰਾ ਨਿਭਾਈ ਗਈ ਭੂਮਿਕਾ ਨੂੰ ਸਵੀਕਾਰ ਕੀਤਾ। ਰਾਜਨੇਤਾਵਾਂ ਨੇ ਪਿਛਲੇ ਕੁਝ ਵਰ੍ਹਿਆਂ ਵਿੱਚ ਦੋਵੇਂ ਦੇਸ਼ਾਂ ਦੇ ਦਰਮਿਆਨ ਵਪਾਰ ਅਤੇ ਨਿਵੇਸ਼ ਵਿੱਚ ਵਾਧੇ ਦਾ ਜ਼ਿਕਰ ਕੀਤਾ ਅਤੇ ਵਧੇਰੇ ਆਪਸੀ ਸਹਿਯੋਗ ਦੇ ਜ਼ਰੀਏ ਭਾਰਤ-ਆਸਟ੍ਰੀਆ ਸਾਂਝੇਦਾਰੀ ਦੀ ਪੂਰੀ ਸਮਰੱਥਾ ਨੂੰ ਸਾਕਾਰ ਕਰਨ ਦਾ ਸੱਦਾ ਦਿੱਤਾ।

ਪ੍ਰਧਾਨ ਮੰਤਰੀ ਨੇ ਆਸਟ੍ਰੀਆ ਦੇ  ਬਿਜ਼ਨਿਸ ਸਟੇਕਹੋਲਡਰਸ ਨੂੰ ਭਾਰਤ ਵਿੱਚ ਤੇਜ਼ੀ ਨਾਲ ਸਾਹਮਣੇ ਆ ਰਹੇ ਅਵਸਰਾਂ ‘ਤੇ ਧਿਆਨ ਦੇਣ ਦਾ ਸੱਦਾ ਦਿੱਤਾ, ਕਿਉਂਕਿ ਦੇਸ਼ ਅਗਲੇ ਕੁਝ ਵਰ੍ਹਿਆਂ ਵਿੱਚ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਵੱਲ ਅਗ੍ਰਸਰ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਪਿਛਲੇ ਦਸ ਵਰ੍ਹਿਆਂ ਵਿੱਚ ਪਰਿਵਰਤਨਕਾਰੀ ਪ੍ਰਗਤੀ ਕੀਤੀ ਹੈ ਅਤੇ ਰਾਜਨੀਤਕ ਸਥਿਰਤਾ, ਨੀਤੀਗਤ ਪੂਰਵਅਨੁਮਾਨ ਅਤੇ ਸੁਧਾਰ-ਮੁਖੀ ਆਰਥਿਕ ਏਜੰਡੇ ਦੀ ਮਜ਼ਬੂਤੀ ਨੂੰ ਦੇਖਦੇ ਹੋਏ, ਦੇਸ਼ ਇਸ ਮਾਰਗ ‘ਤੇ ਅੱਗੇ ਵਧਦਾ ਰਹੇਗਾ। ਉਨ੍ਹਾਂ ਨੇ ਸਰਕਾਰ ਦੁਆਰਾ ਕਾਰੋਬਾਰ ਕਰਨ ਦੀ ਸੁਗਮਤਾ ਵਿੱਚ ਸੁਧਾਰ ਦੇ ਲਈ ਚੁੱਕੇ ਗਏ ਕਦਮਾਂ ‘ਤੇ ਜ਼ੋਰ ਦਿੱਤਾ, ਜਿਸ ਨਾਲ ਆਲਮੀ ਵੱਡੀਆਂ ਕੰਪਨੀਆ ਭਾਰਤ ਵੱਲ ਆਕਰਸ਼ਿਤ ਹੋ ਰਹੀਆਂ ਹਨ।

ਭਾਰਤੀਯ ਆਰਥਿਕ ਵਿਕਾਸ ਅਤੇ ਪਰਿਵਰਤਨ ਦੇ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਸਟਾਰਟ-ਅੱਪਸ ਦੇ ਖੇਤਰ ਵਿੱਚ ਭਾਰਤ ਦੀ ਸਫ਼ਲਤਾ, ਅਗਲੀ ਪੀੜ੍ਹੀ ਦੇ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਅਤੇ ਗ੍ਰੀਨ ਏਜੰਡੇ ‘ਤੇ ਅੱਗੇ ਵਧਣ ਦੀ ਪ੍ਰਤੀਬੱਧਤਾ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਆਸਟ੍ਰੀਆ ਦੇ ਦਰਮਿਆਨ ਸਥਾਪਿਤ ਸਟਾਰਟ-ਅੱਪਸ ਬ੍ਰਿਜ ਦੇ ਠੋਸ ਨਤੀਜੇ ਸਾਹਮਣੇ ਆਉਣਗੇ। ਇਸ ਸਬੰਧ ਵਿੱਚ, ਉਨ੍ਹਾਂ ਨੇ ਸੁਝਾਅ ਦਿੱਤਾ ਕਿ ਦੋਵਾਂ ਦੇਸ਼ਾਂ ਨੂੰ ਇਕੱਠਿਆਂ ਮਿਲ ਕੇ ਇੱਕ ਜੁਆਇੰਟ ਹੈਕਾਥੌਨ (joint hackathon)  ਦਾ ਆਯੋਜਨ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਦੇਸ਼ ਵਿੱਚ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਦੀ ਸਫਲਤਾ ਅਤੇ ਕਨੈਕਟੀਵਿਟੀ ਅਤੇ ਲੌਜਿਸਟਿਕਸ ਨੂੰ ਬਿਹਤਰ ਬਣਾਉਣ ਦੇ ਲਈ ਚੁੱਕੇ ਗਏ ਕਦਮਾਂ ਬਾਰੇ ਵੀ ਗੱਲ ਕੀਤੀ।

ਭਾਰਤ ਦੀ ਤਾਕਤ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨੇ ਆਸਟ੍ਰੀਆ ਦੀਆਂ ਪ੍ਰਮੁੱਖ ਕੰਪਨੀਆਂ ਨਾਲ ਘਰੇਲੂ ਅਤੇ ਅੰਤਰਰਾਸ਼ਟਰੀ ਬਜ਼ਾਰ ਲਈ ਮੇਕ ਇਨ ਇੰਡੀਆ (MAKE IN INDIA) ਪ੍ਰੋਗਰਾਮ ਦੇ ਤਹਿਤ ਉੱਚ ਗੁਣਵੱਤਾ ਅਤੇ ਲਾਗਤ ਪ੍ਰਭਾਵੀ ਮੈਨੂਫੈਕਚਰਿੰਗ ਲਈ ਅਤੇ ਗਲੋਬਲ ਸਪਲਾਈ ਚੇਨ ਦੇ ਡੈਸਟੀਨੇਸ਼ਨ ਦੇਸ਼ ਦੇ ਰੂਪ ਵਿੱਚ ਇੰਡੀਅਨ ਇਕੋਨੋਮਿਕ ਲੈਂਡਸਕੇਪ ਦਾ ਲਾਭ ਲੈਣ ਦੀ ਤਾਕੀਦ ਕੀਤੀ। ਇਸ ਸੰਦਰਭ ਵਿੱਚ ਉਨ੍ਹਾਂ ਨੇ ਸੈਮੀਕੰਡਕਟਰ, ਮੈਡੀਕਲ ਡਿਵਾਇਸਿਜ਼, ਸੋਲਰ ਪੀਵੀ ਸੈੱਲਜ਼ ਆਦਿ ਦੇ ਖੇਤਰ ਵਿੱਚ ਗਲੋਬਲ ਮੈਨੂਫੈਕਚਰਿੰਗ ਕੰਪਨੀਆਂ ਨੂੰ ਆਕਰਸ਼ਿਤ ਕਰਨ ਲਈ ਭਾਰਤ ਦੇ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ ਯੋਜਨਾ ਬਾਰੇ ਗੱਲ ਕੀਤੀ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਵਪਾਰ, ਵਿਕਾਸ ਅਤੇ ਸਥਿਰਤਾ ਲਈ ਭਾਰਤ ਦੀ ਆਰਥਿਕ ਤਾਕਤ ਅਤੇ ਕੌਸ਼ਲ ਅਤੇ ਆਸਟ੍ਰੀਆ ਦੇ ਟੈਕਨੋਲੋਜੀ ਨੈਚੁਰਲ ਪਾਰਟਨਰਸ ਹਨ।

ਉਨ੍ਹਾਂ ਨੇ ਆਸਟ੍ਰੀਆ ਦੇ ਕਾਰੋਬਾਰਾਂ ਨੂੰ ਭਾਰਤ ਵਿੱਚ ਨਿਵੇਸ਼ ਦੇ ਅਵਸਰਾਂ ਦਾ ਲਾਭ ਉਠਾਉਣ ਅਤੇ ਭਾਰਤ ਦੀ ਸ਼ਾਨਦਾਰ ਵਿਕਾਸ ਗਾਥਾ ਦਾ ਹਿੱਸਾ ਬਣਨ ਬਣਨ ਦੇ ਲਈ ਸੱਦਾ ਦਿੱਤਾ।

 

********

ਡੀਐੱਸ/ਐੱਸਟੀ